<< Back

ਮੁਲਾਕਾਤ

ਲੋਕ ਸਿਆਣੇ ਹੋਣਗੇ ਤਾਂ ਲੇਖਕ ਦੀ ਕ਼ਦਰ ਪਵੇਗੀ



ਅਮਰਦੀਪ ਗਿੱਲ


ਅਮਰਦੀਪ ਗਿੱਲ ਤੇ ਅਮਰਦੀਪ ਸਿੰਘ ਗਿੱਲ ਕਿਸ ਤਰ੍ਹਾਂ ਵੱਖਰੇ ਹਨ?

ਅਮਰਦੀਪ ਗਿੱਲ ਅਤੇ ਅਮਰਦੀਪ ਸਿੰਘ ਗਿੱਲ 'ਚ ਕੋਈ ਫ਼ਰਕ ਨਹੀਂ , ਮੈਂ ਹਮੇਸ਼ਾਂ ਆਪਣੇ ਵਿਰਸੇ , ਇਤਿਹਾਸ , ਧਰਮ , ਸਾਹਿਤ , ਸੱਭਿਆਚਾਰ ਅਤੇ ਰਾਜਨੀਤੀ ਦਾ ਵਿਦਿਆਰਥੀ ਰਿਹਾ ਹਾਂ , ਮੈਂਨੂੰ ਸਿੱਖੀ ਪਿਆਰੀ ਹੈ , ਸਰੂਪ ਹੁਣ ਧਾਰਨ ਕੀਤਾ ਤਾਂ ਨਾਮ ਨਾਲ਼ 'ਸਿੰਘ' ਵੀ ਲਾ ਲਿਆ , ਵੈਸੇ ਮੈਂ ਦਸ-ਬਾਰਾਂ ਸਾਲ ਪਹਿਲਾਂ ਵੀ ਸਿੱਖ ਸਰੂਪ ਵਿੱਚ ਹੀ ਸੀ , ਹੁਣ ਉਮਰ ਦੇ ਹਿਸਾਬ ਨਾਲ਼ ਕੀਤੇ ਚਿੰਤਨ ਨੇ ਕੁੱਝ ਭੁਲੇਖੇ ਵੀ ਦੂਰ ਕਰ ਦਿੱਤੇ ਨੇ ਤੇ ਮੈਂਨੂੰ ਆਪਣੇ ਅਜੋਕੇ ਸਰੂਪ ਤੇ ਮਾਣ ਹੈ ।


ਅਚਾਨਕ ਸਿੱਖੀ ਸਰੂਪ ਵੱਲ ਮੋੜ ਕਿਵੇਂ ਕੱਟ ਲਿਆ?

ਅਚਾਨਕ ਮੋੜ ਨਹੀਂ ਕੱਟਿਆ , ਨਾ ਮੈਂ ਕਦੇ ਸਿੱਖੀ ਤੋਂ ਦੂਰ ਸੀ , ਨਾ ਸਿੱਖੀ ਦਾ ਵਿਰੋਧੀ ਸੀ , ਮੇਰਾ ਚਿੰਤਨ ਮੇਰੀ ਸਦਾ ਯੋਗ ਅਗਵਾਈ ਕਰਦਾ ਹੈ , ਮੈਂ ਇੱਕ ਪੰਜਾਬੀ ਫ਼ੀਚਰ ਫ਼ਿਲਮ ਦੀ ਸਕਰਿਪਟ ਲਿਖਦੇ ਸਮੇਂ ਇਹ ਮਹਿਸੂਸ ਕੀਤਾ ਕਿ ਮੈਂਨੂੰ ਸਿੱਖੀ ਦੇ ਪ੍ਰਚਾਰ ਵਾਲੀ ਫ਼ਿਲਮ ਲਿਖਣ ਤੋਂ ਪਹਿਲਾਂ ਖ਼ੁਦ ਸਿੱਖੀ ਸਰੂਪ ਧਾਰਨ ਕਰਨਾ ਚਾਹੀਦਾ ਹੈ , ਲੇਖਕ ਨੂੰ ਕਹਿਣੀ ਤੇ ਕਰਨੀ ਦਾ ਸੁਮੇਲ ਬਣਾ ਕੇ ਰੱਖਣਾ ਚਾਹੀਦਾ ਹੈ।



ਬਾਲ ਵਰੇਸ ‘ਚ (1978)


ਪਿਤਾ ਦੀ ਸਿਆਸੀ ਸੋਚ ਤੋਂ ਤੁਹਾਨੂੰ ਇਹ ਕਿਵੇਂ ਨਿਖੇੜਦਾ ਹੈ?

