ਕਹਾਣੀ

ਦਲਵੀਰ ਸਿੰਘ ਲੁਧਿਆਣਵੀ
ਦੇਹ-ਵਪਾਰ

ਸੁਰਿੰਦਰ ਸਿੰਘ, ਜੋ ਪਟਵਾਰ ਦਾ ਕੰਮ ਕਰਦੇ ਅਤੇ ਉਨ੍ਹਾਂ ਦੀ ਧਰਮ-ਪਤਨੀ ਵੀ ਇੱਕ ਸਰਕਾਰੀ ਹਾਈ ਸਕੂਲ 'ਚ ਪ੍ਰਿੰਸੀਪਲ ਵਜੋਂ ਸੇਵਾਰਤ ਸਨ । ਖੁੱਲ੍ਹੀ-ਡੁੱਲ੍ਹੀ ਜਾਇਦਾਦ ਹੋਣ ਦੇ ਨਾਲ-ਨਾਲ ਪਟਵਾਰੀ ਸਾਹਿਬ ਦਾ ਉਸ ਇਲਾਕੇ ਵਿੱਚ ਚੰਗਾ ਰੱਖ-ਰਸੂਖ ਸੀ,

ਅਰਥਾਤ ਬੱਚਾ-ਬੱਚਾ ਉਨ੍ਹਾਂ ਦੇ ਨਾਂ ਤੋਂ ਵਾਕਫ਼ ਸੀ । ਉਨ੍ਹਾਂ ਦੀ ਇੱਕੋ-ਇੱਕ ਸੰਤਾਨ, ਸਰਬਜੀਤ ਜੋ ਭਰ ਜੋਬਨ ਵਿੱਚ ਸੀ । ਉਸਦਾ ਗੁੰਦਵਾਂ ਸਰੀਰ ਤੇ ਤਿੱਖੇ ਨੈਣ-ਨਖਸ਼ ਦੇਖ ਕੇ ਭੁੱਖ ਲਹਿੰਦੀ ਸੀ ।

ਬੋਲਦੀ ਸੀ ਤਾਂ ਇਉਂ ਲੱਗਦਾ ਜਿਉਂ ਮੁੱਖੋਂ ਫੁੱਲ ਝਰਦੇ ਹੋਣ । ਗੱਲ ਕੀ, ਉਸ ਦਾ ਜਾਦੂਮਈ ਚਿਹਰਾ ਸੀ।

ਭਾਵੇਂ ਬਹੁਤ ਰਿਸ਼ਤੇ ਆਏ, ਪਰ ਅਜੇ ਤੱਕ ਕੋਈ ਚੰਗਾ ਰਿਸ਼ਤਾ ਹੱਥ ਨਾ ਲੱਗਾ । ਸਮਾਂ ਆਪਣੀ ਚਾਲੇ ਚਲਦਾ ਹੀ ਜਾਂਦਾ ਹੈ, ਭਾਵ ਕਿਸੇ ਦੀ ਉਡੀਕ ਨਹੀਂ ਕਰਦਾ ।

ਪਟਵਾਰੀ ਸਾਹਿਬ ਦੇ ਮਾਸੀ ਜੀ ਦੀ ਸਹੇਲੀ, ਸ੍ਰੀਮਤੀ ਬਸੰਤ ਕੌਰ ਜੋ ਕਨੇਡਾ ਤੋਂ ਆਈ ਸੀ । ਉਹ ਦੋਵੇਂ ਜਣੀਆਂ ਪਟਵਾਰੀ ਸਾਹਿਬ ਦੇ ਘਰ ਗਿਆਰਾਂ ਕੁ ਵਜੇ ਪਹੁੰਚ ਗਈਆਂ । ਐਤਵਾਰ ਦਾ ਦਿਨ ਹੋਣ ਕਰਕੇ ਪਟਵਾਰੀ ਸਾਹਿਬ ਘਰੇ ਹੀ ਸਨ ।ਚਾਹ-ਪਾਣੀ ਪੀਣ ਉਪਰੰਤ ਮਾਸੀ ਜੀ ਨੇ ਸਰਬਜੀਤ ਦੇ ਰਿਸ਼ਤੇ ਦੀ ਗੱਲ ਸ਼ੁਰੂ ਕੀਤੀ ।...

