ਕਹਾਣੀ
ਹੁਣ ਕਾਹਦੇ ਲਈ
ਭਾਵੇਂ ਉਦੋਂ ਬਹੁਤ ਬਚਪਨਾ ਸੀ ਪਰ ਮਨ ਦੇ ਕੈਨਵਸ ਉੱਤੇ ਉਨ੍ਹਾਂ ਦਿਨਾਂ ਦੀ ਤਸਵੀਰ ਜਿਉਂ ਤੀ ਤਿਉਂ ਕਾਇਮ ਹੈ।
ਬਹੁਤ ਤੰਗੀ-ਤੁਰਸ਼ੀ ਦੇ ਦਿਨ ਸਨ।
ਤਾਇਆ, ਚਾਚਾ ਤੇ ਬਾਬਾ ਸਭ ਵਾਰੋ-ਵਾਰੀ ਟੁਰ ਗਏ ਸਨ। ਬਾਪ ਨੇ ਆਪਣੇ ਹੱਥੀਂ ਘਰ ਦੇ ਚੌਦਾਂ ਜੀਅ ਸ਼ਮਸ਼ਾਨ ਨੂੰ ਤੋਰੇ ਸਨ। ਮੁਸੀਬਤਾਂ ਤੇ ਦੁੱਖਾਂ ਨੇ ਉਸਦੇ ਸੁਭਾਅ ਵਿੱਚ ਖੁਰਦਰਾਪਨ ਲੈ ਆਂਦਾ ਸੀ।
ਬਾਪ ਇਕੱਲਾ ਕਮਾਉਣ ਵਾਲਾ ਸੀ ਤੇ ਖਾਣ ਵਾਲੇ ਅੱਠ ਜੀਅ••••••••
ਉਪਰੋਂ ਤਪਦਿਕ ਦੀ ਬੀਮਾਰ ਭੂਆ ਦਾ ਲੱਕ-ਤੋੜਵਾਂ ਖਰਚ !
ਸ਼ਹਿਰ ਦੇ ਮੇਨ-ਬਜ਼ਾਰ ਵਿੱਚ ਦੁਕਾਨ ਸੀ ਅਤੇ ਦੁਕਾਨ ਦੇ ਉੱਪਰ ਹੀ ਕਿਰਾਏ ਦੇ ਮਕਾਨ ਵਿੱਚ ਰਿਹਾਇਸ਼।
ਪੁਰਾਣੀ ਤਰਜ਼ ਦੇ ਬਣੇ ਮਕਾਨ ਦੀਆਂ ਪੌੜੀਆਂ ਵਿੱਚ ਹਨੇਰਾ ਹਮੇਸ਼ਾਂ ਛਹਿ ਲਾ ਕੇ ਬੈਠਾ ਰਹਿੰਦਾ। ਹੋਰ ਭੈਣ-ਭਰਾਵਾਂ ਦਾ ਤਾਂ ਪਤਾ ਨਹੀਂ ਪਰ ਮੇਰੇ ਲਈ ਪੌੜੀਆਂ ਦੇ ਉਸ ਹਨੇਰੇ ਨੂੰ ਪਾਰ ਕਰਨਾ ਕਿਸੇ ਭਵ-ਸਾਗਰ ਨੂੰ ਪਾਰ ਕਰਨ ਤੋਂ ਘੱਟ ਨਹੀਂ ਸੀ।
ਪੌੜੀਆਂ ਦੇ ਨਾਲ ਜੋ ਪਹਿਲਾ ਕਮਰਾ ਸੀ, ਉਸ ਵਿੱਚ ਬੀਮਾਰ ਭੂਆ ਅਤੇ ਬੁੱਢੀ ਅੰਨ੍ਹੀ ਦਾਦੀ ਮਾਂ ਦੀਆਂ ਮੰਜੀਆਂ ਨਾਲੋ-ਨਾਲ ਡੱਠੀਆਂ ਰਹਿੰਦੀਆਂ। ਉਹ ਦੋਵੇਂ ਆਪਣੇ-ਆਪਣੇ ਦੁੱਖਾਂ ਵਿੱਚ ਗ਼ਲਤਾਨ ਬਿਨਾਂ ਬਹੁਤਾ ਬੋਲੇ-ਕੂਏ ਤੋਂ ਲਗਭਗ ਚੁੱਪ-ਚਾਪ ਪਈਆਂ ਰਹਿੰਦੀਆਂ। ਭੂਆ ਦੀ ਚੰਦਰੀ ਬੀਮਾਰੀ ਕਾਰਨ ਬੱਚਿਆਂ ਨੂੰ ਉਸ ਕਮਰੇ ਵਿੱਚ ਜਾਣ ਦੀ ਸਖ਼ਤ ਮਨਾਹੀ ਸੀ।
ਬਾਪ ਸਾਰੀ ਦਿਹਾੜੀ ਦੁਕਾਨ ਤੇ ਰਹਿੰਦਾ। ਉਹ ਸਵੇਰੇ ਛੇਤੀ ਹੀ ਨਿਕਲ ਜਾਂਦਾ ਤੇ ਕਿੱਡੀ ਰਾਤ ਗਏ ਇਕੱਲਾ ਸਾਰੇ ਸਮਾਨ ਦੀ ਆਪੇ ਚੁੱਕ-ਥਲ ਕਰਕੇ ਥੱਕਿਆ ਟੁੱਟਿਆ ਆਉਂਦਾ ਤੇ ਰੋਟੀ ਖਾ ਕੇ ਸੋਂ ਜਾਂਦਾ। ਜਿੱਥੋਂ ਤੀਕ ਯਾਦ ਆਉਂਦਾ ਹੈ ਮਾਂ ਮੇਰੀ ਬੀਮਾਰ ਭੂਆ ਅਤੇ ਬੁੱਢੀ ਦਾਦੀ ਮਾਂ ਨੂੰ ਵਾਧੂ ਭਾਰ ਹੀ ਸਮਝਦੀ ਸੀ।
...
