ਅਨੁਵਾਦ
ਛੱਤੀਵੀਂ ਵਰ੍ਹੇਗੰਢ 'ਤੇ..

ਜਨਕਰਾਜ ਪਾਰੀਕ
ਬੜੀ ਬੇ-ਮਨ ਚੁੱਪ 'ਚ
ਮਨਾਈ ਹੈ ਮੈਂ
ਇਹ ਵਰ੍ਹੇਗੰਢ
ਛੱਤੀ ਮੋਮਬੱਤੀਆਂ ਦੀ ਥਾਂ
ਛੱਤੀ ਸਾਲ ਬਾਲ਼ਕੇ
ਇਸ ਖ਼ੁਸ਼ੀ 'ਚ ਕਿ
ਛੱਤੀ ਸਾਲਾਂ 'ਚ
ਤਿਲ਼-ਤਿਲ਼ ਹੰਢਾਇਆ
ਪਲ-ਪਲ ਸਹਿਆ
ਫ਼ਿਰ ਵੀ ਨਹੀਂ ਢਹਿਆ
ਹੋਇਆ ਨਹੀਂ ਤਬਾਹ
ਇਹੀ ਹੈ ਮੇਰੀ
ਵਡੱਤਣ
ਇਹੀ ਹੈ ਮੇਰਾ
ਕਮਾਲ
ਬਾ-ਹਰ-ਹਾਲ
ਮੇਰੇ ਸਾਹਮਣੇ ਕੱਟਣ ਵਾਸਤੇ
ਕੇਕ ਨਹੀਂ
ਸੈਂਤੀਵਾਂ ਸਾਲ ਹੈ
ਇਸ ਲਈ ਆਪਣੇ ਆਪ ਨੂੰ
ਦਿੰਦਾ ਹਾਂ
ਮੁਬਾਰਿਕਬਾਦ
ਦਿੰਦਾ ਹਾਂ ਅਸੀਸ ਕਿ
ਇਸ ਪਵਿੱਤਰ ਦਿਹਾੜੇ 'ਤੇ
ਸੈਂਤੀਵੇਂ ਸਾਲ 'ਚ ਦਾਖ਼ਿਲ ਹੋ ਕੇ
ਯਾਨੀ ਹਮੇਸ਼ਾ ਦੀ ਤਰ੍ਹਾਂ
ਚੜ੍ਹ ਜਾ ਪੁੱਤ,ਸੂਲ਼ੀ 'ਤੇ
------------------------------
ਜੂਝਾਂਗੇ ਹਨੇਰਿਆਂ ਨਾਲ਼
ਇਹ ਰਾਤ ਦਾ
ਦੈਂਤ ਵਰਗਾ
ਘੁੱਪ ਹਨੇਰਾ
ਚਾਨਣ ਨੂੰ ਨਿਗ਼ਲ਼ਕੇ
ਹੱਸਦਾ ਜਾ ਰਿਹਾ ਹੈ
ਹਰ ਘੜੀ ਫ਼ੈਲ ਕੇ
ਗਾੜ੍ਹਾ ਹੋਇਆ ਤਾਂ
ਕੀ ਹੋਇਆ
ਚਾਨਣ ਵੀ ਤਾਂ
ਦਰੋਪਦੀ ਦੇ ਚੀਰ ਵਰਗਾ ਹੈ
ਬੰਦੇ ਦੇ ਹੱਥਾਂ ਨਾਲ਼ ਲਿਖੀ
ਕਿਸਮਤ ਵਰਗਾ ਹੈ
ਮਿਟ ਨਹੀਂ ਸਕਦੀ
ਹਨੇਰਾ ਹਾਰ ਜਾਏਗਾਗਾ
ਜੇ
ਮਿਹਨਤਕਸ਼ ਇਨਸਾਨ ਦਾ
ਮੁੜ੍ਹਕੇ ਨਾਲ਼ ਨ੍ਹਾਤਾ ਹੱਥ
ਜੂਝੇਗਾ
ਹਨੇਰਿਆਂ ਨਾਲ਼
ਤਾਂ
ਮਨੁੱਖ ਲਈ
ਚਾਨਣ ਦੀਆਂ ਲੈ ਕੇ
ਅਣਗਿਣਤ ਰਿਸ਼ਮਾਂ
ਜਾਗ ਜਾਣਗੇ
ਅੰਬਰ ਤੇ
ਅਣਗਿਣਤ ਸੂਰਜ