ਮੁਲਾਕਾਤ
ਕਵਿਤਾ ਨਾਲ਼ ਮੇਰਾ ਸਭ ਤੋਂ ਨੇੜਲਾ ਰਿਸ਼ਤਾ ਹੈ

ਅਮਰਜੀਤ ਕੌਂਕੇ
ਤੁਸੀਂ ਆਪਣੀਆਂ ਕਵਿਤਾਵਾਂ ‘ਚ ਬਚਪਨ ਤੇ ਜਵਾਨੀ ਦੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਦੀ ਗੱਲ ਕਰਦੇ ਰਹੇ ਹੋ।ਕਿਹੋ ਜਿਹੇ ਸਨ ਉਹ ਦਿਨ?ਕੀ ਘਾਲਣਾ ਘਾਲਣੀ ਪਈ?
ਮੇਰੀਆਂ ਕਵਿਤਾਵਾਂ ‘ਚ ਜਿਸ ਸੰਘਰਸ਼ ਦੀ ਗੱਲ ਹੋਈ ਹੈ ਉਹ ਮੇਰੇ ਪਰਿਵਾਰ ਦੀ ਆਰਥਿਕਤਾ ਨਾਲ਼ ਜੁੜੀ ਹੋਈ ਹੈ... ਪਰਿਵਾਰ ‘ਚ ਪਿਤਾ ਜੀ ਦੀ ਆਮਦਨ ਬਹੁਤੀ ਨਾ ਹੋਣ ਕਾਰਨ ਬਚਪਨ ‘ਚ ਹੀ ਤੰਗੀ-ਤੁਰਸ਼ੀ ਦਾ ਮਾਹੌਲ ਵੇਖਣਾ ਪਿਆ..ਪੜ੍ਹਾਈ ਦੇ ਵਾਸਤੇ ਪੂਰੀਆਂ ਫੀਸਾਂ ਵੀ ਕਈ ਵਾਰ ਨਹੀਂ ਸੀ ਹੁੰਦੀਆਂ ਦੇਣ ਲਈ...ਇਸ ਮਾਹੌਲ ‘ਚ ਪੜ੍ਹਨ ਦੇ ਨਾਲ਼- ਨਾਲ਼ ਹੀ ਪਾਰਟ-ਟਾਈਮ ਫ਼ੈਕਟਰੀਆਂ ‘ਚ ਨੌਕਰੀ ਕਰਨੀ, ਘਰ ਜਾ ਕੇ ਟੀਊਸ਼ਨਾਂ ਕਰਨੀਆਂ, ਅਜਿਹੇ ਕੰਮ ਕਰਨੇ ਪਏ..ਉਸ ਨਾਲ਼ ਮੇਰੇ ਮਨ ‘ਚ ਇੱਕ ਅਜੀਬ ਕਿਸਮ ਦੀ ਉਪਰਾਮਤਾ ਜਿਹੀ ਪੈਦਾ ਹੋ ਗਈ...ਪਿਤਾ ਨਾਲ਼ ਵੀ ਅਜੀਬ ਕਿਸਮ ਦੀ ਕਸ਼-ਮ-ਕਸ਼ ਜਿਹੀ ਬਣੀ ਰਹਿੰਦੀ ਸੀ...ਇਸੇ ਮਾਹੌਲ ਵਿਚੋਂ ‘ਨਿਰਵਾਣ ਦੀ ਤਲਾਸ਼’ ਵਿਚਲੀਆਂ ਕਵਿਤਾਵਾਂ ਨਿਕਲੀਆਂ...ਬਚਪਨ ਦੀ ਕੋਈ ਸੁਖਾਵੀਂ ਯਾਦ ਮੇਰੇ ਮਨ ‘ਚ ਨਹੀਂ ਬਣਦੀ...ਜੇ ਮੈ ਸੋਚਣਾ ਵੀ ਚਾਹਾਂ ਕਦੇ....ਉਸ ਸਮੇਂ ਦੀਆਂ ਮੇਰੀਆਂ ਕਵਿਤਾਵਾਂ ਵਿੱਚ ਇਸ ਸਾਰੀ ਤੰਗੀ-ਤੁਰਸ਼ੀ ਤੇ ਸੰਘਰਸ਼ ਦੀ ਦਾਸਤਾਨ ਵੇਖੀ ਜਾ ਸਕਦੀ ਹੈ ..ਮੈਨੂੰ ਹੁਣ ਵੀ ਲਗਦਾ ਹੈ ਕਿ ਜੇ ਬਚਪਨ ‘ਚ ਮੈਂ ਏਸ ਗ਼ੁਰਬਤ ਦਾ ਸਾਹਮਣਾ ਨਾਂ ਕਰਦਾ ਤਾਂ ਹੋ ਸਕਦਾ ਹੈ ਮੇਰਾ ਜੀਵਨ ਕੁੱਝ ਹੋਰ ਬੇਹਤਰ ਤੇ ਸੁਖਾਂਵਾਂ ਹੁੰਦਾ।
ਕਵਿਤਾ ਨਾਲ਼ ਹੀ ਕਿਉਂ ਸਾਂਝ ਪਈ? ਤੁਹਾਡੇ ਲਈ ਕਵਿਤਾ ਆਖ਼ਿਰ ਹੈ ਕੀ?
