ਵਾਰਤਕ

ਬਲਜੀਤ ਸਿੰਘ ਬਾਸੀ
ਪੋਣਾ ਤੇ ਕੰਪਿਊਟਰ
ਪੋਣਾ ਵਿਚਾਰਾ ਸਦੀਆਂ ਤੋਂ ਸਾਡੀਆਂ ਰੋਟੀਆਂ ਸਾਂਭਦਾ ਆਰਿਹਾ ਹੈ। ਚਲੋ!ਅੱਜ ਇਸਦੀ ਹੀ ਸਾਰ ਲੈਂਦੇ ਹਾਂ। ਥੋੜਾ ਜਿਹਾ ਗਹੁ ਨਾਲ਼ ਵਿਚਾਰਨ ਤੇ ਪਤਾ ਲਗਦਾ ਹੈਕਿ ਰੋਟੀਆਂ ਨੂੰ ਲਪੇਟਾ ਮਾਰਨ ਵਾਲਾ ਕੰਮ ਤਾਂ ਇਸਦੀ ਵਗਾਰ ਹੈ, ਇਸਦਾ ਅਸਲ ਕੰਮ ਹੋਰ ਹੀ ਹੈ ਤੇ ਉਹਹੈ ਲੱਸੀ ਵਿਚੋਂ ਪਾਣੀ ਕਢਣਾ। ਪੋਣੇ ਵਿੱਚ ਲੱਸੀ ਪਾਕੇ, ਉਪਰ ਗੱਠ ਮਾਰਕੇ ਤੇ ਦਿਨ ਭਰ ਲਈ ਕੀਲੀਨਾਲ਼ ਫਾਹੇ ਟੰਗਕੇ ਇਸ ਵਿਚੋਂ ਤ੍ਰਿਪ ਤ੍ਰਿਪ ਪਾਣੀ ਚੁਆ ਲਿਆ ਜਾਂਦਾ ਹੈ। ਬਾਕੀ ਬਚੇ ਫੋਕਟ ਨੂੰ ਕਈਲੋਕ ਬੜੇ ਹੀ ਸਨਮਾਨਯੋਗ ਸ਼ਬਦ ਨਾਲ਼ ਪੁਕਾਰਦੇ ਹਨ, ਯਾਨੀ ਪਨੀਰ। ਇਸ ਪਨੀਰ ਵਿੱਚ ਮੁੜ ਪਾਣੀ ਪਾਕੇ ਇਸਨੂੰ ਮੰਥਿਆ ਅਰਥਾਤ ਰਿੜਕਿਆ ਜਾਂਦਾ ਹੈ ਤਾਂ ਜਾ ਕੇ ਦਿਨ ਭਰ ਦੀ ਉਡੀਕ ਪਿਛੋਂ ਪੰਜਾਬੀਆਂ ਦੀ ਵੱਡੀਨਿਆਮਤ ਬਣਦਾ ਹੈ, ਖੱਟਾ। ਸ਼ਾਇਦ ਖੱਟਾ ਉਡੀਕਣਾ ਮੁਹਾਵਰਾ ਇਸੇ ਤੋਂ ਬਣਿਆ ਹੈ। ਉਂਜ ਲੰਗਰ ਵਿੱਚਖੱਟੇ ਦੀ ਬੇਸਬਰੀ ਨਾਲ਼ ਉਡੀਕ ਕੀਤੀ ਜਾਂਦੀ ਹੈ, ਔਰਤਾਂ ਤਾਂ ਵੈਸੇ ਹੀ ਖੱਟੀਆਂ ਚੀਜ਼ਾਂ ਦੀਆਂਚਟੋਰੀਆਂ ਹੁੰਦੀਆਂ ਹਨ, ਜਦ ਕਿ ਮਰਦਾਂ ਨੇ ਪਿਛਲੀ ਰਾਤ ਲਾਹਣ.....! ਖੱਟੇ ਲਈ ਵੀ ਇੱਕ ਸਨਮਾਨਯੋਗਸ਼ਬਦ ਵਰਤਿਆ ਜਾਂਦਾ ਹੈ, ਮਠਾ। ਖੱਟੇ ਨੂੰ ਮਠਾ ਕਹਿਣ ਨਾਲ਼ ਇਹ ਮਿੱਠਾ ਨਹੀਂ ਹੋ ਜਾਂਦਾ ਕਿਉਂਕਿਇਸਦਾ ਮਿੱਠੇ ਨਾਲ਼ ਕੋਈ ਸਬੰਧ ਨਹੀਂ। ਮਠਾ ਸ਼ਬਦ ਸੰਸਕ੍ਰਿਤ ਧਾਤੂ ਮੰਥ ਤੋਂ ਬਣਿਆ ਹੈ ਜਿਸ ਦਾ ਮਤਲਬਹਿਲਾਉਣਾ, ਘੁੰਮਾਉਣਾ, ਰਗੜਨਾ, ਰਿੜਕਣਾਂ ਆਦਿ ਹੁੰਦਾ ਹੈ। ਮੰਥਨ ਵੀ ਇਸੇ ਧਾਤੂ ਤੋਂ ਬਣਿਆ ਹੈ ਜਿਸਤੋਂ ਅੱਗੇ ਮੰਥਨੀ ਤੇ ਫਿਰ ਮਧਾਣੀ ਸ਼ਬਦ ਬਣ ਗਿਆ। ਸੋ ਤਥਾਕਥਿਤ ਪਨੀਰ ਨੂੰ ਮੰਥੇ ਜਾਣ ਕਰਕੇ ਹੀਖੱਟਾ, ਮਠਾ ਕਹਾਇਆ।
ਪਰ ਲੱਸੀ ਹੀ ਕਿਉਂ, ਕੌਣ ਰੋਕਦਾ ਹੈ ਅਮਲੀਆਂ ਨੂੰ ਪੋਣੇ ਨਾਲ਼ਮਲੇ ਹੋਏ ਡੋਡਿਆਂ ਨੂੰ ਪੁਣਨ ਤੋਂ? ਫਿਰ ਭਲਵਾਨ ਸਰਦਾਈ ਵੀ ਇਸੇ ਨਾਲ਼ ਪੁਣਦੇ ਹਨ। ਤਲਾਅ ਦੇ ਕਿਨਾਰੇਇਸਤਰੀਆਂ ਦੇ ਇਸ਼ਨਾਨ ਲਈ ਬਣਾਏ ਪਰਦੇਦਾਰ ਸਥਾਨ ਨੂੰ ਵੀ ਪੋਣਾ ਕਿਹਾ ਜਾਂਦਾ ਹੈ। ਪਰਦੇ ਵਿੱਚ ਛੋਟੇਛੋਟੇ ਛੇਕਾਂ ਰਾਹੀਂ ਪਾਣੀ ਅੰਦਰ ਝਰਦਾ ਰਹਿੰਦਾ ਹੈ। ਇਸ ਤੋਂ ਹੀ ਸਾਨੂੰ ਇੱਕ ਹੋਰ ਸ਼ਬਦ ਦਾ ਖਿਆਲਆਉਂਦਾ ਹੈ, ਚਾਹ-ਪੋਣੀ। ਫੋਕਟ ਚਾਹ ਪੱਤੀ ਨੂੰ ਵੱਖ ਕਰਕੇ ਵਿਚੋਂ ਪੀਣ ਵਾਲੀ ਚਾਹ ਕੱਢ ਲਈ ਜਾਂਦੀਹੈ। ਇਸ ਤਰਾਂ ਦੋ ਪੋਣਿਆਂ ਤੇ ਇੱਕ ਪੋਣੀ ਦੇ ਪ੍ਰਕਾਰਜ ਵਿੱਚ ਜਿਸ ਕਿਰਿਆ ਦੀ ਸਾਨੂੰ ਸਮਾਨਤਾ ਦਿਖਾਈਦਿੰਦੀ ਹੈ ਉਹ ਹੈ, ਪੁਣਨਾ। ਪੁਣਨ ਦੀ ਕਿਰਿਆ ਰਾਹੀਂ ਅਸੀਂ ਕਿਸੇ ਪਦਾਰਥ ਵਿਚੋਂ ਅਣਚਾਹਤ ਮਾਦਾਕੱਢਦੇ ਹਾਂ। ਪੰਜਾਬੀ ਵਿੱਚ ਪੁਣਨਾ ਸ਼ਬਦ ਆਮ ਤੌਰ ਤੇ ਤਰਲ ਪਦਾਰਥ ਲਈ ਹੀ ਵਰਤਿਆ ਜਾਂਦਾ ਹੈ ਜਦ ਕਿਛਾਨਣਾ ਠੋਸ ਚੀਜ਼ਾਂ ਲਈ। ਲਾਖਣਿਕ ਅਰਥਾਂ ਵਿੱਚ ਅਸੀਂ ਪੁਣ-ਛਾਣ ਸ਼ਬਦ ਕਿਸੇ ਮਸਲੇ ਆਦਿ ਦੀ ਘੋਖ ਕਰਨਨੂੰ ਕਹਿ ਦਿੰਦੇ ਹਾਂ ਜਿਸ ਦਾ ਭਾਵ ਵੀ ਉਲਝਣ ਵਿਚੋਂ ਸੱਚ ਨਿਤਾਰਨਾ ਹੀ ਹੈ।
ਮਹਾਨ ਕੋਸ਼ਅਨੁਸਾਰ ਪੁਣਨਾ ਸੰਸਕ੍ਰਿਤ ਪੁਣਨਾ ਤੋਂ ਬਣਿਆ ਹੈ ਪਰ ਸੰਸਕ੍ਰਿਤ ਵਿਚ ਅਜੇਹਾ ਕੋਈ ਸ਼ਬਦ ਨਹੀਂ।ਹਿੰਦੀ ਵਿੱਚ ਵੀ ਪੁਣਨਾ ਸ਼ਬਦ ਨਹੀਂ ਹੈ। ਮਹਾਨ ਕੋਸ਼ ਨੇ ਬਹੁਤ ਸਾਰੇ ਸ਼ਬਦਾਂ ਦੇ ਕਿਆਫ਼ੇ ਲਾਕੇਉਨ੍ਹਾਂ ਨੂੰ ਸੰਸਕ੍ਰਿਤ ਬਣਾ ਦਿਤਾ ਹੈ। ਹਾਂ, ਇਹ ਜ਼ਰੂਰ ਹੈ ਕਿ ਪੁਣਨਾ ਸ਼ਬਦ ਸੰਸਕ੍ਰਿਤ ਧਾਤੂ ‘ਪੂ’ਤੋਂ ਵਿਕਸਿਤ ਹੋਇਆ ਹੈ ਜਿਸ ਦੇ ਮੁਢਲੇ ਅਰਥ ਸ਼ੁਧ ਕਰਨਾ, ਨਿਰਮਲ ਕਰਨਾ, ਸਾਫ਼ ਕਰਨਾ, ਉਜਲਾ ਕਰਨਾਆਦਿ ਹਨ। ਦਰਅਸਲ ਪੁਣਨ ਦੀ ਕਿਰਿਆ ਰਾਹੀਂ ਵੀ ਤਰਲ ਵਿਚੋਂ ਅਸ਼ੁੱਧੀਆਂ ਕਢਕੇ ਇਸ ਨੂੰ ਸ਼ੁਧ ਬਣਾਇਆਜਾਂਦਾ ਹੈ। ਸੰਸਕ੍ਰਿਤ ਤੇ ਅੱਗੋਂ ਪੰਜਾਬੀ ਵਿੱਚ ਇਸ ਧਾਤੂ ਤੋਂ ਬਹੁਤ ਸਾਰੇ ਸ਼ਬਦ ਬਣੇ ਹਨ। ‘ਪੂ’ਦੇ ਭੂਤਕਾਲੀ ਰੂਪ ‘ਪੂਤ’ਦਾ ਅਰਥ ਪਵਿਤਰ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਹੀ ਅਰਥਾਂ ਵਿੱਚਵਰਤਿਆ ਹੈ:ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ।। ਅਰਥਾਤ (ਰੱਬ ਦੀ ਸਿਫਤ ਸਲਾਹ ਵਾਲਾ)ਪਵਿਤਰ ਜਨੇਊ ਧਾਰਨ ਕੀਤਿਆਂ ਪਰਮਾਤਮਾ ਦੀ ਦਰਗਾਹ ਵਿੱਚ ਮਾਣ ਮਿਲਦਾ ਹੈ ਅਤੇ ਇਹ ਕਦੇ ਟੁਟਦਾ ਵੀਨਹੀਂ।
