ਸੰਪਾਦਕੀ
|
ਵਾਅਦਿਆਂ ‘ਤੇ ਦਾਅਵਿਆਂ ਦੇ ਉਰਲੇ ਪਾਸੇ ਅਸੀਂ ਕਿਉਂ ਲਿਖਦੇ ਹਾਂ?ਇਹ ਸਵਾਲ, ਲਿਖਣ ਦੀ ਪਿਰਤ ਪੈਣ ਤੋਂ ਲੈ ਕੇ ਹੁਣ ਤੱਕ ਅਨੇਕਾਂ ਵਾਰ ਪੁੱਛਿਆ ਗਿਆ ਹੈ ‘ਤੇ ਹਰ ਵਾਰ ਹਰ ਇੱਕ ਨੇ ਵੱਖਰਾ ਹੀ ਜਵਾਬ ਦਿੱਤਾ ਹੈ।ਇਸ ਸੰਬੰਧ ‘ਚ ਜਾਰਜ ਆਰਵੈਲ ਦਾ ਵੀਹਵੀਂ ਸਦੀ ਦੇ ਅੱਧ ‘ਚ ਲਿਖਿਆ ਲੇਖ ‘ਮੈਂ ਕਿਉਂ ਲਿਖਦਾ ਹਾਂ” ਜ਼ਿਕਰਯੋਗ ਹੈ।ਉਹ ਆਖਦਾ ਹੈ ਕਿ -‘ਲੇਖਕ ਤਾਂ ਬੱਸ ਲਿਖਦਾ ਹੈ’।ਮਨੋਵਿਗਿਆਨਕ ਸੱਚ ਵੀ ਇਹ ਹੀ ਹੈ ਕਿ ਹਰ ਬੰਦਾ ਹਰ ਦੂਜੇ ਤੋਂ ਵੱਖਰਾ ਹੈ ‘ਤੇ ਉਸ ਦੀ ਲਿਖਣ ਦੀ ਵਜਾਹ ਵੀ ਵੱਖਰੀ ਹੋਣਾ ਸੁਭਾਵਕ ਹੈ।‘ਲਿਖਣ’ ਨੇ ਤਾੜ-ਪੱਤਰਾਂ ਤੋਂ ਕਾਗ਼ਜ਼ ਤੱਕ ‘ਤੇ ਫ਼ੇਰ ਕਾਗ਼ਜ਼ ‘ਤੋਂ ਸਾਈਬਰ ਖ਼ਲਾਅ ਤੱਕ ਦਾ ਲੰਮਾ ਸਫ਼ਰ ਤਹਿ ਕੀਤਾ ਹੈ। ਲਿਖਣਾ ਤਾਂ ਹਰ ਮਰਹਲੇ ‘ਤੇ ‘ਹੋਰ ਪਹਿਲਾਂ’,’ਹੋਰ ਨਵਾਂ’,’ਹੋਰ ਵਧੀਆ’ ਦੀ ਲੀਕ ‘ਤੇ ਤੁਰਿਆ ਹੈ।ਇਸੇ ਰਿਵਾਇਤ ਨਾਲ਼ ਅੱਗੇ ਤੁਰਨ ਦੀ ਕੋਸ਼ਿਸ਼ ‘ਚ ‘ਲਿਖਤਮ’ ਤੁਹਾਡੇ ਰੂ-ਬ-ਰੂ ਹੈ।ਇਹ ਕਿਸੇ ਸੌੜੇ ਮਨੋਰਥ ਵਾਸਤੇ ਕਿਸੇ ਵੀ ਅੰਨ੍ਹੀਂ ਦੌੜ ‘ਚ ਸ਼ਾਮਿਲ ਨਹੀਂ ਹੈ।ਇਹ ਤਾਂ ਬੱਸ ਤੁਹਾਡੀ ਉਂਗਲ਼ ਫ਼ੜ੍ਹ ਕੇ |
|
ਆਪਣੀ ਚਾਲ ਤੁਰਦਾ ਰਹੇਗਾ।‘ਲਿਖਤਮ’ ਉਸ ਦਾ ਹੈ ਜੋ ‘ਬੱਸ ਲਿਖਦਾ ਹੈ’।ਪਰ ਕੋਸ਼ਿਸ਼ ਰਹੇਗੀ ਕਿ ਭੀੜ ਵਿੱਚ ਵੱਖਰੇ ਦਿਸਦੇ ਲੇਖਕ ਦੇ ਮੌਲਿਕ ਪ੍ਰਗਟਾਅ ਨੂੰ ਇਸ ਆਨਲਾਈਨ ਰਸਾਲੇ ਵਿਚਦੀ ਵਿਰਲ ਦੇ ਸਕੀਏ।ਮਾਂ ਬੋਲੀ ਪੰਜਾਬੀ ਦੇ ਹੋਰ ਪਸਾਰ ਦਾ ਮਾਧਿਅਮ ਬਣ ਸਕੀਏ।ਦੂਜੀਆਂ ਭਾਸ਼ਾਵਾਂ ਦੇ ਉੱਨਤ ਸਾਹਿਤ ਨੂੰ ਉਸ ਦੇ ਪੰਜਾਬੀ ਉਲਥਾ ਰਾਹੀਂ ਜਾਣੂ ਹੋ ਸਕੀਏ। ਗਲੋਬਲੀਕਰਣ ਨੇ ਜਿੱਥੇ ਸੰਸਾਰ ਦੇ ਹੋਰ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਭਾਸ਼ਾ ‘ਤੇ ਸਾਹਿਤ ਦੇ ਖੇਤਰ ‘ਚ ਵੀ ਤਬਦੀਲੀਆਂ ਲਿਆਂਦੀਆਂ ਹਨ।