ਸੰਪਾਦਕੀ ![]() ਗੁਰਮੀਤ ਬਰਾੜ |
ਮੰਡੀ ਦੇ ਦੌਰ 'ਚ ਪੰਜਾਬੋਂ ਬਾਹਰ ਪੰਜਾਬੀ ਜੇ ਹੁਣ ਵਿਦੇਸ਼ਾਂ 'ਚ ਪੰਜਾਬੀ ਦੀ ਗੱਲ ਨਾਂ ਕਰਦੇ ਹੋਏ ਵੀ ਵਿਚਾਰ ਕਰੀਏ ਤਾਂ ਪੰਜਾਬ ਤੋਂ ਬਾਹਰ ਵਸੇ 'ਪੰਜਾਬਾਂ' ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਸਾਂਭ-ਸੰਭਾਲ਼ ਤੇ ਫ਼ੈਲਾਅ ਦੀ ਸਥਿਤੀ ਪਿਛਲੇ ਕਈ ਦਹਾਕਿਆਂ ਤੋਂ ਵਿਚਾਰ ਦੀ ਮੰਗ ਕਰਦੀ ਹੈ।ਇੱਕ-ਦੋ ਸੂਬਿਆਂ ਨੂੰ ਛੱਡਕੇ 'ਇਹ ਪੰਜਾਬ', ਪੰਜਾਬ ਦੀ ਮੇਨ ਲੈਂਡ ਨਾਲ਼ ਨਾਂ ਤਾਂ ਭੂਗੋਲਿਕ ਤੌਰ ਤੇ ਕੋਈ ਇੱਕਸਾਰਤਾ ਰਖਦੇ ਹਨ ਅਤੇ ਨਾਂ ਹੀ ਭਾਸ਼ਾਈ ਜਜ਼ਬਾਤ ਦੀ ਪੱਧਰ ਤੇ ਪੰਜਾਬ ਵਿੱਚ ਵਿਚਰਦੀਆਂ ਪੰਜਾਬੀ ਲਈ ਕੰਮ ਕਰਦੀਆਂ ਸੰਸਥਾਂਵਾਂ ਇਹਨਾਂ ਨਾਲ਼ ਲੋੜੀਂਦਾ ਸਰੋਕਾਰ ਰਖਦੀਆਂ ਹਨ।ਇਸ ਦਾ ਇੱਕ ਨਮੂਨਾ ਅਗਸਤ ਦੇ ਅਖ਼ੀਰਲੇ ਹਫ਼ਤੇ ਜੈਪੁਰ(ਰਾਜਸਥਾਨ) ਵਿੱਚ ਹੋਏ ਅਠਾਈਵੇਂ ਸਰਭ ਭਾਰਤੀ ਤ੍ਰੈ-ਭਾਸ਼ੀ (ਪੰਜਾਬੀ,ਹਿੰਦੀ ਤੇ ਉਰਦੂ) ਸੰਮੇਲਨ ਦੌਰਾਨ ਵੇਖਣ ਨੂੰ ਮਿਲ਼ਿਆ। ਭਾਸ਼ਾ ਵਿਭਾਗ ਪੰਜਾਬ ਅਤੇ ਰਾਜਸਥਾਨ ਦੇ ਦੋ ਗ਼ੈਰ ਸਰਕਾਰੀ ਅਦਾਰਿਆਂ ਦੀ ਸਰਪ੍ਰਸਤੀ 'ਚ ਹੋਏ ਦੋ-ਰੋਜ਼ਾ ਇਕੱਠ ਦੇ ਪਹਿਲੇ ਦਿਨ ਦਰਸ਼ਕਾ/ਸਰੋਤਿਆਂ 'ਚੋਂ ਜੇ ਇਹਨਾ ਸੰਸਥਾਵਾ ਦੇ ਕਾਰਕੂਨਾ ਤੇ ਸਿਆਸਤਦਾਨਾਂ ਨੂੰ ਮਨਫ਼ੀ ਕਰ ਦੇਈਏ ਤਾਂ ਗਿਣਤੀ ਲਈ ਉਂਗਲ਼ਾਂ ਹੀ ਕਾਫ਼ੀ ਸਨ। ਪੰਜਾਬੀ ਦੀਆਂ |
