ਗੁਰਬਾਣੀ ਵੀਚਾਰ:
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ
ਭਾਰਤੀ ਸਮਾਜ ਪਿਛਲੇ ਤਿੰਨ ਹਜ਼ਾਰ ਵਰ੍ਹਿਆਂ ਤੋਂ ਜ਼ਾਤ-ਪਾਤ ਦੇ ਬੰਧਨਾ ਵਿੱਚ ਜਕੜਿਆਂ ਹੋਇਆ ਹੈ।ਪੁਰਾਤਨ ਸਮਿਆਂ ਵਿੱਚ ਕਿਰਤ ਦੀ ਵੰਡ ਕਾਰਣ ਹੋਂਦ ਵਿੱਚ ਆਈ ਜ਼ਾਤ-ਵਿਵਸਥਾ ਨੇ ਆਪਣੀਆਂ ਜੜ੍ਹਾਂ ਡੂਘੀਆਂ ਬਣਾ ਲਈਆਂ ਅਤੇ ਦੇਸ਼ ਵਿੱਚ ਅਨਪੜ੍ਹਤਾ,ਗ਼ਰੀਬੀ ‘ਤੇ ਮਾਨਸਿਕ ਗ਼ੁਲਾਮੀ ਨੂੰ ਜਨਮ ਦਿੱਤਾ।ਪੜ੍ਹਨਾਂ ਇੱਕ ਖ਼ਾਸ ਵਰਗ ਦੇ ਹਿੱਸੇ ਆਉਣ ਕਰਕੇ ਬਾਕੀ ਜਨਤਾ ਗਿਆਨ ਤੋਂ ਵਾਂਝੀ ਰਹਿ ਗਈ ।ਲੜਨ ਵਾਲ਼ਾ ਵਰਗ ਲੜਦਾ-ਲੜਦਾ ਥੱਕ ਗਿਆ ‘ਤੇ ਸਮੇਂ ਨਾਲ਼ ਹਮਲਾਵਰ ਲੁਟੇਰਿਆਂ ਨਾਲ਼ ਰਲ਼ ਗਿਆ।ਵਪਾਰੀ ਵਰਗ ਦਾ ਉਦੇਸ਼ ਸਿਰਫ਼ ਆਰਥਿਕ ਸ਼ੋਸ਼ਣ ਕਰਨਾ ਰਹਿ ਗਿਆ।ਕਿਰਤੀ ਵਰਗ ਜੋ ਦੇਸ਼ ਦਾ ਉਤਪਾਦਕ ਵਰਗ ਵੀ ਸੀ ਗਿਆਨ ਵਿਹੁਣਾ,ਯੁੱਧ ਨੀਤੀ ‘ਤੇ ਅਰਥ ਨੀਤੀ ਤੋਂ ਦੂਰ ‘ਤੇ ਅਣਜਾਣ ਰਹਿ ਗਿਆ।
ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਜਗਤ ਜਲੰਦੇ ਨੂੰ ਘੋਖਿਆ ਤਾਂ ਉਹਨਾਂ ਦੇਸ਼ ਦਿਆਂ ਮੁੱਖ ਮਸਲਿਆਂ ਦਾ ਕਾਰਣ ਜ਼ਾਤ-ਪਾਤ ‘ਚ ਹੀ ਪਛਾਣਿਆ।ਕਾਫ਼ੀ ਚਿੰਤਨ ਕਰਨ ਤੋਂ ਬਾਦ ਜਦੋਂ ਗੁਰੂ ਸਾਹਿਬ ਨੇ ਆਪਣੀ ਨੀਤੀ ਸੰਸਾਰ ਸਾਹਮਣੇ ਐਲਾਨੀ ਤਾਂ ਉਹਨਾ ਨੇ ਆਪਣੇ ਆਪ ਨੂੰ ਸਭ ਤੋਂ ਨੀਵੇਂ ਸਮਝੇ ਜਾਣ ਵਾਲ਼ੇ ਕਿਰਤੀ ਵਰਗ ਨਾਲ਼ ਜੋੜਿਆ।ਡੂਮ ਜਾਤ ਦੇ ਭਾਈ ਮਰਦਾਨੇ ਨੂੰ ਆਪਣੀਆਂ ਉਦਾਸੀਆਂ ਦਾ ਭਾਈਵਾਲ਼ ਬਣਾਇਆ ਅਤੇ ਮਲਿਕ ਭਾਗੋ ਦੇ ਬ੍ਰਹਮ ਭੋਜ ਦੀ ਥਾਂ ਭਾਈ ਲਾਲੋ ਦੀ ਰੁੱਖ਼ੀ-ਸੁੱਖੀ ਨੂੰ ਗ੍ਰਹਿਣ ਕੀਤਾ।ਜਦੋਂ ਗੁਰੂ ਸਾਹਿਬ ਤੋਂ ਉਹਨਾ ਦੀ ਜ਼ਾਤ ਪੁੱਛਦਾ ਤਾਂ ਉਹਨਾਂ ਦਾ ਜਵਾਬ ਹੁੰਦਾ:...
