ਉਲਥਾ
ਮੈਂ, ਨਾ ਸਲਮਾਨ ਰਸ਼ਦੀ ਹਾਂ , ਨਾ ਹੁਸੈਨ
ਬਹੁਤ ਸਾਰੇ ਲੋਕ ਮੇਰਾ ਨਾਮ ਸਲਮਾਨ ਰਸ਼ਦੀ ਦੇ ਨਾਂ ਨਾਲ ਜੋੜ ਦਿੰਦੇ ਹਨ, ਦੇਸ-ਵਿਦੇਸ਼ ਸਭ ਥਾਵੀਂ। ਪਰ, ਜਦੋਂ ਦੋ ਵਿਅਕਤੀਆਂ ਨੂੰ ਅਜਿਹੇ ਪੱਧਰ 'ਤੇ ਦੇਖਿਆ ਜਾਂਦਾ ਹੈ ਜਿਨ੍ਹਾਂ ਵਿਚ ਕਾਫੀ ਅਸਮਾਨਤਾ ਹੋਵੇ ਤਾਂ ਇਤਰਾਜ਼ ਸੁਭਾਵਕ ਹੈ। ਅੱਜ-ਕਲ ਧੜੱਲੇ ਨਾਲ ਮੈਨੂੰ ਔਰਤ ਰਸ਼ਦੀ ਕਹਿ ਦਿੱਤਾ ਜਾਂਦਾ ਹੈ। ਮੈਂ ਪੁੱਛਦੀ ਹਾਂ ਕਿ ਸਲਮਾਨ ਰਸ਼ਦੀ ਨੂੰ ਮਰਦ ਨਸਰੀਨ ਕਿਉਂ ਨਹੀਂ ਕਹਿ ਸਕਦੇ? ਇਕ ਫਤਵੇ ਨੂੰ ਛੱਡ ਦਿਉ ਤਾਂ ਸਾਡੇ ਵਿਚਕਾਰ ਕੋਈ ਸਮਾਨਤਾ ਨਹੀਂ ਹੈ। ਮਰਦ ਹੋਣ ਕਰਕੇ ਉਹ ਸੁਖ-ਸਹੂਲਤਾਂ ਭੋਗ ਰਹੇ ਹਨ, ਔਰਤ ਹੋਣ ਕਰਕੇ ਮੈਂ ਮੁਸ਼ਕਲਾਂ ਵਿਚ ਘਿਰੀ ਹੋਈ ਹਾਂ।
ਮੈਂ ਇਕ ਇਕ ਕਰਕੇ ਅਸਮਾਨਤਾਵਾਂ ਗਿਣਾਉਂਦੀ ਹਾਂ। ਫਤਵਾ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਕੱਟੜਪੰਥੀਆਂ ਤੋਂ ਮਾਫੀ ਮੰਗੀ। ਤੌਬਾ ਕਰਕੇ ਚੰਗੇ ਮੁਸਲਮਾਨ ਬਣੇ ਰਹਿਣ ਦੀ ਕਸਮ ਖਾਧੀ। ਮੈਂ ਮਾਫੀ ਨਹੀਂ ਮੰਗੀ ਮੁਸਲਮਾਨ ਵੀ ਨਹੀਂ ਹੋਣਾ ਚਾਹੁੰਦੀ। ਮੈਂ ਬਚਪਨ ਤੋਂ ਹੀ ਨਾਸਤਿਕ ਹਾਂ, ਭਾਵੇਂ ਕਿੰਨੀਆਂ ਹਨੇਰੀਆਂ-ਤੂਫਾਨ ਆਏ ਹਮੇਸ਼ਾ ਸਿਰ ਉੱਚਾ ਕਰਕੇ ਨਾਸਤਿਕ ਬਣੀ ਰਹੀ।
...
