ਪੜਤਾਲ
ਪੂਰਬਵਾਦ: ਸੀਮਾਵਾਂ ਅਤੇ ਸੰਭਾਵਨਾਵਾਂ
ਡਾ. ਯਾਦਵਿੰਦਰ ਸਿੰਘ
ਸਮਕਾਲੀ ਉੱਤਰਬਸਤੀਵਾਦੀ ਚਿੰਤਨ ਵਿਚ ਸਮਿਸ਼ਰਤ ਪਛਾਣ ਅਤੇ ਹਿਜਰਤ ਦੇ ਸਰੋਕਾਰਾਂ ਦੇ ਜੁੜਨ ਨਾਲ ਹਾਇਬਰਿਡ ਸਭਿਆਚਾਰ ਦਾ ਸੰਕਲਪ ਉੱਭਰ ਕੇ ਸਾਹਮਣੇ ਆਇਆ ਹੈ। ਬਸਤੀਵਾਦ ਤੋਂ ਬਾਅਦ ਇਕ ਨਵੀਂ ਸਮਾਜਕ ਚੇਤਨਾ ਵਿਕਸਤ ਹੋਈ ਹੈ ਜੋ ਕੌਮੀ ਚੇਤਨਾ ਦੀਆਂ ਹਦਬੰਦੀਆਂ ਤੋਂ ਪਾਰ ਜਾਣ ਦੇ ਸਮਰੱਥ ਹੈ। ਐਡਵਰਡ ਸਈਦ ਨੇ ਆਪਣੀ ਪੁਸਤਕ 'ਕਲਚਰ ਐਂਡ ਇੰਪੀਰੀਅਲਿਜ਼ਮ' ਵਿਚ ਇਸ ਚੇਤਨਾ ਨੂੰ ਗਿਆਨਵਾਦੀ ਉਤਰਬਸਤੀਵਾਦ'(Enlightened Post-Colonialism) ਕਿਹਾ ਹੈ। ਸਈਦ ਲਿਖਦਾ ਹੈ ਕਿ ਸਿਰਫ ਕੌਮਵਾਦ ਹੀ ਕੋਈ ਸਾਰਥਕ ਹੱਲ ਨਹੀਂ ਸਗੋਂ ਇਕ ਵਧੇਰੀ ਲਚਕੀਲੀ ਅਤੇ ਬਹੁਪਰਤੀ ਅੰਤਰ-ਦ੍ਰਿਸ਼ਟੀ ਦੀ ਲੋੜ ਹੈ, ਜੋ ਵਿਸ਼ਵ ਪੱਧਰ ਉੱਤੇ ਕਾਰਜਸ਼ੀਲ ਹੋਵੇ।
ਵਧੇਰੇ ਉੱਤਰ ਬਸਤਵਾਦੀ ਚਿੰਤਕ ਇਹ ਸੋਚਦੇ ਹਨ ਕਿ ਬਸਤੀਵਾਦ ਵਿਰੋਧੀ ਕੌਮਵਾਦ ਵਿਸ਼ੇਸ਼ ਸਮੇਂ ਅਤੇ ਸਥਿਤੀਆਂ ਦੀ ਪੈਦਾਵਾਰ ਹੋਣ ਕਾਰਨ ਉਤਰਬਸਤੀਵਾਦੀ ਸਥਿਤੀ ਵਿਚ ਵਧੇਰੇ ਕਾਰਗਰ ਨਹੀਂ, ਸਗੋਂ ਇਸ ਲਈ ਇਕ ਉਤਰ ਕੌਮਵਾਦ ਜਿਹਾ ਸੰਕਲਪ ਵਧੇਰੇ ਯੋਗ ਹੈ ਜੋ ਨਵ-ਬਸਤੀਵਾਦ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵਧੇਰੇ ਲਾਹੇਵੰਦ ਹੋ ਸਕਦਾ ਹੈ। ਇਹ ਸੰਕਲਪ ਬਸਤੀਵਾਦੀ/ਬਸਤੀਵਾਸੀ ਦੀ ਦੁਵੰਡ ਤੋਂ ਵਧੇਰੇ ਜਟਿਲ ਸੰਰਚਨਾ ਹੈ। ਇਸ ਦੇ ਦੋ ਮੰਤਵ ਹਨ। ਪਹਿਲਾ- ਬਸਤੀਵਾਦੀ ਮੁਕਾਬਲੇ ਨੂੰ ਬਸਤੀਵਾਦੀ ਅਤੇ ਬਸਤੀਵਾਸੀ ਦੇ ਸੰਵਾਦ ਵਜੋਂ ਗ੍ਰਹਿਣ ਕਰਨਾ, ਜੋ ਬਸਤੀਵਾਦ ਦੌਰਾਨ ਬਣੇ ਇਕ ਪੱਖੀ ਪ੍ਰਵਚਨ ਤੋਂ ਵਧੇਰੇ ਜਟਿਲ ਸੰਰਚਨਾ ਹੈ। ਦੂਜਾ ਇਹ ਇਕ ਅੰਤਰ ਸਭਿਆਚਾਰਕ ਸੁਮੇਲ ਦਾ ਯੁਟੋਪੀਆ ਵੀ ਸਿਰਜਦਾ ਹੈ ਜੋ ਸੰਸਥਾਗਤ ਸ਼ੋਸ਼ਣ ਦੇ ਖਿਲਾਫ ਸਿਰਜਿਆ ਉੱਤਰ ਬਸਤੀਵਾਦੀ ਨੈਤਿਕ ਪ੍ਰਵਚਨ ਹੈ।ਮੈਂ/ਪਰ ਦੀ ਦੁਵੰਡ ਤੋਂ ਪਾਰ ਜਾ ਕੇ ਉਤਰ ਬਸਤੀਵਾਦੀ ਚਿੰਤਕ ਜੋ ਸੰਵਾਦ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਦੇ ਬੀਜ ਪੂਰਬਵਾਦੀ ਸਿਰਜਣਾਤਮਕਤਾ ਵਿਚੋਂ ਤਲਾਸ਼ੇ ਜਾ ਸਕਦੇ ਹਨ। ਪੂਰਬਵਾਦੀ ਸਿਰਜਣਾਤਮਕਤਾ ਨਾਲ ਲਬਰੇਜ਼ ਆਤਮਾ ਬ੍ਰਹਿਮੰਡ ਦੇ ਕਾਇਨਾਤੀ ਜਸ਼ਨ ਨਾਲ ਇਕਸੁਰ ਹੈ। ਇਸ ਵਿਚ ਪੂਰਬ-ਪੱਛਮ, ਸ਼ੋਸ਼ਕ-ਸ਼ੋਸ਼ਿਤ ਜਿਹੇ ਰਵਾਇਤੀ ਸੰਕਲਪਾਂ ਦੀ ਥਾਂ 'ਪਰ' ਦੀ ਸਵਿਕ੍ਰਤੀ ਰਾਹੀਂ 'ਸ੍ਵੈ' ਅਤੇ 'ਪਰ' ਦੋਵਾਂ ਨੂੰ ਕਾਇਨਾਤੀ ਬ੍ਰਹਿਮੰਡ ਦੇ ਪਸਾਰੇ ਵਜੋਂ ਦੇਖਿਆ ਗਿਆ ਹੈ, ਜੋ ਸ਼ੋਸ਼ਣ ਅਤੇ ਹਉਮੈ ਤੋਂ ਰਹਿਤ ਸੰਰਚਨਾ ਹੈ।
ਪੂਰਬਵਾਦੀ ਸੰਵੇਦਨਾ: ਪਰਿਭਾਸ਼ਾ ਅਤੇ ਵਿਲੱਖਣਤਾਵਾਂ :
