ਸ਼ਬਦ-ਚਿੱਤਰ

ਦਰਸ਼ਨ ਦਰਵੇਸ਼

ਜੀਤੀ ਗੰਗਾਨਗਰੀਆ



ਜਗਜੀਤ ਸਿੰਘ


ਬਚਪਨ ਦੀਆਂ ਗਲੀਆਂ ।ਗਲੀਆਂ 'ਚ ਮਚਲਦੀਆਂ ਸ਼ਰਾਰਤਾਂ, ਘੜਮੱਸ ਮਚਾਉਂਦੇ ਦੋਸਤ –ਮੋਹਨ, ਮੋਨੀ, ਕੇਵਲ ਅਤੇ ਸਰਦੂਲ ।ਇਹਨਾਂ ਸਾਰੇ ਦੋਸਤਾਂ ਨੂੰ ਨਾਲ਼ ਲੈਕੇ ਗੋਲ਼-ਗੋਲ਼ ਅੱਖਾਂ ਨਚਾਉਂਦਾ ਇੱਕ ਸ਼ਰਾਰਤੀ ਮੁੰਡਾ,ਜਿਹੜਾ ਮੇਰੇ ਸਾਹਮਣੇਂ ਆਕੇ ਖੜ੍ਹ ਜਾਂਦਾ ਹੈ-ਜੀਤੀ। ਇਹ ਉਸਦਾ ਘਰ ਦਾ ਨਿੱਕਾ ਨਾਂਅ ਸੀ / ਹੈ।ਅਤੇ ਥਾਂ ਸੀ / ਹੈ ਰਾਜਸਥਾਨ ਅੰਦਰ ਸ਼੍ਰੀ ਗੰਗਾਨਗਰ।


ਹੁਣ ਚਲਦੇ ਹਾਂ ਮਹਾਂਰਾਸ਼ਟਰ ਅੰਦਰ , ਉੱਥੇ ਵੀ ਇੱਕ ਥਾਂ ਹੈ ਖੰਡਾਲਾ। ਖੰਡਾਲਾ ਵਿੱਚ ਇੱਕ ਘਰ ਅਤੇ ਉਸ ਘਰ ਅੰਦਰ ਇੱਕ ਬਗੀਚਾ।ਮਿੱਟੀ ਲਿਬੜੇ ਹੱਥਾਂ ਨਾਲ਼ ਸਵੇਰ ਦੀ ਸੁਨਹਿਰੀ ਧੁੱਪੇ ਬੂਟਿਆਂ ਨੂੰ ਪਾਣੀਂ ਲਾਉਂਦਾ ਇੱਕ ਸ਼ਖਸ਼.. ..।

ਅਮਰੀਕਾ ਦਾ ਇੱਕ ਸ਼ਹਿਰ ਫਰੈਜ਼ਨੋ। ਜਿੱਥੇ ਸ਼ਾਮ ਨੂੰ ਸਮਾਪਤ ਹੁੰਦੀ ਹੈ ਸੰਗੀਤ ਦੀ ਇੱਕ ਮਹਿਫਿਲ..ਸ਼ਾਂਤ ਸੁਰਮਈ ਨਸ਼ੇ ਨਾਲ਼ ਭਰੀ ਹੋਈ ਭੀੜ..ਇਸ ਭੀੜ ਦੇ ਹੱਥ ਉਸ ਸੰਗੀਤਕ ਮਹਿਫਿਲ ਦੇ ਨਾਇਕ ਦੇ ਚਰਨ ਫੜ੍ਹ ਲੈਂਦੇ ਹਨ ਅਤੇ 'ਵਨਸ ਮੋਰ ਵਨਸ ਮੋਰ' ਚਿਲਾ ਉੱਠਦੇ ਹਨ।ਅਕਸਰ ਹੀ ਇਉਂ ਹੁੰਦਾ ਹੈ ।ਨਾਇਕ ਹੱਥ ਜੋੜਦਾ ਹੈ ਪਰ ਕੋਈ ਫਾਇਦਾ ਨਹੀਂ ਹੁੰਦਾ ।



ਮੁੰਬਈ ਆਉਣ ਤੋਂ ਐਨ ਪਹਿਲਾਂ (1965)


