<< Back

ਪੜਤਾਲ

ਪੰਜਾਬੀ ਸੂਫ਼ੀ ਕਾਵਿ ਵਿਚ ਫ਼ਰੀਦ ਬਾਣੀ ਦਾ ਸਥਾਨ



ਨਿਸ਼ਾਨ ਸਿੰਘ ਰਾਠੌਰ


ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ 'ਆਦਿ ਕਵੀ' ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ ਨਹੀਂ ਪਹੁੰਚਿਆ। ਨਾਥ ਸਾਹਿਤ ਦੇ ਕੁੱਝ ਇੱਕ ਸੋਮੇ ਅਤੇ ਲੋਕ-ਸਾਹਿਤ ਦੀਆਂ ਕੁੱਝ ਵੰਨਗੀਆਂ ਨੂੰ ਭਾਵੇਂ ਫ਼ਰੀਦ ਕਾਲ ਤੋਂ ਪਹਿਲਾਂ ਦੇ ਕਾਲ ਨਾਲ ਜੋੜਿਆ ਜਾਂਦਾ ਰਿਹਾ ਹੈ, ਪਰ ਇਸ ਦੇ ਨਾਲ ਹੀ ਇਨ੍ਹਾਂ ਦੀ ਇਤਿਹਾਸਕਤਾ ਤੇ ਕਿੰਤੂ ਕੀਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਫ਼ਰੀਦ ਬਾਣੀ ਪ੍ਰਮਾਣਿਕਤਾ ਦੀ ਕਸੌਟੀ ਤੇ ਖਰੀ ਉੱਤਰਦੀ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਦੇ ਇਕ ਪ੍ਰਮਾਣਿਕ ਆਦਿ ਕਵੀ ਹੋਣ ਦੀ ਸੂਰਤ ਵਿੱਚ ਸ਼ੇਖ ਫ਼ਰੀਦ ਨੇ ਉੱਤਰ ਵਰਤੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਕਈ ਧਰਾਤਲਾਂ ਤੇ ਪ੍ਰਭਾਵਿਤ ਕੀਤਾ ਹੈ:-
"ਫ਼ਰੀਦ ਬਾਣੀ ਵਿੱਚ ਇੱਕ ਪਰਮਾਤਮਾ ਦੀ ਨਿਰਾਕਾਰਤਾ ਅਤੇ ਸਰਵਸ਼ਕਤੀਮਾਨਤਾ ਦਾ ਜੋ ਲੱਛਣ ਮਿਲਦਾ ਹੈ, ਉਹ ਵੀ ਭਾਰਤੀ ਸਭਿਆਚਾਰ ਲਈ ਕਾਫ਼ੀ ਨਵੀਨ ਸੀ। ਭਾਰਤੀ ਦਰਸ਼ਨ ਵਿੱਚ ਬਹੁਦੇਵਵਾਦ ਅਤੇ ਸਗੁਣ ਪਰਮਾਤਮਾ ਦਾ ਸੰਕਲਪ ਪ੍ਰਧਾਨ ਸੀ। ਫ਼ਰੀਦ ਜੀ ਨੇ 'ਨਿਰਗੁਣ' ਅਤੇ 'ਇੱਕ' ਪਰਮਾਤਮਾ ਦੀ ਹੋਂਦ ਅਤੇ ਸਰਵ ਦੇ ਸੋਹਿਲੇ ਗਾਏ। ਬਾਅਦ ਵਿੱਚ ਪਰਮਾਤਮਾ ਦੇ ਇਸ ਸੰਕਲਪ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਸੰਕਲਪ ਗੁਰਮਤਿ ਪਰੰਪਰਾ ਨੇ ਰੂਪਮਾਨ ਕੀਤਾ। ਇਸੇ ਵਿਚਾਰਧਾਰਕ ਸਾਂਝ ਕਾਰਨ ਫ਼ਰੀਦ ਜੀ ਦੇ ਕਲਾਮ ਨੂੰ ਆਦਿ ਗ੍ਰੰਥ ਵਿਚ ਸੰਕਲਿਤ ਕੀਤਾ ਗਿਆ। ਭਾਵੇਂ ਫ਼ਰੀਦ ਦਰਸ਼ਨ ਵਿਚ ਗੁਰਮਤਿ ਦਰਸ਼ਨ ਨਾਲੋਂ ਕੁੱਝ ਭਿੰਨਤਾਵਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ (ਜਿਨ੍ਹਾਂ ਵੱਲ ਆਦਿ ਗ੍ਰੰਥ ਵਿਚ ਸੰਕੇਤ ਵੀ ਕੀਤੇ ਗਏ ਹਨ) ਪਰੰਤੂ ਤਾਂ ਵੀ ਫ਼ਰੀਦ ਜੀ ਨੇ ਇੱਕ ਨਿਰਾਕਾਰ ਪਰਮਾਤਮਾ ਦੀ ਨਿਰੰਕੁਸ਼ਤਾ ਦਾ ਸੰਕਲਪ ਪੇਸ਼ ਕਰਕੇ ਭਾਰਤੀ ਸਭਿਆਚਾਰ ਵਿੱਚ ਇੱਕ ਨਵੀਨ ਵਿਚਾਰਧਾਰਕ ਮੋੜ ਲਿਆਂਦਾ ਹੈ।"੧
ਫ਼ਰੀਦ ਜੀ ਨੇ ਆਪਣੇ ਵਿਚਾਰਧਾਰਕ ਪ੍ਰਬੰਧ ਨੂੰ ਆਮ ਲੋਕਾਂ ਵਿੱਚ ਬੋਲੀ-ਸਮਝੀ ਜਾਣ ਵਾਲੀ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਰੂਪਮਾਨ ਕੀਤਾ ਹੈ। ਉਸ ਯੁਗ ਵਿਚ ਜਦੋਂ ਉੱਚ ਪੱਧਰ ਦੀ ਸਾਹਿਤਕਾਰੀ ਦਾ ਮਾਧਿਅਮ ਅਰਬੀ-ਫ਼ਾਰਸੀ ਜਾਂ ਸੰਸਕ੍ਰਿਤ-ਅਪਭ੍ਰੰਸ਼ ਭਾਸ਼ਾਵਾਂ ਸਨ, ਸ਼ੇਖ ਫ਼ਰੀਦ ਦਾ ਇਹ ਕਦਮ ਬਹੁਤ ਇਨਕਲਾਬੀ ਕਿਹਾ ਜਾ ਸਕਦਾ ਹੈ। ਉਸ ਸਮੇਂ ਦਾ ਕੋਈ ਵੀ ਕਵੀ ਜਿਸ ਨੂੰ ਆਪਣੀਆਂ ਸਾਹਿਤਿਕ ਆਕਾਂਖਿਆਵਾਂ ਦੀ ਪੂਰਤੀ ਲਈ ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਹੋਰ ਕੋਈ ਭਾਸ਼ਾਈ ਸਰੋਤ ਨਜ਼ਰ ਨਹੀਂ ਆਇਆ ਹੋਵੇਗਾ। ਪੰਜਾਬੀ ਵਿੱਚ ਇਸ ਪੱਧਰ ਦੇ ਸਿਰਜਣਾਤਮਕ ਕਾਰਜ ਨੂੰ ਅਸੰਭਵ ਹੀ ਸਮਝਇਆ ਜਾ ਰਿਹਾ ਸੀ।
ਬਾਬਾ ਫ਼ਰੀਦ ਜੀ ਕੇਵਲ ਪੰਜਾਬ ਦੇ ਹੀ ਨਹੀਂ ਬਲਕਿ ਸਮੁੱਚੇ ਹਿੰਦ-ਪਾਕ ਉਪ-ਦੀਪ ਦੇ ਧਰਮ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਬਹੁਤ ਹੀ ਪ੍ਰਸਿੱਧ, ਪ੍ਰਮੁੱਖ ਅਤੇ ਲੋਕਪ੍ਰਿਯ ਸੂਫ਼ੀ ਦਰਵੇਸ਼ ਮੰਨੇ ਜਾਂਦੇ ਹਨ। ਇਸਲਾਮੀ ਸੂਫ਼ੀ ਸੰਪ੍ਰਦਾਇ ਵਿਚ ਫ਼ਰੀਦ ਜੀ ਦਾ ਨਾਂ ਸ਼੍ਰੋਮਣੀ ਦਰਵੇਸ਼ਾਂ ਵਿਚ ਗਿਣਿਆ ਜਾਂਦਾ ਹੈ। ਸੂਫ਼ੀ ਲਹਿਰ ਦੇ ਅਧੀਨ ਪੰਜਾਬ ਵਿਚ ਚੱਲੇ ਮਾਨਵਵਾਦੀ ਅੰਦੋਲਨ ਦੀ ਸਥਾਪਨਾ ਦਾ ਮਾਣ ਵੀ ਫ਼ਰੀਦ ਜੀ ਨੂੰ ਪ੍ਰਾਪਤ ਹੈ। ਵਾਰਿਸ਼ ਸ਼ਾਹ ਨੇ ਬਾਬਾ ਫ਼ਰੀਦ ਨੂੰ ਮੁਸਲਮਾਨਾਂ ਦੇ 'ਬਾਈ ਕੁਤਬਾ' ਅਤੇ ਉੱਘੇ ਤੇ ਉੱਚ ਕੋਟੀ ਦੇ ਫ਼ਕੀਰਾਂ ਵਿਚ ਗਿਣਿਆ ਤੇ 'ਪੀਰ-ਏ-ਕਮਾਲ' ਸਵੀਕਾਰ ਕੀਤਾ ਹੈ।
ਫ਼ਰੀਦ ਜੀ ਦੇ ਪੂਰਵਜ ਕਾਬਲ ਤੋਂ ਹਿੰਦੁਸਤਾਨ ਆਏ ਸਨ। ਕਾਬਲ ਤੋਂ ਹਿੰਦੁਸਤਾਨ ਆਉਣ ਕਰਕੇ ਫ਼ਰੀਦ ਜੀ ਦੇ ਨਿੱਜੀ ਇਸਲਾਮਿਕ ਸੰਸਕਾਰਾਂ ਦਾ ਟਕਰਾਉ ਭਾਰਤ ਦੇ ਹਿੰਦੂ ਵੇਦਾਂਤ ਅਤੇ ਬੁੱਧ ਦਰਸ਼ਨ ਨਾਲ ਹੋਇਆ। ਇਸ ਟਕਰਾਉ ਦੁਆਰਾ ਸ਼ੇਖ ਫ਼ਰੀਦ ਜੀ ਦੀ ਵਿਚਾਰਧਾਰਾ ਵਿਚ ਉਦਾਰਤਾ ਅਤੇ ਸੰਪ੍ਰਦਾਇਕ ਸਦਭਾਵਨਾ ਦੇ ਗੁਣ/ਲੱਛਣ ਪੈਦਾ ਹੋ ਗਏ। ਫ਼ਰੀਦ ਜੀ ਨੇ ਮਨੁੱਖੀ ਏਕਤਾ ਅਤੇ ਸਮਾਨਤਾ ਤੇ ਜੋ ਵਿਚਾਰ ਆਪਣੇ ਕਲਾਮ ਵਿਚ ਪੇਸ਼ ਕੀਤੇ, ਉਨ੍ਹਾਂ ਦੀ ਬੁਨਿਆਦ ਇਸਲਾਮਿਕ ਧਰਮ-ਸ਼ਾਸਤਰ ਉੱਤੇ ਟਿਕੀ ਹੋਈ ਸੀ। ਇਹੀ ਕਾਰਨ ਹੈ ਕਿ ਫ਼ਰੀਦ ਜੀ ਥਾਂ ਪੁਰ ਥਾਂ ਵਿਅਕਤੀ ਨੂੰ ਇਸਲਾਮ ਦੇ ਮਾਰਗ ਉੱਪਰ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਚਾਰਧਾਰਾ ਵਿਚ ਪਰਸਪਰ ਰਵਾਦਾਰੀ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਭਾਵ ਵੀ ਜਾਗ੍ਰਿਤ ਹੁੰਦੇ ਹਨ। ਇਹ ਭਾਵ ਫ਼ਰੀਦ ਜੀ ਨੇ ਭਾਰਤੀ ਦਰਸ਼ਨ ਤੋਂ ਗ੍ਰਹਿਣ ਕੀਤੇ ਹਨ:-
