ਵਿਅੰਗ
ਮਰਵਾ ਦਿੱਤਾ ਅੰਗ੍ਰੇਜ਼ੀ ਨੇ

ਡਾ. ਫ਼ਕੀਰ ਚੰਦ ਸ਼ੁਕਲਾ
ਮੈਲਬੌਰਨ (ਆਸਟ੍ਰੇਲੀਆ)ਆਇਆਂ ਹਾਲੇ ਮੈਨੂੰ ਥੋੜ੍ਹਾ ਚਿਰ ਹੀ ਹੋਇਆ ਸੀ।ਪਤਾ ਨਹੀਂ ਕਿਉਂ ਕੁੱਝ ਦਿਨਾਂ ਤੋਂ ਮੈਨੂੰ ਕੁੱਝ ਜ਼ਿਆਦਾ ਹੀ ਠੰਢ ਮਹਿਸੂਸ ਹੋਣ ਲੱਗੀ ਸੀ ਤੇ ਹਰ ਵੇਲ਼ੇ ਕਾਂਬਾ ਜਿਹਾ ਛਿੜਿਆ ਰਹਿੰਦਾ। ਭਾਵੇਂ ਘਰ ਵਿੱਚ ਇੰਟਰਨਲ ਹੀਟਿੰਗ ਦਾ ਬੰਦੋਬਸਤ ਸੀ,ਪਰ ਮੈਂ ਸਾਰਾ ਦਿਨ ਘਰੇ ਤਾਂ ਨਹੀਂ ਬੈਠੇ ਰਹਿਣਾ ਸੀ। ਕੰਮ ਕਾਜ ਵੀ ਤਾਂ ਕਰਨਾ ਸੀ ਤੇ ਜ਼ਿਆਦਾ ਹੀਟਿੰਗ ਦਾ ਵਾਧੂ ਬਿੱਲ ਵੀ ਤਾਂ ਮੈਨੂੰ ਹੀ ਭਰਨਾ ਪੈਣਾ ਸੀ।ਮੈਂ ਕਿੰਨੇ ਸਾਰੇ ਕਪੜੇ ਪਾ ਲਏ। ਪਰ ਇਸ ਤਰ੍ਹਾਂ ਤੁਰਨ ਵੇਲ਼ੇ ਔਖਿਆਈ ਹੁੰਦੀ ਸੀ ਅਤੇ ਥੋੜ੍ਹਾ ਤੁਰਨ ਮਗਰੋਂ ਹੀ ਸਾਹ ਚੜ੍ਹ ਜਾਂਦਾ। ਆਖ਼ਿਰਕਾਰ ਮੈਂ ਥੌਰਨਬਰੀ ਦੇ ਲਾਗੇ ਇੱਕ ਫਾਰਮੇਸੀ ਤੇ ਦਵਾਈ ਲੈਣ ਲਈ ਚਲਾ ਗਿਆ। ਪਰ ਕਾਊਂਟਰ ਤੇ ਖਲੋਤੀ ਗੋਰੀ ਕੁੜੀ ਨੇ ਡਾਕਟਰ ਦੀ ਪਰਿਸਕਰਿਪਸ਼ਨ ਤੋਂ ਬਿਨਾ ਦਵਾਈ ਦੇਣ ਤੋਂ ਨਾਹ ਕਰ ਦਿੱਤੀ। ਮੈਂ ਡੰਡਾਸ ਸਟ੍ਰੀਟ, ਮੁਰਰੇ ਰੋੜ ਅਤੇ ਹਾਈ ਵੇ ਸਟਰੀਟ ਤੇ ਸਥਿੱਤ ਫਾਰਮੇਸੀਆਂ ਤੇ ਵੀ ਗਿਆ, ਪਰ ਕੋਈ ਵੀ ਦੁਆਈ ਦੇਣ ਲਈ ਨਹੀਂ ਮੰਨਿਆ।
ਮੈਨੂੰ ਬੜੀ ਖਿਝ ਆਈ। ਲੈਅ ਹੁਣ ਐਨੀ ਕੁ ਗੱਲ ਲਈ ਡਾਕਟਰ ਕੋਲ਼ ਜਾਣਾ ਪਵੇਗਾ?ਲੁਧਿਆਣੇ ਹੁੰਦਾ ਤਾਂ ਲੋਕਾਂ ਨੇ ਹੀ ਬਥੇਰੀਆਂ ਦਵਾਈਆਂ ਦੱਸ ਦੇਣੀਆਂ ਸਨ, ਨਹੀਂ ਤਾਂ ਕੈਮਿਸਟ ਨੇ ਆਪੇ ਦੇ ਦੇਣੀ ਸੀ।
ਵਾਕਿਫ਼ ਬੰਦਿਆਂ ਤੋਂ ਪਤਾ ਲੱਗਿਆ ਕਿ ਐਥੇ ਤਾਂ ਡਾਕਟਰ ਤੋਂ ਪਹਿਲਾਂ ਸਮਾਂ ਲੈਣਾ ਪੈਂਦਾ ਹੈ। ਇਹ ਨਹੀਂ ਕਿ ਜਦੋਂ ਜੀਅ ਕੀਤਾ ਮੂੰਹ ਚੁੱਕ ਕੇ ਤੁਰ ਪਏ।
ਇੱਕ ਚੀਨੀ ਡਾਕਟਰ ਗਾਵਰ ਸਟਰੀਟ ਤੇ ਸੀ। ਉਸ ਬਾਰੇ ਕਹਿੰਦੇ ਸੀ ਕਿ ਉਹ ਹੋਰਾਂ ਦੇ ਮੁਕਾਬਲੇ 'ਚ ਘੱਟ ਡਾਲਰ ਲੈਂਦਾ ਹੈ। ਫ਼ੋਨ ਕਰਕੇ ਪਤਾ ਕੀਤਾ। ਉਸ ਕੋਲ਼ ਤਾਂ ਰਾਤ ਤੱਕ ਵਾਰੀ ਨਹੀਂ ਆਉਣੀ ਸੀ। ਪਰ ਹਾਈ-ਵੇ ਵਾਲ਼ੇ ਡਾਕਟਰ ਨੇ ਗਿਆਰਾਂ ਵਜੇ ਦਾ ਸਮਾਂ ਦੇ ਦਿੱਤਾ।
ਮੈਂ ਸਮੇਂ ਸਿਰ ਉਸ ਦੀ ਕਲੀਨਿਕ ਤੇ ਜਾ ਪੁੱਜਾ। ਡਾਕਟਰ ਨੇ ਆਪਣਾ ਪਰੀਚੈ ਮੈਨੂੰ ਦਿੱਤਾ ਤੇ ਪੁੱਛਿਆ ਕਿ ਉਹ ਮੇਰੇ ਲਈ ਕੀ ਕਰ ਸਕਦਾ ਹੈ।
''ਡਾਕਟਰ ਆਈ'ਮ ਫੀਲਿੰਗ ਕੋਲ਼ਡ'' ਮੈਂ ਉਸ ਨੂੰ ਦੱਸਿਆ ਤਾਂ ਉਸ ਮੈਨੂੰ ਫ਼ੇਰ ਪੁੱਛਿਆ-''ਕਦੋਂ ਤੋਂ..?''
''ਜੀ, ਤਿੰਨ ਚਾਰ ਦਿਨ ਤਾਂ ਹੋ ਹੀ ਗਏ''।
''ਕੀ ਥੋਡਾ ਨੰਕ ਬੰਦ ਰਹਿੰਦੈ ਜਾਂ ਵਗਦੈ?'' ਉਸ ਫ਼ੇਰ ਪੁੱਛਿਆ।
''ਨੋ ਡਾਕਟਰ?''
''ਛਿੱਕਾਂ ਆਉਂਦੀਆਂ ਨੇ?''
''ਨੋ ਸਰ?''
''ਗਲ਼ੇ 'ਚ ਖ਼ਰਾਸ਼ ਜਾਂ ਦਰਦ..?''
''ਨਹੀਂ ਡਾਕਟਰ?''
''ਖਾਂਸੀ ਆਉਂਦੀ ਐ? ਬਲ਼ਗਮ ਤਾਂ ਨਹੀਂ ਨਿਕਲ਼ਦੀ?''
''ਨਹੀਂ ਡਾਕਟਰ ਸਾਹਿਬ, ਅਜਿਹਾ ਤਾਂ ਕੁਝ ਵੀ ਨਹੀਂ ਹੁੰਦਾ?'' ਮੇਰੇ ਇੰਜ ਆਖਣ ਤੇ ਡਾਕਟਰ ਜਿਵੇਂ ਕੁਝ ਸੋਚਣ ਲੱਗਾ ਸੀ। ਮੈਂ ਵੀ ਸੋਚੀਂ ਪੈ ਗਿਆ ਸੀ । ਕਿਤੇ ਡਾਕਟਰ ਮੇਰੇ ' ਕੋਲ਼ਡ' ਆਖਣ ਨੂੰ ਜ਼ੁਕਾਮ ਤਾਂ ਨਹੀਂ ਸਮਝ ਰਿਹਾ। ਪਰ ਜ਼ੁਕਾਮ ਨੂੰ ਤਾਂ ਅੰਗ੍ਰਜ਼ੀ ਵਿੱਚ 'ਬੈਡ-ਕੋਲ਼ਡ' ਆਖਦੇ ਹਨ, ਮੈਂ ਸੋਚਿਆ।
ਡਾਕਟਰ ਨੇ ਸਟੈਥੋਸਕੋਪ ਨਾਲ਼ ਮੇਰੇ ਦਿਲ ਦੀ ਧੜਕਣ ਵੇਖੀ। ਮੇਰੀ ਬਾਂਹ ਤੇ ਇੱਕ ਪਟਾ ਜਿਹਾ ਲਪੇਟ ਦਿੱਤਾ ਤੇ ਇੱਕ ਮਸ਼ੀਨ ਰਾਹੀਂ ਮੇਰਾ ਬਲੱਡ ਪਰੈਸ਼ਰ ਅਤੇ ਪਲਸ ਰੇਟ ਵੀ ਮਾਪਿਆ। ਉਸ ਕੁਝ ਹੋਰ ਤਰ੍ਹਾਂ ਦਾ ਥਰਮਾਮੀਟਰ ਮੇਰੇ ਕੰਨ ਵਿੱਚ ਲਾ ਕੇ ਟੈਂਪਰੇਚਰ ਨੋਟ ਕੀਤਾ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਟੈਂਪਰੇਚਰ ਕੰਨ ਰਾਹੀਂ ਵੀ ਵੇਖਿਆ ਜਾਂਦਾ ਹੈ।
ਤੇ ਮੈਂ ਇਹ ਸੋਚਦਿਆਂ ਕਿ ਡਾਕਟਰ ਕਿਤੇ ਮੈਨੂੰ ਜ਼ੁਕਾਮ ਹੋਇਆ ਤਾਂ ਨਹੀਂ ਸਮਝ ਰਿਹਾ, ਮੁੜ ਆਖਿਆ-''ਆਈ ਡਾਂਟ ਹੈਵ ਕੋਲ਼ਡ, ਬਟ ਫੀਲਿੰਗ ਕੋਲ਼ਡ।''
''ਸੌਰੀ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਹਿ ਰਹੇ ਹੋ'' ਡਾਕਟਰ ਬੋਲਿਆ-''ਪਲੀਜ ਟਰਾਈ ਟੂ ਐਕਸਪਲੇਨ ਪਰੋਪਰਲੀ।'' (ਮੈਨੂੰ ਚੰਗੀ ਤਰ੍ਹਾਂ ਸਮਝਾਓ)
ਮੈਂ ਸੋਚਿਆ ਠੰਢ ਦੀ ਅੰਗ੍ਰੇਜ਼ੀ ' ਕੋਲ਼ਡ' ਸ਼ਾਇਦ ਇਸ ਨੂੰ ਸਮਝ ਨਹੀਂ ਆਈ। ਮੈਨੂੰ ਕਈ ਵਾਰੀ ਕਾਂਬਾ ਜਿਹਾ ਵੀ ਲੱਗਦਾ ਸੀ। ਇਸ ਲਈ ਮੈਂ ਝੱਟ ਆਖਿਆ-''ਆਈ ਐਮ ਸ਼ਿਵਰਿੰਗ ਆਲਸੋ।'' (ਮੈਨੂੰ ਕਾਂਬਾ ਵੀ ਲਗਦੈ)
''ਓ ਆਈ ਸੀ'' ਡਾਕਟਰ ਨੇ ਮੈਨੂੰ ਬੈੱਡ ਤੇ ਲੇਟਣ ਦਾ ਇਸ਼ਾਰਾ ਕੀਤਾ।
''ਤੁਸੀਂ ਕਦੇ ਬਲੱਡ ਟੈਸਟ ਕਰਵਾਇਐ?''
''ਹਾਂ ਜੀ, ਡਾਕਟਰ।''
''ਹੀਮੋਗਲੋਬਿਨ ਕਿੰਨੀ ਸੀ?''
''ਜੀ ਪੂਰੀ ਤਰ੍ਹਾਂ ਤਾਂ ਚੇਤੇ ਨੀ, ਪਰ ਵਾਹਵਾ ਸੀ।'' ਮੈਂ ਦੱਸਿਆ।
''ਤੁਸੀਂ ਵੈੱਜ ਹੋ ਜਾਂ ਨੌਨ ਵੈੱਜ?''
''ਜੀ ਮੈਂ ਤਾਂ ਪੱਕਾ ਵੈਜੀਟੇਰੀਅਨ ਹਾਂ। ਆਂਡਾ ਵੀ ਨਹੀਂ ਖਾਂਦਾ।''
''ਤੁਹਾਨੂੰ ਬਲੱਡ ਟੈਸਟ ਕਰਵਾਉਣਾ ਚਾਹੀਦਾ। ਕਮਜ਼ੋਰੀ ਕਰਕੇ ਵੀ ਜ਼ਿਆਦਾ ਠੰਢ ਮਹਿਸੂਸ ਹੋਣ ਲਗਦੀ ਹੈ। ਨਾਲੇ ਵੈਜੀਟੇਰੀਅਨ ਲੋਕਾਂ ਵਿੱਚ ਆਮ ਤੌਰ ਤੇ ਹਿਮੋਗਲੋਬਿਨ ਦੀ ਘਾਟ ਹੁੰਦੀ ਹੈ।'' ਡਾਕਟਰ ਨੇ ਆਪਣੀ ਰਾਇ ਦੱਸੀ।
ਉਸ ਮੇਰੀਆਂ ਉਂਗਲਾਂ ਦੇ ਨਹੁੰ, ਜੀਭ ਅਤੇ ਅੱਖਾਂ ਦੀਆਂ ਪਲਕਾਂ ਦਾ ਅੰਦਰਲਾ ਪਾਸਾ ਚੈੱਕ ਕੀਤਾ।
ਮੈਂ ਬੈੱਡ ਤੇ ਲੰਮਾ ਪੈ ਗਿਆ ਸੀ। ਉਸ ਮੇਰੇ ਸ਼ਰੀਰ ਤੇ ਕਈ ਥਾਵਾਂ ਤੇ ਹੱਥ ਨਾਲ਼ ਦਬਾ ਕੇ ਪੁੱਛਿਆ ਕਿ ਉੱਥੇ ਦਰਦ ਤਾਂ ਨਹੀਂ ਹੁੰਦਾ। ਹੱਥ ਫ਼ੇਰਦਿਆਂ ਫ਼ੇਰਦਿਆਂ ਉਸ ਨੇ ਹੱਥ ਨਾਲ਼ ਜਦੋਂ ਮੇਰੀ ਛਾਤੀ ਤੇ ਦਿਲ ਦੇ ਲਾਗੇ ਦੱਬਿਆ ਤਾਂ ਮੇਰੇ ਮੂੰਹ 'ਚੋਂ 'ਹਾਇ' ਨਿਕਲ ਗਈ।
''ਕੀ ਐਥੇ ਦਰਦ ਹੁੰਦੈ?'' ਮੇਰੇ ਚਿਹਰੇ ਦੇ ਭਾਵ ਪੜ੍ਹਦਿਆਂ ਉਸ ਪੁੱਛਿਆ।
''ਜੀ ਹਾਂ।''''ਕਦੋਂ ਤੋਂ?''