|
ਹਿਤੈਸ਼ੀ ਸੰਸਥਾਵਾਂ ਤੇ ਸਰਕਾਰਾਂ ਪੰਜਾਬੋਂ ਬਾਹਰ ਪੰਜਾਬੀ ਨੂੰ ਮੰਡੀ ਦੀ ਲੋੜ ਬਣਾਉਣ ਵਿੱਚ ਨਾ-ਕਾਮਯਾਬ ਰਹੀਆਂ ਹਨ।ਦੂਜੇ ਪਾਸੇ ਬਾਹਰਲੇ ਸੂਬਿਆਂ ਦੀਆਂ ਸਰਕਾਰਾਂ ਨੂੰ ਪੰਜਾਬੀ ਦੀ ਸਰਪ੍ਰਸਤੀ ਲਈ ਭੋਇਂ ਤਿਆਰ ਕਰਨ ਲਈ ਇਹਨਾਂ ਕੋਲ਼ ਕੋਈ ਵਿਉਂਤ ਹੀ ਨਹੀਂ ਹੈ।ਇਸ ਲਈ ਜ਼ਿਆਦਾਤਰ ਸਮਾਗਮ ਸਰਕਾਰੀ ਖਾਨਾਪੂਰਤੀ ਦਾ ਸਬੱਬ ਬਣ ਕੇ ਰਹਿ ਜਾਂਦੇ ਹਨ। ਸਰਸਰੀ ਤੌਰ ਤੇ ਵੇਖਿਆ ਜਾਵੇ ਤਾਂ ਰਾਜਸਥਾਨ 'ਚ ਪੰਜਾਬੀਆਂ ਦੀ ਗਿਣਤੀ 13 ਲੱਖ,ਮਹਾਰਾਸ਼ਟਰ 'ਚ 7 ਲੱਖ ਉੱਤਰ ਪ੍ਰਦੇਸ਼ ਤੇ ਉੱਤਰਾਂਚਲ 'ਚ 10 ਲੱਖ ,ਬੰਗਾਲ 'ਚ 2 ਲੱਖ ਤੇ ਹਰਿਆਣਾ 'ਚ ਤਾਂ ਲਗਭਗ ਅੱਧੀ ਆਬਾਦੀ ਪੰਜਾਬੀਆਂ ਦੀ ਹੈ।ਇਹਨਾਂ ਲੋਕਾਂ ਦਾ ਕਿੱਤਾ-ਰੁਜ਼ਗਾਰ ਕਿਤੇ ਵੀ ਹੋਵੇ ਪਰ ਇਹ ਮਾਨਸਿਕ ਪੱਧਰ ਤੇ ਪੰਜਾਬ ਵਿੱਚ ਹੀ ਵਿਚਰਦੇ ਹਨ।ਇਹਨਾਂ ਦੀ ਇਸ ਜ਼ਿਹਨੀ ਭੁੱਖ ਦੀ ਤ੍ਰਿਪਤੀ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਪ੍ਰਫੁੱਲਤਾ 'ਚ ਵਿਦਮਾਨ ਹੈ।ਜੋ ਇਸ ਸਮੇਂ ਵਿਗੋਚੇ ਦੀ ਸਥਿਤੀ 'ਚੋਂ ਗ਼ੁਜ਼ਰ ਰਹੀ ਹੈ।