ਪੜਤਾਲ

ਹਿਜ਼ਰਤ ਦਾ ਬਿਰਤਾਂਤ

                                                                     

ਡਾ. ਯਾਦਵਿੰਦਰ ਸਿੰਘ


ਐਡਵਰਡ ਸਈਦ ਨੂੰ ਵਿਸ਼ਵ ਦੇ ਉਨ੍ਹਾਂ ਚਿੰਤਕਾਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ, ਜੋ ਕਹਿਣੀ ਅਤੇ ਕਰਨੀ ਦੀ ਇਕਾਗਰਤਾ ਨੂੰ ਬਰਕਰਾਰ ਰਖਦਿਆਂ ਆਪਣਾ ਜੀਵਨ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਲੇਖੇ ਲਾ ਦਿੰਦੇ ਹਨ। ਅਜਿਹੇ ਚਿੰਤਕਾਂ ਬਾਰੇ ਹੀ ਕਾਰਲ ਮਾਰਕਸ ਨੇ ਕਿਹਾ ਸੀ ਕਿ ਦਾਰਸ਼ਨਿਕਾਂ ਦਾ ਕੰਮ ਮਹਿਜ਼ ਸੰਸਾਰ ਦੀ ਵਿਆਖਿਆ ਕਰਨਾ ਹੀ ਨਹੀ , ਸਗੋਂ ਇਸ ਨੂੰ ਬਦਲਣਾ ਹੈ। ਸਈਦ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਪ੍ਰਭੁਸੱਤਾਸ਼ਾਲੀ ਪ੍ਰਵਚਨਾਂ ਨੂੰ ਬੇਨਕਾਬ ਕਰਨ ਦੀ ਕੋਸ਼ਿਸ ਕੀਤੀ ਅਤੇ ਫ਼ਲਸਤੀਨ ਦੇ ਸੁਆਲ ਨੂੰ ਅਰਬ ਲੋਕਾਂ ਦੇ ਨੁਕਤਾ ਨਿਗਾਹ ਤੋਂ ਵਿਸ਼ਵ ਪਰਿਦ੍ਰਿਸ਼ ਵਿਚ ਸਾਹਮਣੇ ਲਿਆਂਦਾ। ਇਕ ਫ਼ਲਸਤੀਨੀ ਅਤੇ ਜਲਾਵਤਨ ਹੋਣ ਦੀ ਚੀਸ ਉਸ ਦੀ ਸਾਰੀ ਰਚਨਾ ਵਿਚ ਪਛਾਣੀ ਜਾ ਸਕਦੀ ਹੈ। ਹਿਜਰਤ ਉਸਦੀਆਂ ਲਿਖਤਾਂ ਦਾ ਕੇਂਦਰੀ ਚਿਹਨ ਹੈ।


ਐਡਵਰਡ ਸਈਦ ਦਾ ਜਨਮ ਨਵੰਬਰ 1935 ਸ਼ਈ  ਵਿਚ ਯੋਰੋਸ਼ਲਮ ਦੇ ਸ਼ਹਿਰ ਡਾਲਬੀਆਂ ਵਿੱਚ ਇੱਕ ਇਸਾਈ ਪਰਿਵਾਰ ਵਿੱਚ ਹੋਇਆ। ਪੱਛਮੀ ਯੋਰੋਸ਼ਲਮ ਦੇ ਇਸ ਇਲਾਕੇ ਵਿਚ ਬਹੁਤੀ ਅਬਾਦੀ ਫ਼ਲਸਤੀਨੀ ਇਸਾਈਆਂ ਦੀ ਸੀ। ਸਈਦ ਦਾ ਪਰਿਵਾਰ ਮਿਸਰ ਦੇ ਸ਼ਹਿਰ ਕਾਇਰਾ ਵਿੱਚ ਰਹਿੰਦਾ ਸੀ। ਸਈਦ ਪਰਿਵਾਰ ਦਾ ਜੱਦੀ ਸੰਬੰਧ ਯੋਰੋਸ਼ਲਮ ਨਾਲ ਸੀ ਅਤੇ ਉਨ੍ਹਾਂ ਦਾ ਵਪਾਰ ਕਾਹਿਰਾ ਵਿਚ ਚੱਲ ਰਿਹਾ ਸੀ । ਇਸ ਲਈ ਸਈਦ ਦੀ ਮੁੱਢਲੀ ਸਿੱਖਿਆ ਕਾਹਿਰਾ ਵਿਚ ਹੀ ਪਰਵਾਨ ਚੜ੍ਹੀ, ਜਿਥੇ ਬਸਤੀਵਾਦੀ ਸ਼ਾਸ਼ਨਕਾਲ ਤਹਿਤ ਉਸਦੇ ਮਨ ਵਿਚ ਬਸਤੀਵਾਦ ਪ੍ਰਤੀ ਨਫਰਤ ਦੀ ਭਾਵਨਾ ਪੈਦਾ ਹੋ ਗਈ। 1946 ਈ. ਵਿਚ ਸਈਦ ਨੇ ਕਾਹਿਰਾ ਸਕੂਲ ਫਾਰ ਅਮਰੀਕਨ ਚਿਲਡਰਨ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਪਰ ਇਸ ਥਾਂ ‘ਤੇ ਸਈਦ ਹਮੇਸ਼ਾ ਆਪਣੇ ਅਮਰੀਕਨ ਅਤੇ ਅੰਗਰੇਜ਼ ਜਮਾਤੀਆਂ ਤੋਂ ਵੱਖਰਾ ਹੀ ਵਿਚਰਦਾ ਰਿਹਾ। 1947 ਸ਼ਈ  ਵਿਚ ਸਈਦ ਆਪਣੇ ਵਤਨ ਯੋਰੋਸ਼ਲਮ ਗਿਆ, ਜਦੋ 1948 ਵਿਚ ਉਹ ਵਾਪਸ ਕਾਹਿਰਾ ਪਹੁੰਚਿਆ ਤਾਂ ਜੰਗ ਦੀ ਤਬਾਹੀ ਦਾ ਮੰਜ਼ਰ ਉਸਦੇ ਸਾਹਮਣੇ ਸੀ। ਇਹ ਜੰਗ ਉਸ ਦੇ ਪਰਿਵਾਰ ਦੀ ਜਲਾਵਤਨੀ ਦਾ ਸਬੱਬ ਹੋ ਨਿੱਬੜੀ। 1948 ਈ  ਵਿਚ ਜਲਾਵਤਨ ਹੋਏ ਐਡਵਰਡ ਸਈਦ ਨੂੰ ਵਾਪਸ ਆਪਣੇ ਮੁਲਕ ਜਾਣ ਲਈ 45 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ।


ਸਈਦ ਦੇ ਰਾਜਨੀਤਕ ਸਫਰ ਵਿਚ ਉਸ ਉੱਤੇ ਸਭ ਤੋਂ ਅਹਿਮ ਪ੍ਰਭਾਵ ਸਈਦ ਪਰਿਵਾਰ ਦੇ ਨੇੜਲੇ ਦੋਸਤ ਫਰੀਦ ਹੱਦਾਦ ਦਾ ਪਿਆ। ਫਰੀਦ ਹੱਦਾਦ ਕਾਹਿਰਾ ਵਿੱਚ ਡਾਕਟਰ ਸੀ ਅਤੇ ਮਿਸਰ ਦੀ ਕਮਿਊਨਿਸਟ ਪਾਰਟੀ ਦਾ ਸਰਗਰਮ ਕਾਰਕੂੰਨ ਸੀ। ਫਰੀਦ ਨੂੰ ਮਿਸਰ ਦੀਆਂ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕਰਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਅਤੇ ਬਾਅਦ ਵਿੱਚ ਕਤਲ ਕਰ ਦਿੱਤਾ ਸੀ। ਸਈਦ ਦੇ ਮਨ ਉੱਤੇ ਇਸ ਕਤਲ ਦਾ ਗਹਿਰਾ ਪ੍ਰਭਾਵ ਪਿਆ। ਸਈਦ ਨੇ ਆਪਣੀ ਸਵੈ-ਜੀਵਨੀ ‘ਆਊਟ ਆਫ ਪਲੇਸ’ ਵਿੱਚ ਲਿਖਿਆ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਫਰੀਦ ਦੀ ਜ਼ਿੰਦਗੀ ਅਤੇ ਮੌਤ ਉਸਦੇ ਜੀਵਨ ਦਾ ਸਭ ਤੋਂ ਅਹਿਮ ਅੰਗ ਹੋ ਨਿੱਬੜੀ ਹੈ।


ਸਈਦ ਨੇ ਫਲਸਤੀਨ ਦੇ ਸੁਆਲ ਨੂੰ ਆਪਣੀਆਂ ਲਿਖਤਾਂ ਰਾਹੀਂ ਹੀ ਨਹੀਂ ਉਭਾਰਿਆ ਸਗੋਂ ਉਹ ਪੱਛਮ ਵਿਚ ਫਲਸਤੀਨ ਬਾਰੇ ਬੋਲਣ ਵਾਲਾ ਪਹਿਲਾ ਵਿਅਕਤੀ ਬਣ ਗਿਆ। ਉਸ ਨੇ ਆਪਣੀਆ ਲਿਖਤਾਂ ਤੋਂ ਬਿਨਾਂ ਰੇਡੀਓ, ਟੈਲੀਵਿਜ਼ਨ ਅਤੇ ਆਪਣੇ ਭਾਸ਼ਣਾਂ ਰਾਹੀਂ ਪੱਛਮੀ ਜਗਤ ਦੇ ਸਾਹਮਣੇ ਫਲਸਤੀਨ ਦੀ ਹਕੀਕਤ ਨੂੰ ਪੇਸ਼ ਕੀਤਾ। ਪਰੰਤੂ ਇਸ ਸਭ ਦਾ ਮੁੱਲ ਵੀ ਸਈਦ ਨੂੰ ਤਾਰਨਾ ਪਿਆ। ਅਮਰੀਕਾ ਦੇ ਮੀਡੀਆ ਨੇ ਉਸਨੂੰ ਭੰਡਿਆ। ਉਸ ਨੂੰ ‘ਪ੍ਰੋਫੈਸਰ ਆਫ ਟੈਰਰ’ ਅਤੇ ਨਿਊਯਾਰਕ ਵਿਚ ਅਰਾਫਾਤ ਦਾ ਬੰਦਾ ਜਿਹੇ ਤਨਜ਼ੀਆ ਲਹਿਜ਼ੇ ਵਿੱਚ ਸੰਬੋਧਨ ਕੀਤਾ ਗਿਆ। ਉਸ ਨੇ ਆਪਣੀ ਪੁਸਤਕ ‘ਦ ਵਰਡ ਦ ਟੈਕਸਟ ਐˆਡ ਕਰਿਟਿਕ’ ਵਿਚ ਕਿਹਾ ਹੈ ਕਿ ਆਲੋਚਕਾਂ ਦਾ ਕਾਰਜ ਹਰ ਤਰ੍ਹਾਂ ਦੇ ਜਬਰ, ਜੁਲਮ ਅਤੇ ਸੋਸ਼ਣ ਦਾ ਵਿਰੋਧ ਕਰਨਾ ਹੈ। ਉਸਦਾ ਮੰਨਣਾ ਹੈ ਕਿ ਚੰਗਾ ਆਲੋਚਕ ਹਮੇਸ਼ਾ ਪ੍ਰਭੂਸੱਤਾ ਦੇ ਵਿਰੋਧੀ ਦੀ ਸਥਿਤੀ ਵਿੱਚ ਹੁੰਦਾ ਹੈ।


ਐਡਵਰਡ ਸਈਦ ਆਪਣੀ ਸਾਰੀ ਜਿੰਦਗੀ ਦੋ ਵਿਚਾਰਾਂ ਪ੍ਰਤੀ ਵਫ਼ਾਦਾਰ ਰਿਹਾ। ਪਹਿਲਾ ਹਰ ਮਨੁੱਖ ਲਈ ਨਿਆਂ ਅਤੇ ਦੂਜਾ ਪ੍ਰਵਚਨ ਰਾਹੀਂ ਸਿਰਜੀ ਤਾਨਾਸ਼ਾਹੀ ਨੂੰ ਬੇਨਕਾਬ ਕਰਨਾ। ਸਈਦ ਦੀ ਪਹਿਲੀ ਪੁਸਤਕ ‘ਜੋਸਫ ਕਾਰਨਰਡ ਐˆਡ ਦਾ ਫਿਕਸ਼ਨ ਆਫ ਆਟੋਬਾਇਓਗ੍ਰਾਫੀ’ 1966 ਈ. ਵਿੱਚ ਪ੍ਰਕਾਸ਼ਿਤ ਹੋਈ ।ਇਹ ਪੁਸਤਕ ਉਸਦੇ ਖੋਜ ਪ੍ਰਬੰਧ ਦਾ ਹੀ ਪ੍ਰਕਾਸ਼ਿਤ ਰੂਪ ਸੀ। ਇਸ ਪੁਸਤਕ ਉੱਤੇ ਜਨੇਵਾ ਸਕੂਲ ਦੇ ਚਿੰਤਕਾਂ ਦਾ ਪ੍ਰਭਾਵ ਸੀ ਅਤੇ ਅਪ੍ਰਤੱਖ ਰੂਪ ਵਿਚ ਦਾਰਸ਼ਨਿਕ ਪੱਖ ਤੋਂ ਇਹ ਪੁਸਤਕ ਹੁਸਰਲ ਜਿਹੇ ਚਿੰਤਕ ਤੋਂ ਪ੍ਰਭਾਵਿਤ ਸੀ। ਕਾਰਨਰਡ ਦੀ ਸਈਦ ਨਾਲ ਇਸ ਗੱਲ ਤੋਂ ਵੀ ਸਾਂਝ ਸੀ ਕਿ ਸਈਦ ਵਾਂਗ ਕਾਰਨਰਡ ਨੂੰ ਵੀ ਆਪਣਾ ਘਰ ਬਾਰ ਛੱਡ ਕੇ ਯੂਰਪ ਵਿੱਚ ਰਹਿਣਾ ਪਿਆ ਸੀ।


1967 ਈ. ਵਿੱਚ ਹੋਈ ਇਜ਼ਾਰਾਈਲ ਅਤੇ ਫ਼ਲਸਤੀਨ ਦੀ ਜੰਗ ਨੇ ਸਈਦ ਅਤੇ ਹੋਰ ਫ਼ਲਸਤੀਨੀਆਂ ਦੀਆਂ ਘਰ ਵਾਪਸੀ ਦੀਆਂ ਉਮੀਦਾਂ .ਤੇ ਪਾਣੀ ਫੇਰ ਦਿੱਤਾ। ਸੱਤ ਦਿਨ ਚੱਲੀ ਇਸ ਜੰਗ ਵਿਚ ਇਸਰਾਈਲ ਨੇ ਮਿਸਰ, ਸੀਰੀਆ ਅਤੇ ਜਾਰਡਨ ਦੀਆਂ ਫੌਜਾਂ ਨੂੰ ਹਰਾ ਕੇ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦੇ ਇਲਾਕੇ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ। ਇਸ ਜੰਗ ਦਾ ਜ਼ਿਕਰ ਕਰਦਿਆਂ ਸਈਦ ਨੇ ਆਪਣੀ ਸਵੈਜੀਵਨੀ ‘ਆਊਟ ਆਫ ਪਲੇਸ’. ਵਿਚ ਲਿਖਿਆ ਹੈ ਕਿ ਸੰਨ 1967 ਤੋˆ ਬਾਅਦ ਉਹ ਖੁਦ ਪਹਿਲਾਂ ਵਾਲਾ ਵਿਅਕਤੀ ਨਹੀਂ ਰਿਹਾ ਸੀ। 1968 ਈ. ਵਿੱਚ ਸਈਦ ਨੇ ‘ਦ ਅਰਬ ਪੋਰਟਰੇਟ’ ਨਾਮੀਂ ਇੱਕ ਲੇਖ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਮੀਡੀਆ ਅਰਬੀ ਲੋਕਾਂ ਨੂੰ ਮਹਿਜ਼ ਸੇਖ ਜਾਂ ਅੱਤਵਾਦੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਇਹ ਪਹਿਲੀ ਵਾਰ ਸੀ ਜਦੋਂ ਸਈਦ ਨੇ ਕਿਸੇ ਰਾਜਨੀਤਕ ਤੱਥ ਨੂੰ ਸੱਭਿਆਚਾਰਕ ਨੁਕਤਾ-ਨਿਗਾਹ ਤੋਂ ਸਮਝਣ ਦੀ ਕੋਸ਼ਿਸ ਕੀਤੀ। ਸਈਦ ਦੀ ਇਹ ਅੰਤਰ ਦ੍ਰਿਸ਼ਟੀ ਹੀ ਉਸ ਦੀਆਂ ਸੰਸਾਰ ਪ੍ਰਸਿੱਧ ਲਿਖਤਾਂ ‘ਓਰੀਐˆਟਲਿਜ਼ਮ’ ਅਤੇ ‘ਕਲਚਰ ਐˆਡ ਇੰਪੀਰੀਅਲਿਜ਼ਮ’ ਵਿੱਚੋˆ ਪਛਾਣੀ ਜਾ ਸਕਦੀ ਹੈ। ਉਸ ਨੇ ਇਸ ਪੁਸਤਕ ਵਿਚ ਲਿਖਿਆ ਹੈ ਕਿ ਮੀਡੀਆ ਨੇ ਫਲਸਤੀਨ ਨੂੰ ਅਜਿਹੇ ਮਾਰੂਥਲ ਵਾਂਗ ਪੇਸ਼ ਕੀਤਾ ਹੈ ਜੋ ਬਹਾਰ ਦੀ ਉਮੀਦ ਵਿਚ ਯਹੂਦੀਆਂ ਨੂੰ ਉਡੀਕ ਰਿਹਾ ਹੈ, ਜਦਕਿ ਇਸ ਥਾਂ ਦੇ ਮੂਲਨਿਵਾਸੀਆਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ ।


1969 ਈ. ਵਿੱਚ ਸਈਦ ਦੀ ਦੂਜੀ ਕਿਤਾਬ ‘ਬਿਗਨਿੰਗਜ਼’ ਪ੍ਰਕਾਸ਼ਿਤ ਹੋਈ। ਹੈਡਨ ਵਾਇਟ ਨੇ ਇਸ ਪੁਸਤਕ ਨੂੰ  ‘ਰਾਜਨੀਤਕ ਪ੍ਰਤੀਕ ਕਥਾ’ ਕਿਹਾ ਹੈ। ਬਿਗਨਿੰਗਜ਼ ਦਾ ਸਬੰਧ ਅਠਾਰਵੀਂ ਸਦੀ ਦੇ ਇਤਾਲਵੀ ਚਿੰਤਕ ਵੀਕੋ ਦੀਆਂ ਸਥਾਪਨਾਵਾਂ ਨਾਲ ਹੈ। ਇਸ ਪੁਸਤਕ ਵਿੱਚ ਭਾਸ਼ਾ ਅਤੇ ਪ੍ਰਵਚਨ ਦੇ ਸ਼ਕਤੀ ਸਬੰਧਾਂ ਉਤੇ ਸਵਾਲ ਕੀਤੇ ਗਏ ਹਨ। ਸਈਦ ਦਾ ਮੰਨਣਾ ਹੈ ਕਿ ‘ਬਿੰਗਨਿੰਗਜ਼’ ਉਸਦੀ ਰਾਜਨੀਤਕ ਚੇਤਨਾ ਦੀ ਸਾਹਿਤਕ ਵਿਆਖਿਆ ਹੈ।