ਇਸ ਪਸਾਰੇ ਨੂੰ ਇਹ ਆਨਲਾਈਨ ਰਸਾਲਾ ਗਲੋਬਲੀ ਪਿੰਡ ਦੇ ਹਰ ਵਾਸੀ ਨੂੰ ਇੱਕੋ ਸਮੇਂ ਹਰ ਥਾਂ ਲਿਖਤਾਂ ਦੇ ਰੂਪ ‘ਚ ਮੁਹੱਈਆ ਕਰਵਾਉਣ ਦਾ ਵੀ ਇੱਕ ਉਪਰਾਲਾ ਹੈ।ਭਾਸ਼ਾ ‘ਤੇ ਸਾਹਿਤ ਦੇ ਬਿਰਤੀਗਤ,ਪਰਾਬਿਰਤੀਗਤ,ਵਿਸ਼ਾਗਤ,ਸੰਦੇਸ਼ਗਤ,ਸੰਪਰਕਗਤ ‘ਤੇ ਮਾਧਿਅਮਗਤ ਕਾਰਜਾਂ ਨੂੰ ਛੋਹਣ ਦੀ ਅਤੇ ਪੰਜਾਬੀ ਸੰਬੰਧੀ ਅਜੋਕੀ ਪੜਤਾਲ਼ ਨੂੰ ਟੋਹਣ ਦੀ ,ਬਹੁਦਿਸ਼ਾਈ ਘੜਮੱਸ ‘ਚ ਬੌਂਦਲ਼ੇ ‘ਤੇ ਸਤਾਏ ਅਣਗੌਲ਼ੇ ਲੇਖਕ ਨੂੰ ਗੌਲ਼ਣ ਦੀ ਕੋਸ਼ਿਸ਼ ਰਹੇਗੀ।ਅਸੀਂ ਸਾਰੇ ਲੇਖਕਾਂ ਦੀ ਜ਼ਾਤੀ ਸੁਤੰਤਰਤਾ ਦੀ ਹਾਮੀਂ ਓਟਦਿਆਂ ਉਹਨਾਂ ਦੀਆਂ ਲਿਖਤਾਂ ਦੇ ਸੰਸਥਾਈਕਰਣ ‘ਤੇ ਦਸਤਾਵੇਜ਼ੀਕਰਣ ਦੀ ਲੋੜ ਮਹਿਸੂਸਦੇ ਹਾਂ। ਸਾਹਿਤ ਇੱਕ ਬਹੁ-ਪਸਾਰੀ ਵਿਸ਼ਾ ਹੈ ਪਰ ਅਸੀਂ ਜ਼ਿਆਦਾਤਰ ਪ੍ਰਤੀਕਰਮ ਵਜੋਂ ਲਿਖ ਰਹੇ ਹਾਂ।ਅਸੀਂ ਸਿਧਾਂਤਕ ‘ਤੇ ਵਿਚਾਰਕ ਪੱਖੋਂ ਚੇਤੰਨ ਰਹਿ ਕੇ ਸਰਲ ‘ਤੇ ਸੌਖਿਆਈ ਨਾਲ਼ ਰਵਾਂ ਹੋਣ ਵਾਲ਼ਾ ਸਾਹਿਤ ਰਚਣ ਵੱਲ ਮੁੜੀਏ ਤਾਂ ਕਿ ਅਸੀਂ ਨਿਰੋਲ ਆਲੋਚਕ ਨੂੰ ਸੰਬੋਧਿਤ ਹੋ ਕੇ ਨਾ ਲਿਖੀਏ। ਸਾਨੂੰ ਅਜਿਹੀਆਂ ਲਿਖਤਾਂ ਦੀ ਬੇਸਬਰੀ ਨਾਲ਼ ਉਡੀਕ ਰਹੇਗੀ ਜਿਹੜੀਆਂ ਔਸਤ ਮਾਨਸਿਕ ਪੱਧਰ ਦੇ ਪਾਠਕ ਦੀ ਰੀਝ ਪੂਰੀ ਕਰਦੀਆਂ ਹੋਣ।ਲਿਖਤਮ ਦੀ ਜਿਹੜੀ ਲਿਖਤ ਪੜ੍ਹ ਕੇ ਪੜ੍ਹਤਮ ਦਾ ਚਾਅ ਨਹੀਂ ਮਿਆਉਂਦਾ ਉਹੀ ਲਿਖਤ ਸਫ਼ਲ ਹੈ, ਨਹੀਂ ਤਾਂ ਅਸੀਂ ਸਿਰਫ਼ ਆਪਣੀ ਹਉਮੈ ਨੂੰ ਹੀ ਪੱਠੇ ਪਾ ਰਹੇ ਹੁੰਦੇ ਹਾਂ।ਚਲੋ!ਹਿਰਦੇ ‘ਚ ਸੱਚ ਧਾਰ ਕੇ ‘ਹੋਰ ਪਹਿਲਾਂ’,’ਹੋਰ ਨਵਾਂ’,’ਹੋਰ ਵਧੀਆ’ ਲਿਖਣ ਦੀ ਕੋਸ਼ਿਸ਼ ਕਰੀਏ! ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ।। ਵਾਅਦਿਆਂ ‘ਤੇ ਦਾਅਵਿਆਂ ਦੇ ਉਰਲੇ ਪਾਸੇ ਕੋਸ਼ਿਸ਼ ਦੇ ਮੀਲ ਪੱਥਰ ‘ਤੇ ਖੜ੍ਹੇ ,ਇਸ ਪਲੇਠੇ ਅੰਕ ਨੂੰ ਤੁਹਾਡੇ ਹੁੰਗਾਰੇ ਦੀ ਉਡੀਕ ‘ਚ....... ਲਿਖਤਮ
ਗੁਰਮੀਤ ਬਰਾੜ | |