ਮੇਰੀ ਤੇ ਮੇਰੇ ਪਿਤਾ ਜੀ ਦੀ ਸਿਆਸੀ ਸੋਚ ਲਗਭਗ ਇੱਕ ਹੈ , ਕੁੱਝ ਨੁਕਤਿਆਂ ਤੇ ਅਸੀਂ ਜਰੂਰ ਭਿੰਨ ਹਾਂ ਪਰ ਇਹ ਭਿੰਨਤਾ ਹੈ ਵਿਰੋਧਤਾ ਨਹੀ। ਮੇਰੇ ਪਿਤਾ ਜੀ ਵੀ ਸਦਾ ਸਿੱਖੀ ਸਰੂਪ 'ਚ ਰਹੇ ਹਨ। ਮੇਰੇ ਪਿਤਾ ਜੀ ਦਾ "ਮਾਡਲ ਕਾਮਰੇਡ" ਨਾਨਕ ਸਿੰਘ ਜੀ ਦੇ ਨਾਵਲ "ਚਿੱਟਾ ਲਹੂ" ਦਾ ਨਾਇਕ ਭਾਪਾ ਵਰਿਆਮ ਸਿੰਘ ਹੈ , ਤੁਸੀਂ ਭਾਪਾ ਵਰਿਆਮ ਸਿੰਘ ਨੂੰ " ਮਾਡਲ ਸਿੱਖ " ਵੀ ਕਹਿ ਸਕਦੇ ਹੋ ।



ਪਿਤਾ ਕਾਮਰੇਡ ਸੁਰਜੀਤ ਗਿੱਲ ਤੇ ਮਾਤਾ ਜੋਗਿੰਦਰ ਕੌਰ ਨਾਲ਼(1978)


ਨਾਨਕ ਤੇ ਮਾਰਕਸ ਦੇ ਸਮਾਜਵਾਦ ਵਿਚਾਲ਼ੇ ਤੁਸੀਂ ਕਿਸ ਤਰ੍ਹਾਂ ਦੀ ਸਾਂਝ ਵੇਖਦੇ ਹੋ?

ਦੋਹਾਂ 'ਚ ਸਾਂਝ ਮੇਰੇ ਅਨੁਸਾਰ ਇਹ ਹੈ ਕਿ ਦੋਵੇਂ ਕਿਰਤੀਆਂ ਦੇ ਹੱਕ 'ਚ ਖੜ੍ਹਦੇ ਹਨ , ਮਨੁੱਖ ਨੂੰ ਚੰਗੇਰੀ ਜ਼ਿੰਦਗੀ ਦਾ ਰਾਹ ਦਿਖਾਉਂਦੇ ਹਨ , ਪਰ ਫ਼ਰਕ ਇਹ ਹੈ ਕਿ ਇੱਕ ਦਾ ਰਾਹ ਵਿਗਿਆਨਕ ਹੈ ਤੇ ਇੱਕ ਦਾ ਧਾਰਮਿਕ। ਗੁਰੂ ਨਾਨਕ ਦੇ ਧਰਮ ਵਿੱਚ ਵਿਗਿਆਨ ਵੀ ਹੈ ਪਰ ਮਾਰਕਸ ਦੇ ਵਿਗਿਆਨ 'ਚ ਧਰਮ ਨਹੀਂ ਹੈ ।




ਉਸਤਾਦ ਲਾਲ ਚੰਦ ਯਮਲਾ ਜੀ ਨਾਲ(1989)


ਆਪਣੇ ਲਿਖੇ ਇੱਕ ਗੀਤ ਲਈ ਜਨਤਕ ਮੁਆਫ਼ੀ ਮੰਗਣ ਦੀ ਕੀ ਲੋੜ ਪੈ ਗਈ ਜਦੋਂਕਿ ਉਹਦੇ 'ਚ ਲੱਚਰਤਾ ਨਹੀਂ ਸੀ,ਸਿਰਫ਼ ਪ੍ਰਤੀਕਾਂ ਨਾਲ਼ ਇੱਕ ਮੁਟਿਆਰ ਦੇ ਗੁਣ ਦੱਸੇ ਗਏ ਸਨ?

