ਵਾਰਤਕ
ਪੰਜਾਬੀ ਗਾਇਕੀ : ਤੰਦ ਨਹੀਂ ਤਾਣੀ ਉਲਝੀ ਐ...
ਸੰਗੀਤ ਨੂੰ ਰੂਹ ਦੀ ਖੁਰਾਕ ਕਿਹਾ ਗਿਐ। ਸੱਚਮੁੱਚ ਗਾਇਕੀ ਜਾਂ ਸੰਗੀਤ ਸਰੋਤਿਆਂ ਦੇ ਮਨਾਂ ਦੀ ਭਟਕਣ ਦੂਰ ਕਰਨ ਵਾਲਾ ਹੁੰਦੈ-ਸਕੂਨ ਦਾ ਸਰੋਤ।।ਪਰ ਜਦੋਂ ਅਸੀਂ ਅਜੋਕੀ ਪੰਜਾਬੀ ਗਾਇਕੀ ਵੱਲ ਝਾਤ ਮਾਰਦੇ ਆਂ ਤਾਂ ਅਜਿਹਾ ਕੋਈ ਸੁਖਦ ਅਹਿਸਾਸ ਬੜੀ ਮੁਸ਼ਕਿਲ ਨਾਲ ਲੱਭਦੈ।ਪਿਛਲੇ ਕੁੱਝ ਅਰਸੇ ਤੋਂ ਪੰਜਾਬੀ ਗਾਇਕੀ ਦਾ ਘੇਰਾ ਵਿਸ਼ਾਲ ਹੋਇਐ...ਗਾਇਕ ਕਹਾਉਣ ਵਾਲਿਆਂ ਦੀ ਵੱਡੀ ਭੀਝ ਇਕੱਠੀ ਹੋ ਗਈ ਹੈ। ਪਰ ਦੁੱਖ ਏਸ ਗੱਲ ਦੈ ਕਿ ਸਾਡੀ ਗਾਇਕੀ ਦਾ ਮਿਆਰ ਅਸਲੋਂ ਹੇਠਾਂ ਡਿੱਗ ਪਿਐ। ਅੱਜ ਕੱਲ੍ਹ ਦੇ ਗਾਉਣ ਵਾਲਿਆਂ ਤੇ ਉਨਾਂ ਦੀਆਂ ਕੈਸੇਟਾਂ ਰਿਲੀਜ਼ ਕਰਨ ਵਾਲੀਆਂ ਕੰਪਨੀਆਂ, ਉਨ੍ਹਾਂ ਗਾਇਕਾਂ ਨੂੰ ਪ੍ਰਮੋਟ ਕਰਨ ਵਾਲਿਆਂ ਨੇ ਸ਼ਰਮ-ਓ-ਹਯਾ ਅਸਲੋਂ ਵਿਸਾਰ ਦਿੱਤੇ ਨੇ। ਗੀਤਾਂ ਦੇ ਨਾਂਅ 'ਤੇ ਅਜਿਹੀ ਤੁਕਬੰਦੀ ਸੁਣਨ ਵਾਲਿਆਂ 'ਤੇ ਥੋਪੀ ਜਾ ਰਹੀ ਹੈ, ਜਿਸਦਾ ਕੋਈ ਅਰਥ, ਮੰਤਵ ਸਮਝ ਨੀ ਆਉਂਦਾ। ਸਾਡੀ ਅਜੋਕੀ ਗੀਤਕਾਰੀ ਤੇ ਗਾਇਕੀ ਦੇ ਸਮੁੱਚ ਦਾ ਮੁਲਾਂਕਣ ਕਰਨ ਬੈਠੀਏ ਤਾਂ ਇੱਕ ਗੱਲ ਸਾਫ ਸਮਝ ਆਉਂਦੀ ਹੈ ਕਿ ਇਸ ਦੌਰ ਦੀ ਗੀਤਕਾਰੀ ਤੇ ਗਾਇਕੀ ਸਮਾਜ ਨੂੰ ਬਹੁਤ ਹੀ ਖਤਰਨਾਕ ਰਾਹ 'ਤੇ ਤੋਰ ਰਹੀ ਹੈ। ਇਸ ਪ੍ਰੀਪੇਖ ਵਿਚ ਬਹੁਤ ਸਾਰੀਆਂ ਗੱਲਾਂ ਤੇ ਉਦਹਾਰਨਾਂ ਹਨ।...