ਇਹਨਾਂ ਸੂਬਿਆਂ ਦੇ ਲੇਖਕਾਂ ਦੀਆਂ ਲਿਖਤਾਂ ਭੁਗੋਲਿਕ ਤੇ ਸਮਾਜਿਕ ਧਰਾਤਲ ਤੇ ਜਾਂ ਤਾਂ ਪੰਜਾਬ ਦੀਆਂ ਅਸਲੀ ਭੁਗੋਲਿਕ ਥਾਂਵਾਂ ਅਤੇ ਸਮਾਜਿਕ ਕਦਰਾਂ ਕੀਮਤਾਂ ਨਾਲ਼ ਸਿੱਧਾ ਸੰਵਾਦ ਰਚਾਉਂਦੀਆਂ ਹਨ ਜਾਂ ਫ਼ਿਰ ਕਲਪਨਾ ਦੀ ਧਰਤ ਤੇ ਘੜੇ ਕਾਵਿਕ ਤੇ ਗਲਪੀ 'ਫ਼ਰੇਮਵਰਕ' 'ਚ ਵੀ ਪੰਜਾਬ ਦਾ ਝਾਉਲ਼ਾ ਪੈਂਦਾ ਹੈ।ਇਹਨਾ ਵਿੱਚ ਉਥੋਂ ਦਾ ਭੂ-ਦ੍ਰਿਸ਼ ਗ਼ਾਇਬ ਹੈ।ਲੇਖਕਾਂ ਤੇ ਹੋਰ ਖੇਤਰਾਂ ਵਿਚਲੇ ਪੰਜਾਬੀਆਂ ਨੇ ਜੋ ਪ੍ਰਾਪਤ ਕੀਤਾ ਹੈ ਉਹ ਕਿਸੇ ਸਰਪ੍ਰਸਤੀ ਤੋਂ ਬਿਨਾ ਆਪਣੇ ਤੌਰ ਤੇ ਲੋੜਾਂ ,ਥੁੜ੍ਹਾਂ ਤੇ ਵਿਗੋਚਿਆਂ ਨਾਲ਼ ਖਹਿਬੜ ਕੇ ਹੱਥ ਹੇਠ ਕੀਤਾ ਹੈ। ਤਰਸਯੋਗ ਮਾਲੀ ਹਾਲਤ ਵਾਲ਼ੀਆਂ ਇਹਨਾਂ ਸੂਬਿਆਂ ਦੀਆਂ ਪੰਜਾਬੀ ਅਕਾਦਮੀਆਂ ਸਰਕਾਰੀ ਬੇ-ਗ਼ਰਜ਼ੀ ਤੇ ਵਿਅਕਤੀਗਤ ਇਕਲਾਪੇ ਦਾ ਸ਼ਿਕਾਰ ਹਨ।ਰਾਜਸਥਾਨ 'ਚ ਤਾਂ ਪੰਜਾਬੀ ਅਕਾਦਮੀ ਪੰਜ ਵਰ੍ਹੇ ਪਹਿਲਾਂ ਹੋਂਦ 'ਚ ਆਉਣ ਤੋ ਲੈ ਕੇ ਹੁਣ ਤੱਕ ਇੱਕ ਬੱਸ ਕਾਗ਼ਜ਼ੀ ਸੰਸਥਾ ਹੈ। ਇਸ ਮੰਡੀ ਦੇ ਦੌਰ 'ਚ ਪੰਜਾਬੀ ਨੂੰ ਮੰਡੀ ਦੀ ਲੋੜ ਬਣਾਉਣ ਦੀ ਨਿਹਾਇਤ ਜ਼ਰੂਰਤ ਹੈ।ਇਸ ਟੀਚੇ ਨੂੰ ਹਾਸਿਲ ਕਰਨ ਵਾਸਤੇ ਬਾਹਰਲੇ ਸੂਬਿਆਂ ਦੀਆਂ ਸਰਕਾਰਾਂ ਨੂੰ ਪੰਜਾਬੀ ਦੀ ਅਹਿਮੀਅਤ ਤੇ ਉਸ ਦੇ ਕੌਮਾਂਤਰੀ ਵਕਾਰ ਬਾਰੇ ਹਲੂਣ ਕੇ ਜਾਣੂ ਕਰਵਾਉਣਾ ਸਮੇਂ ਦੀ ਜ਼ਰੂਰਤ ਹੈ ਜੀਹਦੀ ਗ਼ੈਰ-ਹਾਜ਼ਰੀ 'ਚ ਗਲੋਬਲੀ ਪਿੰਡ 'ਚ ਪੰਜਾਬੀ ਦਾ ਘਰ ਇਸ ਪਿੰਡ ਦੀ ਫਿਰਨੀ ਤੇ ਹਾਸ਼ੀਆਗਤ ਹੋ ਕੇ ਰਹਿ ਜਾਵੇਗਾ। ਲਿਖਤਮ
ਗੁਰਮੀਤ ਬਰਾੜ | |