<< Back

ਪੜਤਾਲ

ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ



"ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥"੫

ਪੰਜਾਬੀ ਸੂਫ਼ੀ ਕਾਵਿ ਵਿਚ ਜਿੰਦ ਲਈ 'ਵਹੁਟੀ' ਅਤੇ ਮੌਤ ਲਈ 'ਪਤੀ' ਇਸ ਦੁਨੀਆਂ ਲਈ 'ਪੇਕੇ' ਅਤੇ ਅਗਲੀ ਦੁਨੀਆਂ ਲਈ 'ਸਹੁਰੇ' ਵਰਗੇ ਬਿੰਬ ਦੀ ਵਰਤੋਂ ਫ਼ਰੀਦ ਜੀ ਨੇ ਹੀ ਆਪਣੇ ਕਲਾਮ ਵਿਚ ਪਹਿਲੀ ਵਾਰ ਪੇਸ਼ ਕੀਤੀ ਹੈ। ਇਸ ਰੂਪਕ ਨੂੰ ਹੋਰ ਰਸੀਲਾ, ਵੰਨ-ਸੁਵੰਨਾ ਅਤੇ ਭਾਵ-ਪੂਰਨ ਬਣਾ ਕੇ ਬਾਅਦ ਦੇ ਸੂਫ਼ੀਆਂ ਅਤੇ ਖ਼ਾਸ ਕਰਕੇ ਸਿੱਖ ਗੁਰੂਆਂ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ ਹਨ।
ਫ਼ਰੀਦ ਜੀ ਨੇ ੧੨ਵੀਂ ਸਦੀ ਵਿਚ ਪੰਜਾਬੀ ਬੋਲੀ ਵਿਚ ਅਜਿਹੀ ਅਨੂਠੀ ਅਤੇ ਅਦੁੱਤੀ ਰਚਨਾ ਰਚੀ, ਜਿਸਦੇ ਸੰਦੇਸ਼ ਤੇ ਸੰਗੀਤ ਦੀਆਂ ਮਨੋਹਰ ਸੁਰਾਂ ਨਾਲ ਇਹ ਧਰਤੀ ਅੱਜ ਵੀ ਗੂੰਜ ਰਹੀ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਵੀ ਆਪਣੇ ਅਜਿਹੇ ਯੋਗਦਾਨ ਨਾਲ ਅਜੇ ਵੀ ਗੁੰਜਾਇਮਾਨ ਕਰ ਰਹੀ ਹੈ। ਫ਼ਰੀਦ ਸ਼ਬਦ ਦਾ ਸ਼ਾਬਦਿਕ ਅਰਥ ਵੀ ਅਦੁੱਤੀ ਹੈ ਅਤੇ ਮਹਾਨ ਪੁਰਸ਼ਾਂ ਦੇ ਨਾਂ ਵੀ ਮਹਾਨ ਹੋਇਆ ਕਰਦੇ ਹਨ, ਦੀ ਕਹਾਵਤ ਬਾਬਾ ਫ਼ਰੀਦ ਜੀ ਤੇ ਪੂਰੀ ਢੁੱਕਦੀ ਹੈ।