ਪਵਿਤਰ ਦੇ ਅਰਥਾਂ ਵਾਲਾ ਪੁਨੀਤ/ਪੁਨੀਤਾ ਸ਼ਬਦ ਵੀ ਇਸੇ ਤੋਂ ਬਣਿਆ ਜਿਸ ਦਾਸ਼ਾਬਦਿਕ ਅਰਥ ਹੋਇਆ ਪਵਿਤਰ ਕੀਤਾ। ਗੁਰੂ ਅਰਜਨ ਦੇਵ ਨੇ ਆਪਣੀ ਬਾਣੀ ਵਿੱਚ ਇਸ ਸ਼ਬਦ ਦੀ ਖੂਬ ਵਰਤੋਂਕੀਤੀ ਹੈ: ਸੁਣਿ ਹਰਿ ਕਥਾ ਉਤਾਰੀ ਮੈਲੁ ।। ਮਹਾ ਪੁਨੀਤ ਭਏ ਸੁਖ ਸੈਲੁ।। ਅਰਥਾਤ ਜਿਨ੍ਹਾਂ ਨੇਪਰਮਾਤਮਾ ਦੀ ਸਿਫਤ ਸਲਾਹ ਸੁਣਕੇ(ਵਿਕਾਰਾਂ) ਦੀ ਮੈਲ ਲਾਹ ਲਈ ਹੈ, ਉਹ ਮਹਾਂ ਪਵਿਤਰ ਹੋ ਕੇ ਸੁਖਾਂਦੇ ਪਹਾੜ ਪਾ ਗਏ ਹਨ। ਕਬੀਰ ਜੀ ਵੀ ਇਸ ਸ਼ਬਦ ਦਾ ਪ੍ਰਯੋਗ ਕਰਦੇ ਹਨ: ਪੇਖਤ ਹੀ ਪੁੰਨੀਤ ਹੋਇ ਭੇਟਤਜਪੀਏ ਨਾਉ। ਅਰਥਾਤ ਸੰਤਾਂ ਦੇ ਦਰਸ਼ਨਾਂ ਨਾਲ਼ ਹੀ ਮਨ ਪਵਿਤਰ ਹੋ ਜਾਂਦਾ ਹੈ ਤੇ ਕੋਲ ਬੈਠਿਆਂ ਨਾਮਸਿਮਰੀਦਾ ਹੈ।
‘ਪੂ’ਧਾਤੂ ਦਾ ਇੱਕ ਹੋਰ ਰੂਪ ਹੈ ‘ਪਾਵ’ਜਾਂ ‘ਪਾ’ ਜਿਸ ਤੋਂ ਪਵਨ ਤੇਫਿਰ ਪੌਣ (ਬਾਣੀ ਵਿੱਚ ਪਉਣ) ਬਣਿਆ ਕਿਉਂਕਿ ਹਵਾ ਦਾ ਵੱਡਾ ਗੁਣ ਵਾਤਾਵਰਣ ਦੀਆਂ ਅਸ਼ੁੱਧੀਆਂ ਨੂੰ ਉਡਾਦੇਣਾ ਹੈ। ਸੰਸਕ੍ਰਿਤ ਵਿੱਚ ਪਵਨ ਦਾ ਅਰਥ ਪਾਣੀ ਵੀ ਹੈ ਕਿਉਂਕਿ ਇਹ ਅਸ਼ੁੱਧੀਆਂ ਨੂੰ ਧੋਣ ਵਾਲਾ ਹੈ।