''ਕੁਝ ਦਿਨਾਂ ਤੋਂ''। ਮੈਂ ਆਖ ਤਾਂ ਦਿੱਤਾ ਪਰ ਉਸੇ ਵੇਲ਼ੇ ਮੈਨੂੰ ਖ਼ਿਆਲ ਆਇਆ ਕਿ ਮੇਰੀ ਛਾਤੀ ਤੇ ਤਾਂ ਬਾਲ ਤੋੜ ਹੋਇਆ ਹੈ। ਇਸ ਲਈ ਡਾਕਟਰ ਦੇ ਦੱਬਣ ਨਾਲ਼ ਪੀੜ ਹੋਈ ਸੀ। ਮੈਂ ਡਾਕਟਰ ਨੂੰ ਇਹ ਦੱਸਣਾ ਚਾਹੁੰਦਾ ਸਾਂ ਪਰ ਮੈਥੋਂ ਬਾਲ ਤੋੜ ਦੀ ਅੰਗ੍ਰੇਜ਼ੀ ਹੀ ਨਹੀਂ ਬਣ ਰਹੀ ਸੀ। ਮੈਂ ਹਾਲੇ ਸੋਚੀਂ ਹੀ ਪਿਆ ਹੋਇਆ ਸੀ ਕਿ ਉਸ ਮੈਨੂੰ ਫ਼ੇਰ ਪੁੱਛ ਲਿਆ-''ਜਦੋਂ ਦਰਦ ਹੁੰਦੈ ਤਾਂ ਕੀ ਖੱਬੀ ਬਾਂਹ ਵੱਲ ਵੀ ਜਾਂਦੈ?''
''ਜੀ ਕਦੇ ਕਦਾਈ ਇੰਜ ਵੀ ਹੁੰਦਾ ਹੈ।''
ਪਰ ਉਸੇ ਵੇਲ਼ੇ ਮੈਨੂੰ ਖ਼ਿਆਲ ਆਇਆ ਕਿ ਬਾਂਹ 'ਚ ਪੀੜ ਤਾਂ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਮੈਨੂੰ ਸੌਣ ਵੇਲ਼ੇ ਸਿਰ ਹੇਠਾਂ ਬਾਂਹ ਲੈਣ ਦੀ ਆਦਤ ਹੈ। ਪਰ ਹਾਲੇ ਮੈਂ ਅੰਗ੍ਰੇਜ਼ੀ ਬਣਾ ਵੀ ਨਹੀਂ ਸਕਿਆ ਸੀ ਕਿ ਡਾਕਟਰ ਨੇ ਕੁਝ ਟੈਸਟ ਕਰਵਾਉਣ ਦੀ ਸਲਾਹ ਦਿੱਤੀ।
ਮੈਂ ਸੋਚਣ ਲੱਗਾ ਕਿ ਕਿਤੇ ਮੇਰੇ ਬਾਲ ਤੋੜ ਅਤੇ ਬਾਂਹ ਵਿੱਚ ਹੁੰਦੀ ਪੀੜ ਕਰਕੇ ਡਾਕਟਰ ਹਾਰਟ ਪ੍ਰਾਬਲਮ ਨਾਲ਼ ਤਾਂ ਨਹੀਂ ਮੇਲ਼ ਰਿਹਾ।
ਮੈਂ ਆਪਣੇ ਵੱਲੋਂ ਉਸ ਨੂੰ ਅੰਗ੍ਰੇਜ਼ੀ ਵਿੱਚ ਬਥੇਰਾ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ।
ਮੈਨੂੰ ਡਾਕਟਰ ਤੇ ਖਿਝ ਵੀ ਆ ਰਹੀ ਸੀ ।ਇਹ ਕਿੱਦਾਂ ਦਾ ਡਾਕਟਰ ਹੈ ਜਿਹੜਾ ਐਨੀ ਗੱਲ ਵੀ ਨਹੀਂ ਸਮਝ ਸਕਦਾ।
ਅਚਾਨਕ ਹੀ ਮੈਨੂੰ ਆਪਣੇ ਪਿੰਡ ਖਿਜ਼ਰਾਬਾਦ 'ਚ ਪੜ੍ਹਨ ਵੇਲ਼ੇ ਦੇ ਦਿਨ ਚੇਤੇ ਆ ਗਏ। ਸਾਨੂੰ ਪੜ੍ਹਾਉਣ ਵਾਲ਼ੇ ਗਿਆਨੀ ਜੀ ਪੜ੍ਹਾਉਂਦੇ ਤਾਂ ਪੰਜਾਬੀ ਸਨ ਪਰ ਅੰਗ੍ਰੇਜ਼ੀ ਨੂੰ ਵੀ ਲੋੜੋਂ ਵੱਧ ਮੂੰਹ ਮਾਰਦੇ ਸਨ।