ਜਦੋਂ ਅਸੀਂ "ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ" ਬਾਰੇ ਗੱਲ ਕਰਦੇ ਹਾਂ ਤਾਂ ਇਹ ਤੱਥ ਦ੍ਰਿਸ਼ਟੀਗੋਚਰ ਰੱਖਣਾ ਬੜਾ ਜ਼ਰੂਰੀ ਹੈ ਕਿ ਬਾਬਾ ਫ਼ਰੀਦ ਜੀ ਦੇ ਸਮੇਂ ਅਰਬ/ਈਰਾਨ ਵਿਚ ਸੂਫ਼ੀ ਦਰਸ਼ਨ ਤੇ ਸੂਫ਼ੀ ਸਿਧਾਂਤ ਆਪਣੀ ਚਰਮ ਸੀਮਾ ਨੂੰ ਛੂਹ ਚੁਕੇ ਸਨ। ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿਚ ਸੂਫ਼ੀਆਂ ਨੇ ਉਹੀ ਕਾਰਜ ਨਿਭਾਉਣਾ ਸੀ ਜੋ ਸੱਤਵੀਂ-ਅੱਠਵੀਂ ਸਦੀ ਵਿਚ ਮੁੱਢਲੇ ਸੂਫ਼ੀਆਂ ਨੇ ਅਰਬ/ਈਰਾਨ ਵਿਚ ਨਿਭਾਇਆ ਅਤੇ ਉਹ ਇਹ ਸੀ ਕਿ ਇਸਲਾਮ ਧਰਮ ਦਾ ਫੈਲਾਉ ਅਤੇ ਸੂਫ਼ੀ ਸਿਧਾਂਤਾਂ ਦੀ ਜਾਣਕਾਰੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਬਾ ਫ਼ਰੀਦ ਜੀ ਵੀ ਇਸ ਧਾਰਨਾ ਨੂੰ ਲੈ ਕੇ ਪ੍ਰਵੇਸ਼ ਕਰਦੇ ਹਨ। ਇਸ ਲਈ ਬਾਬਾ ਫ਼ਰੀਦ ਦਾ ਦੌਰ ਪੰਜਾਬੀ ਸੂਫ਼ੀ ਵਿਚਾਰਧਾਰਾ ਦਾ ਪ੍ਰਾਰੰਭਿਕ ਪੜਾਅ ਹੋਣਾ ਸੁਭਾਵਿਕ ਹੈ ਅਤੇ ਉਹ ਇਸ ਇਤਿਹਾਸਕ ਪੜਾਅ ਦੇ ਮੁੱਢਲੇ ਸੂਫ਼ੀ ਸਨ।
ਇਨ੍ਹਾਂ ਮੁੱਢਲੇ ਸੂਫ਼ੀਆਂ ਦਾ ਮੁੱਖ ਕਾਰਜ ਹਾਰੀ ਹੋਈ ਭਾਰਤੀ ਕੌਮ ਨੂੰ ਇਸਲਾਮ ਕਬੂਲਣ ਅਤੇ ਸੂਫ਼ੀ ਦਰਸ਼ਨ ਦੀਆਂ ਮੁੱਢਲੀਆਂ ਰਹੁ-ਰੀਤਾਂ ਨਾਲ ਸੰਪਰਕ ਸਥਾਪਿਤ ਕਰਵਾਉਣਾ ਸੀ। ਇਸ ਲਈ ਬਾਬਾ ਫ਼ਰੀਦ ਜੀ ਦੇ ਕਲਾਮ ਵਿਚ ਉਨ੍ਹਾਂ ਸਾਰੇ ਤੱਤਾਂ ਦਾ ਸਮਾਵੇਸ ਜ਼ਰੂਰੀ ਸੀ ਜੋ ਪੰਜਾਬੀ ਸੂਫ਼ੀ ਕਾਵਿ ਦੇ ਮੁੱਢਲੇ ਸਰੂਪ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚ ਪਹਿਲਾ ਤੱਤ ਸ਼ਰੀਅਤ ਦਾ ਹੈ, ਜਿਸ ਵਿਚ ਕੁਰਾਨ ਦੀਆਂ ਹਦੀਸੀ ਸਿੱਖਿਆਵਾਂ ਆ ਜਾਂਦੀਆਂ ਹਨ। ਸ਼ਰੀਅਤ ਵਿਚ ਅੱਲ੍ਹਾ ਦਾ ਵਿਸ਼ੇਸ਼ ਮਹੱਤਵ ਹੈ ਜੋ ਕਿ ਸਾਰੀ ਸ੍ਰਿਸ਼ਟੀ ਦਾ ਸਿਰਜਕ ਹੈ:-