ਬੱਸ ਇਸੇ ਤਰ੍ਹਾਂ ਦੇ ਮਾਹੌਲ ‘ਚੋਂ ਕੁੱਝ ਰਾਹਤ ਪਾਉਣ ਵਾਸਤੇ ਪੁਸਤਕਾਂ ਦਾ ਆਸਰਾ ਲਿਆ...ਹੌਲ਼ੀ-ਹੌਲ਼ੀ ਪੜ੍ਹਦੇ-ਪੜ੍ਹਦੇ ਲਿਖਣਾ ਸ਼ੁਰੂ ਕਰ ਦਿੱਤਾ.... ਥੋੜ੍ਹਾ-ਥੋੜਾ....ਉਦੋਂ ਕਵਿਤਾ ਇੰਜ ਲਗਦੀ ਸੀ ਜਿਵੇਂ ਕਿ ਸਭ ਨਾਲ਼ੋਂ ਵੱਧ ਨੇੜੇ ਹੈ..ਹਰ ਰਿਸ਼ਤੇ ਨਾਲ਼ੋਂ , ਹਰ ਮੁਹੱਬਤ ਨਾਲ਼ੋਂ ...ਕਵਿਤਾ ਤੋਂ ਨੇੜੇ ਹੁਣ ਵੀ ਮੈਨੂੰ ਕੋਈ ਨਹੀਂ ਲਗਦਾ...ਕਵਿਤਾ ਨਾਲ਼ ਮੇਰਾ ਸਭ ਤੋਂ ਨੇੜਲਾ ਰਿਸ਼ਤਾ ਹੈ...ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਵੇਂ ਕੋਈ ਸਤਾਇਆ ਹੋਇਆ ਬਾਲ ਮਾਂ ਦੀ ਹਿੱਕ ‘ਚ ਪਨਾਹ ਮੰਗਦਾ ਹੈ ਮੈਂ ਕਵਿਤਾ ਕੋਲ਼ ਉਸ ਤਰ੍ਹਾਂ ਜਾਂਦਾ ਹਨ...ਜਿਹੜੇ ਰਾਜ ਮੈ ਕਿਸੇ ਨਾਲ਼ ਸਾਂਝੇ ਨਹੀਂ ਕਰ ਸਕਦਾ ਓਹ ਮੈਂ ਕਵਿਤਾ ਨਾਲ਼ ਸਾਂਝੇ ਕਰਦਾ ਹਨ...ਕਵਿਤਾ ਮੇਰੇ ਸਾਹਾਂ ਦੇ ਨੇੜੇ ਹੈ...ਕਵਿਤਾ ਮਨ ਦੇ ਉਨ੍ਹਾਂ ਅਹਿਸਾਸਾਤ ਨੂੰ ਸ਼ਬਦਾਂ ‘ਚ ਪਰੋਣ ਦਾ ਨਾਂ ਹੈ ਜਿਹੜੇ ਤੁਹਾਡੀ ਰੂਹ ਦੇ ਬਹੁਤ ਨਜ਼ਦੀਕ ਹੁੰਦੇ ਹਨ...