ਸ਼ਬਦ-ਚਿੱਤਰ
ਪੈੜਚਾਲ ਦੀ ਭਾਸ਼ਾ ਚੋਂ ਰਾਮ ਸਿੰਘ ਚਾਹਲ
| |
ਦੇਵਨੀਤ |
ਚਾਹਲ ਬਾਈ !!!!!
ਜੋ ਚਿਖ਼ਾ ‘ਚ ਬਲ ਰਿਹਾ ਹੈ/ਉਹ ਤੂੰ ਨਹੀਂ ਹੈਂ/
ਉਹ ਤਾਂ ਜੰਡਾਂ ‘ਚੋਂ ਇੱਕ ਜੰਡ/ਬੰਦਿਆਂ ‘ਚੋਂ ਇੱਕ ਬੰਦਾ/ਲੱਕੜਾਂ ਬਣੇ ਹਨ/
ਦੋਹੇਂ ਲੱਕੜਾਂ ਰਲਕੇ ਜਲ ਰਹੀਆਂ ਹਨ/ਲਵੀਆਂ ਕਣਕਾਂ ਦੇ ਖੇਤਾਂ ਉਤੋਂ/
ਜੋ/ਪੋਹ ਦੀ ‘ਵਾ ਰੁਮਕ ਰਹੀ ਹੈ/
ਉਹ ਤੂੰ ਹੈਂ !!!!!!

ਮੈਂ ਰਾਮ ਸਿੰਘ ਚਾਹਲ ਨੂੰ ‘ਚਾਹਲ’ ਕਹਿੰਦਾ ਰਿਹਾ ਹਾਂ। ਹੁਣ ਵੀ ਕਹਿੰਦਾ ਹਾਂ। ਮੈਂ ਐਨਾ ਖੁਸ਼ਕਿਸਮਤ ਨਹੀਂ ਹਾਂ ਕਿ ਰਾਮ ਸਿੰਘ ਚਾਹਲ ਨੂੰ ‘ਕੱਲਾ ‘ਰਾਮ’ ਕਹਿ ਸਕਦਾ ਹੋਵਾਂ। ਇਹ ਹਾਸਲ ਸਿੱਧੂ ਦਮਦਮੀ ਕੋਲ ਹੈ। ਉਹ ਅੱਜ ਵੀ ਰਾਮ ਸਿੰਘ ਚਾਹਲ ਨੂੰ ‘ਰਾਮ’ ਹੀ ਕਹਿੰਦਾ ਹੈ। ਕਾਰਨ ਮੈਂ ਚਾਹਲ ਨੂੰ ਕਾਫੀ ਲੇਟ ਮਿਲਿਆ। ਉਦੋਂ ਉਹ ਇੱਕ ਕਵੀ ਵਜੋਂ ਸਥਾਪਤ ਹੋ ਚੁੱਕਾ ਸੀ। ਸਿੱਧੂ ਦਮਦਮੀ ਉਸ ਦਾ ਜੁੱਲੜਾਂ ਦਾ ਯਾਰ ਹੈ।
ਬੰਦਾ ਜਦੋਂ ਨਹੀਂ ਹੁੰਦਾ, ਉਦੋਂ ਹੀ ਸਮਝ ਆਉਂਦੀ ਹੈ ਕਿ ਬੰਦਾ ਕੀ ਸੀ। ਬੰਦੇ ਦੇ ਹੁੰਦਿਆਂ ਸਾਡੇ ਮਨ ਅੰਦਰ ਉਸ ਪ੍ਰਤੀ ਈਰਖਾ, ਲਾਲਚ, ਹਿਪੋਕਰੇਸੀ ਉਸਦੇ ਚੰਗੇ ਪੱਖ ਤੋਂ ਪਾਸਾ ਵੱਟਦੀ ਰਹਿੰਦੀ ਹੈ। ਉਸਦੇ ਤੁਰ ਜਾਣ ਨਾਲ ਸਾਡਾ ਮਨ ਉਸ ਪ੍ਰਤੀ ਪਵਿੱਤਰ ਹੋ ਜਾਂਦਾ ਹੈ। ਫਿਰ ਇਸ ਪਾਕ ਮਨ ਦੀ ਨਿਰਮਲਤਾ ਵਿਚੋਂ ਟੁਰ ਜਾਣ ਵਾਲੇ ਦਾ ਸੱਚ, ਤਲਾਅ ਵਿੱਚ ਫਿਰਦੇ ਚੰਦ ਵਾਂਗ ਲਿਸ਼ਕਣ ਲੱਗ ਜਾਂਦਾ ਹੈ। ਅੱਜ ਵੇਖਦਾ ਹਾਂ ਤਾਂ ਸਮਝ ਆਉਂਦੀ ਹੈ ਕਿ ਪੰਜਾਬੀ ਕਲਚਰ ਚਾਹਲ ਦੇ ਖੂਨ ਦੀ ਤਾਸੀਰ ਸੀ। ਜਦੋਂ ਮੱਧ ਵਰਗੀ ਬਾਪ ਆਪਣੇ ਬੱਚੇ ਨੂੰ ਦਲਿਤ ਬੱਚਿਆਂ ਨਾਲ ਖੇਡਣੋਂ ਰੋਕਦਾ ਤੇ ਮੇਨ ਗੇਟ ਦੀ ਅੰਦਰੋਂ ਕੁੰਡੀ ਲਗਾ ਲੈਦਾਂ ਹੈ। ਪਰ ਵੇਖਦਾ ਹੈ ਕਿ ਉਹ ਬੱਚਿਆਂ ਨਾਲ ਫਿਰ ਖੇਡਣ ਦੌੜ ਜਾਂਦਾ ਹੈ। ਇਹ ਉਸ ਦੀ ਕਵਿਤਾ ਹੈ, ਉਸਦੇ ਪੰਜਾਬੀ ਖੂਨ ਦੀ ਤਾਸੀਰ।

ਰਾਮ ਸਿੰਘ ਚਾਹਲ ਦੇ ਸੁਭਾਅ ‘ਚ ਤੂਤ ਦਾ ਮੋਛਾ ਅਤੇ ਛੋਲਿਆਂ ਦੇ ਵੱਢ ਦੀ ਸਮਝ ਰਮੀ ਹੋਈ ਸੀ। ਇਸੇ ਕਰਕੇ ਉਹ ਯਾਰਾਂ ਦਾ ਯਾਰ ਸੀ। ਤੋੜ ਤੱਕ ਨਿਭਣ ਵਾਲਾ। ਅੰਤ ਤੱਕ ਨਾਲ ਤੁਰਨ,ਖੜ੍ਹਣ ਵਾਲਾ। ਉਸਦੇ ਮਿੱਤਰਾਂ ਦੀ ਲਿਸਟ ਲੰਬੀ ਹੈ-ਸਿੱਧੂ ਦਮਦਮੀ, ਗੁਰਚਰਨ ਚਾਹਲ ਭੀਖੀ, ਰਾਮ ਸਰੂਪ ਅਣਖੀ, ਪਾਸ਼, ਸਵਰਨਜੀਤ ਸਵੀ ਤੇ ਹੋਰ ਪਤਾ ਨੀ ਕਿੰਨੇ ਹੀ। ਜਿੰਨਾਂ ਨਾਲ ਉਹ ਅੰਤ ਤੱਕ ਨਿਭਿਆ। ਉਸਦੇ ਅੰਤਲੇ ਪਹਿਰਾਂ ‘ਚ ਸਵਰਨਜੀਤ ਸਵੀ ਲੁਧਿਆਣੇ ਹਸਪਤਾਲ ਉਸਦੇ ਸਿਰਹਾਣੇ ਬੈਠਾ ਰਿਹਾ। ਉਹ ਆਪਣੇ ਮਿੱਤਰਾਂ ਦੇ ਗੁਣ ਔਗੁਣ ਵੇਖਣ ਦੀ ਥਾਂ ਬਸ ਯਾਰ ਹੋਣ ਨੂੰ ਮਹੱਤਵ ਦਿੰਦਾ ਸੀ। ਉਸ ਦੇ ਪਿੰਡ ਦਾ ਇੱਕ ਸਧਾਰਨ ਮਾਸਟਰ ਜਸਵੀਰ ਪੀ. ਟੀ. ਜਿਸਦਾ ਚਾਹਲ ਨਾਲ ਕੁੱਝ ਵੀ ਨੀ ਮਿਲਦਾ ਸੀ ਉਹ ਉਸ ਨਾਲ ਵੀ ਅੰਤ ਤੱਕ ਯਾਰੀ ਨਿਭਾਉਂਦਾ ਰਿਹਾ। ਚਾਹਲ ਦੀ ਮਹਿਮਾਨ ਨਿਵਾਜੀ ਬੜੀ ਸਰਲ ਸਪਸ਼ਟ ਸੀ। ਕੋਈ ਉਚੇਚ ਨਹੀਂ, ਦੰਭ ਨਹੀਂ। ਉਸਦੇ ਘਰ ਕੋਈ ਵੀ ਜਾਂਦਾ ਉਹ ਐਨੀ ਸਹਿਜ ਤੇ ਦੱਬਵੀ ਆਵਾਜ਼ ‘ਚ ਕੱਪਾਂ ਦੀ ਗਿਣਤੀ ਦਸਦਾ ਕਿ ਆਉਣ ਵਾਲੇ ਨੂੰ ਚਾਹ ਦੇ ਕੱਪ ਆ ਜਾਣ ਤੋਂ ਪਹਿਲਾਂ ਕੁੱਝ ਵੀ ਪਤਾ ਨਹੀਂ ਸੀ ਲਗਦਾ ਕਿ ਕਦੋਂ ਚਾਹ ਨੂੰ ਕਿਹਾ। ਉਹ ਆਪਣੇ ਘਰੋਂ ਹਰ ਚੀਜ਼ ਬੜੇ ਚਾਅ ਨਾਲ ਸਾਨੂੰ ਖਵਾਉਂਦਾ, ਉਸਦੇ ਗੁਣ ਦੱਸ ਦੱਸ। ਜਿਸ ਨਾਲ ਖਾਣ ਵਾਲਾ ਨਾਂਹ ਨਹੀਂ ਸੀ ਕਰ ਸਕਦਾ। ‘ਮੁਫ਼ੀਦ’ ਉਸਦਾ ਪੈਟ ਸ਼ਬਦ ਸੀ। ਉਹ ਹਰ ਚੀਜ਼ ਨਾਲ, ਉਹ ਕਿਸ ਲਈ ਮੁਫ਼ੀਦ ਹੈ ਦਸਦਾ ਰਹਿੰਦਾ। ਅੱਜ ਵੀ ਮੈਨੂੰ ਉਸ ਦੀ ਕਿਚਨ ਗਾਰਡਨ ਚੋਂ ਖਾਧੇ ਮੂੰਗਰੇ, ਅਮਰੂਦ, ਪੇਂਦੂ ਬੇਰ ਯਾਦ ਆਉਂਦੇ ਹਨ ।

ਚਾਹਲ ਅੰਦਰ ਜੱਟ ਹੋਣ ਦਾ ਆਤਮ ਸਨਮਾਨ ਸੀ। ਪਰ ਜੱਟਾਂ ਵਾਲੀ ਹਉਂ/ਆਕੜ ਉਸ ਅੰਦਰੋਂ ਗਾਇਬ ਸੀ। ਉਹ ਸਿਰੇ ਦਾ ਨਰਮ ਸੁਭਾਅ ਵਾਲਾ ਬੰਦਾ ਸੀ। ਉਸਦੀ ਇਸ ਨਰਮੀ ਨੂੰ ਦੱਸਣ ਲਈ ਮੈਂ ਅਕਸਰ ਦੋਸਤਾਂ ‘ਚ ਕਹਿੰਦਾ ਹੁੰਦਾ ........ ਜੇ ਕੋਈ ਚਾਹਲ ਨੂੰ ਉਸਦੇ ਮੂੰਹ ਤੇ ਗਾਹਲ ਵੀ ਕੱਢ ਦੇਵੇ ਤਾਂ ਉਹ ਅੱਗੋਂ ਸ਼ਾਤ ਰਹੇਗਾ, ਚੁੱਪ ਰਹੇਗਾ। ਮੈਂ ਚਾਹਲ ਨੂੰ ਕਦੇ ਕਿਸੇ ਬੰਦੇ ਨਾਲ ਗਰਮ ਹੁੰਦੇ ਨਹੀਂ ਵੇਖਿਆ। ਨਾ ਹੀ ਕਦੇ ਕੋਈ ਆਦਮੀ ਉਸ ਨਾਲ਼ ਤਲਖ਼ ਕਲਾਮੀ ਕਰਦਾ ਵੇਖਿਆਹੈ। ਉਹ ਗਰੀਬਾਂ ਦਾ ਹਾਮੀ ਸੀ, ਖਾਸ ਕਰਕੇ ਗਰੀਬ ਜੱਟਾਂ ਦਾ। ਮੈਂ ਉਸ ਨੂੰ ਇੱਕ ਗਰੀਬ ਜੱਟ ਦੇ ਘਰ ਉਸਦੀ ਮੱਝ ਦਾ ਕਲੇਮ ਦੇ ਕੇ ਆਉਂਦਾ ਵੇਖਿਆ ਹੈ। ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣ ਵਾਲਾ ਬੰਦਾ ਸੀ । ਜਿਸ ਕਾਰਣ ਉਸਦੇ ਸੁਭਾਅ ਅੰਦਰ ਹਲੀਮੀ ਸੀ।