ਜਿੰਦਗੀ ਦੀ ਦਹਿਲੀਜ਼ 'ਤੇ ਕਦਮ ਰੱਖ ਕੇ ਥਿਰਕਦਾ ਉਸਦਾ ਇੱਕ ਪੁੱਤਰ ਹੈ। ਮਨਪਸੰਦ ਕੰਮ ਹੈ । ਪੈਸੇ ਹਨ ।ਪਤਨੀ ਹੈ ।ਲੇਕਿਨ ਇੱਕ ਦਿਨ ਇੱਕ ਕਾਰ ਦੁਰਘਟਨਾ ਹੋ ਜਾਂਦੀ ਹੈ ।ਸੁੱਚੇ ਸੁਪਨੇ ਵਰਗਾ ਉਹ ਪੁੱਤਰ ਰੇਜ਼ਾ-ਰੇਜ਼ਾ ਹੋ ਜਾਂਦਾ ਹੈ ।ਭਾਂ-ਭਾਂ ਕਰਨ ਲੱਗ ਜਾਂਦਾ ਹੈ ਉਸ ਪੁੱਤਰ ਲਈ ਬਣਾਇਆ ਵਿਹੜਾ ।ਪਤਨੀ-ਸ਼ਬਦ,ਸੁਰ ਅਤੇ ਹਿੰਮਤ ਹਾਰ ਜਾਂਦੀ ਹੈ। ਪੈਰ ਮੰਚ ਤੋਂ ਵਾਪਸ ਪਰਤ ਆਉਂਦੇ ਨੇ।ਉਹਨਾਂ ਲਈ ਖੁਦ ਨੂੰ ਸੰਭਾਲਣਾਂ ਮੁਸ਼ਕਿਲ ਹੋ ਗਿਆ ਹੈ ।ਤਬਲੇ ਦੀ ਥਾਪ ਨਾਲ਼ ਜਿਵੇਂ ਰੁਦਨ ਵੀ ਸੰਗੀਤ ਦੀ ਸੰਗਤ ਕਰਨ ਲੱਗ ਪਿਆ ਹੈ ।ਹੌਲੀ-ਹੌਲੀ ਅੱਥਰੂ ਵਹਾ ਕੇ ਲੈ ਗਿਆ ਵਕਤ ਦਾ ਸੈਲਾਬ ।ਪਿੱਛੇ ਰਹਿ ਗਿਆ ਦਰਦ । ਜਿਹੜਾ ਸੰਗੀਤ 'ਚ ਜ਼ਜ਼ਬ ਹੋ ਗਿਆ।ਆਪਣੀ ਸਿਰਜਣਾ ਦੇ ਸਹਾਰੇ ਜਿਊਣਾ ਸਿੱਖੇ ਕੋਈ ਤਾਂ ਉਸਤੋਂ ਸਿੱਖੇ ।



ਮੁੰਬਈ ਜਾਣ ਸਮੇਂ


ਗਜ਼ਲ ਉਦੋਂ ਵੀ ਗਾਈ ਜਾਂਦੀ ਸੀ ਇੱਕ ਤੋਂ ਇੱਕ ਫਨਕਾਰ ਹੁੰਦੇ ਸਨ ਲੋਕਿਨ ਸਰੋਤਿਆਂ ਨੂੰ ਉਹ ਗਜ਼ਲ ਹਮੇਸ਼ਾਂ ਭਾਰੀ ਭਾਰੀ ਲੱਗਦੀ ਰਹੀ ।ਇਸ ਸਖਸ਼ ਨੇ ਸੌਖੀਆਂ ਗਜ਼ਲਾਂ ਦੀ ਚੋਣ ਕੀਤੀ ।ਆਪਣੀ ਚੀਸਾਂ 'ਚ ਡੁੱਬੀ ਆਵਾਜ 'ਚ ਗਜ਼ਲਾਂ ਗਾਈਆਂ । ਉਹ ਇਕੱਲੇ ਇਕੱਲੇ ਕੋਲ ਪਹੁੰਚਣਾਂ ਚਾਹੁੰਦਾ ਸੀ। ਜਦੋਂ ਪਹੁੰਚਿਆਂ ਤਾਂ ਬੇਹਿਸਾਬ ਸਫਲਤਾ 'ਤੇ ਬੇਝਿਜਕ ਨੇ ਉਸਦੇ ਪੈਰ ਚੁੰਮ ਲਏ ।ਉਹ ਸਖਸ਼ ਜਿਸ ਬਾਰੇ ਮੈਂ ਬੋਲਿਆ ਹਾਂ ।ਇੱਕ ਦਿਨ ਸਫੈਦ ਕੁੜਤੇ ਪਜਾਮੇ 'ਚ ਐਨ ਮੇਰੇ ਸਾਹਮਣੇ ਆ ਬੈਠਾ ਸੀ ਜਾਣੀ ਜਗਜੀਤ ਸਿੰਘ ।ਪੰਜਾਬੀ ਲਹਿਜਾ,ਮੱਖਣੀ ਜਿਹੀ ਮੁਲਾਇਮ ਆਵਾਜ਼ ।ਅਸੀਂ ਉਸਦੇ ਦੀਵਾਨਖਾਨੇ 'ਚ ਇੱਕ ਦੂਜੇ ਅੰਦਰ ਉੱਤਰਨ ਦੀ ਕੋਸ਼ਿਸ਼ ਵਿੱਚ ਸਾਂ ।ਸਾਡਾ ਰੁੱਖ ਭਾਪਦਿਆਂ ਬਾਬੂ ਸਿੰਘ ਮਾਨ ਅਤੇ ਸਰਦਾਰ ਬੱਸਰਾ ਬਾਹਰ ਵੱਲ ਨੂੰ ਤਿਲਕ ਗਏ ।ਅਨਹਦ ਸ਼ਾਂਤੀ ਨਾਲ਼ ਭਰੀ ਹੋਈ ਇਸ ਇਕੱਲਤਾ ਤੋਂ ਸ਼ੁਰੂ ਹੋਈ ਸਾਡੀ ਸੀਮਿਤ ਗੁਫਤਗੂ …


Next...
Top