"ਸ਼ਰੀਅਤ ਸਾਡੀ ਮਾਈ ਹੈ,
ਤਰੀਕਤ ਸਾਡੀ ਦਾਈ ਹੈ,
ਅੱਗੋਂ ਹਕ ਹਕੀਕਤ ਆਈ ਹੈ,
ਤੇ ਮਾਰਫਤੋਂ ਕੁਝ ਪਾਇਆ ਹੈ।"੬

ਫ਼ਰੀਦ ਬਾਣੀ ਵਿਚ ਇਸ ਨੂੰ ਅੱਲ੍ਹਾ, ਰੱਬ, ਪ੍ਰਭੂ, ਖ਼ੁਦਾ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਇਸ ਤਰ੍ਹਾਂ ਬਾਬਾ ਫ਼ਰੀਦ ਨੇ ਅੱਲ੍ਹਾ ਨੂੰ ਭਾਰਤੀ ਤੇ ਇਸਲਾਮੀ ਚਿੰਤਨ ਦੇ ਮਿਸ਼ਰਣ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਕਾਰਨ ਬਾਬਾ ਫ਼ਰੀਦ ਨੇ ਇਸਲਾਮ ਦੇ ਰਹੱਸਵਾਦੀ ਪੱਖ ਨੂੰ ਭਾਰਤੀ ਦ੍ਰਿਸ਼ਟੀ ਤੋਂ ਹਰਮਨ ਪਿਆਰਾ ਕਰ ਦਿੱਤਾ ਹੈ:-


"ਫ਼ਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਝਾ ਦੁਧੁ॥
ਸਭੇ ਵਸਤੂ ਮਿਠੀਆਂ ਰਬ ਨਾ ਪੁਜਨ ਤੁਧੁ॥੭

ਬਾਬਾ ਫ਼ਰੀਦ ਜੀ ਅਨੁਸਾਰ ਪਰਮਾਤਮਾ ਤੋਂ ਪਿਆਰੀ ਅਤੇ ਮਿੱਠੀ ਚੀਜ ਹੋਰ ਕੋਈ ਨਹੀਂ ਹੈ ਅਤੇ ਮਨੁੱਖ ਨੂੰ ਪਰਮਾਤਮਾ ਦੇ ਇਸ਼ਕ ਵਿਚ ਲੀਨ ਰਹਿਣਾ ਚਾਹੀਦਾ ਹੈ:-


"ਰਤੇ ਇਸ਼ਕ ਖੁਦਾਇ ਰੰਗਿ ਦੀਦਾਰ ਕੇ॥
ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ"੮

ਉਸ ਸਿਰਜਣਹਾਰ ਪ੍ਰਭੂ-ਪਿਤਾ ਪਰਮਾਤਮਾ ਨਾਲ ਪ੍ਰੇਮ/ਇਸ਼ਕ ਦੀ ਭਾਵਨਾ ਪੈਦਾ ਕੀਤੀ। ਇਸ ਤਰ੍ਹਾਂ ਬਾਬਾ ਫ਼ਰੀਦ ਇਸਲਾਮ ਦੇ ਸਨਾਤਨੀ ਪੱਖ ਨੂੰ ਨਕਾਰਦੇ ਹਨ ਅਤੇ ਭਾਰਤੀ ਚਿੰਤਨ ਨੂੰ ਕਬੂਲਦੇ ਹਨ। ਇਸਲਾਮੀ ਸ਼ਰੀਅਤ ਵਿੱਚ ਇਕ ਈਸ਼ਵਰਵਾਦ ਦੇ ਨਾਲ ਉਸ ਦੇ ਫ਼ਰਿਸ਼ਤਿਆਂ, ਕਤੇਸ਼ਾਂ, ਪੈਗੰਬਰਾਂ ਦੇ ਰੱਬੀ ਹੁਕਮ, ਕਿਆਮਤ ਦੇ ਦਿਨਾਂ ਵਿਚ ਵਿਸ਼ਵਾਸ ਵੀ ਜ਼ਰੂਰੀ ਮੰਨੇ ਜਾਂਦੇ ਹਨ। ਬਾਬਾ ਫ਼ਰੀਦ ਜੀ ਦੀ ਬਾਣੀ ਵਿਚ ਮੌਤ ਦਾ ਵਰਨਣ ਵੀ ਬੜੀ ਹੀ ਤੀਬਰਤਾ ਨਾਲ ਪੇਸ਼ ਕੀਤਾ ਗਿਆ ਹੈ:-

"ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ॥"੯

ਇਹ ਮੌਤ ਦਾ ਵਰਨਣ ਕਈ ਵਿਦਵਾਨਾਂ ਦੀ ਦ੍ਰਿਸ਼ਟੀ ਵਿਚ ਨਾਸ਼ਮਾਨਤਾ, ਢਾਹੂ ਪੱਖੀ ਸੂਚਕ ਹੈ, ਪਰ ਐਸੀ ਧਾਰਨਾ ਗਲਤ ਹੈ। ਦਰਅਸਲ ਫ਼ਰੀਦ ਬਾਣੀ ਵਿੱਚ ਇਸ ਮੌਤ ਦੇ ਸੰਕਲਪ ਰਾਹੀਂ ਮਨੁੱਖ ਨੂੰ ਰੱਬ ਨਾਲ ਜੋੜਣ ਦੀ ਜੁਗਤ ਵੱਜੋਂ ਵਰਤਿਆ ਗਿਆ ਹੈ। ਇਹ ਇੱਕ ਤੱਥ ਹੈ ਕਿ ਮਨੁੱਖ ਸਭ ਤੋਂ ਵੱਧ ਮੌਤ ਕੋਲੋਂ ਡਰਦਾ ਹੈ। ਇਸ ਡਰ ਅਧੀਨ ਮਨੁੱਖ ਨੂੰ ਰੱਬ ਯਾਦ ਆਉਂਦਾ ਹੈ। ਇਸ ਲਈ ਫ਼ਰੀਦ ਬਾਣੀ ਵਿਚ ਮੌਤ ਦੇ ਵਰਨਣ ਦੀ ਮੁੱਖ ਭੂਮਿਕਾ ਮਨੁੱਖ ਨੂੰ ਰੱਬ ਨਾਲ ਜੋੜਣ ਦੀ ਹੈ ਨਾ ਕਿ ਨਾਸ਼ਮਾਨਤਾ ਜਾਂ ਢਾਹੂ ਪੱਖੀ। ਐਸੀ ਸੋਝੀ ਮਨੁੱਖ ਨੂੰ ਚੰਗਾ ਕਾਰਜ ਕਰਨ ਦੀ ਪ੍ਰੇਰਣਾ ਦਿੰਦੀ ਹੈ। ਫ਼ਰੀਦ ਬਾਣੀ ਸਦਾਚਾਰਕ ਗੁਣਾਂ ਦੀ ਮਹੱਤਤਾ ਦਾ ਆਭਾਸ ਕਰਵਾਉਂਦੀ ਹੈ। ਸ਼ਰੀਅਤ ਵਿਚ ਨੈਤਿਕਤਾ ਜਾਂ ਸਦਾਚਾਰਕ ਮੁੱਖ ਕਾਰਜ ਹੈ।
ਇਸ ਤਰ੍ਹਾਂ ਫ਼ਰੀਦ ਬਾਣੀ ਦਾ ਉਦੇਸ਼ ਮਨੁੱਖ ਨੂੰ ਹਲੀਮੀ, ਨਿਮਰਤਾ, ਚੰਗੇ ਕਰਮ ਕਰਨ ਅਤੇ ਸੰਸਾਰਕ ਕੰਮਾਂ ਤੋਂ ਨਿਰਲੇਪ ਰਹਿਣ ਦਾ ਸੰਦੇਸ਼ ਦਿੰਦੀ ਹੈ। ਫ਼ਰੀਦ ਬਾਣੀ ਮਨੁੱਖ ਨੂੰ ਰੱਬ ਨਾਲ ਜੋੜਣ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ।
