ਸੰਪਾਦਕੀ ![]() ਗੁਰਮੀਤ ਬਰਾੜ |
ਵਿਅੰਗ ਤੇ ਸਾਹਿਤ ਅੱਜ ਦਾ ਸਮਾਂ ਸਾਡੇ ਲਈ ਬਹੁਤ ਚੁਣੌਤੀ ਭਰਿਆ ਹੈ।ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਹਰ ਸਮੇਂ ਨੇ ਆਪਣੇ ਨਾਇਕ ਸਿਰਜੇ ਜਾਂ ਤਲਾਸ਼ੇ ਹਨ।ਇਹ ਨਾਇਕ ਕੋਈ ਵਿਚਾਰ ਵੀ ਹੋ ਸਕਦੇ ਹਨ ਤੇ ਵਿਚਾਰਾਂ ਦੇ ਮਗਰੇ-ਮਗਰ ਤੁਰਨ ਵਾਲੇ ਮਨੁੱਖ ਵੀ।ਇਸੇ ਵਿਚਾਰ ਦਾ ਹੀ ਇੱਕ ਰੂਪ ਹੈ ਵਿਅੰਗ।ਵਿਅੰਗ ਤੇ ਹਾਸਰਸ ਤੋਂ ਬਿਨਾਂ ਨਾਂ ਸਿਰਫ਼ ਜ਼ਿੰਦਗੀ ਊਣੀਂ ਤੇ ਨਿਗੂਣੀ ਹੈ ਬਲਕਿ ਨੀਰਸ ਵੀ ਹੈ।ਵਿਅੰਗ ਸਾਡੇ ਥੱਕੇ-ਹਾਰੇ ਮਨ ਨੂੰ ਤਾਜ਼ਗੀ ਦਿੰਦੇ ਹਨ।ਇਹ ਜ਼ਿੰਦਗੀ ‘ਚ ਵਿਡੰਬਨਾਵਾਂ ਦੇ ਹੁੰਦਿਆਂ ਖੁੱਲ੍ਹ ਕੇ ਜੀਣ ਦਾ ਰਾਹ ਪੱਧਰਾ ਕਰਦੇ ਹਨ ਤੇ ਜੁਝਾਰ ਦਾ ਸੰਚਾਰ ਵੀ ਕਰਦੇ ਹਨ।ਪਰ ਪੰਜਾਬੀਆ ਦੇ ਸੁਭਾਅ ਦੇ ਉਲਟ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਸਾਹਿਤ ‘ਚ ਵਿਅੰਗ ਰਚਨਾਵਾਂ ਦੀ ਘਾਟ ਹੈ। ਮਨੁੱਖੀ ਸੰਵੇਦਨਾ ਨੂੰ ਉਕੇਰਨ ਲਈ ਵਿਅੰਗ ਜ਼ਰੂਰੀ ਹੈ।ਅੱਜ ਸਮਾਜ ‘ਚੋਂ ਮਨੁੱਖੀ ਸੰਵੇਦਨਾ ਖ਼ਾਰਿਜ ਹੋ ਰਹੀ ਹੈ।ਮਾਂ ਕੋਲ਼ ਦਰਦ ਹੈ ਪਰ ਔਲਾਦ ਕੋਲ਼ ਸੁਨਣ ਦਾ ਸਮਾਂ ਨਹੀਂ। ਗੁਆਂਢੀ ਦਾ ਘਰ ਬਲ਼ ਰਿਹਾ ਹੈ ਪਰ ਅਸੀਂ ਤਾਂ ਚੀਕ ਦੀ ਪਰਿਭਾਸ਼ਾ ਹੀ ਭੁੱਲ ਗਏ ਹਾਂ।ਅਜਿਹੇ ਹਾਲਾਤ ‘ਚ ਵਿਅੰਗ ਦੀਆਂ ਉਦੇਸ਼ਪੂਰਣ ਉਕਤੀਆਂ ਸਾਡੀ ਸੁੱਤੀ ਪਈ ਸੰਵੇਦਨਾ ਨੂੰ ਹਲੂਣਕੇ ਜਗਾਉਣ ਦਾ ਕੰਮ ਕਰਦੀਆਂ ਹਨ। |
|
ਸਵੈ-ਯਕੀਨੀ ਜਗਾਉਣ ‘ਚ ਵੀ ਵਿਅੰਗ ਕਾਰਗਾਰ ਸਾਬਿਤ ਹੋ ਰਹੇ ਹਨ।ਸਾਡੀਆਂ ਪਰੰਪਰਾਵਾਂ ਸੁੰਗੜ ਗਈਆਂ ਹਨ।ਸਾਡੀ ਪੰਜਾਬੀ ਪਰੰਪਰਾ ,ਕਦਰਾਂ-ਕੀਮਤਾਂ ਤੇ ਹੋਰ ਵਿਸ਼ਿਆਂ ‘ਤੇ ਲਿਖਿਆ ਸਾਹਿਤ ਆਦਰਸ਼ ਹੋਣ ਦੇ ਬਾਵਜੂਦ ਅਸੀਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਕਮਜ਼ੋਰ ਤੇ ਸਵੈ-ਯਕੀਨੀ ‘ਚ ਘਾਟ ਮਹਿਸੂਸ ਕਰਦੇ ਹਾਂ।ਇਸ ਸਮੇਂ ਵਿਅੰਗ ਹੀ ਆਤਮ-ਵਿਸ਼ਵਾਸ ਜਗਾਇਆ ਕਰਦਾ ਹੈ।ਜ਼ਿੰਗਦੀ ਦੇ ਵਿਰੋਧੀ ਭਾਵਾਂ ਨੂੰ ਹਾਂ-ਪੱਖੀ ਵਤੀਰੇ ਨਾਲ਼ ਪਰਖਣ ਦਾ ਕੰਮ ਵੀ ਵਿਅੰਗ ਕਰਦਾ ਹੈ।ਵਿਅੰਗ ਉਹਨਾਂ ਵਿਰੋਧੀ ਭਾਂਵਾਂ ‘ਚੋਂ ਹੀ ਹਾਂ-ਪੱਖੀ ਊਰਜਾ ਲੱਭ ਲਿਆਉਂਦਾ ਹੈ ਜਿਹੜੇ ਕਦੇ ਰੁਕਾਵਟਾਂ ਬਣ ਸਕਦੇ ਸਨ।ਇਸ ਤਰ੍ਹਾਂ ਵਿਅੰਗ ਨਾਲ਼ ਹੀ ਮਨੁੱਖੀ ਸੰਵੇਦਨਾ,ਵਿਡੰਬਨਾਵਾਂ ਨੂੰ ਉਭਾਰਿਆ ਜਾ ਸਕਦਾ ਹੈ ਤੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਬਣਾਇਆ ਜਾ ਸਕਦਾ ਹੈ। ਲਿਖਤਮ
ਗੁਰਮੀਤ ਬਰਾੜ |