ਐਡਵਰਡ ਸਈਦ ਦੀ ਉਹ ਪੁਸਤਕ ਜਿਸਨੇ ਉਸਨੂੰ ਸਮਕਾਲੀ ਵਿਸ਼ਵ ਚਿੰਤਕਾਂ ਦੀ ਸ੍ਰੇਣੀ ਵਿਚ ਲਿਆਂਦਾ ‘ਓਰੀਐˆਟਲਿਜ਼ਮ’ ਹੈ। 1978 ਈ. ਵਿਚ ਇਸ ਦੇ ਪਹਿਲੇ ਪ੍ਰਕਾਸ਼ਨ ਤੋਂ ਬਾਅਦ ਹੁਣ ਤੱਕ ਇਹ ਪੁਸਤਕ ਤਕਰੀਬਨ 25 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਇਸ ਤੋਂ ਪਹਿਲੇ ਇਸ ਵਿਸ਼ੇ ਉਤੇ ਰੇਮੰਡ ਸਕਵਾਬ ਅਤੇ ਅਬਦੁੱਲ ਮਲਿਕ ਦੀਆਂ ਲਿਖਤਾਂ ਹਾਸਲ ਹਨ। ਪਰੰਤੂ ਜਿਸ ਵਿਸਥਾਰ ਨਾਲ ਇਸ ਨੂੰ ਸਈਦ ਨੇ ਨਿਭਾਇਆ ਹੈ ਇਹ ਉਸਦੀ ਅਹਿਮ ਪ੍ਰਾਪਤੀ ਹੈ ।ਇਸ ਪੁਸਤਕ ਦਾ ਸਬੰਧ ਗਿਆਨ ਅਤੇ ਸੱਤਾ ਦੁਆਰਾ ਉਸਾਰੇ ਪ੍ਰਵਚਨ ਨਾਲ ਹੈ। ਇਸ ਵਿਚ ਉਨੀਂਵੀਂ ਸਦੀ ਦੇ ਬਰਤਾਨਵੀ ਅਤੇ ਫਰਾਂਸੀਸੀ ਸਾਹਿਤ, ਰਾਜਨੀਤੀ, ਦਰਸਨ ਸ਼ਾਸਤਰ, ਇਤਿਹਾਸ, ਭੁਗੋਲ, ਪੁਰਾਤਤਵ ਵਿਗਿਆਨ, ਭਾਸ਼ਾ ਸ਼ਾਸਤਰ ਅਤੇ ਯਾਤਰਾ ਸੰਸਮਰਣ ਆਦਿ ਅਕਾਦਮਿਕ ਅਨੁਸ਼ਾਸਨਾਂ ਨੂੰ ਆਧਾਰ ਬਣਾ ਕੇ ਇਹ ਦਰਸਾਇਆ ਗਿਆ ਹੈ ਕਿ ਇਹਨਾਂ ਸਭ ਅਨੁਸ਼ਾਸਨਾ ਰਾਹੀਂ ਹੀ ਪੂਰਬਵਾਦ ਦਾ ਪ੍ਰਵਚਨ ਉਸਾਰਿਆ ਗਿਆ ਹੈ। ਇਸ ਪ੍ਰਵਚਨ ਦਾ ਮਕਸਦ ਮਹਿਜ਼ ਪੂਰਬ ਨੂੰ ਸਮਝਣਾ ਹੀ ਨਹੀਂ ਸਗੋਂ ਇਸ ਉਤੇ ਕਾਬਜ਼ ਹੋਣਾ ਅਤੇ ਇਸ ਨੂੰ ਆਪਣੇ ਹਿਸਾਬ ਨਾਲ ਢਾਲਣਾ ਵੀ ਹੈ।


ਇਸ ਪੁਸਤਕ ਦੀ ਅੰਤਰਦ੍ਰਿਸ਼ਟੀ ਫੂਕੋ, ਫੈਨਨ ਅਤੇ ਗ੍ਰਾਮਸ਼ੀ ਤੋਂ ਗ੍ਰਹਿਣ ਕੀਤੀ ਗਈ ਹੈ ।ਮੂਲ ਰੂਪ ਵਿਚ ਓਰੀਐਂਟਲਿਜ਼ਮ ਨੂੰ ਗ੍ਰਾਮਸ਼ੀ ਦੇ ‘ਹੈਜਮਨੀ’ ਅਤੇ ਫੂਕੋ ਦੇ ‘ਗਿਆਨ/ਸ਼ਕਤੀ’ ਸੰਕਲਪਾਂ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ। ਸਈਦ ਨੇ ਸਥਾਪਤ ਕੀਤਾ ਹੈ ਕਿ ਪੱਛਮ ਨੇ ਪੂਰਬ ਉੱਤੇ ਆਪਣੀ ‘ਸਿਰਦਾਰੀ’ ਸਥਾਪਤ ਕਰਨ ਦੀ ਇੱਛਾ ਨਾਲ ਜੋ ਸੰਕਲਪ ਉਸਾਰਿਆ ਅਤੇ ਇਸ ਨਾਲ ਜਿਹੜੇ ਵੀ ਪ੍ਰਵਚਨ ਹੋˆਦ ਵਿਚ ਆਏ, ਉਹ ਸਭ ਪੁੂਰਬਵਾਦ ਦੇ ਦਾਇਰੇ ਵਿਚ ਆਉˆਦੇ ਹਨ। ਇਸ ਪੈਰਾਡਾਇਮ ਦਾ ਮੂਲ ਨੁਕਤਾ ਪੂਰਬ ਨੂੰ ਪੱਛਮੀ ਸੋਚ ਅਨੁਸਾਰ ਢਾਲਣਾ ਸੀ।


‘ਓਰੀਐˆਟਲਿਜ਼ਮ’ ਪੁਸਤਕ ਦੇ ਪ੍ਰਕਾਸ਼ਿਤ ਹੋਣ ਤੋ ਬਾਅਦ ਇਸ ਬਾਰੇ ਮਿਲੇ-ਜੁਲੇ ਪ੍ਰਤੀਕਰਮ ਸਾਹਮਣੇ ਆਏ। ਜਿੱਥੇ ਹੋਮੀ ਭਾਬਾ ਜਿਹੇ ਉੱਤਰਬਸਤੀਵਾਦੀ ਚਿੰਤਕਾਂ ਨੇ ਇਸਨੂੰ ਉਤਰਬਸਤੀਵਾਦ ਦੀ ਅਧਾਰ ਪੁਸਤਕ ਮੰਨਿਆ ਹੈ ਉਥੇ ਬਰਨਾਰਡ ਲੇਵਿਸ ਨੇ ਇਸ ਪੁਸਤਕ ਦੇ ਰੀਵਿਊ ਵਿੱਚ ਇਸਨੂੰ ਪੂਰਬਵਾਦ ਜਿਹੇ ਨਿਰਪੱਖ ਅਨੁਸ਼ਾਸਨ ਨੂੰ ਕਲੰਕਿਤ ਕਰਨ ਵਾਲੀ ਪੁਸਤਕ ਮੰਨਿਆ। ਲੇਵਿਸ ਅਨੁਸਾਰ ਸਈਦ ਅਤੇ ਹੋਰਨਾਂ ਅਰਬ, ਮੁਸਲਿਮ ਅਤੇ ਮਾਰਕਸਵਾਦੀ ਚਿੰਤਕਾਂ ਨੇ ਪੂਰਬਵਾਦ ਦੇ ਪ੍ਰਵਚਨ ਨੂੰ ਗੰਧਲਾ ਕਰ ਦਿੱਤਾ ਹੈ ਅਤੇ ਇਸ ਨਿਰਪੱਖ ਅਨੁਸ਼ਾਸਨ ਨੂੰ ਰਾਜਨੀਤਕ ਰੰਗਤ ਦੇਣ ਦੀ ਕੋਸ਼ਿਸ ਕੀਤੀ ਹੈ। ਪਰੰਤੂ ਲੇਵਿਸ ਦੀਆਂ ਟਿੱਪਣੀਆਂ ਇਸ ਪੁਸਤਕ ਦੀ ਪ੍ਰਸਿੱਧੀ ਨੂੰ ਨਾ ਘਟਾ ਸਕੀਆਂ ਅਤੇ ਇਸ ਪੁਸਤਕ ਨੂੰ 1979 ਈ. ਵਿਚ ‘ਨੈਸ਼ਨਲ ਬੁੱਕ ਕਰਿਟਿਕ ਸਰਕਲ ਐਵਾਰਡ’ ਲਈ ਚੁਣਿਆ ਗਿਆ ।


