ਮੁਲਾਕਾਤ
ਕਵਿਤਾ ਮੇਰੇ ਨਾਲ਼ ਹੀ ਬੀਜੀ ਗਈ ਸੀ

ਡਾ.ਪਾਲ ਕੌਰ
ਪੰਜਾਬੀ ਕਵਿਤਾ ਦਾ ਮੂਲ ਸੰਕਲਪ ਕੀ ਹੈ?ਇਹ ਦੂਜੀਆਂ ਭਾਸ਼ਾਵਾਂ ਦੇ ਕਾਵਿ ਤੋਂ ਕਿਵੇਂ ਨਿੱਖੜਦੀ ਹੈ?
ਪੰਜਾਬੀ ਕਵਿਤਾ ਦਾ ਮੂਲ ਸੰਕਲਪ ਸਮਾਜਿਕ-ਸੱਭਿਆਚਾਰਕ ਵਰਤਾਰੇ ਦੀ ਪੇਸ਼ਕਾਰੀ ਹੈ।ਅਧਿਆਤਮਕ ਕਾਵਿ ਵਿੱਚੋਂ ਵੀ ਸਮਾਜਿਕ-ਸੱਭਿਆਚਾਰਕ ਤੇ ਰਾਜਨੀਤਕ ਸਰੋਕਾਰਾਂ ਦੀਆਂ ਗੂੰਜਾਂ ਉੱਠਦੀਆਂ ਹਨ।ਆਧੁਨਿਕ ਪੰਜਾਬੀ ਕਵਿਤਾ ਵੀ ਆਪਣੀ ਵਿਧਰੋਹੀ ਸੁਰ ਕਰਕੇ ਦੂਜੀਆਂ ਭਾਸ਼ਾਵਾਂ ਦੀ ਕਵਿਤਾ ਨਾਲੋਂ ਵੱਖਰੀ ਖੜ੍ਹਦੀ ਹੈ।ਸਮਕਾਲੀ ਕਵਿਤਾ ਦੂਜੀਆਂ ਭਾਸ਼ਾਵਾਂ ਵਾਂਗ ਬਹੁਪੱਖੀ ਮਾਨਵੀ ਸਰੋਕਾਰਾਂ ਨਾਲ਼ ਜੁੜਦੀ ਹੈ।
ਕੌਮੀ ਤੇ ਕੌਮਾਂਤਰੀ ਪੱਧਰ ਤੇ ਪੰਜਾਬੀ ਕਵਿਤਾ ਨੂੰ ਕਿਵੇਂ ਵੇਖਦੇ ਹੋ?
ਕੌਮੀ ਤੇ ਕੌਮਾਂਤਰੀ ਪੱਧਰ ਤੇ ਪੰਜਾਬੀ ਕਵਿਤਾ ਆਪਣੇ ਥੀਮ ਤੇ ਸ਼ਿਲਪ ਪੱਖੋਂ ਕਿਸੇ ਗੱਲੋਂ ਪਿੱਛੇ ਨਹੀਂ ਪਰ ਅਨੁਵਾਦ ਦੀ ਘਾਟ ਕਰਕੇ ਆਪਣੀ ਪਛਾਣ ਨਹੀਂ ਸਥਾਪਤ ਕਰ ਸਕੀ।
ਪੰਜਾਬੀ ਕਾਵਿ ਨਿੱਜੀ ਭਾਵਾਂ ਦੀ ਇਕਹਿਰੀ ਪੇਸ਼ਕਾਰੀ ਤੋਂ ਅਗਾਂਹ ਦੀ ਯਾਤਰਾ 'ਚ ਮੱਠੀ ਤੋਰ ਕਿਉਂ ਤੁਰਦਾ ਹੈ?
ਜ਼ਰੂਰੀ ਨਹੀਂ-ਸਵੀਕਾਰੀ ਉਹੀ ਕਵਿਤਾ ਗਈ ਹੈ,ਜਿਹੜੀ ਨਿੱਜੀ ਭਾਵਾਂ ਦਾ ਰੂਪਾਂਤਰਣ ਸਮਾਜਿਕ-ਸੱਭਿਆਚਾਰਕ ਪ੍ਰਸੰਗ ਵਿੱਚ ਕਰਦੀ ਹੈ।ਇਕਹਿਰੀ ਪੇਸ਼ਕਾਰੀ ਵਾਲੀ ਕਵਿਤਾ ਸਮਿਆਂ ਦੀ ਤੋਰ ਵਿੱਚ ਥਿੜਕ ਕੇ ਛੇਤੀ ਗੁਆਚ ਜਾਂਦੀ ਹੈ।

ਡੀ ਏ ਵੀ ਕਾਲਿਜ ਚੰਡੀਗੜ੍ਹ ਹੰਸ ਰਾਜ ਸ਼ਰਮਾ ਤੋਂ ਇਨਾਮ ਲੈਂਦਿਆਂ (1974)
ਹਰਿਆਣੇ ਦੀਆਂ ਪੰਜਾਬੀ ਸੰਸਥਾਵਾਂ (ਅਕਾਦਮੀ ਸਹਿਤ) ਦਾ ਪੰਜਾਬੀ ਬਾਰੇ ਕੀ ਰੋਲ ਅਦਾ ਕਰ ਰਹੀਆਂ ਹਨ? ਤੁਸੀਂ ਸੰਤੁਸ਼ਟ ਹੋਂ?