"ਸੂਫ਼ੀਮੱਤ ਦੇ ਨਿਕਾਸ ਦੇ ਮੁੱਢ ਵਿਚ ਸੰਪੂਰਨ ਤੌਰ ਤੇ ਭਾਰਤੀ ਚਿੰਤਨਧਾਰਾ ਨੂੰ ਸਵੀਕਾਰ ਕੀਤਾ ਜਾਵੇ ਪਰ ਇਸ ਦਾ ਮਤਲਬ ਇਹ ਜ਼ਰੂਰ ਹੈ ਕਿ ਸੂਫ਼ੀਮੱਤ ਦੇ ਨਿਕਾਸ ਬਾਰੇ ਵਿਚਾਰ ਕਰਦਿਆਂ ਜਦੋਂ ਹੋਰਨਾਂ ਧਰਮਾਂ ਦੇ ਪ੍ਰਭਾਵ ਦੀ ਗੱਲ ਕੀਤੀ ਜਾਵੇ, ਉਦੋਂ ਭਾਰਤੀ ਦਰਸ਼ਨ ਦੇ ਪ੍ਰਭਾਵ ਨੂੰ ਦ੍ਰਿਸ਼ਟੀਗੋਚਰ ਰੱਖਿਆ ਜਾਵੇ।"੨ ਇਸ ਤਰ੍ਹਾਂ ਫ਼ਰੀਦ ਜੀ ਨੇ ਭਾਰਤੀ ਸਭਿਆਚਾਰ ਵਿੱਚ ਮਨੁੱਖੀ ਏਕਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਸੁਰ ਬੁਲੰਦ ਕਰਕੇ ਇਸ ਨੂੰ ਇਕ ਰੈਡੀਕਲ ਸਭਿਆਚਾਰ ਦੇ ਗੁਣ/ਲੱਛਣ ਪ੍ਰਦਾਨ ਕੀਤੇ ਹਨ। ਵਿਚਾਰਧਾਰਕ ਪ੍ਰਸੰਗ ਵਿਚ ਫ਼ਰੀਦ ਜੀ ਦੀ ਇਕ ਹੋਰ ਦੇਣ ਪੰਜਾਬੀ ਸਭਿਆਚਾਰ ਵਿਚ ਇਕ ਅਜਿਹੇ ਸਦਾਚਾਰ ਸ਼ਾਸਤਰ ਦਾ ਨਿਰਮਾਣ ਕਰਨਾ ਹੈ ਜਿਸ ਦਾ ਆਧਾਰ ਮਾਨਵਤਾਵਾਦ ਸੀ। ਬਾਬਾ ਫ਼ਰੀਦ ਜੀ ਤੋਂ ਪਹਿਲਾਂ ਭਾਰਤੀ ਸਭਿਆਚਾਰ ਵਿਚ ਪ੍ਰਚਲਿਤ ਸਦਾਚਾਰ-ਸ਼ਾਸਤਰ ਦਾ ਮੁਹਾਂਦਰਾ ਤਾਨਾਸ਼ਾਹੀ ਸੀ। ਪੁਰੋਹਿਤ ਸ਼੍ਰੇਣੀ ਅਜਿਹੇ ਸਦਾਚਾਰਕ ਵਿਧਾਨ ਨੂੰ ਸ਼ਾਸਕ ਵਰਗ ਦੇ ਹਿੱਤਾਂ ਦੀ ਸਲਾਮਤੀ ਲਈ ਵਰਤਦੀ ਸੀ। ਇਸ ਵਿਧਾਨ ਦੇ ਤਹਿਤ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਨਾਲੋਂ ਤੋੜਿਆ ਜਾਂਦਾ ਸੀ। ਪਰ ਇਸ ਦੇ ਉਲਟ ਬਾਬਾ ਫ਼ਰੀਦ ਦੇ ਸਦਾਚਾਰਕ ਵਿਧਾਨ ਵਿੱਚ ਇੱਕ-ਦੂਜੇ ਲਈ ਮੁਹੱਬਤ, ਖਿਮਾਂ, ਨਿਮਰਤਾ, ਸਹਿਣਸ਼ੀਲਤਾ ਅਤੇ ਸਮਾਨਤਾ ਦੇ ਭਾਵ ਦ੍ਰਿਸ਼ਟੀਗੋਚਰ ਹੁੰਦੇ ਹਨ:-


"ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥"੩

ਫ਼ਰੀਦ ਜੀ ਮਨੁੱਖ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ ਅਤੇ ਸਦਾਚਾਰ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਦੀ ਸਿੱਖਿਆ ਜਿੰਨੀ ਸਾਰਥਕ ਉਸ ਸਮੇਂ ਸੀ, ਉਤਨੀ ਹੀ ਅਜੋਕੇ ਸਮੇਂ ਵੀ ਸਾਰਥਕ ਹੈ। ਇਸ ਤੋਂ ਇਲਾਵਾ ਬਾਬਾ ਫ਼ਰੀਦ ਜੀ ਦੁਆਰਾ ਪੰਜਾਬੀ ਭਾਸ਼ਾ ਦਾ ਠੇਠ, ਮੁਹਾਵਰੇ ਭਰਪੂਰ ਅਤੇ ਢੁੱਕਵਾਂ ਪ੍ਰਯੋਗ ਅੱਜ ਵੀ ਪਾਠਕਾਂ ਲਈ ਅਰਥ-ਸੰਚਾਰ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਣ ਦਿੰਦਾ:-


"ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
ਫ਼ਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥"੪

ਸਾਹਿਤਿਕ ਪ੍ਰਸੰਗ ਵਿਚ ਰੂਪਾਕਾਰ ਦੀ ਸਮੱਸਿਆ ਵੀ ਫ਼ਰੀਦ ਜੀ ਵਾਸਤੇ ਕਾਫ਼ੀ ਕਠਿਨ ਰਹੀ ਹੋਵੇਗੀ। ਹਰ ਰੂਪਾਕਾਰ ਸਮਾਜਿਕ ਪ੍ਰਗਤੀ ਦੇ ਇਕ ਵਿਸ਼ੇਸ਼ ਮੋੜ ਸਮੇਂ ਉਦੈਮਾਨ ਹੁੰਦਾ ਹੈ। ਫ਼ਰੀਦ ਜੀ ਨੇ ਆਪਣੇ ਯੁਗ ਦੇ ਸਮੁੱਚੇ ਅਧਿਆਤਮਕ ਚਿੰਤਨ ਦਾ ਮੰਥਨ ਕਰਕੇ ਇਸ ਦੇ ਸਾਰ ਤੱਤ ਦੀ ਪੇਸ਼ਕਾਰੀ ਕੀਤੀ ਹੈ। ਜਿਸ ਸਮੇਂ ਲੋਕ-ਸੱਚ ਅਤੇ ਵਿਅਕਤੀ-ਸੱਚ ਦੋਵੇਂ ਇਕ ਨੁਕਤੇ ਤੇ ਕੇਂਦ੍ਰਿਤ ਹੋ ਜਾਂਦੇ ਹਨ ਅਤੇ ਦੋਹਾਂ ਵਿਚ ਕਿਸੇ ਤਰ੍ਹਾਂ ਦਾ ਤਨਾਉ/ਟਕਰਾਉ ਨਹੀਂ ਰਹਿੰਦਾ ਤਾਂ ਬਾਣੀ ਅਖ਼ੌਤਾਂ ਅਤੇ ਲੋਕੋਕਤੀਆਂ ਦਾ ਰੂਪ ਧਾਰਨ ਕਰਨ ਲੱਗਦੀ ਹੈ। ਸ਼ੇਖ਼ ਫ਼ਰੀਦ ਜੀ ਦੇ ਕਲਾਮ ਵਿਚ ਇਹ ਹਕੀਕਤ ਸਾਫ਼ ਨਜ਼ਰ ਆਉਂਦੀ ਹੈ। ਇਨ੍ਹਾਂ ਦੋਹਾਂ ਤਰਾਂ ਦੇ ਅਨੁਭਵਾਂ ਦੀ ਤਰਜਮਾਨੀ ਲਈ 'ਸਲੋਕ' ਇਕ ਬਹੁਤ ਵਧੀਆ ਅਤੇ ਢੁੱਕਵਾਂ ਰੂਪਾਕਾਰ ਹੈ। ਫ਼ਰੀਦ ਜੀ ਦੇ ਪਿੱਛੋਂ ਭਗਤ ਕਬੀਰ, ਤੁਲਸੀ ਦਾਸ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਅਰਜੁਨ ਦੇਵ ਅਤੇ ਗੁਰੂ ਤੇਗ਼ ਬਹਾਦਰ ਜੀ ਵਰਗੇ ਮਹਾਂਪੁਰਸ਼ਾਂ ਨੇ ਆਪਣੇ ਅਧਿਆਤਮਕ ਚਿੰਤਨ ਦੇ ਪ੍ਰਗਟਾਵੇ ਵਾਸਤੇ ਫ਼ਰੀਦ ਜੀ ਵਾਲੇ ਸਲੋਕ ਮਾਧਿਅਮ ਨੂੰ ਬੜੀ ਸਫ਼ਲਤਾ ਨਾਲ ਵਰਤਿਆ ਹੈ।