ਗਿਆਨੀ ਜੀ ਕਿਸੇ ਮੁੰਡੇ ਨੂੰ ਕਿਤੇ ਜਾਣ ਲਈ ਆਖਦੇ, ਤੇ ਜੇ ਉਹ ਰਤਾ ਕੁ ਵੀ ਨਾਹ ਨੁੱਕਰ ਕਰਦਾ ਤਾਂ ੳਹ ਝੱਟ ਅੰਗ੍ਰੇਜ਼ੀ ਵਿੱਚ ਆਖਦੇ-''ਯੂ ਗੋ, ਨੌਟ ਗੋ, ਵਟ ਮਾਈ ਗੋ'' ਯਾਨੀ ਜਾਣੈ ਜਾਹ, ਨਹੀਂ ਜਾਣੈ ਨਾ ਜਾਹ, ਮੈਨੂੰ ਕੀ।''
ਇਸੇ ਤਰ੍ਹਾਂ ਜੇ ਉਹਨਾਂ ਨਾਲ਼ ਗੱਲ ਕਰਦਿਆਂ ਕੋਈ ਟੋਕ ਦਿੰਦਾ ਤਾਂ ਉਹ ਗੁੱਸੇ ਵਿੱਚ ਆਖਿਆ ਕਰਦੇ-''ਵੇਨ ਆਈ ਟੌਕ,ਹੀ ਟੌਕ,ਵਾਈ ਯੂ ਮਿਡਲ ਮਿਡਲ ਟੌਕ''..ਤੇ ਅਸੀਂ ਉਨ੍ਹਾਂ ਦੀ ਅੰਗ੍ਰੇਜ਼ੀ ਸਮਝ ਜਾਇਆ ਕਰਦੇ ਸਾਂ ਕਿ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਮੈਂ ਤੇ ਉਹ ਗੱਲਾਂ ਕਰ ਰਹੇ ਹਾਂ ਤਾਂ ਤੂੰ ਵਿੱਚਕਾਰ ਕਿਉਂ ਬੋਲਦਾ ਏ..।
ਪਰ ਪਤਾ ਨਹੀਂ ਇਹ ਡਾਕਟਰ ਕਿੱਥੋਂ ਦਾ ਪੜ੍ਹਿਆ ਹੋਇਆ ਸੀ ਜਿਸ ਨੂੰ ਮੇਰੀ ਗੱਲ ਹੀ ਸਮਝ ਨਹੀਂ ਆ ਰਹੀ ਸੀ।
ਸਾਡੇ ਪਿੰਡ ਦੀ ਇੱਕ ਕੁੜੀ ਲੰਡਨ 'ਚ ਵਿਆਹੀ ਹੋਈ ਸੀ। ਇੱਕ ਵਾਰੀ ਉਸ ਦਾ ਮੁੰਡਾ ਥੋੜ੍ਹਾ ਢਿੱਲਾ ਪੈ ਗਿਆ। ਉਹ ਉਸ ਨੂੰ ਇੱਕ ਅੰਗ੍ਰੇਜ਼ ਡਾਕਟਰ ਕੋਲ਼ ਲੈ ਗਈ ਤੇ ਉਸ ਦੀ ਬੀਮਾਰੀ ਦੱਸਣ ਲੱਗੀ-''ਜੀ, ਨਾ ਤਾਂ ਏਹ ਈਟਦਾ, ਨਾ ਡਰਿੰਕਦਾ, ਬਸ ਵੀਪਦਾ ਈ ਵੀਪਦਾ।''
ਡਾਕਟਰ ਤੁਰਤ ਸਮਝ ਗਿਆ ਤੇ ਬੋਲਿਆ-''ਨੋ ਈਟਿੰਗ, ਨੋ ਡਰਿੰਕਿੰਗ, ਆਲਵੇਜ਼ ਵੀਪਿੰਗ''..ਤੇ ਉਸ ਚੈੱਕ ਕਰਕੇ ਦਵਾਈ ਦੇ ਦਿੱਤੀ।
