<< Back
                             

ਸੰਪਾਦਕੀ




ਗੁਰਮੀਤ ਬਰਾੜ

ਬਾਲ ਸਾਹਿਤ ਤੇ ਬਾਲ ਵਿਕਾਸ

                  

ਬਾਲਾਂ ਦੇ ਵਿਕਾਸ 'ਚ ਬਾਲ ਸਾਹਿਤ ਦੀ ਮਹੱਤਵਪੂਰਣ ਭੂਮਿਕਾ ਰਹੀ ਹੈ।ਵਰਤਮਾਨ ਪਰਿਪੇਖ 'ਚ ਤਾਂ ਇਹ ਹੋਰ ਵੀ ਵਿਚਾਰਯੋਗ ਵਿਸ਼ਾ ਬਣ ਗਿਆ ਹੈ।ਸਾਹਿਤ ਨੇ ਬਾਲਾਂ ਦੇ ਇਖ਼ਲਾਕੀ ਪੱਖ ਤੇ ਪ੍ਰਭਾਵ ਪਾਇਆ ਹੈ।ਬਾਲ ਸਾਹਿਤ ਨਾਂ ਕੇਵਲ ਬਾਲ ਸੰਸਾਰ ਨੂੰ ਪ੍ਰਤੀਬਿੰਬਤ ਕਰਦਾ ਹੈ ਸਗੋਂ ਉਸ ਦੇ ਚੰਗੇ ਬੁਰੇ ਪੱਖਾਂ ਦੀ ਸਮਾਲੋਚਨਾ ਵੀ ਕਰਦਾ ਹੈ।ਬਾਲਾਂ ਦੇ ਮਨੋਭਾਵਾਂ ਦੀ ਤ੍ਰਿਪਤੀ ਲਈ ਬਾਲ ਸਾਹਿਤ ਦੀ ਜ਼ਰੂਰਤ ਹੈ।ਸਾਹਿਤ ਨੇ ਬਾਲਕਾਂ ਦੇ ਬੌਧਿਕ ਪੱਖ ਨੂੰ ਵੀ ਪ੍ਰਭਾਵਿਤ ਕੀਤਾ ਹੈ।ਪੰਚਤੰਤਰ ਦੀਆਂ ਕਹਾਣੀਆਂ,ਵਿਕ੍ਰਮ-ਬੇਤਾਲ ਕਥਾਵਾਂ ਆਦਿ ਇਸ ਤਰ੍ਹਾਂ ਦਾ ਹੀ ਸਾਹਿਤ ਹੈ ਜਿਹੜਾ ਬਾਲਕਾਂ ਦੀ ਜਿਗਿਆਸਾ ਤੇ ਮਾਨਸਿਕ ਉਥਲ-ਪੁਥਲ ਨੂੰ ਵਧਾਉਂਦਾ ਹੈ ਤੇ ਉਸ ਦੇ ਗਿਆਨ ਨੂੰ ਪ੍ਰਫੁੱਲਤ ਕਰਦਾ ਹੈ।

ਸਾਹਿਤ ਸਮਾਜ ਦਾ ਸਿਰਫ਼ ਸ਼ੀਸ਼ਾ ਹੀ ਨਹੀਂ ਹੁੰਦਾ ਬਲਕਿ ਵਿਕਲਪ ਵੀ ਹੁੰਦਾ ਹੈ।ਇਹ ਆਪਣੇ ਯੁੱਗ ਦੀ ਚੇਤਨਾ 'ਚ ਬਦਲਾਉ ਲਿਆਉਂਦਾ ਹੈ।ਉਸਦੇ ਮਾਨਸਿਕ ਉਦਵੇਗਾਂ ਨੂੰ ਵੀ ਉਕਸਾਉਂਦਾ ਹੈ।ਬਾਲਾਂ ਨੂੰ ਕਥਾਨਕ,ਸਹਿਜਤਾ,ਰੋਚਕਤਾ,ਅਚਰਜ,ਰੋਮਾਂਚ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਤੇ ਬਾਲ ਸਾਹਿਤ ਇਹਨਾਂ ਸਭਨਾਂ ਦਾ ਭੰਡਾਰ ਹੁੰਦਾ ਹੈ।ਬਾਲ ਸਾਹਿਤ ਦੀਆਂ ਇਹ ਵਿਸ਼ੇਸ਼ਤਾਵਾਂ ਉਸ ਲਈ ਇੱਕ ਮਨਮੋਹਨ ਸੰਸਾਰ ਦੀ ਉਸਾਰੀ ਕਰਦੀਆਂ ਹਨ।

ਬਾਲ ਸਾਹਿਤ 'ਚ ਨਾਂ ਭਾਵਾਂ ਦੀ ਡੂੰਘੀਆਂ ਗੰਭੀਰਤਾਵਾਂ ਹੋਣੀ ਚਾਹੀਦੀ ਹੈ ਨਾਂ ਹੀ ਸ਼ਬਦਾਵਲੀ ਦੀਆਂ ਉੱਚੀਆਂ ਕੰਧਾਂ ਉਸਾਰੀਆਂ ਜਾਣੀਆਂ ਚਾਹੀਦੀਆਂ ਹਨ।ਬਾਲ ਮਨੋਵਿਗਿਆਨ ਨੂੰ ਧਿਆਨ 'ਚ ਰੱਖ ਕੇ ਬਾਲ ਸਾਹਿਤ ਦੀ ਰਚਨਾ ਕੀਤੀ ਜਾਵੇ ਤਾਂ ਇਹ ਸਾਹਿਤ ਜ਼ਿਆਦਾ ਤੋਂ ਜ਼ਿਆਦਾ ਪ੍ਰਸਾਰਤ ਕੀਤਾ ਜਾ ਸਕਦਾ ਹੈ।ਬਾਲ ਸਾਹਿਤ ਦੀ ਰਚਨਾ 'ਚ ਕਿਸੇ ਤਰ੍ਹਾਂ ਦੀ ਊਣਤਾਈ ਤੇ ਗ਼ੈਰ-ਜ਼ਿੰਮੇਵਾਰੀ ਖ਼ਿਮਾ ਦੇ ਯੋਗ ਨਹੀਂ ਹੈ।



ਲਿਖਤਮ

ਗੁਰਮੀਤ ਬਰਾੜ

www.gurmeetbrar.com


Top