ਬਚਪਨ ਦੇ ਉਸ ਤਲਖ ਮਾਹੌਲ ਵਿੱਚ ਕਵਿਤਾ ਮੇਰੇ ਲਈ ਅਜਿਹਾ ਮੋਢਾ ਬਣ ਗਈ ਜਿਸ ਤੇ ਸਿਰ ਧਰ ਕੇ ਮੈਂ ਰੋ ਸਕਦਾ ਸਾਂ...ਹਾਰਨ ਤੋਂ ਬਾਅਦ ਵੀ ਫ਼ਿਰ ਲੜਨ ਲਈ ਤਿਆਰ ਹੋ ਸਕਦਾ ਸਾਂ।

ਕਵਿਤਾਕਾਰੀ ਦੇ ਮੁੱਢਲੇ ਦਿਨ : ਅੰਮ੍ਰਿਤਾ ਤੇ ਇਮਰੋਜ਼ ਨਾਲ਼
ਕਵਿਤਾ ਤੋਂ ਇਲਾਵਾ ਕਿਸੇ ਹੋਰ ਵਿਧਾ ਨੂੰ ਨਹੀ ਛੂਹਿਆ?
ਤੁਸੀਂ ਹੈਰਾਨ ਹੋਵੋਗੇ ਕਿ ਮੇਰੀ ਸਭ ਤੋਂ ਪਹਿਲੀ ਰਚਨਾ ਕਹਾਣੀ ਦੇ ਰੂਪ ‘ਚ ਛਪੀ...ਕੁੱਝ ਹੋਰ ਕਹਾਣੀਆਂ ਵੀ ਪ੍ਰਕਾਸ਼ਿਤ ਹੋਈਆਂ...ਪਰ ਬਾਦ ‘ਚ ਜਦੋਂ ਮੈਂ ਨਾਗਮਣੀ ‘ਚ ਛਪਣਾ ਸ਼ੁਰੂ ਕੀਤਾ ਮੈਂਨੂੰ ਲਗਿਆ ਕਿ ਮੈਂ ਆਪਣੇ ਦਿਲ ਦੀ ਗੱਲ ਕਵਿਤਾ ਦੇ ਰੂਪ ‘ਚ ਜ਼ਿਆਦਾ ਵਧੀਆ ਕਹਿ ਸਕਦਾ ਹਨ ਤਾਂ ਮੈਂ ਕਵਿਤਾ ਨੂੰ ਹੀ ਆਪਣੀ ਗੱਲ ਕਹਿਣ ਦਾ ਜ਼ਰੀਆ ਬਣਾ ਲਿਆ...ਉਂਜ ‘ਨਾਗਮਣੀ’ ‘ਚ ਕਦੇ ਕਦੇ ਵਾਰਤਕ ਵੀ ਲਿਖੀ, ਆਲੋਚਨਾ ‘ਚ ਵੀ ਕੁੱਝ ਕੰਮ ਕੀਤਾ.... ਪਰ ਮੂਲ ਰੂਪ ‘ਚ ਕਵਿਤਾ ਲਿਖਣ ਨੂੰ ਪਹਿਲ ਦਿੰਦਾ ਰਿਹਾ।

ਬੇਟੇ ਗਗਨਦੀਪ ਨਾਲ਼
ਤੁਹਾਡੇ 'ਅੱਜ' ‘ਚ ਕਿਸ ਦੇ 'ਕੱਲ੍ਹ' ਦਾ ਯੋਗਦਾਨ ਹੈ?