ਚਾਹਲ ਇੱਕ ਸਿਰੜੀ ਬੰਦਾ ਸੀ।ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ।ਉਸਦਾ ਸਿਰੜ ਉਸਦੇ ਹਰ ਕੰਮ ਵਿਚੋਂ ਵੇਖਿਆ ਜਾ ਸਕਦਾ ਸੀ – ਕੀ ਲਿਟਰੇਚਰ, ਕੀ ਦਫਤਰ, ਕੀ ਘਰ ਦੇ ਕੰਮ। ਉਹ ਹਰ ਕੰਮ ਨੂੰ ਪੁਰਾ ਕਰਕੇ ਹੀ ਸਾਹ ਲੈਂਦਾ। ਇੱਕ ਵਾਰ ਮੈਂ ਉਸ ਦੇ ਘਰ ਗਿਆ ਤਾਂ ਉਹ ਇੱਕ ਮੋਟਾ ਮੁੱਚਰ ਪਾੜ ਰਿਹਾ ਸੀ। ਮੈਂ ਕਿਹਾ ਇਹ ਕੀ ਕਰ ਰਿਹਾ ਹੈਂ, ਇਹ ਮੁੱਚਰ ਤਾਂ ਕਸ਼ਮੀਰੀ ਤੋਂ ਵੀ ਨਾ ਪਾੜਿਆ ਜਾਵੇ। ਪਰ ਉਹ ਕਹਿੰਦਾ ਅਪਣਾ ਦਮ ਵੇਖਣਾ ਮੁੱਚਰ ਪਾੜਕੇ। ਤੇਜ ਝੱਖੜ ਵਿਚ ਕੋਈ ਕੋਈ ਗੜਾ ਡਿਗ ਰਿਹਾ ਸੀ, ਉਹ ਜਾਣਕੇ ਲਹਿਰੀ ਤੋਂ ਮਾਨਸਾ ਨੂੰ ਸਕੂਟਰ ਤੇ ਚਲ ਪਿਆ,ਕਹਿੰਦਾ ਮੈਂ ਸੋਚਿਆ ਅੱਜ ਪਹਿਲੀ ਉਮਰ ਵਾਲਾ ਦਮ ਵੇਖੀਏ-ਝੱਖੜ ਨਾਲ ਲੜਕੇ ।

ਉਸਦੇ ਹੋਰ ਲੱਖਾਂ ਸੁਪਨਿਆਂ ਚੋਂ ਉਸਦੇ ਨਾਲ ਉਸਦਾ ਟੀਚਰ ਬਣਨ ਦਾ ਸੁਪਨਾ ਵੀ ਟੁਰ ਗਿਆ । ਉਹ ਰੀਟਾਇਰ ਹੋਕੇ ਅੰਗਰੇਜ਼ੀ ਦੀ ਐਮ.ਏ. ਕਰਕੇ ਅੰਗਰੇਜ਼ੀ ਦਾ ਟੀਚਰ ਬਣਨਾ ਚਾਹੁੰਦਾ ਸੀ – ਕਹਿੰਦਾ ਤੁਸੀਂ ਤਾਂ ਮਾਸਟਰੀ ਤੋਂ ਤੰਗ ਹੋ ਮੈਨੂੰ ਮਾਸਟਰ ਬਣਨ ਦਾ ਸ਼ੌਕ ਹੈ ।