ਕਹਾਣੀ

ਸਾਂਵਲ ਧਾਮੀ
ਮੱਲ੍ਹਮ

ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ ਹੁੰਦੇ ਵਪਾਰ ਦਾ ਕੇਂਦਰ ਸੀ।ਉਹਨਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ ਪਹਾੜ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੇ ਬਜ਼ਾਰ 'ਚੋਂ ਉੱਠ ਕੇ ਫਿਜ਼ਾ 'ਚ ਘੁਲ-ਮਿਲ ਜਾਂਦੀ ਸੀ।ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵਸਿਆ ਤੇ ਬੁੱਢੇ ਪਿੱਪਲਾਂ,ਅੰਬਾਂ ਤੇ ਜਾਮਣਾਂ 'ਚ ਅੱਧ-ਲੁਕਿਆ ਇਹ ਪਿੰਡ ਨਾਰੂ ਗੋਤ ਦੇ ਰਾਜਪੂਤ ਮੁਸਲਮਾਨਾਂ ਨੇ ਬੰਨ੍ਹਿਆਂ ਸੀ।
ਜ਼ਮੀਨਾਂ ਦੇ ਮਾਲਕ ਰਾਜਪੂਤ ਪਰਿਆਂ ਤੇ ਹਵੇਲੀਆਂ 'ਚ ਬੈਠੇ ਹੁੱਕੇ ਗੁੜਗੁੜਾਂਦੇ,ਗੱਲਾਂ 'ਚ ਮਸਤ ਰਹਿੰਦੇ।
ਜ਼ਮੀਨਾਂ ਹਿੰਦੂ ਸੈਣੀਆਂ ਤੇ ਸਿੱਖ ਲੁਬਾਣਿਆਂ ਨੂੰ ਪਟੇ 'ਤੇ ਦੇ ਦਿੰਦੇ।ਮੁਜ਼ਾਰੇ ਹੋਰਨਾਂ ਫਸਲਾਂ ਨਾਲ਼ ਮਾਲਕਾਂ ਜੋਗਾ ਤੰਬਾਕੂ ਵੀ ਬੀਜ ਲੈਂਦੇ ।

ਏਸ ਪਿੰਡ ਦਾ ਸਭ ਨਾਲੋਂ ਮੋਹਤਬਾਰ ਬੰਦਾ ਸੀ,ਮੀਆਂ ਮੁਹੰਮਦ ਬਖ਼ਸ਼। ਲੋਕ ਉਸਨੂੰ ਇੱਜ਼ਤ ਨਾਲ਼ 'ਮੀਆਂ ਜੀ' ਆਖ ਬੁਲਾਂਦੇ ਸਨ ।ਕੁੱਲੇ ਵਾਲ਼ੀ ਪੱਗ,ਸਲਵਾਰ-ਕਮੀਜ਼ ਤੇ ਤਿੱਲੇਦਾਰ ਜੁੱਤੀ ਪਾਈ ,ਉਹ ਜਿਧਰੋਂ ਵੀ ਗੁਜ਼ਰਦਾ, ਲੋਕ ਉੱਠ ਖੜੇ ਹੁੰਦੇ ।ਉਹ ਅਕਸਰ ਮੋਢੇ ਤੇ ਬੰਦੂਕ ਲਮਕਾਈ ਘੋੜੀ 'ਤੇ ਸਵਾਰ ਹੋਇਆ ਦਿਖਾਈ ਦਿੰਦਾ। ਹਰ ਕੋਈ ਝੁਕ ਕੇ ਸਲਾਮ ਕਰਦਾ ਤੇ ਉਹ ਅੱਧ-ਪਚੱਧਾ ਜਵਾਬ ਦੇ ਕੇ ਅਗਾਂਹ ਲੰਘ ਜਾਂਦਾ। ਉਸ ਦੀ ਘੋੜੀ ਦੀ ਚਾਲ ਰਤਾ ਹੋਰ ਤਿਖੇਰੀ ਹੋ ਜਾਂਦੀ ਤੇ ਉਸਦੀ ਧੌਣ ਵੀ ਥੋੜਾ ਹੋਰ ਆਕੜ ਜਾਂਦੀ । ਉਹ ਪਿੰਡ ਦਾ ਚੌਧਰੀ ਸੀ।ਸਭ ਨਾਲੋਂ ਵੱਡੀ ਹਵੇਲੀ ਉਸ ਦੀ ਸੀ; ਅੱਧੇ ਕਿੱਲੇ ਦੇ ਵਗਲ਼ 'ਚ ਖੜੀ ਸ਼ਾਨਦਾਰ ਤੇ ਤਿਮੰਜ਼ਲੀ।ਸਭ ਨਾਲੋਂ ਵੱਧ ਜ਼ਮੀਨ ਉਸ ਕੋਲ਼ ਸੀ;ਅੱਸੀ ਕਿੱਲੇ ਇੱਕ-ਟੱਕ। ਪੰਜਾਂ ਖੂਹਾਂ ਦਾ ਮਾਲਕ ਸੀ ਉਹ ।ਚਾਰ ਖੂਹ ਖੇਤਾਂ 'ਚ ਤੇ ਪੰਜਵਾਂ ਘਰ ।ਏਸ ਖੂਹ ਦੀ ਮੌਣ ਨੂੰ ਹਵੇਲੀ ਦੀ ਲਹਿੰਦੀ ਗੁੱਠ ਵਾਲ਼ੀ ਕੰਧ ਦੋ ਹਿੱਸਿਆਂ 'ਚ ਵੰਡਦੀ ਸੀ ।ਅੱਧੀ ਮੌਣ ਵਿਹੜੇ ਵਲ ਸੀ ਤੇ ਅੱਧੀ ਗਲ਼ੀ ਵਲ ।ਇੱਥੋਂ ਤਕਰੀਬਨ ਸਾਰਾ ਪਿੰਡ ਪਾਣੀ ਭਰਦਾ ਸੀ।...