ਸੰਸਕ੍ਰਿਤ ਵਿੱਚ ਪੋਣ ਨੂੰ ਵੀ ਪਵਨ ਆਖਦੇ ਹਨ। ‘ਪਾਵਨ’ਤੇ ‘ਪਵਿਤਰ’ਸ਼ਬਦ ਵੀ ਇਸੇ ਧਾਤੂ ਦੀ ਦੇਣਹਨ ਕਿਉਂਕਿ ਪਵਿੱਤਰ ਵਸਤੂ ਵੀ ਇੱਕ ਤਰਾਂ ਧਾਰਮਿਕ ਰੀਤਾਂ ਨਾਲ਼ ਸ਼ੁੱਧ ਕੀਤੀ ਵਸਤੂ ਹੈ। ਪਵਿੱਤਰ ਜਾਂਪਾਵਨ ਮੂਰਤੀ, ਗ੍ਰੰਥ ਆਦਿ ਉਹ ਹਨ ਜਿਨ੍ਹਾਂ ਵਿੱਚ ਦੁਨਿਆਵੀ ਲਗਲਪੇਟ ਦੀਆਂ ਅਸ਼ੁੱਧੀਆਂ ਨਹੀਂ ਹਨ ਤੇਇਹ ਮਨੁੱਖ ਮਾਤਰ ਦੇ ਮਨ ਵਿਚੋਂ ਅਸ਼ੁੱਧੀਆਂ ਦੂਰ ਕਰਦੇ ਹਨ।
ਪਰ ਸਾਡੇ ਇਸ ਨਿਮਾਣੇ ਪੋਣੇ ਦੀਵਡਿਆਈ ਉਦੋਂ ਸਮਝ ਆਉਂਦੀ ਹੈ ਜਦ ਦੂਰ ਦੀਆਂ ਤਕੜੀਆਂ ਭਾਸਾæਵਾਂ ਵਿੱਚ ਅਸੀਂ ਇਸਦੇ ਰਿਸ਼ਤੇਦਾਰ ਫੈਲੇਦੇਖਦੇ ਹਾਂ। ਦਰਅਸਲ ‘ਪੂ’, ਇੱਕ ਭਾਰੋਪੀ ਮੂਲ ਵੀ ਹੈ ਜਿਸ ਦਾ ਅਰਥ ਸ਼ੁਧ ਕਰਨਾ, ਨਿਰਮਲ ਕਰਨਾ, ਪ੍ਰਤੱਖ ਕਰਨਾ ਆਦਿ ਹੈ। ਲਾਤੀਨੀ ਵਿੱਚ ਇਸ ਤੋ ਸ਼ਬਦ ਬਣਿਆ ਪੁਟੁਸ ਜਿਸਦਾ ਅਰਥ ਸਾਫ਼ ਜਾਂ ਸ਼ੁਧ ਕੀਤਾਹੈ। ਇਸੇ ਤੋਂ ਲਾਤੀਨੀ putareਬਣਿਆ ਜਿਸਦਾ ਅਰਥ ਸ਼ੁਧ ਕਰਨਾ ਅਤੇ ਛਾਂਗਣਾ ਹੈ। ਲਾਤੀਨੀ ਵਿੱਚਇਸਦਾ ਅਰਥ ਸੋਚਣਾ, ਸਮਝਣਾ, ਗਿਣਨਾ ਹੈ। ਖਿਆਲ ਕਰੋ, ਪੁਣਨਾ-ਛਾਨਣਾ ਵਿੱਚ ਵੀ ਦਿਮਾਗੀ ਹਰਕਤ ਹੈ।ਫਿਰ ਗਿਣਤੀਆਂ ਮਿਣਤੀਆਂ ਕਰਨ ਵਿੱਚ ਸੋਚਣ ਦੇ ਭਾਵ ਸਮਾਏ ਹੋਏ ਹਨ। ਅਸਲ ਵਿੱਚ ਅੰਗਰੇਜ਼ੀ ਵਿੱਚਇਨ੍ਹਾਂ ਲਾਤੀਨੀ ਸ਼ਬਦਾਂ ਨੇ ਹੀ ਪ੍ਰਵੇਸ਼ ਪਾਕੇ ਕਿੰਨੇ ਸਾਰੇ ਸ਼ਬਦਾਂ ਦਾ ਨਿਰਮਾਣ ਕੀਤਾ ਹੈ। ਸਭ ਤੋਂਪਹਿਲਾਂ ਅਸੀਂ ਅੰਗਰੇਜ਼ੀ pure (ਸ਼ੁੱਧ, ਖਾਲਿਸ) ਸ਼ਬਦ ਹੀ ਲੈਂਦੇ ਹਾਂ ਜੋ ਪਿਛੇ ਦੱਸੇ ਲਾਤੀਨੀ ਸ਼ਬਦਪੁਰੁਸ ਦਾ ਵਿਕਸਿਤ ਰੂਪ ਹੈ। ਇਸੇ ਨਾਲ਼ ਮਿਲਦਾ ਜੁਲਦਾ ਸ਼ਬਦ ਹੈ purge(ਵਿਰੇਚਨ ਕਰਨਾ) ਜੋ ਪੁਰੁਸਤੋਂ ਵਿਕਿਸਿਤ ਹੁੰਦਾ ਪੁਰਾਣੀ ਲਾਤੀਨੀ 'ਚ purgiareਬਣਿਆ ਤੇ ਫਿਰ ਫਰਾਂਸੀਸੀ purgierਬਣਕੇਅੰਗਰੇਜ਼ੀ ਦਾ ਇਹ ਅਜੋਕਾ ਰੂਪ ਧਾਰ ਗਿਆ।
ਪਰ ਲਾਤੀਨੀ putareਦੇ ਅੱਗੇ ਅਗੇਤਰ ਲਾਕੇ ਕੁਝਸ਼ਬਦਾਂ ਦਾ ਨਿਰਮਾਣ ਹੋਇਆ ਹੈ ਜਿਨ੍ਹਾਂ ਵਿਚੋਂ ਇੱਕ ਹੈ dispute (ਝਗੜਾ)। ਅੰਗਰੇਜ਼ੀ dsi- ਅਗੇਤਰ ਦਾਅਰਥ ਹੁੰਦਾ ਹੈ ਪਰੇ, ਵੱਖ ਹੋਕੇ; ਸੋ dispute ਦਾ ਮੁਢਲਾ ਅਰਥ ਬਣਦਾ ਹੈ ਮਸਲੇ ਨੂੰ ਪਰੇ ਕਰਕੇਵਿਚਾਰਨਾ ਅਰਥਾਤ ਝਗੜਾ ਕਰਨਾ। ਅਗਲਾ ਸ਼ਬਦ ਲੈਂਦੇ ਹਾਂ repute (ਸਾਖ, ਰਸੂਖ)। ਏਥੇ ‘ਰ’ਅਗੇਤਰਲਗਕੇ ਇਹ ਸ਼ਬਦ ਬਣਿਆ ਹੈ ਭਾਵ ਹੈ ਲੋਕ ਤਹਾਨੂੰ ਕਿਵੇਂ ਪੁਣਦੇ ਛਾਣਦੇ, ਸਮਝਦੇ ਹਨ। ਲਾਤੀਨੀ ਤੋਂਬਣਿਆ ਆਖਰੀ ਸ਼ਬਦ ਜੋ ਅਸੀਂ ਵਿਚਾਰਨਾ ਹੈ ਉਹ ਹੈ computeਜਿਸਤੋਂ computer ਬਣਿਆ ਹੈ। computeਸ਼ਬਦ ਵਿੱਚ comਇੱਕਅਗੇਤਰ ਹੈ ਜਿਸ ਦਾ ਅਰਥ ਨਾਲ਼, ਸੰਗ, ਬਰਾਬਰ ਆਦਿ ਹੈ। ਇਸ ਤਰਾਂ computeਸ਼ਬਦ ਦਾ ਸ਼ਾਬਦਿਕ ਅਰਥਬਣੇਗਾ ਬਹੁਤ ਸਾਰੇ ਅੰਕੜੇ ਇੱਕ ਸਾਥ ਲੈਕੇ ਸਮਝਣਾ, ਵਿਚਾਰਨਾ, ਲੇਖਾ ਕਰਨਾ, ਹਿਸਾਬ ਲਾਉਣਾ ।