ਬਹੁਤ ਸਾਰੇ ਲੋਕਾਂ ਦਾ ਜੋ ਸਮੇਂ-ਸਮੇਂ ‘ਤੇ ਮੇਰੇ ਨਾਲ਼ ਵਾਬਸਤਾ ਰਹੇ....ਅੰਮ੍ਰਿਤਾ ਹੁਰਾਂ ਨੇ ਮੈਂਨੂੰ ‘ਨਾਗਮਣੀ’ ‘ਚ ਥਾਂ ਦਿੱਤੀ ਮੈਂ ਉਨ੍ਹਾਂ ਨੂੰ ਕਦੇ ਨਹੀ ਭੁੱਲ ਸਕਦਾ....’ਨਾਗਮਣੀ’ ਦਾ ਮੇਰੀ ਕਵਿਤਾ ਨੂੰ ਸਥਾਪਿਤ ਕਰਨ ‘ਚ ਬਹੁਤ ਵੱਡਾ ਯੋਗਦਾਨ ਹੈ...ਉਨ੍ਹਾਂ ਵੇਲਿਆਂ ‘ਚ ‘ਨਾਗਮਣੀ’ ‘ਚ ਛਪਣਾ ਬਹੁਤ ਵੱਡੀ ਗੱਲ ਹੁੰਦੀ ਸੀ...ਅੰਮ੍ਰਿਤਾ ਜੀ ਨੇ ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ‘ਨਾਗਮਣੀ’ ਦੇ ਟਾਇਟਲ ਤੇ ਛਾਪ ਕੇ ਜਿੰਨਾ ਮਾਣ ਮੈਂਨੂੰ ਦਿੱਤਾ ਉਸਦਾ ਦੇਣ ਮੈਂ ਨਹੀਂ ਦੇ ਸਕਦਾ...ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕ ਹਨ ਪਰਿਵਾਰ ਦੇ ਮੈਂਬਰ ਵੀ ਜਿਨ੍ਹਾਂ ਦੇ ਮੋਹ ਮੁਹੱਬਤ ਨਾਲ਼ ਮੈਂ ਏਸ ਪੜਾਅ ਤੇ ਪਹੁੰਚਣ ਦੇ ਸਮਰੱਥ ਬਣਿਆ...ਮੇਰੇ ਚਾਚਾ ਜੀ ਸੁਰਜੀਤ ਸਿੰਘ ਕਾਉਂਕੇ ਜੋ ਖ਼ੁਦ ਵੀ ਲਿਖਦੇ ਹਨ, ਉਨ੍ਹਾਂ ਦੀਆਂ ਘਰ ਵਿੱਚ ਪਈਆਂ ਕਿਤਾਬਾਂ ਪੜ੍ਹ ਕੇ ਮੇਰੇ ਅੰਦਰ ਲਿਖਣ ਦੀ ਚੇਟਕ ਲੱਗੀ...ਉਹ ਉਦੋਂ ਅਧਿਆਪਕ ਸਨ ਤੇ ਅਕਸਰ ਮੈਂਨੂੰ ਕਿਤਾਬਾਂ ਲੈ ਕੇ ਭੇਜਦੇ ਸਨ, ਹਰ ਨਵੀਂ ਕਲਾਸ ‘ਚ ਜਾਂ ਵੇਲੇ...ਮੈਂ ਸਮਝਦਾ ਹਾਂ ਉਨ੍ਹਾਂ ਦੀ ਵੀ ਬਹੁਤ ਵੱਡੀ ਸਹਾਇਤਾ ਸੀ ਮੇਰੇ ਲਈ...ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਬਾਰੇ ਸੋਚਦਿਆਂ ਮੇਰਾ ਮਨ ਸ਼ਰਧਾ ਨਾਲ਼ ਭਰ ਜਾਂਦਾ ਹੈ....ਮੇਰੇ ਫੈਕਟਰੀਆਂ ਦੇ ਦੋਸਤ ਜਿਨ੍ਹਾਂ ਨਾਲ਼ ਮੈ ਜੀਵਨ ਦੇ ਕਈ ਸਾਲ ਬਤੀਤ ਕੀਤੇ ਅਚੇਤ, ਸੁਚੇਤ ਉਨ੍ਹਾਂ ਦਾ ਪਿਆਰ ਵੀ ਮੈਂਨੂੰ ਯਾਦ ਆਉਂਦਾ ਹੈ......ਇਨ੍ਹਾਂ ਸਾਰਿਆਂ ਦਾ ਮੇਰੇ ‘ਅੱਜ’ ਵਿੱਚ ਬਹੁਤ ਯੋਗਦਾਨ ਹੈ।

ਰਵਿੰਦਰ ਰਵੀ,ਗੁਲਜ਼ਾਰ ਸੰਧੂ ਤੇ ਹੋਰ ਸਾਹਿਤਕਾਰਾਂ ਦੀ ਮਹਿਫਿਲ ‘ਚ
ਨਾਕਾਮ ਮੁਹੱਬਤਾਂ ਤੇ ਨਾਲ਼-ਨਾਲ਼ ਰੋਜ਼ੀ-ਰੋਟੀ ਦਾ ਸੰਘਰਸ਼ ਅਕਸਰ ਕੰਗਾਲੀ ‘ਚ ਆਟਾ ਗਿੱਲਾ ਕਰ ਦਿੰਦਾ ਹੈ।ਤੁਹਾਡਾ ਕੀ ਨਜ਼ਰੀਆ ਹੈ?ਕੋਈ ਨਿੱਜੀ ਤਜ਼ੁਰਬਾ ਵੀ ਹੋਇਆ?