ਮੈਂ ਲਗਭਗ ਹਰ ਰੋਜ਼ ਪਰੈਸਟਨ ਵਿਖੇ ਡੈਰੀਬਨ ਲਾਈਬ੍ਰੇਰੀ ਵਿੱਚ ਜਾਇਆ ਕਰਦਾ ਸੀ। ਉੱਥੇ ਇੱਕ ਚੀਨੀ ਕੁੜੀ ਨਾਲ਼ ਦੋਸਤੀ ਹੋ ਗਈ ਸੀ। ਕਿਸੇ ਕਾਰਨ ਮੈਂ 7-8 ਦਿਨ ਲਾਈਬ੍ਰੇਰੀ ਨਾ ਜਾ ਸਕਿਆ। ਜਦੋਂ ਗਿਆ ਤਾਂ ਉਹ ਚੀਨਣ ਮੈਨੂੰ ਵੇਖਦਿਆਂ ਸਾਰ ਹੀ ਬੋਲੀ-''ਲੌਂਗ ਟਾਈਮ, ਨੋ ਸੀ।'' ਪਹਿਲਾਂ ਤਾਂ ਮੇਰੇ ਕੁਝ ਪੱਲੇ ਨਾ ਪਿਆ ਪਰ ਜਦੋਂ ਮੈਂ ਆਪਣੇ ਗਿਆਨੀ ਜੀ ਦੀ ਅੰਗ੍ਰੇਜ਼ੀ ਨਾਲ਼ ਮੇਲ ਕੀਤਾ ਤਾਂ ਤੁਰਤ ਸਾਰੀ ਗੱਲ ਸਮਝ ਆ ਗਈ ਕਿ ਉਸ ਦੇ ਕਹਿਣ ਦਾ ਮਤਲਬ ਸੀ ਕਿ ਲੰਮੇ ਸਮੇਂ ਤੋਂ ਵਿਖਾਈ ਨਹੀਂ ਦਿੱਤਾ।'ਲੌਂਗ ਟਾਈਮ' ਯਾਨੀ ਲੰਮਾ ਸਮਾਂ ਅਤੇ 'ਨੋ ਸੀ,' ਨਹੀਂ ਵੇਖਿਆ।
ਇੱਕ ਦਿਨ ਪੁਲਿਸ ਵੱਲੋਂ ਫ਼ੋਨ ਆਇਆ ਸੀ। ਸਵੈਨਸਟਨ ਰੋਡ ਤੇ ਕਿਸੇ ਵਾਕਿਫ਼ ਦਾ ਐਕਸੀਡੈਂਟ ਹੋ ਗਿਆ ਸੀ। ਅਸੀਂ ਤਿੰਨ ਜਣੇ ਉੱਥੇ ਜਾ ਪੁੱਜੇ। ਇੱਕ ਗੋਰੀ ਕੌਪ (ਸਿਪਾਹੀ) ਉਸ ਤੋਂ ਪੁੱਛ-ਗਿੱਛ ਕਰ ਰਹੀ ਸੀ ਕਿ ਉਸ ਨੇ ਕਿਵੇਂ ਐਕਸੀਡੈਂਟ ਕਰ ਦਿੱਤਾ। ਪਰ ਸਾਡਾ ਐਮ.ਐਸ.ਸੀ. ਪਾਸ ਨੌਜਵਾਨ ਉਸ ਨੂੰ ਸਮਝਾ ਨਹੀਂ ਪਾ ਰਿਹਾ ਸੀ। ਆਖ਼ਿਰਕਾਰ ਉਹ ਗੋਰੀ ਬੱਚਿਆਂ ਦੀਆਂ ਖੇਡਣ ਵਾਲ਼ੀਆਂ ਦੋ ਕਾਰਾਂ ਉਸ ਕੋਲ਼ ਲੈ ਆਈ ਤੇ ਕਹਿਣ ਲੱਗੀ-''ਏਹ ਦੋ ਕਾਰਾਂ ਨੇ। ਸਮਝ ਲੈ ਇੱਕ ਤੇਰੀ ਟੈਕਸੀ ਹੈ ਤੇ ਦੂਜੀ ਜਿਸ ਨਾਲ਼ ਤੂੰ ਐਕਸੀਡੈਂਟ ਕੀਤੈ। ਹੁਣ ਮੈਨੂੰ ਸਮਝਾ ਤੂੰ ਏਹ ਐਕਸੀਡੈਂਟ ਕਿਵੇਂ ਕੀਤਾ?''
ਮੁੰਡੇ ਨੇ ਜਿਵੇਂ ਤਿਵੇਂ ਸਮਝਾ ਦਿੱਤਾ।
ਆਖ਼ਿਰ ਉਹ ਗੋਰੀ ਸਿਪਾਹੀ ਬੋਲੀ-''ਵੇਖਣ ਨੂੰ ਤਾਂ ਤੂੰ ਪੜ੍ਹਿਆ ਲਿਖਿਆ ਸਾਊ ਜਿਹਾ ਬੰਦਾ ਜਾਪਦੈ। ਫ਼ੇਰ ਟੈਕਸੀ ਗਲਤ ਮੋੜ ਕੇ ਏਹ ਐਕਸੀਡੈਂਟ ਕਿਵੇਂ ਕਰ ਦਿੱਤਾ?''