ਐਡਵਰਡ ਸਈਦ ਦੀ ਪੁਸਤਕ ‘ਓਰੀਐਂਟਲਿਜ਼ਮ’ ਦਾ ਮੂਲ ਨੁਕਤਾ ਪੱਛਮ ਰਾਹੀਂ ਪੂਰਬ ਬਾਰੇ ਉਸਾਰੀ ਵਿਆਖਿਆ ਨੂੰ ਪੁਨਰ ਪਰਿਭਾਸ਼ਿਤ ਕਰਨਾ ਹੈ। ਸਈਦ ਨੇ ਇਸ ਪੁਸਤਕ ਵਿਚ ਦਰਸਾਇਆ ਹੈ ਕਿ ‘ਪੂਰਬਵਾਦ’ ਪੱਛਮੀ ਦੇਸ਼ਾਂ ਰਾਹੀ ਸਿਰਜਿਆ ਸੰਕਲਪ ਹੈ ਜਿਸ ਰਾਹੀਂ ਉਨ੍ਹਾਂ ਨੇ ਅਫਰੀਕਨ, ਏਸ਼ਿਆਈ ਅਤੇ ਅਰਬ ਸਭਿਆਚਾਰਾਂ ਨੂੰ ਇਕ ਤਾਤਵਿਕ ਅਸਤਿੱਤਵ ਦੇਣ ਦਾ ਸੁਚੇਤ ਕਾਰਜ ਕੀਤਾ ਹੈ। ਇਸ ਪ੍ਰਵਚਨ ਵਿਚ ਜਿਥੇ ਪੱਛਮ ਲਈ ਸੱਸ਼ਭਿਅਕ, ਵਿਗਿਆਨਕ ਅਤੇ ਤਾਰਕਿਕ ਜਿਹੇ ਵਿਸੇਸ਼ਣ ਵਰਤੇ ਗਏ ਹਨ ਉਥੇ ਪੂਰਬ ਨੂੰ ਪਛੜਿਆ, ਪ੍ਰਤੀਗਾਮੀ ਅਤੇ ਅੰਧਵਿਸ਼ਵਾਸੀ ਸਾਬਤ ਕੀਤਾ ਗਿਆ ਹੈ। ਇਸ ਪ੍ਰਵਚਨ ਦਾ ਮੂਲ ਉਦੇਸ਼ ਪੱਛਮੀ ਸਿਰਦਾਰੀ ਨੂੰ ਸਥਾਪਤ ਕਰਨਾ ਹੈ। ਇਸ ਪ੍ਰਵਚਨ ਰਾਹੀˆ ਪੂਰਬ ਦੇ ਸਭਿਆਚਾਰ ਨੂੰ ਖੜੋਤ ਵਿਚ ਵਿਚਰ ਰਿਹਾ ਦਰਸਾ ਕੇ ਇਤਿਹਾਸ ਬਾਹਰੀ ਕਰ ਦਿੱਤਾ ਗਿਆ ਹੈ। ਪੱਛਮੀ ਸਭਿੱਅਤਾ ਨੂੰ ਅਧਾਰ ਬਣਾ ਕੇ ਪੂਰਬੀ ਸਭਿਆਚਾਰਾਂ ਬਾਰੇ ਨਿਰਣੇ ਦੇਣਾ ਪੂਰਬਵਾਦੀ ਪ੍ਰਵਚਨ ਦਾ ਅਹਿਮ ਨੁਕਤਾ ਹੈ।


ਐਡਵਰਡ ਸਈਦ ਨੇ ਸਤਾਰਵੀਂ ਸਦੀ ਤੋਂ ਬਾਅਦ ਵਿਕਸਿਤ ਹੋਏ ਪੂਰਬਵਾਦੀ ਪ੍ਰਵਚਨ ਨੂੰ ਬੇਨਕਾਬ ਕੀਤਾ ਹੈ। ਨੈਪੋਲੀਅਨ ਦੀ ਮਿਸਰ ਨਾਲ ਸਬੰਧਤ ਭਾਸ਼ਾ ਸੰਸਥਾ ਦੀ ਉਸਾਰੀ, ਰੇਨਾਨ ਦਾ ਭਾਰਤੀ ਯੂਰਪੀ ਭਾਸ਼ਾ ਪਰਿਵਾਰਾਂ ਦਾ ਅਧਿਐਨ, ਤੁਲਨਾਤਮਕ ਅਧਿਐਨ ਰਾਹੀˆ ਪੂਰਬ ਨੂੰ ਅਪੂਰਨ ਗਰਦਾਨਿਆ ਜਾਣਾ ਅਤੇ ਪੱਛਮੀ ਪੂਰਨਤਾ ਰਾਹੀਂ ਇਸਨੂੰ ਸੰਪੂਰਨ ਬਣਾਉਣ ਉਤੇ ਜੋਰ ਦੇਣਾ, ਵਿਲੀਅਮ ਜੋਨਸ ਅਤੇ ਅਰਨੈਸਟ ਟ੍ਰੈੰਪ ਦੇ ਭਾਰਤੀ ਗ੍ਰੰਥਾਂ ਦੇ ਅਨੁਵਾਦ ਆਦਿ ਸਭ ਪ੍ਰਸੰਗਾਂ ਨੂੰ ਐਡਵਰਡ ਸਈਦ ਨੇ ਆਲੋਚਨਾਤਮਕ ਨਜ਼ਰੀਏ ˆਤੋˆ ਸਮਝਣ ਦਾ ਯਤਨ ਕੀਤਾ ਹੈ। ਸਈਦ ਦਾ ਮੰਨਣਾ ਹੈ ਕਿ ਪੂਰਬਵਾਦ ਸਭਿਆਚਾਰਕ ਅਤੇ ਵਿਚਾਰਧਾਰਕ ਪੱਧਰ ਉੱਤੇ ਉਸਰਿਆ ਇੱਕ ਅਜਿਹਾ ਪ੍ਰਵਚਨ ਹੈ ਜਿਸਨੂੰ ਪੱਛਮ ਨੇ ਆਪਣੀਆਂ ਸੰਸਥਾਵਾਂ, ਪਰਿਕਲਪਨਾਵਾਂ, ਸ਼ਬਦ ਭੰਡਾਰ ਅਤੇ ਗਿਆਨ ਮੀਮਾਸਾਂ ਰਾਹੀਂ ਪ੍ਰਚਲਿਤ ਕੀਤਾ ਹੈ।


ਸੰਨ 1979 ਈ. ਵਿੱਚ ਸਈਦ ਦੀ ਪੁਸਤਕ ‘ਦ ਕੁਅਸਚਨ ਆਫ ਪੈਲਸਟਾਟਿਨ’ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਫਲਸਤੀਨ ਦਾ ਰਾਜਨੀਤਕ, ਸਭਿਆਚਾਰਕ ਅਤੇ ਇਤਿਹਾਸਕ ਵਿਸਲੇਸ਼ਣ ਕੀਤਾ ਗਿਆ ਹੈ। ਫਲਸਤੀਨ ਵਾਸੀਆਂ ਦੀ ਹਿਜਰਤ ਦਾ ਬਿਰਤਾਂਤ ਇਸ ਪੁਸਤਕ ਦਾ ਮੂਲ ਵਿਸ਼ਾ ਹੈ। ਜਿੱਥੇ ‘ਓਰੀਐˆਟਲਿਜ਼ਮ’ ਦਾ ਸਬੰਧ ਬਸਤੀਵਾਦ ਦੇ ਸਿਧਾਂਤ ਅਤੇ ਅਨੁਸਰਨ ਨਾਲ ਹੈ, ਉੱਥੇ ਇਸ ਪੁਸਤਕ ਵਿੱਚ ਫ਼ਲਸਤੀਨ ਉੱਤੇ ਕਾਬਜ਼ ਵੱਖ-ਵੱਖ ਬਸਤੀਵਾਦੀ ਹਕੂਮਤਾਂ ਦਾ ਜ਼ਿਕਰ ਕੀਤਾ ਗਿਆ ਹੈ। ਸਈਦ ਨੇ ਯਹੂਦੀਆਂ ਦੇ ਘਰ ਵਾਪਸੀ ਦੇ ਸਿਧਾਂਤ ਨੂੰ ਬਸਤੀਵਾਦ ਸਥਾਪਤ ਕਰਨ ਦੀ ਪ੍ਰਕਿਰਿਆ ਵਜੋਂ ਵਿਚਾਰਿਆ ਹੈ। ਇਸ ਪੁਸਤਕ ਵਿੱਚ ਸਈਦ ਨੇ ਫ਼ਲਸਤੀਨੀ ਸਮੱਸਿਆ ਦਾ ‘ਦੋ-ਰਾਜੀ’ ਹੱਲ ਪੇਸ਼ ਕੀਤਾ ਹੈ। ਇਸ ਪੱਖ ਤੋਂ ਉਹ ਯਾਸਰ ਆਰਾਫਾਤ ਦੀ ਪਾਰਟੀ ਤੋਂ ਵੱਖਰੀ ਧਿਰ ਵਜੋਂ ਵਿਚਰਦਾ ਪ੍ਰਤੀਤ ਹੁੰਦਾ ਹੈ ਹਾਲਾਂਕਿ ਇਸਦੇ ਬਹੁਤੇ ਮੈˆਬਰਾਂ ਨੇ ਵੀ ਸਈਦ ਦੇ ਇਸ ਪੱਖ ਦੀ ਹਮਾਇਤ ਕੀਤੀ ਹੈ ਕਿ ਫ਼ਲਸਤੀਨ ਦੀ ਇਤਿਹਾਸਕ ਅਜ਼ਾਦੀ ਨਾਲੋਂ ਇਹ ਹੱਲ ਵਧੇਰੇ ਸਾਰਥਕ ਸਿੱਧ ਹੋ ਸਕਦਾ ਹੈ।


