<< Back

ਵਿਅੰਗ

ਬਾਬੇ ਮੋਟੀਆਂ ਗੋਗੜਾਂ ਵਾਲੇ

 

ਜਰਨੈਲ ਘੁਮਾਣ

ਬਾਬੇ ਮੋਟੀਆਂ ਗੋਗੜਾਂ ਵਾਲ਼ੇ
ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ ,

ਭੇਡ-ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ ,
ਜੋੜ ਚੇਲਿਆਂ ਦੀ ਜਮਾਤ , ਵਿਖਾਕੇ ਝੂਠੀ ਕਰਾਮਾਤ ,
ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲ਼ੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ।
ਕੋਈ ਕਹੇ ਬਾਬਾ ਤੋੜ ਦਿੰਦਾਂ ਹੈ ਬਿਮਾਰੀਆਂ ,

ਕੋਈ ਕਹੇ ਬਾਬੇ ਦੀਆਂ ਖੇਡਾਂ ਨੇ ਨਿਆਰੀਆਂ ,
ਕੁੱਖੋਂ ਸੱਖਣੀ ਸੀ ਭਾਨੀ ,
ਲੰਘੀਂ ਜਾਂਦੀ ਸੀ ਜਵਾਨੀ ,
ਇੱਕ ਮੰਗਦੀ ਸੀ , ਹੁਣ ਦੋ-ਦੋ ਪੁੱਤ ਪਾਲ਼ੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ।

ਕਹਿੰਦੇ ਆਉਂਦੀ ਬਾਬੇ ਕੋਲ਼ , ਕਾਲ਼ੀ ਦੇਵੀ ਰਾਤ ਨੂੰ ,
ਚੌਂਕੀ ਭਰਵਾਕੇ , ਤੁਰ ਜਾਂਦੀ ਪ੍ਰਭਾਤ ਨੂੰ ,
ਬਾਬਾ ਤੀਵੀਆਂ ਖਿਡਾਉਂਦਾ ,
ਸੁੱਖਾਂ ਪੂਰੀਆਂ ਕਰਾਉਂਦਾ ,
ਉਹੀਓ ਮਿਲਦਾ , ਜਿਹੜਾ ਜੋ ਵੀ ਭਾਲ਼ੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ ।

ਬਾਬਾ ਜੀ ਦੇ ਚਿਮਟੇ ’ਚ , ਸ਼ਿਵਜੀ ਦਾ ਵਾਸ ਹੈ ।
ਚਿਮਟੇ ਦੀ ਮਾਰ ਕਰੇ ,ਕਸ਼ਟਾਂ ਦਾ ਨਾਸ ਹੈ ।
ਕੱਢੇ ਭੂਤ ’ਤੇ ਪ੍ਰੇਤ ,
ਹੋਵੇ ਘਰ ਭਾਂਵੇਂ ਖੇਤ ,
ਖੋਹਲ ਦਿੰਦਾਂ ਹੈ ਮੁਕੱਦਰਾਂ ਦੇ ਤਾਲੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ।

ਸੱਸ ਨੂੰਹ ਦੀ ਬਣਦੀ ਨਾ , ਰਹਿੰਦੀ ਐ ਲੜਾਈ ਜੇ ।
ਵੀਰਵਾਰ ਵਾਲ਼ੇ ਦਿਨ , ਚਾੜ੍ਹ ਦਿਓ ਕੜਾਹੀ ਜੇ ।
ਕਾਲ਼ਾ ਕੁੱਕੜ , ਸ਼ਰਾਬ ,
ਕਰੂ ਦਿਨਾਂ ਵਿੱਚ ਲਾਭ ,
ਭੈਣਾਂ ਸਕੀਆਂ ਜਿਉਂ , ਘੁੰਮਣ ਦੁਆਲੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ।

ਲੱਭਦਾ ਨਾ ਵਰ ਜੇ , ਕੁੜੀ ਨੂੰ ਕੋਈ ਚੱਜਦਾ ।
ਵੇਖਿਓ ਕਨੇਡਿਓ ਸਿੱਧਾ , ਦਰ ਵਿੱਚ ਵੱਜਦਾ ।
ਇਕੱਤੀ ਸੌ ਦਾ ਇੱਕ ਪੁੰਨ ,
ਕਰੋ ਕਾਲ਼ੀ ਭੇਡ ਮੁੰਨ ,
ਦਿਨਾਂ ਵਿੱਚ ਵੇਖਿਓ , ਫੇਰੇ ਵੀ ਕਰਾਲੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ ।

ਚੱਜਿਆਂ , ਕੁਚੱਜਿਆਂ , ਜਿਹਨਾਂ ਨੂੰ ਕੋਈ ਕੰਮ ਨਾ ।
ਕੜਕਦੀ ਧੁੱਪ ’ਚ , ਮਚਾਇਆ ਜਿਹਨਾ ਚੰਮ ਨਾ ।
ਉਹ ਧਾਰ ਢੱਕਮੰਜ ,
ਕੱਢਵਾਕੇ ਸਿਰ ਗੰਜ ,
ਬਣੀ ਫਿਰਦੇ , ਭੈਰੋਂ ਦੇ ਸਕੇ ਸਾਲ਼ੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ ।

ਕਿਰਤਾਂ ਬਗੈਰ ਲੋਕੋ ਜ਼ਿੰਦਗੀ ’ਚ ਸੁੱਖ ਨਾ ।
ਦਵਾ-ਦਾਰੂ ਬਿਨਾਂ ਜਾਣ ਲੱਗੇ ਹੋਏ ਦੁੱਖ ਨਾ ।
ਜਾਗੋ ! ਜਾਗ ਜਾਓ ‘ਘੁਮਾਣ’
ਇਹ ਪਾਖੰਡੀ ਥੋਨੂੰ ਖਾਣ ,
ਇਹਨਾਂ ਉਂਤੇ ਨਾ , ਭਰੋਸੇ ਕਰੋ ਬਾਹਲ਼ੇ ।
ਭੋਲ਼ੇ-ਭਾਲ਼ੇ ਲੋਕਾਂ ਉੱਤੇ ਰਾਜ ਕਰਦੇ,
ਬਾਬੇ ਮੋਟੀਆਂ ਗੋਗੜਾਂ ਵਾਲ਼ੇ ।