computer ਇਹ ਕੰਮ ਕਰਨ ਵਾਲੀ ਅੱਜ ਦੇ ਜ਼ਮਾਨੇ ਦੀ ਅੱਲੋਕਾਰ ਮਸ਼ੀਨ ਹੈ ਜੋ ਬੇਓੜਕ ਅੰਕੜੇ ਆਪਣੇਸੀਪੀਯੂ ਵਿੱਚ ਪੁਣ-ਛਾਣਕੇ ਲੇਖਾ ਕਰਦੀ ਤੇ ਨਤੀਜਾ ਸਾਡੇ ਸਾਹਮਣੇ ਸੁੱਟਦੀ ਹੈ। ਅਸੀਂ ਦੇਖ ਚੁੱਕੇਹਾਂ ਕਿ ਅੰਗਰੇਜ਼ੀ ਅਗੇਤਰ com ਦੇ ਟਾਕਰੇ ਤੇ ਪੰਜਾਬੀ 'ਚ ਇਸਦਾ ਸੁਜਾਤੀ ਅਗੇਤਰ ਹੈ ‘ਸਮ’। ਇਸਹਿਸਾਬ ਨਾਲ਼, ਜਿਵੇ ਟੈਲੀਵਿਯਨ ਲਈ ਦੂਰਦਰਸ਼ਨ ਸ਼ਬਦ ਬਣਾਇਆ ਗਿਆ ਹੈ, ਕੰਪਿਊਟਰ ਲਈ ਪੰਜਾਬੀ ਵਿੱਚ‘ਸਮਪੋਣਕ’ਸ਼ਬਦ ਬਣਾਇਆ ਤੇ ਵਰਤਿਆ ਜਾ ਸਕਦਾ ਹੈ ਪਰ ਮੈਨੂੰ ਪਤਾ ਹੈ ਇਹ ਮੇਰੀ ਨਿਰੀ ਬੌਧਿਕ ਕਸਰਤਹੀ ਹੈ!
‘ਪੂ’ਮੂਲ ਤੋਂ ਗਰੀਕ ਭਾਸ਼ਾ ਵਿੱਚ ਸ਼ਬਦ ਬਣਿਆ ਹੈ ‘pyr’ਜਿਸ ਦਾ ਮਤਲਬ fireਅਰਥਾਤ ਅੱਗ ਹੁੰਦਾ ਹੈ ਤੇ ਇਸੇ ਤੋਂ ਅੱਗੇ ਅੰਗਰੇਜ਼ੀ pyre (ਚਿਤਾ) ਬਣਿਆ। ਇਹ ਪੇਰ ਅੰਗਰੇਜ਼ੀ fireਦਾ ਸੁਜਾਤੀ ਸ਼ਬਦ ਹੈ। ਅਸਲ ਵਿੱਚ ਇਹ ਗਰੀਕ ਸ਼ਬਦ ਪਹਿਲਾਂ ਜਰਮਨ ਵਿੱਚ ਗਿਆ ਤਾਂ ਇਸਦੀ ‘ਪ’ਧੁਨੀ‘ਫ’ਵਿੱਚ ਬਦਲ ਗਈ ਤੇ ਅੰਗਰੇਜ਼ੀ ਵਿੱਚ ਜਾਕੇ ਵੀ ਏਹੋ ਰਹੀ। ਇਸ ‘ਪੂ’ਮੂਲ ਤੋਂ ਅੱਗ ਦੇ ਅਰਥਾਂਵਾਲੇ ਸ਼ਬਦਾਂ ਦਾ ਨਿਰਮਾਣ ਇਸ ਲਈ ਹੋਇਆ ਕਿਉਂਕਿ ਅੱਗ, ਹਵਾ ਤੇ ਪਾਣੀ ਦੀ ਤਰਾਂ ਇੱਕ ਪ੍ਰਮੁਖਸ਼ੁਧੀਕਾਰਕ ਤੱਤ ਹੈ। ਇਸ ਤਰਾਂ ਅਸੀਂ ਦੇਖਦੇ ਹਾਂ ਕਿ ਇਹ ਮੂਲ ਸ੍ਰਿਸ਼ਟੀ ਦੇ ਤਿੰਨ ਤੱਤਾਂ, ਹਵਾ, ਪਾਣੀ ਤੇ ਅੱਗ ਦੇ ਅਰਥਾਂ ਵਾਲੇ ਸ਼ਬਦਾਂ ਦਾ ਨਿਰਮਾਤਾ ਹੋ ਨਿਬੜਿਆ ਹੈ। ਲਾਤੀਨੀ ਗਰੀਕ ਆਦਿ ਭਾਸ਼ਾਵਾਂਦੇ ਸ਼ਬਦਾਂ ਪਿਛੇ ਏਨੀ ਦੂਰ ਇਹ ਦਰਸਾਉਣ ਲਈ ਜਾਇਆ ਗਿਆ ਹੈ ਕਿ ਸਾਡੇ ਕੋਲ ਸੰਸਕ੍ਰਿਤ/ ਪੰਜਾਬੀ ਵਿੱਚਵੀ ਇਸ ਮੂਲ ਤੋਂ ਅੱਗ ਦਾ ਅਰਥਾਵਾਂ ਸ਼ਬਦ ਬਣਿਆ ਮਿਲਦਾ ਹੈ ਤੇ ਇਹ ਸ਼ਬਦ ਹੈ ‘ਪਾਵਕ’। ਗੁਰੂ ਅਰਜਨਦੇਵ ਨੇ ਇਸੇ ਮੂਲ ਤੋਂ ਬਣੇ ‘ਪਵਨ’ਤੇ ‘ਪਾਵਕ’ਦੋਵੇਂ ਸ਼ਬਦ ਇਕੱਠੇ ਵਰਤੇ ਹਨ:ਜਿਹ ਪ੍ਰਸਾਦਿਪੀਵਹਿ ਸੀਤਲ ਜਲਾ।। ਸੁਖਦਾਈ ਪਵਨ ਪਾਵੁਕ ਅਮੁਲਾ।। ਅਰਥਾਤ ਜਿਸ ਪ੍ਰਭੂ ਦੀ ਕਿਰਪਾ ਨਾਲ਼ ਤੂੰ ਠੰਡਾਪਾਣੀ ਪੀਂਦਾ ਹੈਂ ਅਤੇ ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈਂ। ਕਬੀਰ ਨੇਵੀ ਇੱਕ ਥਾਂ ਦੋਵੇਂ ਸ਼ਬਦ ਇਕੱਠੇ ਵਰਤੇ ਹਨ: ਆਪੇ ਪਾਵਕੁ ਆਪੇ ਪਵਨਾ ਜਾਰੈ ਖਸਮ ਤ ਰਾਖੈ ਕਵਨਾ-ਪ੍ਰਭੂ ਆਪ ਹੀ ਅੱਗ ਹੈ ਤੇ ਆਪ ਹੀ ਹਵਾ। ਜੇ ਉਹ ਆਪ ਹੀ ਸਾੜਨ ਲੱਗੇ ਤਾਂ ਕੌਣ ਬਚਾ ਸਕਦਾ ਹੈ? ਗ਼ੌਰਤਲਬ ਹੈ ਕਿ ਨਾਮ ਦੇ ਪ੍ਰਸੰਗ ਵਿੱਚ ਕਬੀਰ ਦੇ ਬੋਲ ‘ਅਗਨਿ ਨ ਦਹੈ ਪਵਨ ਨਹੀ ਮਗਨੈ’ਵਿੱਚ ਵਰਤੇਗਏ ਪਵਨ ਸ਼ਬਦ ਦਾ ਸਾਹਿਬ ਸਿੰਘ ਨੇ ਅਰਥ ਹਵਾ ਕੀਤਾ ਹੈ ਜਦ ਕਿ ਕਾਹਨ ਸਿੰਘ ਨੇ ਜਲ। ਏਥੇ ਮੈਂ ਕਾਹਨਸਿੰਘ ਦੇ ਅਰਥਾਂ ਨੂੰ ਵਧੇਰੇ ਸਹੀ ਮੰਨਦਾ ਹਾਂ ਕਿਉਂਕਿ ਅਗਲੇ ਸ਼ਬਦ ‘ਮਗਨੈ’ਦਾ ਅਰਥ ਡੁੱਬਣਾ ਹੁੰਦਾਹੈ, ਉਡਣਾ ਨਹੀਂ, ਤੇ ਡੁੱਬਿਆ ਜਲ ਵਿੱਚ ਹੀ ਜਾਂਦਾ ਹੈ