ਸਈਦ ਨੇ ਇਸ ਪੁਸਤਕ ਵਿਚ ਇਸ ਤੱਥ ਵੱਲ ਸੰਕੇਤ ਕੀਤੇ ਹਨ ਕਿ ਕਿਸ ਤਰ੍ਹਾਂ ਯਹੂਦੀ ਜੋ ਕਿ ਖੁਦ ਨਾਜ਼ੀਵਾਦ ਦੇ ਸੋਸ਼ਣ ਦਾ ਸ਼ਿਕਾਰ ਬਣੇ, ਉਨ੍ਹਾਂ ਨੇ ਬਾਅਦ ਵਿਚ ਫਲਸਤੀਨ ਨੂੰ ਆਪਣੇ ਬਸਤੀਵਾਦੀ ਗ਼ਲਬੇ ਅਧੀਨ ਢਾਲਿਆ। ਬਹੁਤ ਸਾਰੇ ਯਹੂਦੀ ਚਿੰਤਕਾਂ ਨੇ ਸਈਦ ਦੀ ਇਸ ਧਾਰਨਾ ਦਾ ਵਿਰੋਧ ਕੀਤਾ ਜਿਸ ਵਿੱਚ ਉਸ ਨੇ ਯਹੂਦੀਆਂ ਦੀ ਘਰ ਵਾਪਸੀ ਨੂੰ ਬਰਤਾਨੀਆਂ ਦੇ ਬਸਤੀਵਾਦ ਦੇ ਸਮਵਿੱਥ ਰੱਖ ਕੇ ਵਿਚਾਰਿਆ ਹੈ। ਇਸ ਆਲੋਚਨਾ ਦਾ ਜੁਆਬ ਦਿੰਦਿਆਂ ਸਈਦ ਨੇ ਲਿਖਿਆ ਹੈ ਕਿ ਇਹ ਕੋਈ ਅਚਨਚੇਤ ਵਰਤਾਰਾ ਨਹੀˆ ਕਿ ਫਲਸਤੀਨੀਆਂ ਨੇ ਯਹੂਦੀਆਂ ਹੱਥੋˆ ਉਹੋ ਜਿਹਾ ਹੀ ਸੰਤਾਪ ਭੋਗਿਆ ਹੈ, ਜਿਸ ਤਰ੍ਹਾਂ ਉਨੀਵੀਂ ਸਦੀ ਦੇ ਏਸ਼ੀਆ ਅਤੇ ਅਫ਼ਰੀਕਾ ਦੇ ਮੂਲਨਿਵਾਸੀਆਂ ਨੇ ਯੂਰਪੀ ਬਸਤੀਵਾਦ ਹੱਥੋ ਭੋਗਿਆ ਸੀ। ਇਸ ਪੁਸਤਕ ਵਿੱਚ ਦਰਜ ਇਕ ਲੇਖ ਵਿੱਚ ਸਈਦ ਨੇ ਫਲਸਤੀਨ ਵਾਸੀਆਂ ਨੂੰ ਸੋਸ਼ਣ ਝੱਲ ਚੁੱਕਿਆਂ ਹੱਥੋਂ ਸੋਸ਼ਤ ਕਿਹਾ ਹੈ।


ਤੀਜੀ ਪੁਸਤਕ ‘ਕਵਰਿੰਗ ਇਸਲਾਮ’ ਪ੍ਰਕਾਸ਼ਿਤ ਹੋਈ। ਇਸ ਪੁਸਤਕ ਦੇ ਲਿਖੇ ਜਾਣ ਦੇ ਇਤਿਹਾਸਕ ਕਾਰਨਾਂ ਵਿਚੋˆ ਇਕ ਸੀ 4 ਨਵੰਬਰ 1979 ਈ. ਨੂੰ ਇਰਾਨੀ ਵਿਦਿਆਰਥੀਆਂ ਵੱਲੋਂ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਅਮਰੀਕੀ ਅੰਬੈਸੀ ਦਾ ਘਿਰਾਓ। ਇਹ ਵਿਦਿਆਰਥੀ ਮੰਗ ਕਰ ਰਹੇ ਸਨ ਕਿ ਅਮਰੀਕਾ ਮੁਹੰਮਦ ਰਜ਼ਾ ਸ਼ਾਹ ਪਹਿਲਵੀ ਨੂੰ ਮੁਕੱਦਮੇ ਲਈ ਵਾਪਸ ਤਹਿਰਾਨ ਭੇਜੇ, ਜਿਸਨੂੰ ਅਮਰੀਕਾ ਦੀ ਖੁਫ਼ੀਆ ਏਜੰਸੀ  ਨੇ ਅਮਰੀਕਾ ਵਿਚਲੀ ਕਠਪੁਤਲੀ ਸਰਕਾਰ ਦਾ 1953 ਈ. ਵਿਚ ਨੁਮਾਇੰਦਾ ਚੁਣਿਆ ਸੀ। ਇਸ ਘਟਨਾਕ੍ਰਮ ਪ੍ਰਤੀ ਮੀਡੀਆ ਦੀ ਗੈਰ ਸੰਜ਼ੀਦਗੀ ਨੂੰ ਦੇਖਦਿਆਂ ਸਈਦ ਨੇ ਇਹ ਸਥਾਪਤ ਕੀਤਾ ਹੈ ਕਿ ਇਸਲਾਮ ਹਮੇਸ਼ਾ ਤੋਂ ਹੀ ਅਮਰੀਕੀ ਸਿਰਦਾਰੀ ਲਈ ਖ਼ਤਰਾ ਰਿਹਾ ਹੈ। ਅਮਰੀਕਾ ਰਾਹੀਂ ਸਿੱਖਿਅਤ ਇਰਾਨੀ ਖੁਫ਼ੀਆ ਪੁਲਿਸ ਦੇ ਤਸ਼ੱਦਦ ਨੂੰ ਅੱਖੋਂ ਪਰੋਖੇ ਕਰਕੇ ਅਮਰੀਕੀ ਪੱਤਰਕਾਰਾਂ ਅਤੇ ਆਲੋਚਕਾਂ ਨੇ ਹਮੇਸ਼ਾ ‘ਅੰਤਰਰਾਸ਼ਟਰਵਾਦ’ ਦੇ ਨਾਂ ਉੱਤੇ ਅਮਰੀਕੀ ਪ੍ਰਭੂਸੱਤਾ ਦਾ ਹੀ ਪੱਖ ਪੂਰਿਆ ਹੈ ਅਤੇ ਅਮਰੀਕੀ ਮੀਡੀਆ ਨੇ ਇਸਲਾਮ ਨੂੰ ਅਤਾਰਕਿਕ ਅਤੇ ਪੱਛਮ ਵਿਰੋਧੀ ਗਤੀਵਿਧੀਆਂ ਦਾ ਸਮਾਨਰਥੀ ਸ਼ਬਦ ਬਣਾ ਕੇ ਪੇਸ਼ ਕੀਤਾ ਹੈ। ਅਮਰੀਕੀ ਮੀਡੀਆ ਨੇ ਇਸਲਾਮ ਨੂੰ ‘ਨਵਾਂ ਅਸੱਭਿਅਕ ਧਰਮ’ ਕਹਿ ਕੇ ਭੰਡਿਆ ਹੈ।


ਇਸ ਪੁਸਤਕ ਵਿਚ ਸਈਦ ਨੇ ਇਸਲਾਮ ਅਤੇ ਇਸਾਈਅਤ ਦੇ ਸਬੰਧਾਂ ਦੇ ਇਤਿਹਾਸਕ ਪਰਿਪੇਖ ਨੂੰ ਪੇਸ਼ ਕੀਤਾ ਹੈ। ਮੱਧਕਾਲ ਅਤੇ ਪੁਨਰਜਾਗ੍ਰਤੀ ਦੇ ਆਰੰਭ ਤੋਂ ਹੀ ਇਸਾਈਅਤ ਵੱਲੋਂ ਇਸਲਾਮ ਵਿਰੁੱਧ ਪ੍ਰਚਾਰ ਹੁੰਦਾ ਰਿਹਾ ਹੈ। ਮੱਧਕਾਲ ਤੋਂ ਬਾਅਦ ਇਸਲਾਮ ਵਿਸ਼ਵਪੱਧਰ ‘ਤੇ ਇਕ ਰਾਜਨੀਤਕ ਸ਼ਕਤੀ ਬਣ ਕੇ ਉਭਰਿਆ, ਜਿਸ ਕਾਰਨ ਇਸਾਈਅਤ ਨੂੰ ਇਹ ਵਧੇਰੇ ਖ਼ਤਰਨਾਕ ਜਾਪਣ ਲੱਗ ਪਿਆ। ਸਮਕਾਲੀ ਦੌਰ ਤੱਕ ਪਹੁੰਚਦਿਆਂ ਇਸਲਾਮ ਪ੍ਰਤੀ ਇਹ ਪਰਚਾਰ ਜਾਰੀ ਰਿਹਾ। ਅੱਜ ਦੇ ਸਮੇਂ ਵਿਚ ਵੀ ਮੁਸਲਮਾਨਾਂ ਦੀ ਪੇਸ਼ਕਾਰੀ ਤੇਲ ਵਿਕਰੇਤਾ, ਅੱਤਵਾਦੀ ਜਾਂ ਖ਼ੂਨ ਦੀ ਪਿਆਸੀ ਕੌਮ ਵਜੋਂ ਹੀ ਕੀਤੀ ਜਾਂਦੀ ਹੈ।