ਫ਼ਰੀਦ ਬਾਣੀ ਦਾ ਵਿਸ਼ਲੇਸ਼ਣ ਸਪਸ਼ਟ ਕਰਦਾ ਹੈ ਕਿ ਇਸ ਵਿਚ ਇਸਲਾਮ ਦੇ ਬੁਨਿਆਦੀ ਸਿਧਾਂਤਾਂ ਦੀ ਵਿਆਖਿਆ ਕੀਤੀ ਗਈ ਹੈ। ਅਸਲ ਵਿਚ ਇਹ ਮੁੱਢਲੇ ਸੂਫ਼ੀਮੱਤ ਦੀ ਬੁਨਿਆਦੀ ਲੋੜ ਵੀ ਸੀ। ਇਹੀ ਵਿਸ਼ਲੇਸ਼ਣ ਹੀ ਫ਼ਰੀਦ ਬਾਣੀ ਨੂੰ ਸ਼ਰੀਅਤ ਮੁਖੀ ਸੂਫ਼ੀ ਸਾਹਿਤ ਦੀ ਪਦਵੀ ਦਿੰਦਾ ਹੈ ਅਤੇ ਸਾਨੂੰ ਬਾਬਾ ਫ਼ਰੀਦ ਦਾ ਸਮੁੱਚੇ ਸੂਫ਼ੀ ਕਾਵਿ ਵਿਚ ਸਥਾਨ ਨਿਸ਼ਚਿਤ ਕਰਦਾ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਮੂਲ ਪੱਖ ਇਸਲਾਮ ਦਾ ਪ੍ਰਚਾਰ ਕਰਨਾ ਸੀ। ਪਰ ਉਹ ਇਸਲਾਮੀ ਕੱਟੜਤਾ ਅਤੇ ਸ਼ਰੀਅਤ ਦੀ ਉਲੰਘਨਾ ਕਰਕੇ ਕੇਵਲ ਪਰਮਾਤਮਾ ਦੀ ਪ੍ਰਾਪਤੀ ਦਾ ਹੀ ਲਖ਼ਸ਼ ਰੱਖਦੇ ਸਨ। ਉਨ੍ਹਾਂ ਆਪਣੇ ਕਲਾਮ ਵਿਚ ਚੰਗੇ ਮਨੁੱਖ ਦੇ ਗੁਣਾਂ ਨੂੰ ਰੂਪਮਾਨ ਕੀਤਾ ਹੈ:-
"ਸ਼ੇਖ ਫ਼ਰੀਦ ਨੇ ਧਰਮ ਦੀ ਨਵੀਂ ਅਤੇ ਮਾਨਵਤਾਵਾਦੀ ਪਰਿਭਾਸ਼ਾ ਤਿਆਰ ਕੀਤੀ। ਧਰਮ ਦੇ ਨਾਲ ਫ਼ਰੀਦ ਜੀ ਨੇ ਜੋ ਸਦਾਚਾਰ-ਪ੍ਰਬੰਧ ਜੋੜਿਆ ਹੈ, ਉਹ ਮਨੁੱਖ ਦੀ ਏਕਤਾ ਅਤੇ ਸਮਾਨਤਾ ਦੇ ਸਿਧਾਂਤ ਉੱਪਰ ਖੜਾ ਹੈ। ਉਨ੍ਹਾਂ ਅਨੁਸਾਰ ਸੱਚ, ਨਿਮਰਤਾ, ਖਿਮਾ, ਪ੍ਰਾਹੁਣਚਾਰੀ, ਮਿੱਠਾ ਬੋਲਣ, ਦੁੱਖ-ਸੁੱਖ ਦੀ ਸਮਭਾਵਨਾ ਅਤੇ ਸ਼ਾਂਤੀਵਾਦ ਦੇ ਗ੍ਰਹਿਣ ਅਤੇ ਗੁੱਸੇ, ਸਵੈ-ਅਭਿਮਾਨ, ਲਾਲਚ ਅਤੇ ਕੁਕਰਮਾਂ ਦੇ ਤਿਆਗ ਨਾਲ ਇਕ ਅਜਿਹਾ ਆਦਰਸ਼ਕ ਸਮਾਜ ਪੈਦਾ ਹੋਵੇਗਾ, ਜਿਸ ਵਿੱਚ ਵਿਚਰਣ ਦੇ ਬਾਵਜੂਦ ਵਿਅਕਤੀ ਉਸ ਵਿੱਚ ਖਚਿਤ ਨਹੀਂ ਹੋਵੇਗਾ।"੧੦

Next...
Top