ਵਾਰਤਕ

ਬੁੱਧ ਸਿੰਘ ਨੀਲੋਂ
ਕਲਮਾਂ ਦੀ ਸੁੱਕੀ ਸਿਆਹੀ, ਅੱਖ ਨੋਟਾਂ ਵੱਲ

ਸੁਣਿਆ ਤੇ ਪੜ੍ਹਿਆ ਕਰਦੇ ਸੀ, ਕਲਮ ਦੀ ਧਾਰ, ਤਲਵਾਰ ਨਾਲੋਂ ਤਿੱਖੀ ਹੁੰਦੀ ਹੈ। ਹੁਣ ਇਹ ਸ਼ਬਦ ਕੋਸ਼ਾਂ ਵਿੱਚ ਪੜ੍ਹਨ ਨੂੰ ਤਾਂ ਮਿਲਦਾ ਹੈ ਪ੍ਰੰਤੂ ਜ਼ਿੰਦਗੀ ਵਿੱਚੋਂ ਇਹ ਸਭ ਕੁਝ ਅਲੋਪ ਹੋ ਗਿਆ ਹੈ। ਹੁਣ ਉਹ ਨਾ ਕਲਮਾਂ ਰਹੀਆਂ ਹਨ ਤੇ ਨਾ ਹੀ ਤਲਵਾਰਾਂ। ਹੁਣ ਤਾਂ ਸਭ ਕੁਝ ਸ਼ੋਹਰਤ, ਪੈਸਾ ਤੇ ਹਵਸ ਰਹਿ ਗਿਆ ਹੈ। ਇਹ ਸਭ ਕੁਝ ਹਾਸਲ ਕਰਨ ਲਈ ਵਸਤਰ ਉਤਾਰਨੇ ਪੈਣ, ਭਾਵੇਂ ਜ਼ਮੀਰ ਮਾਰਨੀ ਪਵੇ। ਪੈਸੇ ਲਈ ਸਭ ਕੁਝ ਕੀਤਾ ਜਾਂਦਾ ਹੈ। ਜ਼ਮੀਰ ਨੂੰ ਹੁਣ ਕੌਣ ਪੁੱਛਦਾ ਹੈ? "ਅਖੇਂ ਜਿਸ ਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ"। ਸਿਆਣੀ ਗੱਲਾਂ ਉਸਦੀਆਂ ਹੀ ਸੁਣੀਆਂ ਜਾਂਦੀਆਂ ਹਨ, ਜਿਸ ਦੇ ਕੋਲ ਪੈਸਾ ਹੋਵੇ। ਜੇਬ ਭਰਨ ਲਈ ਹੁਣ ਦੌੜ ਲੱਗੀ ਹੈ। ਇਸ ਦੌੜ ਵਿੱਚ ਹਰ ਕੋਈ ਸ਼ਾਮਿਲ ਹੈ।ਕਦੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰ ਉਤੇ ਹੋਏ ਜ਼ੁਲਮਾਂ ਵਿਰੁੱਧ ਉਸ ਸਮੇਂ ਦੇ ਬਾਦਸ਼ਾਹ ਨੂੰ "ਇੱਕ ਪਾਤਸ਼ਾਹ" ਵੱਲੋਂ ਚਿੱਠੀ ਲਿਖੀ ਗਈ ਸੀ, ਜਿਸਨੂੰ ਜ਼ਫਰਨਾਮਾ ਆਖਿਆ ਜਾਂਦਾ ਹੈ। ਇਤਿਹਾਸ ਦੱਸਦਾ ਹੈ ਕਿ ਉਹ ਜ਼ਫਰਨਾਮਾ ਪੜ੍ਹਕੇ ਬਾਦਸ਼ਾਹ ਔਰੰਗਜ਼ੇਬ ਪਾਗਲ ਹੋ ਗਿਆ ਸੀ। ਉਸਦੇ ਅੰਦਰਲਾ ਮਨੁੱਖ ਉਸਨੂੰ ਫਿੱਟ ਲਾਹਨਤਾਂ ਪਾਉਣ ਲੱਗ ਪਿਆ ਸੀ।