ਐਡਵਰਡ ਸਈਦ ਦੀ ਛੇਵੀˆ ਪੁਸਤਕ ‘ਦ ਵਰਡ, ਦ ਟੈਕਸਟ ਐˆਡ ਦਾ ਕਰਿਟਿਕ’ ਹੈ। ਇਹ ਪੁਸਤਕ ਸਈਦ ਦੇ ਵੱਖ ਵੱਖ ਸਾਹਿਤਕ ਅਤੇ ਆਲੋਚਨਾਤਮਕ ਪਰਚਿਆਂ ਵਿੱਚ ਛਪੇ ਲੇਖਾਂ ਦਾ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਸਈਦ ਨੇ ਸਾਹਿਤਕ ਅਲੋਚਨਾ ਦੀ ਪਰਖ ਪੜਚੋਲ ਕੀਤੀ ਹੈ। ਸਈਦ ਦਾ ਮੰਨਣਾ ਹੈ ਕਿ ਸਮਕਾਲੀ ਸਾਹਿਤਕ ਆਲੋਚਕਾਂ ਨੇ ਜਿਹੜੀ ਅੰਤਰਦ੍ਰਿਸ਼ਟੀ ਵਿਕਸਿਤ ਕੀਤੀ ਹੈ, ਉਸ ਨਾਲ ਵਿਵਹਾਰਕ ਆਲੋਚਨਾ ਮਹਿਜ਼ ਤੰਗਦ੍ਰਿਸ਼ਟੀ ਆਲੋਚਨਾਤਮਕ ਲਿਖਤਾਂ ਤੱਕ ਮਹਿਦੂਦ ਹੋ ਗਈ ਹੈ। ਵਿਭਿੰਨ ਆਲੋਚਕਾਂ ਨੂੰ ਸੱਦਾ ਦਿੰਦਿਆਂ ਸਈਦ ਉਨ੍ਹਾਂ ਨੂੰ ਉਸ ਖੋਲ ਵਿੱਚੋˆ ਬਾਹਰ ਆ ਕੇ ਕਿਰਤਾਂ ਨੂੰ ਪਰਖਣ ਦੀ ਸਲਾਹ ਦਿੰਦਾ ਹੈ, ਜਿਸ ਸਿਧਾਂਤ ਨੂੰ ਅਧਾਰ ਬਣਾ ਕੇ ਇਹ ਆਲੋਚਕ ਆਪਣੇ ਆਲੋਚਨਾਤਮਕ ਕਾਰਜ ਨੂੰ ਅੰਜਾਮ ਦੇ ਰਹੇ ਹਨ। ਉਸ ਨੇ ਉਤਰਸੰਰਚਨਾਵਾਦੀਆਂ ਅਤੇ ਮਾਰਕਸਵਾਦੀਆਂ ਦੀਆਂ ਊਣਤਾਈਆ ਨੂੰ ਸਾਹਮਣੇ ਲਿਆਂਦਾ ਹੈ। ਸਈਦ ਦਾ ਮੰਨਣਾ ਹੈ ਕਿ ਇਕ ਆਲੋਚਕ ਦਾ ਇਹ ਫ਼ਰਜ਼ ਹੈ ਕਿ ਉਹ ਮਹਿਜ਼ ਸਿਧਾਂਤਕ ਪੱਧਰ ਉੱਤੇ ਹੀ ਨਹੀ ਸਗੋˆ ਵਿਵਹਾਰਕ ਪੱਧਰ ਉੱਤੇ ਵੀ ਦੱਬੇ_ਕੁਚਲੇ ਅਤੇ ਨਿਤਾਣੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰੇ।


ਇਸ ਪੁਸਤਕ ਵਿਚ ਦਰਜ ਇਕ ਨਿਬੰਧ ਵਿੱਚ ਸਈਦ ਨੇ ਇਹ ਸਥਾਪਤ ਕੀਤਾ ਹੈ ਕਿ ਕੋਈ ਵੀ ਸਿਧਾਂਤ ਵਿਸ਼ੇਸ਼ ਆਰਥਿਕ ਪਰਸਥਿਤੀਆਂ ਦੀ ਉਪਜ ਹੁੰਦਾ ਹੈ, ਪਰ ਸਮਾਂ ਬਦਲਣ ਉਤੇ ਵਿਸ਼ਭਿੰਨ ਭੂਗੋਲਿਕ, ਸਮਾਜਕ ਜਾਂ ਆਰਥਿਕ ਕਾਰਨਾਂ ਕਰਕੇ ਇਸ ਵਿਚ ਤਬਦੀਲੀ ਆ ਜਾਂਦੀ ਹੈ। ਇਸ ਪੁਸਤਕ ਵਿੱਚ ਸਈਦ ਨੇ ਹੰਗਰੀ ਦੇ ਮਾਰਕਸਵਾਦੀ ਚਿੰਤਕ ਜਾਰਜ ਲੁਕਾਸ    ਦੇ ਸਿਧਾਂਤ ਨੂੰ ਅਧਾਰ ਬਣ ਕੇ ਇਸਦੇ ਉਨ੍ਹਾਂ ਵਿਭਿੰਨ ਇਤਿਹਾਸਕ ਪਰਿਪੇਖਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਇਤਿਹਾਸਕ ਪਰਿਪੇਖਾਂ ਦੌਰਾਨ ਇਸ ਸਿਧਾਂਤ ਵਿੱਚ ਪਰਿਵਰਤਨ ਵਾਪਰੇ ਹਨ।


1982 ਈ. ਵਿੱਚ ਲਿਬਨਾਨ ਉੱਤੇ ਹੋਏ ਇਜ਼ਰਾਈਲੀ ਹਮਲੇ ਨੇ ਐਡਵਰਡ ਸਈਦ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ। ਇਸ ਹਮਲੇ ਦੌਰਾਨ ਉਸਦੇ ਰਿਸ਼ਤੇਦਾਰ ਅਤੇ ਸਕੇ-ਸੰਬੰਧੀ ਵੀ ਲਿਬਨਾਨ ਵਿਚ ਰਹਿ ਰਹੇ ਸਨ। 1982 ਈ. ਦੀ ਗਰਮੀਆਂ ਦੀ ਰੁੱਤ ਵਿਚ ਲਿਬਨਾਨ ਦੀ ਰਾਜਧਾਨੀ ਬੇਰੂਤ ਉੱਤੇ ਇਜ਼ਰਾਈਲੀ ਸੈਨਿਕਾਂ ਨੇ ਹਵਾਈ ਅਤੇ ਸਮੁੰਦਰੀ ਹਮਲੇ ਕੀਤੇ । ਪਰੰਤੂ ਪੱਛਮ ਨੇ ਇਜ਼ਰਾਈਲ ਦੇ ਇਸ ਹਮਲੇ ਨਾਲ ਕੋਈ ਸਰੋਕਾਰ ਨਹੀਂ ਦਰਸਾਇਆ । ਸਈਦ ਨੇ ਦੱਸਿਆ ਹੈ ਕਿ ਫਲਸਤੀਨੀਆਂ ਨੂੰ ਅੱਤਵਾਦੀ ਸਾਬਤ ਕਰਕੇ ਇਜ਼ਰਾਈਲ ਅਤੇ ਪੱਛਮੀ ਸਮਾਜ ਨੇ ਫਲਸਤੀਨੀਆਂ ਦੀ ਜਲਾਵਤਨੀ ਨੂੰ ਅੱਖੋਂ ਪਰੋਖੇ ਕਰਨ ਦਾ ਯਤਨ ਕੀਤਾ ਹੈ। ਸਈਦ ਦੱਸਦਾ ਹੈ ਕਿ ਦੁਨੀਆਂ ਭਰ ਵਿੱਚ 40 ਲੱਖ ਫ਼ਲਸਤੀਨੀ ਜਲਾਵਤਨ ਹੋ ਕੇ ਜੀਵਨ ਬਤੀਤ ਕਰ ਰਹੇ ਹਨ। ਇਨ੍ਹਾਂ ਵਿੱਚੋ 6.5 ਲੱਖ ਦੇ ਕਰੀਬ ਇਜ਼ਰਾਈਲੀ ਬਸਤੀਵਾਦ ਦੇ ਅਧੀਨ, 13 ਲੱਖ ਵੈਸਟ ਬੈˆਕ ਅਤੇ ਗਾਜ਼ਾ ਪੱਟੀ ਵਿੱਚ ਫੌਜੀ ਸਥਾਪਨਾ ਤਹਿਤ ਅਤੇ ਬਾਕੀ ਦੁਨੀਆਂ ਦੇ ਵੱਖ_ਵੱਖ ਫੌਜੀ ਹਿੱਸਿਆਂ ਵਿਚ ਜਲਾਵਤਨੀ ਭੋਗ ਰਹੇ ਹਨ। ਇੱਕ ਪਾਸੇ ਤਾਂ ਫਲਸਤੀਨੀ ਅਰਬਾਂ ਨੂੰ ਅੱਤਵਾਦੀ ਗਰਦਾਨਿਆ ਗਿਆ ਹੈ, ਜਦਕਿ ਦੂਜੇ ਪਾਸੇ ਇਨ੍ਹਾਂ ਉੱਤੇ ਹਕੂਮਤ ਕਰਨ ਵਾਲੇ ਇਜ਼ਰਾਈਲ ਦਾ ਕੋਈ ਸੰਵਿਧਾਨ ਨਹੀˆ ਹੈ। ਦੁਨੀਆਂ ਭਰ ਦੇ ਯਹੂਦੀ ਜਦੋˆ ਚਾਹੁਣ ਘਰ ਵਾਪਸੀ ਦੇ ਨਿਯਮ ਤਹਿਤ ਇਜ਼ਰਾਈਲ ਵਿੱਚ ਆ ਕੇ ਸਥਾਪਤ ਹੋ ਸਕਦੇ ਹਨ।


ਫ਼ਲਸਤੀਨ ਦੀ ਮੁਕਤੀ ਲਹਿਰ ਬਾਰੇ ਗੱਲ ਕਰਦਿਆਂ ਸਈਦ ਲਿਖਦਾ ਹੈ ਕਿ ਪੱਛਮ ਅਤੇ ਅਮਰੀਕਾ ਦਾ ਬੁੱਧੀਜੀਵੀ ਵਰਗ ਫਲਸਤੀਨੀ ਮੁਕਤੀ ਲਹਿਰ ਬਾਰੇ ਕੋਈ ਸੰਜੀਦਾ ਰਾਇ ਨਹੀˆ ਰੱਖਦੇ। ਅਮਰੀਕੀ ਮੀਡੀਆ ਵਿਚ ਅਕਸਰ ਵਿਰੋਧੀ ਸੁਰਾਂ ਨੂੰ ਦਬਾ ਦਿੱਤਾ ਜਾਂਦਾ ਹੈ ।ਦੂਜੇ ਪਾਸੇ ਸਈਦ ਨੇ ਇਸ ਪੁਸਤਕ ਵਿਚ ਯਾਸਰ ਅਰਾਫ਼ਾਤ ਅਤੇ ਉਸਦੀ ਪਾਰਟੀ ਦੀ ਵੀ ਆਲੋਚਨਾ ਕੀਤੀ ਹੈ। ਸਈਦ ਨੇ ਅਰਾਫ਼ਾਤ ਦੀ ਪੱਛਮੀ ਦੇਸ਼ਾਂ ਉੱਤੇ ਨਿਰਭਰਤਾ ਉੱਤੇ ਸੁਆਲੀਆ ਨਿਸ਼ਾਨ ਲਗਾਇਆ ਹੈ। ਸਈਦ ਨੇ ਫਲਸਤੀਨ ਦੀ ਆਜ਼ਾਦੀ ਲਈ ਹਿੰਸਕ ਤਰੀਕਿਆਂ ਦੀ ਥਾਂ ਜਮਹੂਰੀ ਢੰਗ ਦੀ ਲੜਾਈ ਨੂੰ ਪਹਿਲ ਦਿੱਤੀ ਹੈ।


‘ਆਫਟਰ ਦਾ ਲਾਸਟ ਸਕਾਈ’ ਐਡਵਰਡ ਸਈਦ ਦੀ ਸਵੈਜੀਵਨੀਨੁਮਾ ਪੁਸਤਕ ਹੈ। ਇਸ ਪੁਸਤਕ ਵਿਚ ਸਈਦ ਨੇ ਜਲਾਵਤਨੀ ਦੇ ਸੰਤਾਪ ਨੂੰ ਬੜੀ ਸ਼ਿੱਦਤ ਨਾਲ ਉਭਾਰਿਆ ਹੈ। ਇਸ ਪੁਸਤਕ ਦਾ ਸਿਰਲੇਖ ਫਲਸਤੀਨੀ ਕਵੀ ਮੁਹੰਮਦ ਦਰਵੇਸ਼ ਦੀ ਇੱਕ ਕਵਿਤਾ ਵਿੱਚੋˆ ਲਿਆ ਗਿਆ ਹੈ। ਇਸ ਪੁਸਤਕ ਵਿਚ ਜੀਨ ਮੌਰ ਨਾਮਕ ਫੋਟੋਗ੍ਰਾਫਰ ਦੁਆਰਾ ਫ਼ਲਸਤੀਨੀ ਲੋਕਾਂ ਦੀਆਂ ਖਿੱਚੀਆ ਫੋਟੋਆਂ ਵੀ ਦਰਜ ਹਨ। ਸਈਦ ਚਾਹੁੰਦਾ ਸੀ ਕਿ ਇਨ੍ਹਾਂ ਫੋਟੋਆਂ ਨੂੰ ਜਨੇਵਾ ਵਿਚ ਹੋ ਰਹੀ ਕਾਨਫਰੰਸ ਵਿਚ ਸਿਰਲੇਖਾਂ ਸਮੇਤ ਟੰਗਿਆ ਜਾਵੇ। ਪਰ ਉਸਨੂੰ ਇਸ ਗੱਲ ਨੇ ਬਹੁਤ ਝੰਜੋੜਿਆ ਕਿ ਕਾਨਫਰੰਸ ਵਿਚ ਸ਼ਾਮਲ ਬਹੁਤੇ ਦੇਸ਼ਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਜਦੋਂ ਕਿ ਇਨ੍ਹਾਂ ਵਿੱਚੋˆ ਬਹੁਤੇ ਅਰਬ ਦੇਸ਼ ਹੀ ਸਨ। ਅਮਰੀਕਾ ਅਤੇ ਇਜ਼ਰਾਈਲ ਨੇ ਇਸ ਕਾਨਫਰੰਸ ਦਾ ਪਹਿਲਾਂ ਹੀ ਬਾਈਕਾਟ ਕੀਤਾ ਹੋਇਆ ਸੀ, ਸਈਦ ਖੁਦ ਫ਼ਲਸਤੀਨ ਜਾ ਕੇ ਉਨ੍ਹਾਂ ਲੋਕਾਂ ਨੂੰ ਮਿਲਣ ਦਾ ਇੱਛੁਕ ਸੀ, ਜਿਨ੍ਹਾਂ ਦੀਆਂ ਤਸਵੀਰਾਂ ਜੀਨ ਮੌਰ ਨੇ ਖਿਚੀਆਂ ਸਨ। ਪਰੰਤੂ ਇਂਰਾਈਲ ਸਰਕਾਰ ਨੇ ਉਸਨੂੰ ਆਪਣੀ ਮਾਤਭੂਮੀ ਜਾਣ ਦੀ ਇਜਾਜ਼ਤ ਨਹੀˆ ਦਿੱਤੀ। ਇਸ ਤਰ੍ਹਾਂ ਇਹ ਪੁਸਤਕ ਸਈਦ ਦੀ ਜਲਾਵਤਨੀ ਦਾ ਦਸਤਾਵੇਜ਼ ਹੈ। ਇਸ ਪੁਸਤਕ ਦੇ ਰੀਵਿਊ ਵਿੱਚ ਸਲਮਾਨ ਰੁਸ਼ਦੀ ਨੇ ਇਸਨੂੰ ਫ਼ਲਸਤੀਨ ਬਾਰੇ ਹੁਣ ਤੱਕ ਲਿਖੀ ਜਾ ਚੁੱਕੀ ਵਾਰਤਕ ਦਾ ਸਭ ਤੋਂ  ਸ਼ਾਹਕਾਰ ਨਮੂਨਾ ਕਿਹਾ ਹੈ। ਇਹ ਪੁਸਤਕ - ਕਲਾ ਅਤੇ ਲਿਖਤ ਦਾ ਬੇਜੋੜ ਸੰਗਮ ਹੈ।


ਐਡਵਰਡ ਸਈਦ ਦੀ ਪੁਸਤਕ ‘ਕਲਚਰ ਐˆਡ ਇੰਪੀਰਅਲਿਜ਼ਮ’ ਵਿਚ ਉਸ  ਨੇ ਸਾਮਰਾਜ ਦੀ ਸਥਾਪਤੀ ਨੂੰ ਸਭਿਆਚਾਰਕ ਨੁਕਤਾ-ਨਿਗਾਹ ਤੋਂ ਸਮਝਣ ਦਾ ਉਪਰਾਲਾ ਕੀਤਾ ਹੈ। ਇਹ ਪੁਸਤਕ ਜਿੱਥੇ ਇੱਕ ਪਾਸੇ ਸਾਮਰਾਜਵਾਦ ਦੇ ਵਿਰੋਧ ਅਤੇ ਨਵ_ਬਸਤੀਵਾਦ ਹਕੀਕਤਾਂ ਨਾਲ ਬਾ_ਵਾਸਤਾ ਹੈ, ਉਥੇ ਦੂਜੇ ਪਾਸੇ ਇਸਦਾ ਸਬੰਧ ਫ਼ਲਸਤੀਨੀ ਆਜ਼ਾਦੀ ਦੇ ਸੰਘਰਸ਼ ਨਾਲ ਵੀ ਹੈ। ਇਸ ਪੁਸਤਕ ਵਿੱਚ ਸਈਦ ਨੇ ਬਸਤੀਵਾਦੀ ਗ਼ਲਬੇ ਸਮੇਂ ਲਿਖੀਆਂ ਪੂਰਬਵਾਦੀ ਸਾਹਿਤਕ ਲਿਖਤਾਂ ਜਿਵੇ ‘ਹਾਰਟ ਆਫ ਡਾਰਕਨੈਸ’ ,’ਕਿਮ’,’ਏ ਪੈਸੇਜ ਟੂ ਇੰਡੀਆ’ ਦਾ ਵਿਸਥਾਰਪੂਰਵਕ ਅਧਿਐਨ ਕੀਤਾ ਹੈ। ਸਈਦ ਦਾ ਮੰਨਣਾ ਹੈ ਕਿ ਸਭਿਆਚਾਰਕ ਸਾਮਰਾਜਵਾਦ ਦੇ ਪਰਸਾਰ ਵਿਚ ਬਿਰਤਾਂਤ ਅਹਿਮ ਭੂਮਿਕਾ ਨਿਭਾਉˆਦੇ ਹਨ। ਇਥੇ ਸਈਦ ਹੋਮੀ ਭਾਬਾ ਦੇ ਉਸ ਸਿਧਾਂਤ ਦੇ ਨੇੜੇ ਪਹੁੰਚ ਜਾਂਦਾ ਹੈ, ਜਿਸ ਵਿਚ ਭਾਬਾ ਨੇ ਕੋਮਾਂ ਦਾ ਬਿਰਤਾਂਤ ਤਸੱਵਰ ਕੀਤਾ ਹੈ।


ਸਈਦ ਦਾ ਮੰਨਣਾ ਹੈ ਕਿ ਪੂਰਬਵਾਦੀ ਲਿਖਤਾਂ ਦਾ ਸਰੂਪ ਸਾਮਰਾਜਵਾਦੀ ਹੈ। ਸਾਮਰਾਜਵਾਦ ਦਾ ਮੁੱਦਾ ਜਿੱਥੇ ਬਸਤੀਆਂ ਦੀ ਆਰਥਿਕ ਲੁੱਟ_ਖਸੁੱਟ ਨਾਲ ਜੁੜਿਆ ਹੈ, ਉਥੇ ਇਸਦਾ ਸਭਿਆਚਾਰਕ ਪੱਖ ਵੀ ਹੈ, ਜਿਸ ਅਨੁਸਾਰ ਗਿਆਨ ਨਿਰਪੱਖ ਨਾ ਹੋ ਕੇ ਸੱਤਾ ਸਥਾਪਤੀ ਦੇ ਪ੍ਰਵਚਨ ਨਾਲ ਜੁੜ ਜਾਂਦਾ ਹੈ ਅਤੇ ਇਸ ਤਰ੍ਹਾਂ ਹੋˆਦ ਵਿੱਚ ਆਈਆਂ ਲਿਖਤਾਂ ਬਸਤੀਵਾਦ ਅਤੇ ਸਾਮਰਾਜਵਾਦ ਦੀ ਸਥਾਪਤੀ ਅਤੇ ਉਸਦੇ ਵਿਕਾਸ ਵਿੱਚ ਅਹਿਮ ਭੁਮਿਕਾ ਅਦਾ ਕਰਦੀਆਂ ਹਨ।


