ਪੜਤਾਲ
ਲਕੜੀ ਕੀ ਕਾਠੀ, ਕਾਠੀ ਪੇ ਘੋੜਾ
![]() | ਬਹੁਭਾਸ਼ੀ ਵਿਦਵਾਨਾਂ ਦੇ ਇਕ ਸਮ੍ਹੂਹ ਵਿੱਚ ਉਪਰੋਕਤ ਸਿਰਲੇਖ ਵਾਲੇ ਫ਼ਿਲਮੀ ਗਾਣੇ ਬਾਰੇ ਚਰਚਾ ਹੋ ਰਹੀ ਸੀ ਕਿ ਇਸ ਬੋਲ ਦਾ ਕੀ ਭਾਵ ਹੋ ਸਕਦਾ ਹੈ? ਕਾਠੀ ਤਾਂ ਘੋੜੇ 'ਤੇ ਹੁੰਦੀ ਹੈ ਪਰ ਇਸ ਗੀਤ ਵਿੱਚ ਘੋੜਾ ਹੀ ਕਾਠੀ 'ਤੇ ਚੜ੍ਹਿਆ ਹੋਇਆ ਹੈ। ਕਈ ਇਸ ਗੱਲ 'ਤੇ ਹੈਰਾਨ ਸਨ ਕਿ ਉਨ੍ਹਾਂ ਇਹ ਗੱਲ ਏਨੇ ਸਾਲ ਕਿਉਂ ਨਾ ਗੌਲੀ। ਸਾਰੇ ਆਪਣੇ-ਆਪਣੇ ਘੋੜੇ ਦੌੜਾ ਰਹੇ ਸਨ। ਕਈਆਂ ਨੇ ਤਾਂ ਸਿਰਫ਼ ਸਾਈਕਲ ਦੀ ਹੀ ਕਾਠੀ ਵੇਖੀ, ਸੁਣੀ ਤੇ ਮਾਣੀ ਸੀ। ਕਾਫ਼ੀ ਚਿਰ ਇਸ ਗੱਲ ਤੇ ਹੀ ਵਿਚਾਰ ਹੁੰਦੀ ਰਹੀ ਕਿ ਕਾਠੀ ਸ਼ਬਦ ਦਾ ਕੀ ਅਰਥ ਹੈ ਤੇ ਇਹ ਕਿਵੇਂ ਬਣਿਆ? ਹੌਲੀ- ਹੌਲੀ ਇਹ ਤਾਂ ਸਪੱਸ਼ਟ ਹੋ ਗਿਆ ਕਿ ਕਾਠੀ ਸੰਸਕ੍ਰਿਤ ‘ਕਾਸ਼ਠ’ ਦਾ ਅਪਭਰੰਸ਼ ਹੈ ਜਿਸ ਦਾ ਮਤਲਬ –‘ਲੱਕੜ’- ਖਾਸ ਤੌਰ ਤੇ ਸੁਧਾਰੀ ਗਈ ਲੱਕੜ ਹੈ। ਕਠ-ਪੁਤਲੀ, ਕਠਫੌੜਾ ਜਾਂ ਕਾਠ ਦੀ ਲੱਤ ਵਿੱਚ ਇਹ ਸ਼ਬਦ ਸਪਸ਼ਟ |
ਬਲਜੀਤ ਬਾਸੀ |
ਝਲਕਦਾ ਹੈ। ਇਕ ਵੱਡੇ ਵਿਦਵਾਨ ਨੇ ਤਾਂ ‘ਖੜਾਂ’ ਸ਼ਬਦ ਵੀ ਨਾਲ ‘ਪਾਦੁਕਾ’ (ਪੈਰ ਦੀ ਜੁੱਤੀ) ਜੋੜਕੇ ਕਾਸ਼ਠ ਤੋਂ ਕੱਢ ਮਾਰਿਆ, ਅਖੇ: ਕਾਸ਼ਠਪਾਦੁਕਾ > ਕੱਠਪਊਆਂ > ਖੜਾਊਆਂ > ਖੜਾਵਾਂ ! ਰਾਗ ਆਸਾ ਵਿੱਚ ਕਬੀਰ ਜੀ ਕਾਠੀ ਤੋਂ ਭਾਵ ਸਾਧਾਰਨ ਬਾਲਣ ਵਾਲੀ ਲੱਕੜ ਹੀ ਲੈਂਦੇ ਹਨ :
ਬਾਸਨ ਮਾਂਜ ਚਰਾਵਹਿ ਊਪਰ ਕਾਠੀ ਧੋਇ ਜਲਾਵਹਿ