ਮੈਂ ਅਕਸਰ ਉਦਾਸ ਰਹਿਣ ਵਾਲਾ ਬੰਦਾ ਹਾਂ। ਪਰ ਮੈਂ ਕਦੇ ਵੀ ਚਾਹਲ ਨੂੰ ਉਦਾਸ ਨਹੀ ਸੀ ਵੇਖਿਆ। ਉਹ ਜਦੋਂ ਮਿਲਦਾ ਠਹਾਕੇ ਮਾਰਦਾ ਮਿਲਦਾ। ਉਸ ਕੋਲ ਹਰ ਵਾਰ ਕੋਈ ਨਵੀਂ ਗੱਲ, ਨਵੀਂ ਕਵਿਤਾ, ਨਵਾਂ ਅਡਰੈਸ ਨਵੀਂ ਕਿਤਾਬ ਹੁੰਦੀ। ਹੁਣ ਮੈਂ ਸੋਚਦਾ ਉਹ ਅੰਦਰੋਂ ਤਾਂ ਉਦਾਸ ਹੁੰਦਾ ਹੀ ਹੋਵੇਗਾ ਪਰ ਬਾਹਰੋਂ ਉਹ ਮਿਤਰਾਂ ਤੋਂ ਉਦਾਸੀ ਲੁਕੋਕੇ ਰੱਖਦਾ । ਉਹ ਸ਼ਾਇਦ ਸੋਚਦਾ ਹੋਵੇਗਾ ਕਿ ਆਪਣੀ ਉਦਾਸੀ ਨਾਲ਼ ਮਿੱਤਰਾਂ ਨੂੰ ਕਿਉਂ ਉਦਾਸ ਕੀਤਾ ਜਾਵੇ। ਏਸੇ ਲਈ ਉਹ ਆਪਣੀ ਉਦਾਸੀ ਨਾਲ਼ ਲੈ ਕੇ ਤੁਰ ਗਿਆ। ਉਹ ਮਿਲ਼ਦਾ ਹੀ ਐਨਾ ਭੱਜਕੇ, ਐਨਾ ਰੱਜਕੇ, ਖੁੱਲ੍ਹਕੇ ਮਿਲ਼ਦਾ ਸੀ ਕਿ ਮਿਲ਼ਣ ਵਾਲੇ ਨੂੰ ਪਤਾ ਹੀ ਨਹੀ ਸੀ ਲਗਦਾ ਕਿ ਮੈਂ ਇਸ ਬੰਦੇ ਨੂੰ ਪਹਿਲੀ ਵਾਰ ਮਿਲ਼ ਰਿਹਾ ਹਾਂ।

ਕਿਸੇ ਲੇਖਕ ਦੇ ਟੁਰ ਜਾਣ ਤੋਂ ਬਾਦ ਅਸੀਂ ਉਸਦੀਆਂ ਰਚਨਾਵਾਂ ਨੂੰ ਪੜ੍ਹਦੇ/ਵਾਚਦੇ ਹਾਂ ਤਾਂ ਉਹਨਾਂ ਦੇ ਟੁਰ ਜਾਣ ਦੀਆਂ ਰਮਜਾਂ ਪਾਈਆਂ ਹੁੰਦੀਆਂ ਹਨ। ਇਹ ਇਕੱਲੇ ਸ਼ਿਵ ਕੁਮਾਰ ਲਈ ਸੱਚ ਨਹੀਂ, ਬਹੁਤ ਸਾਰੇ ਲੇਖਕਾਂ ਬਾਰੇ ਇਹ ਗੱਲ ਦੇਖੀ ਜਾ ਸਕਦੀ ਹੈ। ਨਾ ਚਾਹਲ ਨੂੰ ਖੁਦ ਨੂੰ ਨਾ ਕਿਸੇ ਪਾਠਕ ਨੂੰ ਕੀ ਪਤਾ ਸੀ ਕਿ ਚਾਹਲ ਏਨੀ ਛੇਤੀ ਘਰ ਖਾਲੀ ਕਰ ਜਾਵੇਗਾ ਜਦੋਂ ਉਸ ਨੇ ਇਹ ਨਜ਼ਮ ਲਿਖੀ ਸੀ—
ਮੈਂ ਇੱਕ ਪਤੀ ਹਾਂ
ਘਰ ਵਿੱਚ ਧੁੱਪ ਛਾਂ
ਮੇਰੇ ਨਾਲ ਹੀ ਆਉਂਦੀ ਹੈ
ਨਹੀਂ ਤਾਂ
ਘਰ ਭਰਿਆ ਵੀ
ਜਿਵੇਂ ਖਾਲੀ ਹੀ ਹੁੰਦਾ ਹੈ