ਲੋਕਾਂ ਨੂੰ ਉਹ ਗੀਤ ਬੁਰਾ ਲੱਗਿਆ ਤਾਂ ਮੈਂ ਮਾਫ਼ੀ ਮੰਗ ਕੇ ਕੋਈ ਗ਼ਲਤੀ ਨਹੀਂ ਕੀਤੀ। ਮੈਨੂੰ ਲਗਦਾ ਹੈ , ਮੈਂ ਜਦ ਵੀ ਕੋਈ ਚੰਗੀ ਗੱਲ ਕਰਨ ਲੱਗਦਾ ਤਾਂ ਕੋਈ ਨਾ ਕੋਈ ਇਸ ਗੀਤ ਦੀ ਉਦਾਹਰਣ ਦੇ ਕੇ ਮੇਰਾ ਰਾਹ ਰੋਕ ਲੈਂਦਾ ਸੀ ( ਖ਼ਾਸ ਕਰਕੇ ਨੈੱਟ ਤੇ ) ਇਸ ਕਰਕੇ ਮੈਂ ਸੋਚਿਆ ਇਹ ਮੁੱਦਾ ਖਤਮ ਕਰੋ,ਤਾਂ ਗੱਲ ਅੱਗੇ ਤੁਰੇਗੀ । ਮੈਂ ਨਹੀਂ ਸਮਝਦਾ ਮੈਂ ਕੁੱਝ ਗਲਤ ਕੀਤਾ ਮੁਆਫ਼ੀ ਮੰਗ ਕੇ।ਮੈਂ ਲੋਕਾਂ ਦਾ ਹਾਂ, ਲੋਕਾਂ ਨਾਲ਼ ਜੁੜਿਆ ਹੋਇਆ ਹਾਂ।ਲੋਕ ਮੇਰੇ ਨੇ,ਮੈਂ ਲੋਕ-ਰਾਇ ਦਾ ਸਤਿਕਾਰ ਕਰਦਾ ਹਾਂ ।




ਹੰਸ ਰਾਜ ਹੰਸ ਤੇ ਸਰਦੂਲ ਸਿਕੰਦਰ ਨਾਲ਼(1999)


ਇੰਝ ਨਹੀਂ ਲਗਦਾ ਹੈ ਤੁਸੀਂ ਆਪਣੇ ਆਪ ਨੂੰ Over Expose ਕਰ ਰਹੇ ਹੋ ਹਾਲਾਂਕਿ ਕਲਾਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਚਾਹੁਣ ਵਾਲ਼ਿਆ ਤੋਂ ਸਨਮਾਨਜਨਕ ਦੂਰੀ (Respectful Distance)ਬਣਾਈ ਰੱਖੇ।ਇਹ ਉੱਭਰਦੇ ਸਿਆਸਤਦਾਨ ਦੀਆਂ ਨਿਸ਼ਾਨੀਆਂ ਹਨ ਨਾਂ ਕਿ ਇੱਕ ਮੰਝੇ ਹੋਏ ਕਲਾਕਾਰ ਦੀਆਂ।

ਮੈਂ ਤੁਹਾਡੀ ਇਸ ਸੋਚ ਨਾਲ਼ ਸਹਿਮਤ ਹੀ ਨਹੀਂ ਹਾਂ।ਮੈਂ ਬੁਰਾ ਲੇਖਕ , ਬੁਰਾ ਕਲਾਕਾਰ ਅਖਵਾਉਣਾਂ ਪਸੰਦ ਕਰਾਂਗਾ ਪਰ ਬੁਰਾ ਇਨਸਾਨ ਨਹੀਂ । ਮੇਰੀ ਚੇਤਨਾ ਮੈਂਨੂੰ ਚੁੱਪ ਨਹੀਂ ਬੈਠਣ ਦਿੰਦੀ।ਹਰ ਗ਼ਲਤ ਵਰਤਾਰੇ ਖਿਲਾਫ਼ ਮੈਂ ਤਾਂ ਬੋਲਾਂਗਾ।ਮੈਂ ਇੱਕ ਜ਼ਿੰਮੇਵਾਰ ਬੰਦਾ ਹਾਂ , ਸਮਾਜਿਕ ਤੌਰ ਤੇ ਇੱਕ ਲੇਖਕ , ਕਲਾਕਾਰ ਦੀਆਂ ਜ਼ਿੰਮੇਵਾਰੀਆਂ ਸਮਝਦਾ ਹਾਂ।ਤੁਹਾਡੀ ਕਲਾਕਾਰ ਦੀ ਪਰਿਭਾਸ਼ਾ ਨਿਰੋਲ ਆਦਰਸ਼ਵਾਦੀ ਹੈ। ਮੈਂ ਯਥਾਰਥਵਾਦੀ ਹਾਂ ।


Next...
Top