ਅਰਥਾਤ ਉਹ (ਪਖੰਡੀ) ਭਾਂਡੇ ਧੋਅ ਕੇ ਚੁਲ੍ਹੇ ਤੇ ਰਖਦੇ ਹਨ ਤੇ ਲੱਕੜੀ ਧੋਅ ਕੇ ਚੁੱਲ੍ਹੇ 'ਚ ਬਾਲ਼ਦੇ ਹਨ। ਪਰ ਗੁਰੂ ਨਾਨਕ ਦੇਵ ਦੀ ਹੇਠਾਂ ਦਿੱਤੀ ਤੁਕ ਵਿੱਚ ਕਾਠ ਦਾ ਭਾਵ ਇਮਾਰਤੀ ਲੱਕੜ ਤੋਂ ਵੀ ਅੱਗੇ ਫ਼ਰਨੀਚਰ ਦੇ ਰੂਪ ਵਾਲੀ ਲੱਕੜ ਨਿਕਲਦਾ ਹੈ:’ਕਾਪੜੁ ਕਾਠੁ ਰੰਗਾਇਆ ਰਾਂਗਿ’- ਭਾਵ ਮਨੁੱਖ ਨੇ ਕੱਪੜੇ ਤੇ ਫ਼ਰਨੀਚਰ ਭਾਂਤ-ਸੁਭਾਂਤੇ ਰੰਗਾ ਲਏ ਹਨ। ਪਰ ਜੇ ਕਾਠੀ ਲੱਕੜ ਹੀ ਹੈ ਤਾਂ ਫਿਰ ‘ਲੱਕੜੀ ਕੀ ਕਾਠੀ’ ਦਾ ਮਤਲਬ ਤਾਂ ‘ਲੱਕੜ ਦੀ ਲੱਕੜ’ ਹੀ ਨਿਕਲਿਆ ਜੋ ਕਿ ਬੜੀ ਹਾਸੋ-ਹੀਣੀ ਗੱਲ ਹੈ। ਇਕ ਕਵੀ ਜਨ ਨੇ ਕਿਹਾ ਕਿ ਕਵੀ ਕੁਝ ਵੀ ਲਿਖਣ ਲਈ ਸੁਤੰਤਰ ਹੁੰਦੇ ਹਨ -ਜੇ ਉਹ ਖੁਸ਼ਬੂ ਨੂੰ ਮਹਿਕਾ ਸਕਦੇ ਹਨ ਤਾਂ ‘ਲਕੜੀ ਦੀ ਕਾਠੀ’ ਵੀ ਬਣਾ ਸਕਦੇ ਹਨ। ਗੁਰੂ ਨਾਨਕ ਦੀ ਤੁਕ ਤੋਂ ਪ੍ਰਭਾਵਤ ਇੱਕ ਵਿਦਵਾਨ ਨੇ ਵਿਆਖਿਆ ਕੀਤੀ ਕਿ ਲੱਕੜ ਤਾਂ ਹਰ ਨਿੱਕੇ-ਮੋਟੇ ਦਰਖ਼ਤ ਦੀ ਹੋ ਸਕਦੀ ਹੈ ਪਰ ਏਥੇ ਭਾਵ ਇਮਾਰਤੀ ਲੱਕੜ ਤੋਂ ਹੈ। ਇਕ ਹੋਰ ਭਾਈ ਨੇ ਕਿਹਾ ਕਿ ਕਾਠ ਉਹ ਲੱਕੜ ਹੈ ਜਿਸ ਨੂੰ ਆਕਾਰ ਨਹੀਂ ਦਿੱਤਾ ਗਿਆ ਜਦ ਕਿ ਕਾਠੀ ਆਕਾਰ ਨੂੰ ਹੀ ਕਹਿੰਦੇ ਹਨ। ਜਿਵੇਂ ਅਸੀਂ ਆਖ ਦਿੰਦੇ ਹਾਂ ਫਲਾਣੇ ਦੀ ਕਾਠੀ ਬੜੀ ਮਜ਼ਬੂਤ ਹੈ। ਇਸੇ ਤਰਾਂ ਕੱਦ-ਕਾਠ ਸ਼ਬਦ ਯੁਗਮ ਵਿੱਚ ਕਾਠ ਤੋਂ ਭਾਵ ਸਰੀਰਕ ਬਣਤਰ ਹੈ। ‘ਲੱਕੜੀ ਕੀ ਕਾਠੀ’ ਦਾ ਅਰਥ ਲੱਕੜ ਨੂੰ ਦਿੱਤਾ ਗਿਆ ਆਕਾਰ ਹੈ। ਇਸ ਤਰਾਂ ‘ਘੋੜੇ ਪੇ ਕਾਠੀ’ ਦਾ ਅਰਥ ਹੋਇਆ ਘੋੜੇ ਦਾ ਆਕਾਰ। ਕੁਲ ਮਿਲਾ ਕੇ ਗੀਤ ਦੇ ਬੋਲ ਦਾ ਅਰਥ ਨਿਕਲਦਾ ਹੈ: ਲੱਕੜ ਨੂੰ ਆਕਾਰ ਦੇ ਕੇ ਘੋੜਾ ਬਣਾਇਆ ਗਿਆ ਹੈ। ਇਸੇ ਤਰਾਂ ਕਾਠ ਦੀ ਹਾਂਡੀ ਵਿੱਚ ਲੱਕੜ ਨੂੰ ਹਾਂਡੀ ਦੀ ਸ਼ਕਲ ਦਿੱਤੀ ਗਈ ਹੈ। ਪਰ ਦੂਜੇ ਨੇ ਫੱਟ ਟੋਕ ਦਿੱਤਾ ਕਿ ਕਾਠ ਦੀ ਹਾਂਡੀ ਦੀ ਸਿਰਫ਼ ਮੁਹਾਵਰੇ ਵਿੱਚ ਹੀ ਹੋਂਦ ਹੈ, ਯਥਾਰਥ ਵਿੱਚ ਨਹੀਂ ਜਿਵੇਂ ਸ਼ੇਖ ਫ਼ਰੀਦ ਦੀ ਕਾਠ ਦੀ ਰੋਟੀ ਸਿਰਫ਼ ਉਸਦੇ ਸਲੋਕ ਵਿੱਚ ਹੀ ਹੈ। ਪਰ ਇਕ ਹੋਰ ਸ਼ਬਦ-ਵਿਗਿਆਨੀ ਨੇ ਹੋਰ ਵਿਸਥਾਰ ਦਿੱਤਾ: ਕਾਠੀ ਦਾ ਅਰਥ ਢਾਂਚਾ, ਆਕਾਰ, ਧਜ, ਬਨਾਵਟ, ਲੰਬਾਈ, ਚੌੜਾਈ ਵਗੈਰਾ ਹੈ। ਅਤੇ ਇਹ ਕਾਸ਼ਠ ਤੋਂ ਹੀ ਬਣਿਆ ਹੈ। ਸੋ ‘ਲਕੜੀ ਕੀ ਕਾਠੀ’ ਦਾ ਤਤਪਰਜ ਲੱਕੜ ਦੇ ਬਣੇ ਢਾਂਚੇ ਤੋਂ ਹੈ ਜਿਸ ਉੱਪਰ ਕਪੜੇ ਤੋਂ ਬਣੇ ਘੋੜੇ ਦੇ ਸਰੀਰ ਦਾ ਆਵਰਣ ਪਾਇਆ ਜਾਂਦਾ ਹੈ। ਇਹ ਗੱਲ ਰਾਜਸਥਾਨੀ ਲੋਕ ਨਾਚ ਕੱਛੀ-ਘੋੜੀ ਤੇ ਲਾਗੂ ਹੁੰਦੀ ਹੈ ਜਿਸ ਵਿੱਚ ਅਜੇਹੀ ਘੋੜੀ ਨੂੰ ਇੱਕ ਆਦਮੀ ਮੋਢਿਆਂ ਤੇ ਚੁੱਕ ਸਕਦਾ ਹੈ। ਪਰ ਇਕ ਹੋਰ ਨੇ ਕਾਠੀ ਨੂੰ ਚੰਦ ਦੇ ਆਕਾਰ ਵਾਂਗ ਮੁੜੀ ਹੋਈ ਲੱਕੜ ਕਿਹਾ ਜਿਸ ਉਤੇ ਘੋੜਾ ਫਿਟ ਕੀਤਾ ਜਾਂਦਾ ਹੈ ਤਾਂ ਕਿ ਸਵਾਰ ਆਰਾਮ ਕੁਰਸੀਆਂ ਦੀ ਤਰਾਂ ਅੱਗੇ-ਪਿੱਛੈ ਮੂਵਮੈਂਟ ਕਰ ਸਕੇ। ਇਕ ਹੋਰ ਦਾ ਵਿਚਾਰ ਸੀ ਕਿ ਕਾਠੀ ਦਾ ਮਤਲਬ ਸਰੀਰ ਹੁੰਦਾ ਹੈ ਜਿਵੇਂ ਉਹ ਆਪਣੀ ਕਾਠੀ ਛੱਡ ਗਏ ਦਾ ਮਤਲਬ ਹੈ ਉਹ ਖੁਦਾ ਨੂੰ ਪਿਆਰੇ ਹੋ ਗਏ। ਕੱਦ-ਕਾਠੀ ਦਾ ਮਤਲਬ ਸਰੀਰ ਦਾ ਕੱਦ। ਕੱਦ ਦਾ ਮਤਲਬ ਆਕਾਰ ਹੁੰਦਾ ਹੈ ਪਰ ਬਾਅਦ ਵਿੱਚ ਕਾਠੀ ਦਾ ਮਤਲਬ ਵੀ ਆਕਾਰ ਜਾਂ ਰੂਪ ਹੀ ਲਿਆ ਜਾਣ ਲੱਗਾ। ਕਾਠੀ 'ਤੇ ਘੋੜੇ ਦਾ ਮਤਲਬ ਅਜੇਹਾ ਸਵਾਰ ਵੀ ਘੋੜੇ ਵਰਗਾ ਹੀ ਹੈ। ਇਕ ਹੋਰ ਨੂੰ ਨੁਕਤਾ ਤਾਂ ਸਮਝ ਨਾ ਆਇਆ ਪਰ ਕਹਿ ਦਿੱਤਾ, ਵੇਖਿਆ ਜਾਵੇ ਤਾਂ ਇਸ ਮੁਹਾਵਰੇ ਵਿੱਚ ਨਰ ਨੂੰ ਘੋੜਾ ਹੀ ਕਿਹਾ ਗਿਆ ਹੈ:
Next...