ਇਸ ਪੁਸਤਕ ਵਿਚ ਪੂਰਬਵਾਦੀ ਲਿਖਤਾਂ ਦੇ ਵਿਰੋਧ ਵਜੋˆ ਸਈਦ ਨੇ ਮੂਲਨਿਵਾਸੀਆਂ ਦੀਆਂ ਲਿਖਤਾਂ ਨੂੰ ਵੀ ਵਾਚਿਆ ਹੈ। ਇਸ ਪੁਸਤਕ ਦੇ ਇੱਕ ਅਹਿਮ ਲੇਖ ਵਿੱਚ ਸਈਦ ਨੇ ਆਇਰਿਸ਼ ਕਵੀ ਯੀਟਸ ਦੀ ਰਚਨਾ ਨੂੰ ਆਇਰਲੈਂਡ ਦੀ ਕੌਮੀ ਆਜ਼ਾਦੀ ਦੇ ਸਮਵਿੱਥ ਰੱਖ ਕੇ ਵਿਚਾਰਿਆ ਹੈ। ਸਈਦ ਦਾ ਮੰਨਣਾ ਹੈ ਕਿ ਯੀਟਸ ਦੀ ਕਵਿਤਾ ਦੂਜੇ ਅੰਗਰੇਜ਼ੀ ਬਸਤੀਵਾਦੀ ਕਵੀਆਂ ਤੋˆ ਵੱਖਰੀ ਹੈ ਅਤੇ ਬਸਤੀਵਾਦ ਵਿਰੋਧੀ ਰਾਸ਼ਟਰਵਾਦ ਦੀ ਭਾਵਨਾ ਨਾਲ ਓਤ-ਪੋਤ ਹੈ। ਸਈਦ ਯੀਟਸ ਨੂੰ ਦੁਨੀਆਂ ਦੇ ਵੱਖ-ਵੱਖ ਬਸਤੀਵਾਦ ਵਿਰੋਧੀ ਕਵੀਆਂ ਜਿਵੇˆ-ਪਾਬਲੋ ਨੈਰੋਦਾ, ਫੈਜ਼ ਅਹਿਮਦ ਫੈਜ਼ ਅਤੇ ਮੁਹੰਮਦ ਦਰਵੇਸ਼ ਦੀ ਸ਼ੇਣੀ ਵਿਚ ਰੱਖਦਾ ਹੈ।

ਸਈਦ ਦਾ ਮੰਨਣਾ ਹੈ ਕਿ ਬਸਤੀਵਾਦ ਦੀ ਮੁਖ਼ਾਲਫ਼ਤ ਲਈ ਜਿਸ ਤਰ੍ਹਾਂ ਬਸਤੀਵਾਦੀ ਲਿਖਤਾਂ ਦੀ ਆਲੋਚਨਾਤਮਕ ਪੁਨਰ ਪੜਚੋਲ ਜ਼ਰੂਰੀ ਹੈ, ਉਸੇ ਤਰ੍ਹਾਂ ਬਸਤੀ ਬਣੇ ਦੇਸ਼ਾਂ ਦੀਆਂ ਕੌਮਵਾਦੀ ਲਿਖਤਾਂ ਨੂੰ ਵਿਚਾਰਨਾਂ ਵੀ ਉਨਾ ਹੀ ਜ਼ਰੂਰੀ ਹੈ। ਇਸ ਪੱਖ ਤੋˆ ਸਈਦ ਅਫਰੀਕੀ ਲੇਖਕਾਂ ਚਿਨੂਆ ਅਚੀਬੀ ਅਤੇ ਵੈਲੇ ਸੋਇੰਕਾ ਅਤੇ ਭਾਰਤੀ ਮੂਲ ਦੇ ਲੇਖਕ ਸਲਮਾਨ ਰੁਸ਼ਦੀ ਦੀਆਂ ਸਿਰਜਣਾਤਮਕ ਲਿਖਤਾਂ ਨੂੰ ਵਾਚਣ ਦੀ ਪੇਸ਼ਕਸ਼ ਕਰਦਾ ਹੈ। ਸਈਦ ਨੇ ਬਸਤੀਵਾਦ ਅਤੇ ਸਾਮਰਾਜਵਾਦ ਦੀ ਮੁਖਾਲਫ਼ਤ ਲਈ ਇੱਕ ਵਿਚਾਰਧਾਰਕ ਅਤੇ ਸਭਿਆਚਾਰਕ ਜੰਗ ਦੀ ਰੂਪ_ਰੇਖਾ ਉਲੀਕਦਿਆਂ ਮੂਲਨਿਵਾਸੀਆਂ ਦੀਆਂ ਸਾਹਿਤਕ ਲਿਖਤਾਂ ਨੂੰ ਵਿਰੋਧ ਦੀ ਰਾਜਨੀਤੀ ਨਾਲ ਜੋੜ ਕੇ ਪੜ੍ਹਣ ਉੱਤੇ ਜ਼ੋਰ ਦਿੱਤਾ ਹੈ।


ਐਡਵਰਡ ਸਈਦ ਦੀ ਸਵੈਜੀਵਨੀਨੁਮਾ ਪੁਸਤਕ ਉਸ ਦੀ ਹਿਜਰਤ ਦਾ ਬਿਰਤਾਂਤ ਹੈ, ਜਿਸ ਵਿੱਚ ਸਈਦ ਨੇ ਜਲਾਵਤਨੀ ਦੇ ਤਲਖ਼ ਤਜਰਬਿਆਂ ਨੂੰ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। 1993 ਈ. ਵਿੱਚ ਜਦ ਸਈਦ ਨੂੰ ਪਤਾ ਲੱਗਿਆ ਕਿ ਉਸਨੂੰ ਲੁਕੀਮੀਆ (ਲਹੂ ਦਾ ਕੈਂਸਰ)ਨਾਂ ਦੀ ਜਾਨਲੇਵਾ ਬਿਮਾਰੀ ਹੈ ਅਤੇ ਮੌਤ ਦੀ ਤਲਵਾਰ ਉਸਦੇ ਸਿਰ ਉਤੇ ਲਟਕ ਰਹੀ ਹੈ, ਤਾਂ ਉਸ ਨੇ ਆਪਣੀਆਂ ਯਾਦਾਂ ਨੂੰ ਕਿਤਾਬੀ ਰੂਪ ਦੇਣ ਦੀ ਠਾਣ ਲਈ। ਜਿਸਦਾ ਨਤੀਜਾ ਇਸ ਪੁਸਤਕ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਪੁਸਤਕ ਵਿੱਚ ਸਈਦ ਨੇ ਯੋਰੇਸ਼ਲਮ, ਲਿਬਨਾਨ ਅਤੇ ਕਾਹਿਰਾ ਵਿਚ ਬੀਤੇ ਆਪਣੇ ਮੁਢਲੇ ਦਿਨਾਂ ਨੂੰ ਚੇਤੇ ਕੀਤਾ ਹੈ। ਸਈਦ ਲਿਖਦਾ ਹੈ ਕਿ ਵੱਖ_ਵੱਖ ਦੇਸ਼ਾਂ, ਭਾਸ਼ਾਵਾਂ, ਕੌਮਾਂ ਵਿੱਚ ਘਿਰੀ ਉਸਦੀ ਜਿੰਦਗੀ ਅਸਲ ਵਿੱਚ ਹਿਜਰਤ ਦਾ ਬਿਰਤਾਂਤ ਹੈ।


ਐਡਵਰਡ ਸਈਦ ਦੇ ਜੀਵਨ ਅਤੇ ਰਚਨਾ ਉਤੇ ਜਿੱਥੇ ਇੱਕ ਪਾਸੇ ਉਤਰਬਸਤੀਵਾਦ ਦਾ ਪੂਰਾ ਅਕਾਦਮਿਕ ਅਨੁਸ਼ਾਸਨ ਟਿਕਿਆ ਹੈ ਉਥੇ ਦੂਜੇ ਪਾਸੇ ਉਸਦੀ ਕਾਰਜਸ਼ੀਲਤਾ ਫ਼ਲਸਤੀਨ ਵਾਸੀਆਂ ਦੇ ਦੁੱਖ ਅਤੇ ਸੰਤਾਪ ਦੀ ਵੀ ਗਾਥਾ ਹੈ। ਇਸ ਤਰ੍ਹਾਂ ਸਈਦ ਨੇ ਬੁੱਧੀਜੀਵੀਆਂ ਦੇ ਲੋਕਾਈ ਤੋˆ ਦੂਰ ਵਿਚਰਨ ਦੇ ਬਿੰਬ ਨੂੰ ਤੋੜਿਆ ਹੈ ਅਤੇ ਕਹਿਣੀ ਅਤੇ ਕਰਨੀ ਦੀ ਸੰਜੋਗਤਾ ਨੂੰ ਪਰਵਾਨ ਚੜ੍ਹਾਇਆ ਹੈ। ਉਸ ਉੱਤੇ ਬਰਤੋਲਤ ਬ੍ਰੈਖਤ ਦੀਆਂ ਕਾਵਿ ਸਤਰਾਂ ਪੂਰੀ ਤਰ੍ਹਾਂ ਨਾਲ ਢੁੱਕਦੀਆਂ ਹਨ।


ਕੀ ਹਨੇਰੇ ਸਮਿਆਂ ਵਿੱਚ ਵੀ ਗੀਤ ਗਾਏ ਜਾਣਗੇ
ਹਾਂ ! ਉਦੋˆ ਹਨੇਰੇ ਸਮਿਆਂ ਬਾਰੇ ਗੀਤ ਗਾਏ ਜਾਣਗੇ।

Top