ਉਸ ਜ਼ਫਰਨਾਮੇ ਵਿੱਚ ਅਜਿਹੀ ਇੱਕ ਸ਼ਕਤੀ ਸੀ ਜਿਸਨੇ ਉਸ ਸਮੇਂ ਦੇ ਬਾਦਸ਼ਾਹ ਨੂੰ ਧੁਰ ਤੀਕ ਹਿਲਾ ਕੇ ਰੱਖ ਦਿੱਤਾ ਸੀ। ਇਹ ਸਭ ਪੜ੍ਹਦਿਆਂ ਮਨ ਉਸ ਸਮੇਂ ਦੇ ਮਾਹੌਲ ਵਿੱਚ ਚਲੇ ਜਾਂਦਾ ਹੈ। ਇਹ ਸਭ ਗੱਲਾਂ ਵੀ ਸਾਡੇ ਇਤਿਹਾਸ ਦੇ ਪੰਨਿਆਂ ਵਿੱਚ ਰਹਿ ਗਈਆਂ ਹਨ। ਕਿਉਂਕਿ ਹੁਣ ਹੱਕ ਤੇ ਸੱਚ ਦੀ ਕੋਈ ਆਵਾਜ਼ ਹੀ ਨਹੀਂ, ਜਿਹੜੀ ਸਮੇਂ ਦੀ ਹਕੂਮਤ ਨੂੰ ਆਖ ਸਕੇ। ਹੁਣ ਤਾਂ ਹਾਲਤ ਇਹ ਬਣ ਗਈ ਹੈ:-'ਕੌਣ ਰਾਣੀ ਨੂੰ ਆਖੇ ਕਿ ਅੱਗਾ ਢੱਕ' ਕਿਉਂਕਿ ਹੁਣ ਸਾਹਿਬ ਦੇ ਮੂੰਹ ਉਤੇ ਗੱਲ ਕਰਨ ਵਾਲਾ ਨਹੀਂ ਰਿਹਾ, ਹੁਣ ਤਾਂ ਜ਼ੁਲਮ ਕਰਨ ਵਾਲਿਆਂ ਦੇ ਨਾਲ ਕਲਮਾਂ ਵੀ ਚੁੱਪ ਚਾਪ ਰਲ ਗਈਆਂ ਹਨ। ਹੁਣ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਹੋ ਰਹੇ ਜ਼ੁਲਮ ਦੇ ਖਿਲਾਫ ਹਾਅ ਦਾ ਨਾਅਰਾ ਮਾਰਨ ਵਾਲਾ ਵੀ ਕੋਈ ਨਹੀਂ ਰਿਹਾ। ਕਿਉਂਕਿ ਹੁਣ ਤਾਂ ਚਾਰੇ ਪਾਸੇ ਚੋਰ ਤੇ ਕੁੱਤੀ ਦੋਵੇਂ ਰਲੇ ਹੋਏ ਹਨ। ਹੁਣ ਖੇਤ ਨੂੰ ਬਚਾ ਨਹੀਂ ਸਕਦੇ ਕਿਉਂਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤੁਸੀਂ ਫਸਲ ਦੀ ਆਸ ਕਿੱਥੋਂ ਕਰ ਸਕਦੇ ਹੋ।


ਵਾਰਤਕ

ਡਾ.ਗੁਰਭਗਤ ਸਿੰਘ
ਪੰਜਾਬੀ ਦਾ ਵਿਕਾਸ-ਸੱਭਿਆਚਾਰਕ ਅਤੇ ਦਾਰਸ਼ਨਿਕ ਪ੍ਰਸੰਗ

