ਕਵਿਤਾ
ਕੋਠੇ ਜਿੱਡੀ ਧੀ

ਤ੍ਰੈਲੋਚਨ ਲੋਚੀ
ਕੋਠੇ ਜਿੱਡੀ
ਧੀ ਨੂੰ
... ਵਿਹੜੇ ਵਿਚ ਦੇਖ ਕੇ
ਬੇਬੇ-ਬਾਪੂ ਦੀ
ਨੀਂਦ ਉੱਡ ਗਈ ਹੈ
ਜੇ ਘੜੀ ਭਰ
ਅਖ ਲੱਗਦੀ ਹੈ ਕਿਧਰੇ
ਤਾਂ ਭੈੜੇ-ਭੈੜੇ ਸੁਪਨੇ ਤੱਕ ਕੇ
ਉਠ ਪੈਂਦੇ ਨੇ ਤ੍ਰਭਕਕੇ
ਧੀ ਸੌਂਦੀ ਹੈ
ਖੂਬ ਸੌਂਦੀ ਹੈ
ਖੂਬਸੂਰਤ ਸੁਪਨਿਆਂ ਨੂੰ
ਆਪਨੇ ਕਲਾਵੇ ਭਰਨ ਲਈ
ਕੋਠੇ ਜਿੱਡੀ
ਧੀ ਨੂੰ
ਵਿਹੜੇ ਵਿਚ ਦੇਖ ਕੇ
ਬੇਬੇ-ਬਾਪੂ ਦੀ
ਨੀਂਦ ਉੱਡ ਗਈ ਹੈ
ਗ਼ਜ਼ਲ
ਕਿਨਾਰੇ ਜੋ ਆਪਣੇ ਹੀ ਖੋਰਦੀ ਹੈ
ਨਦੀ ਓਹ ਜਾਪਦੈ ਭਟਕੀ ਹੋਈ ਹੈ
ਨਹੀਂ ਇਹ ਸ਼ਹਿਰ ਤੇਰੇ ਮੇਚ ਆਉਣਾ
ਤਿਰੇ ਬੋਲਾਂ 'ਚ ਏਨੀ ਸਾਦਗੀ ਹੈ
ਘਰਾਂ ਦੇ ਤੇ ਦਿਲਾਂ ਦੇ ਬੰਦ ਬੂਹੇ
ਹਵਾ ਗਲੀਆਂ 'ਚ ਭਟਕਦੀ ਹੈ
ਤਿਰੇ ਮਿਰੇ ਹਾਲੇ ਵੀ ਹੈ ਦੂਰੀ
ਕੋਈ ਗੱਲ ਸੀਨਿਆਂ ‘ਚ ਰੜਕਦੀ ਹੈ
ਕਿਸੇ ਦੀ ਜਾਨ ਬਣਕੇ ਜੀ ਸਕੇਂ ਜੇ
ਅਸਲ ਵਿਚ ਏਹੋ "ਲੋਚੀ" ਜ਼ਿੰਦਗੀ ਹੈ