ਉਸ ਦੇ ਇੰਜ ਪੁੱਛਣ ਤੇ ਸਾਡੇ ਪੰਜਾਬੀ ਨੌਜਵਾਨ ਨੇ ਆਪਣੀ ਅੰਗ੍ਰੇਜ਼ੀ ਦੇ ਤਾਂ ਜਿਵੇਂ ਫੱਟੇ ਚੁੱਕ ਸੁੱਟੇ-''ਮੀ ਟਾਇਰਡ, ਸਰਕਲਜ਼ ਇਨ ਹੈੱਡ।''
ਉਸ ਗੋਰੀ ਨੂੰ ਤਾਂ ਕੀ ਪੱਲੇ ਪੈਣਾ ਸੀ, ਪਹਿਲਾਂ ਤਾਂ ਸਾਡੇ ਵੀ ਉੱਪਰੋਂ ਦੀ ਲੰਘ ਗਈ। ਆਖ਼ਿਰ ਨਾਲ਼ ਗਏ ਬੰਦੇ ਨੇ ਗੋਰੀ ਨੂੰ ਸਮਝਾਇਆ ਕਿ ਉਸ ਦੇ ਕਹਿਣ ਦਾ ਮਤਲਬ ਹੈ-''ਉਹ ਥੱਕਿਆ ਹੋਇਆ ਸੀ ਤੇ ਉਸਦਾ ਸਿਰ ਚਕਰਾ ਰਿਹਾ ਸੀ'' ਤਾਂ ਉਹ ਗੋਰੀ ਵੀ ਮੁਸਕਰਾ ਪਈ।
ਇੱਕ ਸਾਡਾ ਇੰਜਨੀਅਰ ਵੀ ਐਥੇ ਆ ਕੇ ਸਕਿਉਰਟੀ(ਚੌਕੀਦਾਰੀ) ਦਾ ਕੰਮ ਕਰ ਰਿਹਾ ਸੀ। ਇੱਕ ਵਾਰੀ ਉਹ ਸਾਡੇ ਨਾਲ਼ ਸੜਕ ਤੇ ਤੁਰਿਆ ਜਾ ਰਿਹਾ ਸੀ ਕਿ ਉਸਦਾ ਵਾਕਿਫ਼ ਇੱਕ ਅੰਗ੍ਰੇਜ਼ ਮਿਲ ਗਿਆ। ਅੰਗ੍ਰੇਜ਼ ਨੇ ਉਸ ਨੂੰ ਪੁੱਛਿਆ-''ਹਾਊ ਆਰ ਯੂ ਗੋਇੰਗ ਬਡੀ( ਕਿਵੇਂ ਗੁਜ਼ਰ ਰਹੀ ਏ ਦੋਸਤ?) ਪਰ ਸਾਡੇ ਇੰਜਨੀਅਰ ਨੇ ਸਮਝ ਲਿਆ ਕਿ ਉਹ ਪੁੱਛ ਰਿਹਾ ਕਿ ਕੰਮ ਤੇ ਕਿਵੇਂ ਜਾਂਦੈ। ਉਸ ਤੁਰਤ ਆਖਿਆ, ''ਬਾਈ ਬਸ।''
ਉਸ ਦਾ ਜਵਾਬ ਸੁਣ ਕੇ ਅੰਗ੍ਰੇਜ਼ ਤਾਂ ਜਿਵੇਂ ਡੌਰ-ਭੌਰ ਹੀ ਹੋ ਗਿਆ ਸੀ।
ਪਤਾ ਨਹੀਂ ਮੈਨੂੰ ਏਹ ਗੱਲਾਂ ਕਿਉਂ ਚੇਤੇ ਆਉਣ ਲੱਗੀਆਂ। ਇਹ ਵੀ ਹੋ ਸਕਦਾ ਹੈ ਕਿ ਮੈਂ ਆਪਣੇ ਆਪ ਨੂੰ ਹੌਸਲਾ ਦੇ ਰਿਹਾ ਹੋਵਾਂ ਕਿ ਫ਼ਿਕਰ ਨਾ ਕਰ,ਤੂੰ ਇਹਨਾਂ ਨਾਲ਼ੋਂ ਫ਼ੇਰ ਵੀ ਚੰਗਾ ਹੈ। ਇਹ ਲੋਕ ਤਾਂ ਇੰਡੀਆ ਤੋਂ ਅੰਗ੍ਰੇਜ਼ੀ ਦਾ ਟੈਸਟ ਆਈਲੈਟਸ ਪਾਸ ਕਰਕੇ ਐਥੇ ਆਏ ਹਨ। ਰੱਬ ਜਾਣੇ, ਇਹ ਟੈਸਟ ਕਿਵੇਂ ਪਾਸ ਕਰ ਲੈਂਦੇ ਹਨ।