ਜੋ ਜੋ ਗੱਲਾਂ ਮੈਂ ਚਾਹਲ ਬਾਰੇ ਕੀਤੀਆਂ ਹਨ। ਉਹੋ ਗੱਲਾਂ ਉਸ ਬਾਰੇ ਮਿੱਤਰਾਂ ਤੋਂ ਸੁਣੀਆਂ ਜਾ ਸਕਦੀਆਂ ਹਨ----- ਚਾਹਲ ਦਾ ਮਿੱਤਰ ਨਿਰਮਲ ਕੁਲਾਣਾ ਲਿਖਦਾ ਹੈ – ਉਹ ਉਦਾਸੀ ਦੀਆਂ ਨਜ਼ਮਾ ਲਿਖਦਾ ਹੈ ਪਰ ਉਦਾਸੀ ਦਾ ਅਹਿਸਾਸ ਹੰਢਾਉਂਦਾ ਕਦੇ ਕਿਧਰੇ ਘੱਟ ਹੀ ਵੇਖਿਆ ਗਿਆ ਹੈ। ਉਸਦੇ ਹਸਦੇ ਚਿਹਰੇ ਪਿਛੇ ਲੱਖਾਂ ਹਾਦਸੇ ਸਿਸਕ ਰਹੇ ਹੋਣਗੇ।
ਅਵਤਾਰਜੀਤ ਚਾਹਲ ਬਾਰੇ ਕਹਿੰਦਾ ਹੈ — ਰਾਮ ਸਿੰਘ ਚਾਹਲ ਜਦੋਂ ਮੈਨੂੰ ਪਹਿਲੀ ਬਾਰ ਮਿਲਿਆ ਤਾਂ ਸੱਥ ਵਿਚ ਖੁਲ੍ਹੀ ਡੁਲ੍ਹੀ ਹਾਸੀ ਵਰਗਾ ਲੱਗਾ। ਸੋਚਿਆ ਸੀ-ਕੋਈ ਫੱਕਰ ਖੁਲ੍ਹੇ ਡੁਲ੍ਹੇ ਜਿਹੇ ਸੁਭਾਅ ਵਾਲਾ ਬੰਦੈ। ਪਰ ਜਦੋਂ ਦੁਬਾਰਾ ਮਿਲਿਆ– ਸ਼ਾਂਤ ਵਗਦੇ ਦਰਿਆ ਵਰਗਾ ਲੱਗਾ ਆਪਣੀ ਕਵਿਤਾ ਦੀ ਟੂਕ ਵਰਗਾ। ਫਿਰ ਮਨਾਂ ਤੋਂ ਮਨਾਂ ਤੱਕ ਦੋਸਤੀ ਦਾ ਅਜਿਹਾ ਪੁਲ਼ ਬਣਿਆ ਜਿਸ ਤੇ ਵਾਰ ਵਾਰ ਮਿਲਣ ਨੂੰ ਦਿਲ ਕਰਦਾ। ਉਸਦੀ ਸ਼ਾਇਰੀ ਵਿਚੋਂ ਮੈਨੂੰ ਵੱਤਰ ਮਿੱਟੀ ਦੀ ਮਹਿਕ ਆਉਂਦੀ ਹੈ। ਜਿਸ ਮਿੱਟੀ ਵਿੱਚ ਚਿੰਤਨਮੁਖੀ ਸੂਰਜ ਖਿੜਦਾ ਰਹਿੰਦਾ ਹੈ।
ਗੁਰਪ੍ਰੀਤ ਲਿਖਦਾ ਹੈ – ਚਾਹਲ ਨੂੰ ਕਵਿਤਾ ਸਿਆਲ ਦੀਆਂ ਠਰੀਆਂ ਰਾਤਾਂ ‘ਚ ਪਾਣੀ ਲਾਉਂਦੇ ਵੱਡੇ ਭਾਈ ਹਰਨੈਲ ਸੂੰਹ ਲਿਖਾਉਂਦਾ ਹੈ। ਉਹ ਮਾਨਸਾ ਸ਼ਹਿਰ ਵਿਚ ਆ ਕੇ ਵੀ ਅਲੀਸ਼ੇਰ ਖੁਰਦ ਨੂੰ ਨਹੀਂ ਛੱਡ ਸਕਿਆ। ਉਹ ਛੁੱਟੀ ਦਾ ਹਰ ਦਿਨ ਆਪਣੇ ਖੇਤਾਂ ‘ਚ ਪਿੰਡ ਸੀਰੀਆਂ ਪਾਲ਼ੀਆਂ ਨਾਲ ਬਿਤਾਕੇ ਆਪਣੇ ਆਪ ਨੂੰ ਸ਼ਹਿਰ ਤੋਂ ਬਚਾਈ ਰੱਖਣ ਦੀ ਕੋਸ਼ਿਸ਼ ‘ਚ ਰਹਿੰਦਾ ਸੀ। ਇਸ ਲਈ ਉਸਨੇ ਆਪਣੀ ਕੋਠੀ ਵੀ ਉਥੇ ਪਾਈ ਜਿਥੇ ਸ਼ਹਿਰ ਖਤਮ ਹੋ ਜਾਂਦਾ ਹੈ। ਉਹ ਕੋਠੀ ਵਿਚ ਵੀ ਪਿੰਡ ਦੇ ਘਰ ਦਾ ਮਹੌਲ ਬਣਾਈ ਰਖਦਾ ਸੀ। ਹਰਿਭਜਨ ਸਿੱਧੂ ਮਾਨਸਾ ਲਿਖਦਾ ਹੈ – ਮੈਂ ਤੇ ਚਾਹਲ ਜਦੋਂ ਪਹਿਲੀ ਵਾਰ ਮਿਲੇ਼,ਅਸੀਂ ਅਜਿਹੇ ਮਿਲੇ਼ ਕਿ ਦਿਨਾਂ ‘ਚ ਹੀ ਇੱਕ ਦੂਜੇ ਦੇ ਅੰਦਰ ਧਸ ਗਏ।
ਰਾਮ ਸਰੂਪ ਅਣਖੀ ਲਿਖਦਾ ਹੈ – ਉਹ ਗਭਰੀਟ ਜਿਹਾ ਮੁੰਡਾ ਸੀ।ਮੇਰਾ ਉਹ ਜ਼ਿੰਦਗੀ ਭਰ ਦਾ ਮਿੱਤਰ ਸੀ।ਇਹ ਜੀਵਨ ਇੱਕ ਰੇਲ ਯਾਤਰਾ ਸਮਾਨ ਹੈ।ਕਿਸੇ ਸਟੇਸ਼ਨ ਤੋਂ ਵੀ ਚੜ੍ਹੇ ਮੁਸਾਫਰ ਮਿੱਤਰਾਂ ਵਾਂਗ ਗੱਲਾਂ ਕਰਨ ਲੱਗਦੇ ਹਨ।ਜਿਵੇਂ ਆਪਣੇ ਹੀ ਹੋਣ ਰਾਹ ਵਿਚ ਕਿਧਰੇ ਵੀ ਉੱਤਰ ਜਾਂਦੇ ਹਨ ।ਅਗਲਾ ਸਟੇਸ਼ਨ ਵੀ ਭੁੱਲਣ ਲਗਦੇ ਹਨ।ਬੱਸ ਇਉਂ ਹੀ ਹੈ ਮਿੱਤਰਤਾ ਦੀ ਯਾਤਰਾ।ਧੁਰ ਤੱਕ ਕੋਈ ਕੋਈ ਸਾਥ ਨਿਭਾਉਂਦਾ ਹੈ।ਰਾਮ ਸਿੰਘ ਚਾਹਲ ਮੇਰੇ ਸਾਰੇ ਸਫ਼ਰ ਦਾ ਯਾਤਰੀ ਸੀ।

ਜਸਬੀਰ ਢੰਡ ਲਿਖਦਾ ਹੈ – ਹਰ ਵਕਤ ਚੜ੍ਹਦੀ ਕਲਾ ਵਿਚ ਰਹਿਣ ਵਾਲਾ ...ਓ ਬੱਲੇ ! ਬੱਲੇ !! ਦੜੂੰ ਦੜੈਂ...! ਆਹ ਵੇਖ ਮੇਰੀਆਂ ਦਸ ਕਵਿਤਾਵਾਂ ਛਪੀਆਂ ਕੰਨੜ ‘ਚ।ਉਹ ਮੈਗਜ਼ੀਨ ਹੱਥ ਵਿੱਚ ਫੜੀ ਆਪਣੀਆਂ ਕਵਿਤਾਵਾਂ ਵਾਲਾ ਪੰਨਾ ਕੱਢ ਕੇ ਉਸੇ ਵਰਕੇ ‘ਤੇ ਪੁੱਠਾ ਹੱਥ ਮਾਰਦਾ ।ਜੋਸ਼ ਵਿੱਚ ਉਹਦਾ ਅੰਗ ਅੰਗ ਫੜਕ ਰਿਹਾ ਹੁੰਦਾ।