ਪੱਛਮਵਾਦੀ ਚਿੰਤਨ ਪਰੰਪਰਾ ਵਿਚ ਗਿਆਨ ਇੰਦਰੀਆਂ ਤੋਂ ਪ੍ਰਾਪਤ ਅਨੁਭਵ ਨੂੰ 'ਸੰਵੇਦਨਾ' ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਆਧੁਨਿਕ ਮਨੋਵਿਗਿਆਨ ਨੇ ਅੱਖ, ਨੱਕ, ਕੰਨ, ਜੀਭ ਅਤੇ ਚਮੜੀ ਨੂੰ ਪੰਜ ਗਿਆਨ ਇੰਦਰੀਆਂ ਵਜੋਂ ਪਰਿਭਾਸ਼ਿਤ ਕੀਤਾ ਹੈ, ਜਿਨ੍ਹਾਂ ਰਾਹੀਂ ਸਮੁੱਚੀ ਸੰਵੇਦਨਾ ਗ੍ਰਹਿਣ ਕੀਤੀ ਜਾਂਦੀ ਹੈ। ਇਹ ਸੋਚ ਵਿਵਹਾਰਵਾਦ ਨਾਲ ਸੰਬੰਧਤ ਚਿੰਤਨ ਦਾ ਹਿੱਸਾ ਹੈ ਜੋ ਪੱਛਮਵਾਦੀ ਗਿਆਨਕਰਨ ਪ੍ਰਾਜੈਕਟ ਵਿਚੋਂ ਪਣਪਿਆ ਹੈ। ਇਸ ਸੋਚ ਅਨੁਸਾਰ ਸਮੁੱਚਾ ਗਿਆਨ ਸਿਰਫ ਗਿਆਨ ਇੰਦਰੀਆਂ ਰਾਹੀਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਗਿਆਨ ਇੰਦਰੀਆਂ ਤੋਂ ਬਗੈਰ ਗਿਆਨ ਹਾਸਲ ਕਰਨ ਦਾ ਹੋਰ ਕੋਈ ਤਰੀਕਾ ਸੰਭਵ ਨਹੀਂ। ਇਸ ਸਮੁੱਚੇ ਚਿੰਤਨ ਦਾ ਮੁੱਖ ਨੁਕਤਾ ਇਹ ਸੀ ਕਿ ਮਨੁੱਖੀ ਜੀਵਨ ਅਤੇ ਗਿਆਨ ਕਿਸੇ ਸੰਸਾਰ ਬਾਹਰੀ ਸ਼ਕਤੀ ਨਾਲ ਸਬੰਧਤ ਨਹੀਂ, ਸਗੋਂ ਸੱਚ ਜਾਂ ਯਥਾਰਥ ਵਿਵਸਥਤ ਨੇਮਾਂ ਵਿਚ ਬੱਝਿਆ ਹੈ ਜਿਸ ਨੂੰ ਤਰਕ ਰਾਹੀਂ ਹੀ ਸਮਝਿਆ ਜਾ ਸਕਦਾ ਹੈ।
ਪੱਛਮਵਾਦੀ ਚਿੰਤਨ ਨੇ ਸੱਚ ਨੂੰ ਜਾਨਣ ਲਈ ਤਰਕ ਨੂੰ ਇਕੋ-ਇਕ ਸਹੀ ਪ੍ਰਣਾਲੀ ਮੰਨਿਆ ਅਤੇ ਹਰ ਵਸਤ/ਵਰਤਾਰੇ ਨੂੰ ਤਰਕ ਰਾਹੀਂ ਸਮਝਣ ਉਤੇ ਜ਼ੋਰ ਦਿੱਤਾ। ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਕੁਦਰਤ, ਇਤਿਹਾਸ ਅਤੇ ਸਮਾਜ ਉਤੇ ਤਰਕ ਦੀ ਅਜਾਰੇਦਾਰੀ ਰਹੀ ਜਦ ਤੱਕ ਕਿ ਇਸ ਵਿਚਲੇ ਸ੍ਵੈ-ਵਿਰੋਧਾਂ ਕਾਰਨ ਤਾਰਕਿਕ ਦ੍ਰਿਸ਼ਟੀਕੋਣ ਉਤੇ ਪ੍ਰਸ਼ਨਚਿੰਨ੍ਹ ਨਾ ਲੱਗਣੇ ਸ਼ੁਰੂ ਹੋ ਗਏ।
ਤਾਰਕਿਕ ਦ੍ਰਿਸ਼ਟੀਕੋਣ ਇਸ ਮੂਲਭੂਤ ਧਾਰਣਾ ਉਤੇ ਅਧਾਰਿਤ ਹੈ ਕਿ ਯਥਾਰਥ ਨੂੰ ਜਾਨਣਾ ਗਿਆਨ ਇੰਦਰੀਆਂ ਦੇ ਪ੍ਰਤੱਖੀਕਰਨ ਨਾਲ ਸਬੰਧਤ ਹੈ, ਜਿਸ ਅਨੁਸਾਰ ਸਮੁੱਚ ਦੇ ਗੁਣ ਉਸ ਦੇ ਹਿੱਸਿਆਂ ਵਿਚ ਵੀ ਮੌਜੂਦ ਹੁੰਦੇ ਹਨ। ਪਰੰਤੂ ਪਰਮਾਣੂ ਵਿਚਲੇ ਸੂਖਮ ਕਣਾਂ ਦੀ ਸੁਤੰਤਰ ਪ੍ਰਵਿਰਤੀ ਨੇ ਤਰਕ ਦੇ ਇਸ ਵਿਸ਼ਲੇਸ਼ਣਾਤਮਕ ਢੰਗ ਉਤੇ ਸੁਆਲੀਆ ਨਿਸ਼ਾਨ ਲਗਾ ਦਿੱਤਾ। ਪਰਮਾਣੂ ਵਿਚਲੇ ਅਤਿ ਸੂਖਮ ਕਣ (ਪ੍ਰੋਟਾਨ, ਨਿਊਟ੍ਰਾਨ, ਇਲੈਕਟ੍ਰਾਨ) ਬਿਨਾਂ ਪਰਮਾਣੂ ਦੀ ਸੱਤਾ ਸਵੀਕਾਰ ਕੀਤੇ ਸੁਤੰਤਰ ਰੂਪ ਵਿਚ ਗਤੀਸ਼ੀਲ ਰਹਿੰਦੇ ਹਨ। ਇਸ ਤਰ੍ਹਾਂ ਸੂਖ਼ਮ ਕਣਾਂ ਵਿਚ ਵੀ ਵਿਰੋਧੀ ਮਨ ਲੁਕਿਆ ਹੈ। ਇਹ ਤੱਥ ਦੇਕਾਰਤ ਦੀ ਉਸ ਧਾਰਨਾ ਦੇ ਵਿਰੁੱਧ ਸੀ ਜਿਸ ਵਿਚ ਉਸਨੇ ਦੇਹ ਅਤੇ ਆਤਮਾ ਨੂੰ ਵੱਖ-ਵੱਖ ਸੰਕਲਪਾਂ ਵਜੋਂ ਪਰਿਭਾਸ਼ਤ ਕੀਤਾ ਸੀ ਅਤੇ ਜਿਸ ਉੱਤੇ ਸਮੁੱਚੀ ਪੱਛਮਵਾਦੀ ਚੇਤਨਾ ਵਿਕਸਤ ਹੋਈ ਸੀ।
ਤਰਕ ਅਧਾਰਿਤ ਇਨ੍ਹਾਂ ਧਾਰਨਾਵਾਂ ਦੇ ਖੰਡਤ ਹੋਣ ਨਾਲ ਇਕ ਨਵੇਂ ਅਧਿਆਤਮਵਾਦ ਦੀ ਲੋੜ ਮਹਿਸੂਸ ਹੋਈ, ਜੋ ਨਵੀਂ ਸਭਿਅਤਾ ਦੀ ਸੋਚ ਦੇ ਅਨੁਸਾਰੀ ਹੋਵੇ। ਇਸ ਅਧਿਆਤਮਵਾਦ ਦਾ ਮਕਸਦ ਤਰਕ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਨਹੀਂ ਸੀ, ਸਗੋਂ ਤਾਰਕਿਕ ਵਿਸ਼ਵਦ੍ਰਿਸ਼ਟੀ ਦੀਆਂ ਸਮੱਸਿਆਵਾਂ ਤੋਂ ਪਾਰ ਜਾਣ ਦਾ ਸੀ। ਇਸ ਅਧਿਆਤਮਵਾਦ ਦਾ ਮੁੱਖ ਮੁੱਦਾ ਪਰਾਇਤਿਹਾਸਕ ਜਾਂ ਅਤਾਰਕਿਕ ਹੋਣ ਨਾਲ ਸੰਬੰਧਤ ਨਹੀਂ ਬਲਕਿ ਇਕ ਅਜਿਹੀ ਸਿਰਜਣਾਤਮਕ ਆਤਮਾ ਦੀ ਤਲਾਸ਼ ਹੈ ਜੋ ਧਾਰਮਿਕ ਕੱਟੜਤਾ ਅਤੇ ਤਾਰਕਿਕ ਵਿਸ਼ਲੇਸ਼ਨ ਤੋਂ ਪਾਰ ਜਾ ਕੇ ਬ੍ਰਹਿਮੰਡ ਦੇ ਕਾਇਨਾਤੀ ਜਸ਼ਨ ਨਾਲ ਇਕਸੁਰ ਹੋ ਸਕੇ। ਆਤਮਾ ਦੇ ਇਸ ਸਿਰਜਣਾਤਮਕ ਸਰੋਕਾਰ ਨੂੰ ਪੂਰਬਵਾਦੀ ਸੰਵੇਦਨਾ ਕਿਹਾ ਜਾ ਸਕਦਾ ਹੈ।
ਗਤੀਸ਼ੀਲ ਅਤੇ ਸਿਰਜਣਾਤਮਕ ਨਿਯਮਾਂ ਨਾਲ ਸਬੰਧਤ ਇਹ ਆਤਮਾ ਪੂਰਬਵਾਦੀ ਸੰਵੇਦਨਾ ਦੀ ਲਖਾਇਕ ਹੈ, ਜਿਸ ਵਿਚ ਪਵਿੱਤਰ ਦੀ ਸਿਰਜਣਾਤਮਕਤਾ ਮਨੁੱਖੀ ਆਤਮਾ ਵਿਚ ਅੰਤਰਸਾਤ ਹੋ ਸਕੇ। ਆਤਮਾ ਦਾ ਇਹ ਸੰਕਲਪ ਪਲੈਟੋ ਜਾਂ ਅਰਸਤੂ ਦੇ ਆਤਮਾ ਸੰਕਲਪ ਜਾਂ ਹੀਗਲ ਦੇ ਗੀਸਟ/ਬੁਰਜੂਆ ਡਿਊਰੀ ਜਿਹੇ ਸੰਕਲਪਾਂ ਨਾਲ ਸਬੰਧਤ ਨਹੀਂ ਹੈ। ਇਹ ਭਾਰਤੀ ਵੇਦਾਂਤ ਵਿਚਲੀ ਰਹੱਸਮਈ ਆਤਮਾ ਵੀ ਨਹੀਂ, ਜੋ ਅੰਤਰਮੁਖਤਾ ਵੱਲ ਰੁਚਿਤ ਹੈ। ਪੂਰਬਵਾਦੀ ਸੰਵੇਦਨਾ ਨਾਲ ਲਬਰੇਜ਼ ਇਹ ਆਤਮਾ ਊਰਜਾ ਦਾ ਸੋਮਾ ਹੈ, ਜਿਸ ਦੇ ਵਹਿਣ ਬਾਹਰੀ ਜਗਤ ਵੱਲ ਖੁੱਲ੍ਹੇ ਹਨ। ਅੰਗਰੇਜ਼ੀ ਸ਼ਬਦ ਸੋਲ ਜਾਂ ਸਪਿਰਟ (Soul or Spirit) ਇਸ ਸੰਵੇਦਨਾਤਮਕ ਅਤੇ ਸਿਰਜਣਾਤਮਕ ਆਤਮਾ ਦੀ ਸਹੀ ਵਿਆਖਿਆ ਨਹੀਂ ਕਰ ਸਕਦੇ। ਜਿਵੇਂ ਕਿ ਜਰਮਨ ਲੇਖਕ ਮੈਕਸਮੂਲਰ ਦਾ ਕਥਨ ਹੈ:-ਜਦੋਂ ਆਤਮਾ ਨੂੰ ਦਾਰਸ਼ਨਿਕ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਆਮ ਤੌਰ ਤੇ ਸੋਲ, ਮਾਇੰਡ ਜਾਂ ਸਪਿਰਟ (ਅੰਗਰੇਜ਼ੀ ਵਿਚ) ਵਜੋਂ ਅਨੁਵਾਦ ਕਰ ਲਿਆ ਜਾਂਦਾ ਹੈ। ਮੈਂ ਖੁਦ ਵੀ ਇਹਨਾਂ ਵਿਚੋਂ ਹੀ ਕਿਸੇ ਇਕ ਜਾਂ ਦੂਸਰੇ ਸ਼ਬਦ ਦੀ ਵਰਤੋਂ ਕੀਤੀ ਹੈ ਪਰ ਜਦੋਂ ਵੀ ਮੈਂ ਇਹਨਾਂ ਸ਼ਬਦਾਂ ਨੂੰ ਵਰਤਿਆ ਹੈ, ਮੈਂ ਮਹਿਸੂਸ ਕੀਤਾ ਹੈ ਕਿ ਇਹ ਸ਼ਬਦ ਉਸ ਭਾਵ ਨੂੰ ਪ੍ਰਗਟ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ, ਜਿਸ ਲਈ ਇਹ ਵਰਤੇ ਗਏ ਹਨ। (ਅੰਗਰੇਜ਼ੀ ਤੋਂ ਅਨੁਵਾਦ) ਭਾਰਤੀ ਪ੍ਰਸੰਗ ਵਿਚ ਵੇਦਾਂਤ ਨਾਲ ਸਬੰਧਤ ਆਤਮਾ ਸ੍ਵੈ-ਇਲਹਾਮ ਨਾਲ ਜੁੜੀ ਹੋਣ ਕਾਰਨ ਬਾਹਰੀ ਜਗਤ ਤੋਂ ਬੇਮੁਖ ਹੈ। ਪਰ ਪੂਰਬਵਾਦੀ ਸੰਵੇਦਨਾ ਵਿਚਲੀ ਆਤਮਾ ਅੰਤਰ ਸਬੰਧਤ ਰਿਸ਼ਤਿਆਂ ਵਿਚੋਂ ਲੰਘਦਿਆਂ ਵੀ ਪਾਰਗਾਮੀ ਚੇਤਨਾ ਨਾਲ ਜੁੜੀ ਹੋਈ ਹੈ। ਇਸ ਵਿਚ ਮਨ ਅਤੇ ਪਦਾਰਥ, ਦੇਹ ਅਤੇ ਆਤਮਾ, ਕਰਤਾ ਅਤੇ ਕਰਮ ਜਿਹੀ ਪਰੰਪਰਾਗਤ ਦੁਵੰਡ ਵੀ ਨਹੀਂ ਹੈ। ਆਤਮਾ ਦੀ ਸਿਰਜਣਾਤਮਕਤਾ ਅਧੀਨ ਇਹ ਸਾਰੇ ਸੰਕਲਪ ਪਿਘਲ ਕੇ ਦ੍ਰਵਾਂ ਦੇ ਰੂਪ ਵਿਚ ਵਹਿਣ ਲੱਗਦੇ ਹਨ।ਮਿਸ਼ੇਲ ਫੂਕੋ ਸਾਨੂੰ ਦੱਸਦਾ ਹੈ ਕਿ ਸੱਤਾ ਗਿਆਨ ਪ੍ਰਬੰਧ ਰਾਹੀਂ ਅਜਿਹੇ ਪ੍ਰਵਚਨ ਘੜਦੀ ਹੈ ਜੋ ਦੇਹ ਵਿਚਲੇ ਰਸਾਇਣਾਂ ਨੂੰ ਸੋਖ ਲੈਂਦੇ ਹਨ, ਜਿਸ ਕਾਰਨ ਆਤਮ ਰਾਜਵਰਗ ਦਾ ਅਨੁਸਾਰੀ ਬਣ ਜਾਂਦਾ ਹੈ। ਪੂਰਬਵਾਦੀ ਸੰਵੇਦਨਾ ਵਿਚਲਾ ਆਤਮ ਦੇਹ ਦੇ ਵਹਿਣਾਂ ਨੂੰ ਦ੍ਰਵਿਤ ਕਰ ਦਿੰਦਾ ਹੈ, ਜਿਸ ਕਾਰਨ ਲਿਬਿਡਨਲ ਅਵਚੇਤਨ, ਇਡੀਪਲ ਦਾ ਗੁਲਾਮ ਨਹੀਂ ਬਣਦਾ। ਦਲਿਊਜ਼ ਅਤੇ ਗੁਆਟਰੀ ਨੇ ਆਪਣੀ ਪੁਸਤਕ 'ਐਂਟੀ ਇਡੀਪਸ' ਵਿਚ ਦੱਸਿਆ ਹੈ ਕਿ ਇਡੀਪਸ ਪ੍ਰਬੰਧ, ਸਵਾਮੀਤਵ, ਪ੍ਰਭੂਸੱਤਾ, ਤਾਨਾਸ਼ਾਹੀ ਅਤੇ ਇਕਵਾਦ ਦਾ ਪ੍ਰਤੀਕ ਹੈ ਜੋ ਬਹੁਪੱਖੀ ਤਕਨਾਲੋਜੀ ਵਰਤ ਕੇ ਲਿਬਿਡਨਲ ਅਵਚੇਤਨ ਨੂੰ ਗੁਲਾਮ ਬਣਾ ਲੈਂਦਾ ਹੈ। ਇਡੀਪਲ ਦੀ ਕੈਦ ਵਿਚੋਂ ਮੁਕਤ ਹੋਏ ਬਗੈਰ ਦੇਹ ਦੀ ਮੁਕਤੀ ਸੰਭਵ ਨਹੀਂ।ਪੂਰਬਵਾਦੀ ਸੰਵੇਦਨਾ ਅੰਤਰ-ਅਨੁਸ਼ਾਸਨ ਸਬੰਧਾਂ ਦੀ ਪੈਦਾਵਾਰ ਹੈ। ਇਸ ਵਿਚਲਾ ਹਰ ਪ੍ਰਬੰਧ ਸੰਪੂਰਨ ਹੁੰਦਾ ਹੋਇਆ ਵੀ ਦੂਜੇ ਪ੍ਰਬੰਧਾਂ ਨਾਲ ਜੁੜਿਆ ਹੈ। ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਆਪਣੀ ਪੁਸਤਕ 'ਦ ਡਾਕਟਰਾਇਨ ਐਂਡ ਡਾਇਨੈਮਿਕਸ ਆਫ ਸਿੱਖਿਜ਼ਮ' (The Doctrine and Dynamics of Sikhism) ਵਿਚ ਇਨ੍ਹਾਂ ਅੰਤਰ ਸਬੰਧੀ ਸਰੋਕਾਰਾਂ ਨੂੰ ਸਿਸਟਮਸ ਥਿੰਕਿੰਗ (Systems' Thinking) ਕਿਹਾ ਹੈ।ਇਸ ਵਿਚ ਯਥਾਰਥ ਨੂੰ ਕਰਤਾ ਅਤੇ ਕਰਮ, ਨਿਰਿਖਿਅਕ ਅਤੇ ਨਿਰਿਖਅਤ ਵਿਚਲੇ ਅੰਤਰ-ਸਬੰਧਾਂ ਦੇ ਪੱਧਰ ਉੱਤੇ ਵਿਚਾਰਿਆ ਜਾਂਦਾ ਹੈ, ਨਾ ਕਿ ਸਿਰਫ ਤੱਥ-ਮੂਲਕ ਸਮੱਗਰੀ ਦੇ ਰੂਪ ਵਿਚ।