ਬੱਸ ਸਭ ਕੁੱਝ ਇੱਕਠਾ ਹੀ ਚਲਦਾ ਰਿਹਾ...ਦੁੱਖ, ਸੁੱਖ...ਰੋਸੇ, ਹਾਸੇ....ਮੁਹੱਬਤਾਂ ਨੇ ਸ਼ੁਰੂ ‘ਚ ਹੀ ਪੈਰਾਂ ‘ਚ ਭਟਕਣ ਭਰ ਦਿਤੀ...ਰੋਟੀ-ਰੋਜ਼ੀ ਦੇ ਸੰਘਰਸ਼ ‘ਚ ਕਈ ਕੁੱਝ ਗਵਾਚ ਗਿਆ...ਸ਼ਹਿਰ ਬੇਗਾਨੇ ਲੱਗਣ ਲੱਗ ਪਏ...1981 ਤੋ 1985 ਤੱਕ ਬਹੁਤ ਹੀ ਔਖੇ ਸਾਲ ਸਨ...ਜਿਨ੍ਹਾਂ ‘ਤੇ ਬਹੁਤ ਮਾਣ ਸੀ ਸਭ ਛੱਡ-ਛੁੜਾ ਕੇ ਤੁਰ ਗਏ...200-250 ਰੁਪਏ ਮਹੀਨੇ ਤੇ ਨੌਕਰੀ ਕਰਦਾ ਸੀ...ਦਿਨ ਰਾਤ ਦੀ ਡਿਉਟੀ...ਬੰਦੇ ਦੇ ਪੱਲੇ ਕੁੱਝ ਨਾ ਹੋਵੇ ਤਾਂ ਸਭ ਦੁਨੀਆਂ ਪਾਸਾ ਮੋੜ ਜਾਂਦੀ ਹੈ....ਸਾਰੇ ਰਿਸ਼ਤੇ ਮੁੱਠੀ ‘ਚੋਂ ਰੇਤ ਵਾਂਗੂੰ ਕਿਰ ਗਏ....ਬੱਸ ਕਵਿਤਾਵਾਂ ‘ਚ ਉਨ੍ਹਾਂ ਦੀ ਯਾਦ ਬਾਕੀ ਰਹਿ ਗਈ...ਹੌਲ਼ੀ-ਹੌਲ਼ੀ ਮੈ ਉਹ ਸ਼ਹਿਰ ਵੀ ਤਿਆਗ ਦਿੱਤਾ ਜਿੱਥੇ ਮਰੀਆਂ ਮੁਹੱਬਤਾਂ ਦੀਆਂ ਯਾਦਾਂ ਕਿਸੇ ਮਰੀ ਮੈਨਾ ਦੇ ਖੰਭਾਂ ਵਾਂਗੂੰ ਉੱਡੀਆਂ ਫਿਰਦੀਆਂ ਸਨ।

‘ਅੰਤਹੀਨ ਦੌੜ’ ਰਿਲੀਜ਼ ਕਰਦਿਆਂ ਸੁਤਿੰਦਰ ਸਿੰਘ ਨੂਰ
ਪੰਜਾਬੀ ਦੀ ਬਲਾਗਿੰਗ ਦਾ ਕੀ ਭਵਿੱਖ ਵੇਖਦੇ ਹੋ?
ਦਰਅਸਲ ਪੰਜਾਬੀ ਦੀ ਬਲਾਗਿੰਗ ਦੇ ਭਵਿੱਖ ਪ੍ਰਤੀ ਮੈ ਬਹੁਤਾ ਆਸ਼ਾਵਾਦੀ ਨਹੀਂ ਹਾਂ...ਪੰਜਾਬੀ ਲੇਖਕਾਂ ਜਾਂ ਲੋਕਾਂ ‘ਚ ਕਹਿ ਲਵੋ ਕਿ ‘ਰਿਸਪੌਂਡ’ ਕਰਨ ਦੀ ਆਦਤ ਨਹੀਂ ਹੈ....ਇਸੇ ਕਾਰਣ ਸਾਰੇ ਬਲੌਗਰਜ਼ ਕੋਈ ਬਹੁਤ ਆਸ਼ਾਜਨਕ ਸਥਿਤੀ ‘ਚੋਂ ਨਹੀਂ ਗੁਜ਼ਰ ਰਹੇ....ਚੰਗੀ ਤੋਂ ਚੰਗੀ ਰਚਨਾ ਨੂੰ ਵੀ ਕੋਈ ‘ਐਪਰੀਸ਼ਿਏਟ’ ਕਰਨ ਨੂੰ ਤਿਆਰ ਨਹੀਂ.....ਜਿੰਨਾ ਵੱਡਾ ਪੰਜਾਬੀ ਦਾ ਦਾਇਰਾ ਹੈ ਉਸ ਹਿਸਾਬ ਨਾਲ਼ ਤੁਸੀਂ ਪੰਜਾਬੀ ਬਲੌਗਜ਼ ਦੀ ਗਿਣਤੀ ਵੇਖੋ, ਉਂਗਲਾਂ ਤੇ ਗਿਣਨ ਜੋਗੀ ਵੀ ਨਹੀਂ...ਹਰ ਕੋਈ ਆਪਣਾ ਢੋਲ ਵਜਾ ਰਿਹਾ ਹੈ ਤੇ ਹਰ ਕਿਸੇ ਨੂੰ ਆਪਣੇ ਤੋਂ ਵੱਡਾ ਕੋਈ ਨਜ਼ਰ ਨਹੀਂ ਆ ਰਿਹਾ......ਹਿੰਦੀ ਵਿੱਚ ਮੈਂ ਇਸ ਲਈ ਬਲੌਗ ਤੇ ਗਿਆ ਕਿਉਂਕਿ ਮੈ ਪਹਿਲਾਂ ਪੰਜਾਬੀ ‘ਚ ਬਲੌਗ ਦਾ ਤਜ਼ੁਰਬਾ ਕਰ ਚੁੱਕਿਆ ਸੀ..ਹਿੰਦੀ ਦਾ ਦਾਇਰਾ ਵੱਡਾ ਹੈ ਤੇ ਉਥੇ ਲੋਕ ਤੁਹਾਡੀ ਰਚਨਾ ਨੂੰ ‘ਰਿਸਪੌਡ’ ਕਰਦੇ ਹਨ...ਵੈਸੇ ਹੁਣ ਲੰਮੇ ਸਮੇਂ ਤੋਂ ਮੈਂ ਹਿੰਦੀ ਬਲੌਗ ‘ਤੇ ਵੀ ਬਹੁਤ ਘੱਟ ਜਾਂਦਾ ਹਾਂ ਵਕਤ ਦੀ ਘਾਟ ਕਾਰਣ.... ਪਰ ਹੁਣ ਮੈਂਨੂੰ ਲਗਦਾ ਹੈ ਕਿ ਫੇਸਬੁੱਕ ਸੱਭ ਨੂੰ ਪਿੱਛੇ ਛੱਡ ਕੇ ਇੱਕ ‘ਸੋਸ਼ਲ ਨੈਟਵਰਕ’ ਦਾ ਮਾਧਿਅਮ ਬਣੇਗੀ ।