ਹੱਥ ਪੈਰ ਅੱਡ ਹਿਲਾਉਂਦਾ।ਉਹਦੀਅਂ ਅੱਖਾਂ ਵਿਚ ਦੀ ਲਿਸ਼ਕ ਉਦੋਂ ਵੇਖਣ ਵਾਲੀ ਹੁੰਦੀ ਜਿਵੇਂ ਅਗਲੇ ਨੂੰ ਵੰਗਾਰ ਰਿਹਾ ਹੁੰਦਾ , “ ਮੰਨਦੈ ਜੱਟ ਨੂੰ?”ਅਸੀ ਹੈਰਾਨ ਹੁੰਦੇ।ਗੋਲ ਗੋਲ ਗੰਢਾਂ ਜਿਹੀਆਂ ਵਰਗੇ ਅੱਖਰਾਂ ਨੂੰ ਵੇਖ ।
ਅੰਤਲੀ ਬਾਰ ਮੈਂ ਚਾਹਲ ਨੂੰ ਮੇਰੇ ਘਰ ਦੀ ਦੇਹਲੀ ਤੇ ਖੜੇ ਨੂੰ ਮਿਲਿਆ। ‘ਸੰਖ’ ਦਾ ‘ਸਬੱਬ’ ਅੰਕ ਉਸਦੀ ਸੰਪਾਦਕੀ ਹੇਠ ਛਪ ਰਿਹਾ ਸੀ। ਉਹ ਹਰ ਵਾਰ ਵਾਂਗ ਕਾਹਲੀ ਨਾਲ ਮੇਰੇ ਘਰ ਦੇ ਬਾਹਰ ਸਕੂਟਰ ਰੋਕਦਾ ਹੈ। ਮੈਂ ਉਸ ਨੂੰ ਸੰਖ ਲਈ ਆਪਣਾ ਮੈਟਰ ਦਿੰਦਾ ਹਾਂ। ਜਾਣ ਲੱਗਾ ਕਹਿੰਦਾ ਮੈਂ ਛੇਤੀ ਹੀ ਕੰਪੋਜ਼ ਕਰਕੇ ਤੈਨੂੰ ਪਰੂਫ ਪੜ੍ਹਣ ਲਈ ਫੋਨ ਕਰਾਂਗਾ। ਕੋਈ ਫੋਨ ਨੀ ਆਈਆਂ। ਮੈਂ ਚਾਹਲ ਨੂੰ ਫੋਨ ਤੇ ਹਮੇਸ਼ਾ ..... ਹਾਂ ਚਾਹਲ ! ਕਹਿੰਦਾ ਸੀ। ਉਡੀਕ ਉਡੀਕ ਮੈਂ ਫੋਨ ਕੀਤਾ....ਹਾਂ ਚਾਹਲ! ਪਰ ਫੋਨ ‘ਤੇ ਚਾਹਲ ਦੀ ਥਾਂ ਉਸਦਾ ਬੇਟਾ ਬੋਲਿਆ।
ਇਹ ਜੋ ਗੱਲਾਂ ਮੈਂ ਹੁਣ ਚਾਹਲ ਬਾਰੇ ਲਿਖ ਰਿਹਾ ਹਾਂ। ਇਹ ਮੇਰੀ ਗਲੀ ਚੋਂ ਉਸਦੀ ਪੈੜਚਾਲ ‘ਚੋਂ ਸੁਣ ਰਿਹਾ ਹਾਂ। ਉਸਦੀ ਪੈੜਚਾਲ ਅੱਜ ਵੀ ਮੇਰੇ ਅੰਦਰ ਚਲ ਰਹੀ ਹੈ। ਉਸਦੀ ਪੈੜਚਾਲ ‘ਚੋਂ ਹੋਰ ਕਿੰਨਾ ਕੁਝ ਸੁਣ ਰਿਹਾਂ ---ਜਿੰਦਗੀ ਬਾਰੇ, ਕਿਤਾਬਾ ਬਾਰੇ, ਕਵਿਤਾ ਬਾਰੇ। ਪੈੜਚਾਲ ਚਲ ਰਹੀ ਹੈ.................ਚਲੋ ਚਾਲ............ਚਲੋ ਚਾਲ................