ਇਸ ਤਰ੍ਹਾਂ ਫ਼ਰੀਦ ਜੀ ਨੇ ਮਗਰਲੇ ਸੰਤਾਂ, ਸੂਫ਼ੀਆਂ, ਗੁਰੂਆਂ ਅਤੇ ਸਾਹਿਤਕਾਰਾਂ ਨੂੰ ਆਮ ਲੋਕਾਂ ਵੱਲੋਂ ਬੋਲੀ ਜਾਂਦੀ ਭਾਸ਼ਾ ਪੰਜਾਬੀ ਵਿੱਚ ਸਾਹਿਤ ਸਿਰਜਣਾ ਕਰਨ ਦੀ ਪ੍ਰੇਰਣਾ ਦਿੱਤੀ। ਫ਼ਰੀਦ ਜੀ ਤੋਂ ਪਹਿਲਾਂ ਰਚਿਆ ਭਗਤੀ ਸਾਹਿਤ ਲੋਕ ਬੋਲੀ ਤੋਂ ਦੂਰ ਹੀ ਰਿਹਾ। ਇਸ ਗੱਲ ਦਾ ਮਾਣ ਬਾਬਾ ਫ਼ਰੀਦ ਨੂੰ ਹੈ ਕਿ ਉਨ੍ਹਾਂ ਨੇ ਲੋਕ ਬੋਲੀ ਵਿਚ ਆਪਣੇ ਵਿਚਾਰ ਪੇਸ਼ ਕਰਕੇ ਪੰਜਾਬੀ ਭਾਸ਼ਾ ਨੂੰ ਸਾਹਿਤ ਦਾ ਮਾਧਿਅਮ ਬਣਾ ਦਿੱਤਾ। ਇਸ ਰਾਹੀਂ ਉੱਚੇ ਅਤੇ ਡੂੰਘੇ ਦਾਰਸ਼ਨਿਕ, ਅਧਿਆਤਮਕ, ਸਮਾਜਿਕ ਅਤੇ ਸਭਿਆਚਾਰਕ ਵਿਸ਼ਿਆਂ ਨੂੰ ਕਲਮਬੱਧ ਕਰਕੇ ਪੰਜਾਬੀ ਭਾਸ਼ਾ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਅਤੇ ਟਕਸਾਲੀ ਸ਼ਿਖਰ ਤੇ ਪਹੁੰਚਾ ਦਿੱਤਾ।
ਪੰਜਾਬੀ ਬੋਲੀ ਵਿਚ ਬਾਬਾ ਫ਼ਰੀਦ ਜੀ ਨੇ ਅਨੂਠੀ ਕਵਿਤਾ ਰਚੀ ਹੈ, ਉਹ ਕਾਵਿ ਗੁਣਾਂ ਦੇ ਪੱਖ ਤੋਂ ਵੀ ਉੱਤਮ ਹੈ। ਫ਼ਰੀਦ ਜੀ ਨੇ ਆਪਣੇ ਕਲਾਮ ਦੁਆਰਾ ਜਿਹੜੀ ਅਪੀਲ ਮਨੁੱਖ ਨੂੰ ਕੀਤੀ ਹੈ ਉਹ ਆਤਮਾ ਦੀ ਧੁਰ ਡੂੰਘਾਈ ਤੱਕ ਜਾ ਪਹੁੰਚਦੀ ਹੈ। ਇਸ ਕਰਕੇ ਇਹ ਸਦੀਆਂ ਤੋਂ ਸਦਾਚਾਰਕ, ਸਭਿਆਚਾਰਕ ਅਤੇ ਅਧਿਆਤਮਕ ਪ੍ਰੇਰਣਾ ਦਾ ਸੋਮਾ ਬਣੀ ਰਹੀ। ਫ਼ਰੀਦ ਬਾਣੀ ਵਿੱਚ ਪੇਸ਼ ਕੀਤੀ ਗਈ ਸਾਹਿਤਕ ਤੇ ਸਮੂਹਕ ਅਪੀਲ, ਦਾਰਸ਼ਨਿਕ ਅਤੇ ਸਰੋਦੀ ਸੁਰ, ਸਦਾਚਾਰਕ ਤੇ ਅਧਿਆਤਮਕ ਸਿੱਖਿਆ ਨੂੰ ਹੀ ਆਦਿ ਗ੍ਰੰਥ ਵਿਚ ਅਮਰ ਸਥਾਨ ਪ੍ਰਾਪਤ ਹੋ ਸਕਿਆ ਹੈ।

ਫ਼ਰੀਦ ਬਾਣੀ ਵਿਚ ਵਰਤੇ ਗਏ ਵਿਧਾਨ, ਪ੍ਰਤੀਕ ਅਤੇ ਅੰਲਕਾਰ ਯੋਜਨਾ ਨੇ ਫ਼ਰੀਦ ਜੀ ਦੀ ਸਾਹਿਤਕ ਮਹਾਨਤਾ ਨੂੰ ਹੋਰ ਚਮਕਾ ਦਿੱਤਾ ਹੈ:


Next...
Top