<< Back

ਕਵਿਤਾ

ਇਕ ਸੁਪਨੇ ਦਾ ਹਾਸਿਲ

                                                                     

ਸੁਰਜੀਤ


ਐ ਸਖੀ!
ਕਿਸੇ ਹਨੇਰੀ ਰਾਤ
ਟਾਂਵੇਂ ਟਾਂਵੇਂ ਤਾਰਿਆਂ ਦੀ ਛਾਂਵੇਂ
ਨੀਂਦ ਨੇ ਆਪਣੀ ਕੁੱਖ 'ਚ
ਸੋਚਾਂ ਦਾ
ਬੀਅ ਜਦ ਬੀਜਿਆ
ਉਸ ਵੇਲੇ
ਆਪਣੇ ਨਿੱਕੇ ਜਿਹੇ ਪਿੰਡ ਦੇ
ਨਿੱਘੇ ਜਿਹੇ ਘਰ ਦੀ ਛੱਤ 'ਤੇ
ਅਚਿੰਤ ਸੁੱਤੀ ਪਈ ਸਾਂ ਮੈਂ……

ਉਸ ਸੁਪਨੇ ਦਾ ਅੰਕੁਰ
ਪਤਾ ਨਹੀਂ ਕਿਵੇਂ
ਘਰ ਤੋਂ ਕੋਹਾਂ ਮੀਲ
ਕਿਸ ਅਜਨਬੀ ਦਿਸ਼ਾ 'ਚ
ਫੁਟ ਨਿਕਲਿਆ
ਕਿ ਪੈਰਾਂ ਨੂੰ ਖੰਭ ਉਗ ਆਏ !
ਤੇ………
ਉਸ ਸੁਪਨੇ ਦੀ ਤਾਬੀਰ
ਚੁਗਦਿਆਂ
ਚੁਗਦਿਆਂ
ਕਿੰਨੀਆਂ ਧਰਤੀਆਂ
ਕਿੰਨੇ ਸਮੁੰਦਰ ਗਾਹੇ
ਕਿ ਸੋਚਾਂ ਨੂੰ ਛਾਲੇ ਪੈ ਗਏ !!

ਬੀਜ ਤੋਂ ਅੰਕੁਰ
ਅੰਕੁਰ ਤੋਂ ਰੁਖ ਬਣ
ਉਹੀ ਸੋਚਾਂ
ਅਜਨਬੀ ਜਿਹੀਆਂ

ਮੇਰੇ ਵਿਹੜੇ ਖੜੀਆਂ ਹਨ
ਜੜ ਹੀਣ !

ਤੇ ਘਰ ???
ਘਰ ਜੋ ਕੋਹਾਂ ਮੀਲ
ਪਿੱਛੇ ਛੱਡ ਆਈ ਸਾਂ
ਉਸੇ ਨੂੰ ਲੱਭ ਰਹੀ ਹਾਂ... !

Top