...ਤੇ ਡਾਕਟਰ ਨੂੰ ਮੇਰੀ ਅੰਗ੍ਰੇਜ਼ੀ ਦੀ ਸਮਝ ਨਹੀਂ ਪਈ ਜਾਪਦੀ ਸੀ। ਉਸ ਚੈੱਕਅੱਪ ਕਰਨ ਮਗਰੋਂ ਆਖਿਆ-''ਇੰਜ ਤਾਂ ਕੋਈ ਅੇਬਨਾਰਮੇਲਟੀ ਨਹੀਂ ਜਾਪਦੀ। ਮੈਂ ਏਹ ਟੈਸਟ ਲਿਖ ਦਿੱਤੇ ਨੇ। ਇਹਨਾਂ ਦੀ ਰਿਪੋਰਟ ਆਉਣ ਮਗਰੋਂ ਹੀ ਮੈਂ ਕੋਈ ਇਲਾਜ ਕਰ ਸਕਾਂਗਾ।''
ਪਰ ਘਰ ਨੂੰ ਵਾਪਸ ਆਉਂਦਿਆਂ ਮੈਨੂੰ ਪਹਿਲਾਂ ਨਾਲ਼ੋਂ ਵੀ ਜ਼ਿਆਦਾ ਠੰਢ ਮਹਿਸੂਸ ਹੋਣ ਲੱਗੀ ਸੀ। ਸ਼ਾਇਦ ਇਸ ਕਰਕੇ ਵੀ, ਕਿਉਂ ਕਿ ਡਾਕਟਰ ਨੇ 55 ਡਾਲਰ ਲੈ ਲਏ ਸਨ। ਮੇਰੇ ਆਖਣ ਤੇ ਕਿ ਇਹ ਤਾਂ ਬਹੁਤ ਜ਼ਿਆਦਾ ਹਨ, ਉਸ ਸਪਸ਼ੱਟ ਕੀਤਾ ਸੀ-''ਵੀਹ ਮਿੰਟਾ ਤੱਕ 35 ਡਾਲਰ,ਤੇ ਵੀਹ ਤੋਂ ਵੱਧ ਸਮਾਂ ਲੱਗਣ ਤੇ 55 ਡਾਲਰ। ਪਰ ਤੁਸੀਂ ਤਾਂ ..ਲੋੜੋਂ ਵੱਧ ਸਮਾਂ ਲੈ ਲਿਆ।'' ਡਾਕਟਰ ਜਿਵੇਂ 55 ਡਾਲਰ ਲੈ ਕੇ ਵੀ ਖੁਸ਼ ਨਹੀਂ ਜਾਪ ਰਿਹਾ ਸੀ।
ਮੈਂ ਸੋਚ ਰਿਹਾ ਸੀ ਕਿ ਜੇ ਅੰਗ੍ਰੇਜ਼ੀ ਦੇ ਵਾਜ਼ਿਬ ਲਫ਼ਜ਼ ਸੁੱਝ ਜਾਂਦੇ ਤਾਂ ਇੰਜ ਰਗੜਾ ਤਾਂ ਨਾ ਲੱਗਦਾ। ਪਰ ਅਗਲੇ ਹੀ ਪਲ ਮਨ ਵਿੱਚ ਇਹ ਖ਼ਿਆਲ ਵੀ ਆ ਰਿਹਾ ਸੀ ਕਿ ਮੈਂ ਰਿਹਾ ਤਾਂ ਬਾਹਮਣ ਦਾ ਬਾਹਮਣ ਹੀ। ਏਸ ਨਾਲ਼ੋਂ ਤਾਂ ਚੰਗਾ ਹੁੰਦਾ 15-20 ਡਾਲਰਾਂ ਦੀ ਵਧੀਆ ਕਿਸਮ ਦੀ ਵਾਈਨ ਦੀ ਬੋਤਲ ਖਰੀਦ ਲੈਂਦਾ। ਦੋ ਚਾਰ ਘੁੱਟ ਅੰਦਰ ਜਾਂਦਿਆ ਸਾਰ ਹੀ ਠੰਢ ਵੀ ਦੂਰ ਹੋ ਜਾਣੀ ਸੀ,ਤੇ ਮਨ ਵਿੱਚ ਇਹ ਗ਼ਿਲਾ ਵੀ ਨਹੀਂ ਰਹਿਣਾ ਸੀ ਕਿ ਮਰਵਾ ਦਿੱਤਾ ਅੰਗ੍ਰੇਜ਼ੀ ਨੇ। ਕਿਉਂਕਿ ਦੋ ਘੁੱਟ ਲਾਉਣ ਮਗਰੋਂ ਤਾਂ ਅਨਪੜ੍ਹ ਬੰਦਾ ਵੀ ਅੰਗ੍ਰੇਜ਼ੀ ਬੋਲਣ ਲੱਗਦਾ ਐ, ਮੇਰੇ ਕੋਲ਼ ਤਾਂ ਸੁੱਖ ਨਾਲ਼ ਫ਼ੇਰ ਵੀ ਕਈ ਵੱਡੀਆਂ-ਵੱਡੀਆਂ ਡਿਗਰੀਆਂ ਹਨ।