ਪੰਜਾਬ ਦੀ ਸੱਭਿਆਚਾਰਕ ਚੇਤਨਤਾ ਅਤੇ ਬੌਧਿਕ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਪੰਜਾਬੀ (ਭਾਸ਼ਾ ਅਤੇ ਸਾਹਿਤ) ਦਾ ਵਿਕਾਸ ਹੋਵੇ। ਪਰ ਇਸ ਵਿਕਾਸ ਲਈ ਇਹ ਸਮਝਣਾ ਹੋਰ ਵੀ ਜ਼ਰੂਰੀ ਹੈ ਕਿ ਇਹ ਕਿਸ ਪ੍ਰਸੰਗ ਵਿਚ ਹੋਵੇ। ਹਰ ਪੋਚ ਆਪਣੇ ਮੰਤਵਾਂ ਅਨੁਸਾਰ ਹੀ ਸਭ ਬੌਧਿਕ ਅਤੇ ਭਾਸ਼ਾਈ ਸੰਗਠਨਾਂ ਨੂੰ ਉੱਨਤ ਕਰਦਾ ਹੈ। ਇਥੋਂ ਤੱਕ ਕਿ ਕੋਸ਼ਾਂ ਅਤੇ ਹਵਾਲਾ ਸਰੋਤਾਂ ਵਿਚ ਦਿੱਤੀਆਂ ਵਿਆਖਿਆਵਾਂ ਵੀ ਸਮੇਂ ਅਨੁਸਾਰ ਬਦਲਦੀਆਂ ਹਨ ਹਾਲਾਂਕਿ ਕੋਸ਼ ਅਤੇ ਹਵਾਲਾ ਸਰੋਤ ਅਜਿਹੀਆਂ ਕਿਰਤਾਂ ਹਨ ਜਿਨ੍ਹਾਂ ਨੂੰ ਇਤਿਹਾਸ ਅਤੇ ਸੱਭਿਆਚਾਰਕ ਸਮੱਸਿਆਵਾਂ ਤੋਂ ਅਭਿੱਜ ਸਮਝਿਆ ਜਾਂਦਾ ਹੈ ਪਰ ਇਹ ਸੱਚ ਨਹੀਂ। ਦੁਨੀਆਂ ਦੇ ਵੱਡੇ ਕੋਸ਼ਕਾਰਾਂ ਨੂੰ ਜੇ ਵਕਤ ਅਨੁਸਾਰ ਆਪਣੇ ਕੋਸ਼ਾਂ ਦੇ ਜ਼ਜੀਮੇ ਪ੍ਰਕਾਸ਼ਿਤ ਕਰਨੇ ਪੈਂਦੇ ਹਨ ਤਾਂ ਉਨ੍ਹਾਂ ਪਿਛੇ ਆ ਰਹੀਆਂ ਤਬਦੀਲੀਆਂ ਅਤੇ ਵੰਗਾਰਾਂ ਨੂੰ ਨਜਿੱਠਣ ਦੀ ਇੱਛਾ ਹੀ ਹੁੰਦੀ ਹੈ। ਹਰ ਕੌਮ ਲਈ ਅੱਗੇ ਵਧਣ ਵਾਸਤੇ ਸਮੇਂ ਅਨੁਸਾਰ ਆਪਣੇ ਭਾਸ਼ਾਈ ਅਤੇ ਬੌਧਿਕ ਸੰਗਠਨਾਂ ਵਿਚ ਸਵੈ-ਚੇਤੰਨ ਹੋ ਕੇ ਤਬਦੀਲੀਆਂ ਲਿਆਉਣੀਆਂ ਜ਼ਰੂਰੀ ਹਨ। ਪੰਜਾਬੀ ਦਾ ਵਿਕਾਸ ਕਰਨ ਵਾਲੇ ਹਰ ਸੰਗਠਨ ਅਤੇ ਉਸ ਨਾਲ ਸਬੰਧਿਤ ਹਰ ਵਿਅਕਤੀ ਲਈ ਤਿੰਨ ਪੱਖੀ ਚੇਤਨਤਾ ਦੀ ਲੋੜ ਹੈ। ਪਹਿਲਾ ਪੱਖ ਹੈ ਪੰਜਾਬੀ ਸੱਭਿਆਚਾਰ ਦੀ ਚੇਤੰਨ ਸਮਝ। ਇਸ ਦਾ ਅਰਥ ਹੈ ਪੰਜਾਬੀ ਸੱਭਿਆਚਾਰ ਦੀ ਭਾਰਤੀ ਅਤੇ ਵਿਸ਼ਵ ਸੱਭਿਆਚਾਰਾਂ ਵਿਚ ਵਿਲੱਖਣਤਾਵਾਂ ਪ੍ਰਤੀ ਸੁਚੇਤ ਹੋਣਾ। ਸੱਭਿਆਚਾਰਕ ਵਿਲੱਖਣਤਾ ਕੇਵਲ ਇਤਿਹਾਸਕ ਵਿਕਾਸ ਵਿਚ ਇਕ ਵਿਸ਼ੇਸ਼ ਉਤਪਾਦਨ ਪ੍ਰਬੰਧ ਅਤੇ ਇਸ ਵਿਚ ਪ੍ਰਧਾਨ ਵਰਗ ਦੀਆਂ ਕੀਮਤਾਂ ਅਤੇ ਵਿਸ਼ਵ ਸੋਚ ਨਾਲ ਹੀ ਸਬੰਧਤ ਨਹੀਂ ਸਗੋਂ ਇਸ ਤੋਂ ਬਿਨਾਂ ਵਿਗਸ ਰਹੀਆਂ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਉਤਪਾਦਨ ਪ੍ਰਬੰਧ ਦੇ ਬਦਲਣ ਨਾਲ ਵੀ ਕਾਇਮ ਰਹਿੰਦੀਆਂ ਹਨ। ਸੋਚ-ਪ੍ਰਬੰਧ, ਚਿੰਨ੍ਹ ਪ੍ਰਬੰਧ ਆਦਿ ਤੋਂ ਬਿਨਾਂ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਆਧਾਰ ਕੁਝ ਖਾਸ ਸਰੀਰਕ ਅਤੇ ਮਾਨਸਿਕ ਲੱਛਣਾਂ ਨਾਲ ਵੀ ਬਣ ਜਾਂਦਾ ਹੈ। ਜਿਵੇਂ ਪੰਜਾਬੀ ਸੱਭਿਆਚਾਰ ਵਿਚ ਨਾਇਕ ਬਣਨ ਦੀ ਇੱਛਾ, ਜ਼ਿੰਦਗੀ ਲਈ ਪਹਿਲ, ਜ਼ਿੰਦਗੀ ਦੀਆਂ ਲੋੜਾਂ ਦੀ ਠੀਕ ਵੰਡ ਲਈ ਉਤਸ਼ਾਹ, ਆਨੰਦ ਮਾਨਣ ਲਈ ਤੱਤਪਰਤਾ ਅਤੇ ਦੋਸਤੀ ਦੀ ਸ਼ਿੱਦਤ ਵਿਚ ਵਿਸ਼ਵਾਸ, ਕੁਝ ਅਜਿਹੀਆਂ ਗੱਲਾਂ ਹਨ ਜੋ ਪੰਜਾਬੀਆਂ ਵਿਸ਼ੇਸ਼ ਕਰ ਕੇ ਸਿੱਖਾਂ ਨੇ ਅਜਿਹੇ ਇਤਿਹਾਸਕ ਤਜ਼ਰਬੇ ਵਿਚੋਂ ਸਿੱਖੀਆਂ ਹਨ ਜਿਸ ਵਿਚ ਜ਼ਿੰਦਗੀ ਉਤੇ ਸਦਾ ਭੀੜ, ਬਾਹਰਲੇ ਹਮਲੇ ਅਤੇ ਮਿੱਤਰਾਨਾ ਸਾਥ ਦੀ ਥੁੜ੍ਹ-ਜੀਵਿਤਾ ਸ਼ਾਮਲ ਹਨ। ਪਰ ਇਹ ਗੱਲਾਂ ਹੁਣ ਥਿਰ ਵਿਸ਼ੇਸ਼ਤਾਵਾਂ ਬਣ ਚੁੱਕੀਆਂ ਹਨ ਜਿਨ੍ਹਾਂ ਨੂੰ ਨਵਾਂ ਉਤਪਾਦਨ ਪ੍ਰਬੰਧ ਵੀ ਛੇਤੀ ਛੇਤੀ ਤੋੜ ਨਹੀਂ ਸਦਕਾ ਸਗੋਂ ਪ੍ਰਬੰਧ ਨੂੰ ਖੁਦ ਇਨ੍ਹਾਂ ਵਿਸ਼ੇਸ਼ਤਾਵਾਂ ਅਨੁਸਾਰ ਢਾਲਣਾ ਪਵੇਗਾ।....