ਤਿੰਨ ਤਰਾਂ ਦੀਆਂ ਸੰਸਥਾਂਵਾਂ ਹਨ।ਰਾਜਨੀਤਕ ਸੰਸਥਾਂਵਾਂ ਪੰਜਾਬੀ ਦੀ ਗੱਲ ਤਾਂ ਕਰਦੀਆਂ ਹਨ,ਪਰ ਰਾਜਨੀਤਕ ਸੁਰ ਵਿੱਚ ਹੀ।ਜਿਸ ਦਾ ਭਾਸ਼ਾ ਏ ਸਾਹਿਤ ਨੂੰ ਕੋਈ ਲਾਭ ਨਹੀਂ।ਇਸੇ ਲਈ ਪੰਜਾਬੀ ਦਾ ਦੂਜੀ ਭਾਸ਼ਾ ਦਾ ਦਰਜਾ ਲਾਗੂ ਨਹੀਂ ਹੋ ਰਿਹਾ। ਸਾਹਿਤ ਸਭਾਵਾਂ ਤੇ ਅਧਿਆਪਕਾਂ ਨੇ ਪੰਜਾਬੀ ਲਈ ਸੰਘਰਸ਼ ਕੀਤਾ ਹੈ,ਪਰ ਉਹਨਾਂ ਵਿੱਚ ਵੀ ਏਕੇ ਤੇ ਨਿਰਸੁਆਰਥਤਾ ਦੀ ਘਾਟ ਰਹੀ ਹੈ।ਸਰਕਾਰੀ ਸੰਸਥਾ ਯਾਨੀ ਅਕਾਦਮੀ ਨੇ ਆਪਣੇ ਆਪ ਨੂੰ ਸਿਰਫ਼ ਸਾਹਿਤ ਨਾਲ਼ ਹੀ ਜੋੜਿਆ ਹੈ,ਸਾਹਿਤਕਾਰਾਂ ਨੂੰ ਇਨਾਮ ਤੇ ਗਰਾਂਟ ਦੇਣ ਨਾਲ਼ ਜਾਂ ਫਿਰ ਇੱਕਾ –ਦੁੱਕਾ ਸਮਾਗਮਾਂ ਨਾਲ਼।ਪੰਜਾਬੀ ਭਾਸ਼ਾ ਬਾਰੇ ਉਹ ਸੁਚੇਤ ਹੀ ਨਹੀਂ।ਅਕਾਦਮੀ ਆਪਣੇ ਬਜਟ ਵਿੱਚ ਅਧਿਆਪਕ ਰੱਖ ਕੇ ਪੰਜਾਬੀ ਲਈ ਕੰਮ ਕਰ ਸਕਦੀ ਹੈ,ਦਿੱਲੀ ਦੀ ਪੰਜਾਬੀ ਅਕਾਦਮੀ ਵਾਂਗ।ਪਰ ਕੋਈ ਡਾਇਰੈਕਟਰ ਜਾਂ ਸਰਕਾਰ ਅਜਿਹਾ ਨਹੀਂ ਸੋਚਦੇ।

ਡੀ ਏ ਵੀ ਕਾਲਿਜ ਚੰਡੀਗੜ੍ਹ,ਪੰਡਿਤ ਮਦਨ ਮੋਹਨ ਦਾ ਸਵਾਗਤ ਕਰਦਿਆਂ(1975)
ਹਰਿਆਣਾ ਦਾ ਪੰਜਾਬੀ ਸਾਹਿਤ ਪੰਜਾਬ 'ਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੀ 'ਐਕਸਟੈਂਸ਼ਨ' ਹੋ ਨਿੱਬੜਿਆ ਹੈ।ਵੱਖਰੇ ਮੁਹਾਂਦਰੇ ਦੀ ਸਿਰਜਣਾ 'ਚ ਕੀ ਔਕੜਾਂ ਹਨ ਤੇ ਕੀ ਸੰਭਾਵਨਾਵਾਂ?
