ਵਿਅੰਗ

ਹਰਚੰਦ ਸਿੰਘ ਬਾਗੜੀ
ਬੇਗਾਰਾਂ ਜੋਗਾ ਰਹਿ ਗਿਆ

ਜਦੋਂ ਦਾ ਘਰ ਹਾਂ ਰਿਟਾਇਰ ਹੋ ਕੇ ਬਹਿ ਗਿਆ।
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ ਰਹਿ ਗਿਆ।
ਆਮਦਨ ਘਟ ਗਈ ਖ਼ਰਚਾ ਵਦਾ ਲਿਆ।
ਕਰ ਪਟਰੋਲ ਦਿਆਂ ਖ਼ਰਚਿਆਂ ਨੇ ਖਾ ਲਿਆ।
ਕੰਮ ਤੋਂ ਜ਼ਿਆਦਾ ਗੱਡੀ ਸੜਕਾਂ 'ਤੇ ਘੂਕਦੀ।
ਹਫ਼ਤੇ 'ਚ ਭਰਿਆ ਭਰਾਇਆ ਟੈਂਕ ਫ਼ੂਕਦੀ।
ਮੂਂਹ-ਕੂਲ ਬੰਦੇ ਤਾਈਂ ਗਧੀ ਗੇੜ ਪੈ ਗਿਆ...
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

ਦੇਸੋਂ ਆਇਆ ਕਹਿੰਦਾ ਮੈਨੂੰ ਕਾਰ ਈ ਸਿਖਾ ਦੇ।
ਕੰਮ ਜੋਗ ਹੋ ਜਾਂ ਲਾਇਸੈਂਸ ਈ ਦੁਆ ਦੇ।
ਕਾਰਾਂ ਸਿਖਾਉਣ ਵਾਲ਼ੇ ਪੈਸੇ ਬੜੇ ਝਾੜਦੇ।
ਤੈਨੂੰ ਕੀ ਫ਼ਰਕ ਪੈਂਦੈ, ਮੇਰਾ ਕੰਮ ਸਾਰ ਦੇ।
ਦੂਰ ਦਾ ਲਿਹਾਜ਼ੀ ਆ ਕੇ ਮੇਰੇ ਘਰੇ ਬਹਿ ਗਿਆ....
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

ਵਿਅੰਗ

ਅਮਰਜੀਤ ਸੰਧੂ
ਚਾਰ ਅਤੇ ਛੇ ਕਲੀਏ ਬੈਂਤ

ਬੀਵੀ ਕਵੀ ਦੀ ਸਾਧ ਦੇ ਕੋਲ਼ ਪਹੁੰਚੀ,
ਕਹਿੰਦੀ, " ਬਾਬਾ ਜੀ! ਸੰਧੂ ਤਾਂ ਖੁਰੀ ਜਾਂਦੈ।
ਐਨਾ ਹੋਇਆ ਕਮਜ਼ੋਰ ਕਿ ਕੀ ਦੱਸਾਂ,
ਜਿੱਥੇ ਹੱਥ ਲਾਈਏ, ਉੱਥੋਂ ਭੁਰੀ ਜਾਂਦੈ।"
ਬਾਬੇ ਆਖਿਆ, " ਕਲਮ ਜਦ ਚੱਲਦੀ ਏ,
ਚੱਲਣ ਜੋਗਾ ਨਹੀਂ ਛੱਡਦੀ ਆਦਮੀ ਨੂੰ,
ਤੇਰਾ ਆਦਮੀ ਤਾਂ ਸਖ਼ਤ ਜਾਨ ਹੋਣੇਂ,
ਤੁਰਦੀ ਕਲਮ ਦੇ ਨਾਲ਼ ਜੋ ਤੁਰੀ ਜਾਂਦੈ।


ਮੀਂਹ ਪਵੇ, ਸਕੂਲ ਦਾ ਵਕ਼ਤ ਹੋਇਆ,
'ਸੰਧੂ' ਬਹਿ ਗਿਆ ਢੇਰੀਆਂ ਢਾਹ ਕੇ ਜੀ।
ਧੱਕੇ ਨਾਲ਼ ਸਕੂਲ ਨੂੰ ਤੋਰ ਦਿੱਤਾ,
ਬੀਵੀ ਹੋਣ ਨਾ ਦਿੱਤੀਆਂ ਦੇਰੀਆਂ ਜੀ।
ਗਿਆ ਭਿੱਜਦਾ, ਆਇਆ ਬੁਖ਼ਾਰ ਲੈ ਕੇ,
ਪੈਣ ਬੀਵੀ ਦੇ ਚਿੱਤ ਨੂੰ ਘੇਰੀਆਂ ਜੀ।
ਆਇਆ ਵੈਦ ਤੇ ਤਾੜ ਕੇ ਕਹਿਣ ਲੱਗਾ,
ਸੱਭੇ ਗ਼ਲਤੀਆਂ ਨੇ ਬੀਬੀ ਤੇਰੀਆਂ ਜੀ।
ਬੇੜੀ ਕਾਗ਼ਜ਼ਾਂ ਦੀ ਤੇਰਾ ਪਤੀ ਬੀਬੀ,
ਇਹਦੇ ਨਾਲ਼ ਸੰਭਲ਼ ਕੇ ਖੇਲ੍ਹਿਆ ਕਰ।
ਇਹ ਨਹੀਂ ਝਨਾਅ 'ਚੋਂ ਪਾਰ ਲੰਘਾਉਣ ਜੋਗਾ,
ਇਹਨੂੰ ਪਾਣੀ ਦੇ ਵਿਚ ਨਾ ਠੇਲ੍ਹਿਆ ਕਰ।