ਅਸਲ ਵਿੱਚ ਹਰਿਆਣਾ ਦਾ ਪੰਜਾਬੀ ਸਾਹਿਤ ,ਹਰਿਆਣੇ ਵਿੱਚ ਰਹਿੰਦੇ ਰਹਿੰਦੇ ਪੰਜਾਬੀ ਲੇਖਕਾਂ ਦਾ ਸਾਹਿਤ ਹੈ।ਬਹੁਤੇ ਲੇਖਕਾਂ ਦੀਆਂ ਜੜ੍ਹਾਂ ਪੰਜਾਬ ਵਿੱਚ ਹਨ।ਪੰਜਾਬੀ ਲੇਖਕ ਅੰਦਰਲੇ ਹਰਿਆਣੇ ਵਿੱਚ ਨਹੀਂ ਸਗੋਂ ਪੰਜਾਬੀ ਬਹੁਗਿਣਤੀ ਦੇ ਇਲਾਕਿਆਂ ਵਿੱਚ ਰਹਿੰਦੇ ਹਨ।ਹਰਾਂਣਾ ਆਪ ਪੰਜਾਬ ਦੀ ‘ਐਕਸਟੈਂਸ਼ਨ’ ਹੈ।ਸਿਆਸੀ ਹੱਦ ਪੈਣ ਨਾਲ਼ ਮਾਨਵੀ ਦ੍ਰਿਸ਼ ਤੇ ਮਸਲਿਆਂ ਵਿੱਚ ਵੱਖਰਤਾ ਨਹੀਂ ਆਈ।ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦਾ ਬਹੁਤਾ ਪੰਜਾਬ ਦਾ ਸਾਹਿਤ ਹੀ ਛਾਪਦਾ ਹੈ।ਉਸ ਨੇ ਵੀ ਵੱਖਰੀ ਹਰਿਆਣਵੀ ਸੁਰ ਦੀ ਗੱਲ ਨਹੀਂ ਕੀਤੀ।ਸਰਕਾਰੀ ਪਰਚੇ ‘ਸੰਵਾਦ’ ਵਿੱਚ ਹਰਿਆਣੇ ਦਾ ਰੰਗ,ਪਰ ਉਸ ਵਿੱਚ ਸਾਹਿਤ ਨਹੀਂ ਉਹ ਤਾਂ ਸਰਕਾਰੀ ਧੂਤੂ ਹੀ ਹੈ।
'ਨਾਰੀ ਬਾਰੇ ਸਾਹਿਤ' ਤੇ 'ਨਾਰੀ ਸਾਹਿਤ' ਇੱਕ ਦੂਜੇ ਦੇ ਪੂਰਕ ਕਿਵੇਂ ਹੋ ਸਕਦੇ ਹਨ?
ਪੂਰਕ ਹੁੰਦੇ ਹੀ ਨਹੀਂ ।ਜੇ ਸੁਫ਼ਨਾ ਲੈ ਵੀ ਲਈਏ ਤਾਂ ਹੋ ਸਕਦੇ ਹਨ,ਜਦੋਂ ਨਾਰੀ-ਪੁਰਸ਼ ਸੱਚਮੁੱਚ ਇਕ ਦੂਜੇ ਦੇ ਪੂਰਕ ਹੋ ਜਾਣ।ਬਹੁਤਾ ਤਾਂ ਉਹ ਇੱਕ ਦੂਜੇ ਨੂੰ ਅਧੂਰਾ ਹੀ ਕਰਦੇ ਹਨ।
ਨਾਰੀ ਕਾਵਿ ਜਾਂ ਤਾਂ ਉਲਾਂਭਿਆਂ ਤੇ ਜਾਂ ਨਾਹਰਿਆਂ ਨਾਲ਼ ਭਰਿਆ ਪਿਆ ਹੈ।ਇਹ ਖੜੋਤ ਕਿਉਂ ਹੈ?ਕਿਵੇਂ ਦੂਰ ਹੋਏਗੀ?
ਜਿੰਨਾ ਚਿਰ ਸਮਾਜਿਕ ਵਰਤਾਰੇ ਵਿਚਲਾ ਮੱਧਕਾਲੀ ਦ੍ਰਿਸ਼ਟੀਕੋਣ ਨਹੀਂ ਬਦਲਦਾ।ਹਰ ਨਾਰੀ ਆਪਣੀ ਕਾਵਿ-ਯਾਤਰਾ ਆਪਣੇ ਸੰਘਰਸ਼ ਤੇ ਉਦਾਸੀਆਂ ਤੋਂ ਸ਼ੁਰੁ ਕਰਦੀ ਹੈ।ਇੱਕ ਅੱਧੀ ਪੁਸਤਕ ਤੋਂ ਬਾਦ ਵਿਆਹੀ ਜਾਂਦਾ ਹੈ।ਫਿਰ ਜਾਂ ਤਾਂ ਚੁੱਪ ਕਰ ਜਾਂਦੀ ਹੈ ਜਾਂ ਫਿਰ ਉਹੀ ਉਲਾਂਭੇ ਤੇ ਉਦਾਸੀਆਂ ਉਸ ਦੇ ਪੱਲੇ ਹੁੰਦੇ ਹਨ।ਫਿਰ ਕਵਿਤਾ ਵਿੱਚ ਤਬਦੀਲੀ ਕਿੱਥੋਂ ਆਵੇ?ਇਹ ਖੜੋਤ ਅਸਲ ਸਮਾਜਿਕ ਤਬਦੀਲੀ ਨਾਲ਼ ਹੀ ਦੂਰ ਹੋਵੇਗੀ।ਜਦੋਂ ਨਾਰੀ ਦੇਵੀ ਜਾਂ ਦਾਸੀ ਜਾਂ ਕੁਝ-ਕੁਝ ਤੋਂ ਇਲਾਵਾ ਇੱਕ ਸ਼ਖ਼ਸ ਵਜੋਂ ਸਵੀਕਾਰੀ ਜਾਵੇਗੀ।

ਸਟੇਟ ਕਾਲਿਜ ਪਟਿਆਲਾ ‘ਚ ਕਵਿਤਾ ਪਾਠ (1980)
ਕਵਿਤਰੀਆਂ ਪੁਰਖ-ਨਾਰੀ ਸੰਬੰਧਾਂ ਬਾਰੇ 'ਸਟੀਰੀਓ-ਟਾਈਪ' ਕੁੰਜੀਵਤ ਸ਼ਬਦਾਵਲੀ ਤੋਂ ਅੱਗੇ ਕਿਵੇਂ ਤੁਰ ਸਕਦੀਆਂ ਹਨ ਕਾਵਿ ਰਚਨਾ 'ਚ?
ਤੁਰ ਰਹੀਆਂ ਹਨ ਨਵੀਆਂ ਕਵਿੱਤਰੀਆਂ।ਸਮੁੱਚੇ ਤੌਰ ਤੇ ਤੁਰਨ ਵਾਸਤੇ ਫਿਰ ਸਮਾਜਿਕ ਤਬਦੀਲੀ ਦੀ ਲੋੜ ਹੈ,ਜਦੋਂ ਪੁਰਸ਼ ਸਿਰਫ਼ ਦੇਣ ਵਾਲੀ ਤੇ ਔਰਤ ਸਿਰਫ਼ ਲੈਣ ਵਾਲੀ ਥਾਂ ਤੇ ਨਾਂ ਖੜ੍ਹੇ ਰਹਿਣ।
ਪੰਜਾਬੀ ਗ਼ਜ਼ਲ 'ਚ ਨਾਰੀ ਰਚਨਾਕਾਰ ਕੋਈ ਜ਼ਿਕਰਯੋਗ ਯੋਗਦਾਨ ਨਹੀਂ ਪਾ ਰਹੀਆਂ?ਕੀ ਕੁੱਝ ਸਾਹਿਤਕ ਸਿਨਫ਼ਾਂ 'ਜੈਂਡਰ ਸਪੇਸਿਫ਼ਿਕ' ਹੁੰਦੀਆਂ ਹਨ?
ਗ਼ਜ਼ਲ ਦਾ ਸੁਭਾਅ ‘ਜੈਂਡਰ ਸਪੈਸਿਫਿਕ’ ਹੀ ਰਿਹਾ ਹੈ।ਇਸ ਦੀ ਸ਼ਬਦਾਵਲੀ ਤੇ ਸੁਰ ਨਾਰੀ ਕਾਵਿ ਤੇ ਮਸਲਿਆਂ ਨੂੰ ਫਿੱਟ ਨਹੀਂ ਬਹਿੰਦੀ।ਪਰ ਹੁਣ ਗ਼ਜ਼ਲ ਦਾ ਥੀਮਕ ਘੇਰਾ ਵੀ ਵਧਿਆ ਹੈ ਤੇ ਵਿਧਾਨ ਦੀ ਸਖ਼ਤੀ ਵੀ ਘੱਟ ਹੋ ਗਈ ਹੈ।ਹੁਣ ਬਹਿਰਾਂ ਸਿੱਖਣ ਲਈ ਕਿਸੇ ਉਸਤਾਦ ਦੀ ਸ਼ਰਨ ਵਿੱਚ ਜਾਣ ਦੀ ਲੋੜ ਘੱਟ ਪੈਂਦੀ ਹੈ।ਇਸ ਲਈ ਕੁੱਝ ਨਾਰੀ ਗ਼ਜ਼ਲਕਾਰ ਪ੍ਰਸਿੱਧੀ ਹਾਸਿਲ ਕਰ ਰਹੀਆਂ ਹਨ।