ਪੜਚੋਲ
ਸੰਗੀ ਸਾਥੀ

ਸੰਗੀ ਸਾਥੀ/ਕਾਵਿ-ਸੰਗ੍ਰਹਿ/ਦਰਸ਼ਨ ਖਟਕੜ/ਚਿੰਤਨ ਪ੍ਰਕਾਸ਼ਨ/ਮੁੱਲ: 100 ਰੁਪਏ
ਪੰਜਾਬੀ ਮਨ ਦੇ ਰਚਨਾਤਮਕ ਪਿੜ ਅੰਦਰ ਦਰਸ਼ਨ ਖਟਕੜ ਇਲਮਤੇ ਅਮਲ ਤੇ ਸੁਹਜ ਤੇ ਸੰਘਰਸ਼ ਸੁਲੱਖਣੇ ਸੰਜੋਗ ਤੋਂ ਉਦੈ ਹੁੰਦੀ ਕਾਵਿਕਾਰੀ ਦੀ ਵਿਲੱਖਣੀ ਸੁਰ ਹੈ।ਇਹ ਸੁਰ ਵਿਲੱਖਣ ਹੀ ਨਹੀਂਸਮੇਂ ਦੀ ਸ਼ਾਹਰਗ ਦੇ ਨਕ਼ਸ਼ ਪਛਾਨਣ ਤੇ ਕੁਢੱਬੇ ਨਕ਼ਸ਼ਾਂ ਨੂੰ ਮੁੜ ਤਰਾਸ਼ਣ ਦੀ ਸਮਰੱਥਾ ਨਾਲ਼ ਲਬਰੇਜ਼ ਵੀ ਹੈ।ਉਹ ਜਾਣਦਾ ਹੈ ਕਿ ਕਵਿਤਾ ਨੂੰ ਕਦੋਂ,ਕਿਵੇਂ ,ਕਿੱਥੇ ,ਕਿੰਨਾਂ ਤੇ ਕਿੰਨ੍ਹਾਂ ਲਈ ਕਵਿਤਾਉਣ ਦੇ ਆਹਰੇ ਲਾਉਣਾ ਹੈ।ਕਾਵਿਕਾਰੀ ਦੀ ਹੋਂਦ ਦਾ ਬੁਨਿਆਦੀ ਸਰੋਕਾਰ ,ਕਾਵਿਕ ਸੱਚ ਤੇ ਕਲਾਤਮਿਕ ਸੁਹਜ ਦਾ ਸਹਿਜ ਸੰਜੋਗ ਖਟਕੜ ਕਾਵਿ ਵਿੱਚ ਵਧੇਰੇ ਕਰਕੇ ਸਹਿਜ ਭਾਅਹੀ ਪ੍ਰਵਾਹਿਤ ਹੁੰਦਾ ਵਿਖਾਈ ਦਿੰਦਾ ਹੈ।ਜੁਝਾਰੂ ਦੌਰ ਦੇ ਤਲਖ਼ ਵਖ਼ਤਾਂ ਦੌਰਾਨ ਸਿਰਜਤ ਹੋਈਆਂ ‘ਸੰਗੀ-ਸਾਥੀ’ ਸੰਗ੍ਰਹਿ ਦੀਆਂ ਕਾਵਿ-ਕਿਰਤਾਂ ਦੇ ਸੰਗ-ਸਾਥ ਵਿਚਰਦਿਆਂ ,ਅੱਜ ਵੀ ਮੈਨੂੰ ਉਪਰੋਕਤ ਭਾਵ ਦਾ ਅਹਿਸਾਸ ਹੋਇਆ ਹੈ।ਇਸ ਰਚਨਾਕਾਰੀ ਦੇ ਰਚਨਾਤਮਕ ਕਾਲ ਤੋਂ ਲੰਮੀ ਵਿੱਥ ਤੇ ਖਲੋਕੇ,ਇਸ ਨਾਲ਼ ਸਾਂਝ ਪਾਉਂਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਇਹ ਕਾਵਿਕਾਰੀ ਮਹਿਜ਼ ਕਿਸੇ ਪੜਾਅ ਵਿਸ਼ੇਸ਼ ਦੀ ਕਾਵਿਕ ਪ੍ਰਤਿਧੁਨੀ ਨਾਂ ਹੋ ਕੇ ,ਸਮੇਂ ਤੇ ਸਥਾਨ ਦੀਆਂ ਹੱਦਾਂ ਉਲੰਘਦੀ,ਆਪਣਾ ਵਿਸ਼ਾਲ ਪ੍ਰਭਾਵ ਖੇਤਰ ਸਿਰਜਦੀ ਹੈ।ਕਵੀ ਖਟਕੜ ਇਤਿਹਾਸ-ਵਰਤਮਾਨ ਤੇ ਭਵਿਖ ਨੂੰ ਇੱਕ ਜੀਵੰਤ ਤੇ ਗਤੀਸ਼ੀਲ ਰਿਸ਼ਤੇ ਵਿੱਚ ਗ੍ਰਹਿਣ ਕਰਕੇ ਆਪਣੇ ਕਾਵਿ ਦੀ ਵੱਥ ਬਣਾਉਂਦਾ ਹੈ।ਇਸ ਵੱਥ ਨੂੰ ਵਿਭਿੰਨ ਕਾਵਿ-ਰੂਪਾਂ ,ਕਾਵਿ-ਵਿਧੀਆਂ ਤੇ ਕਾਵਿ-ਜੁਗਤਾਂ ਰਾਹੀਂ ਸੁਹਜ ਭਰਪੂਰ ਕਾਵਿਕਾਰੀ ਵਿੱਚ ਸਾਕਾਰ ਕਰਦਾ ਹੈ।ਉਹਦੀ ਕਾਵਿਕਾਰੀ ਦੇ ਕੇਂਦਰ ਵਿੱਚ ਵੀ ਆਮ ਮਨੁੱਖ ਹੈ ਤੇ ਇਹਦੀ ਪਹੁੰਚ ਵੀ ਸਹਿਜੇ ਹੀ ਆਮ ਮਨੁੱਖ ਤੱਕ ਹੁੰਦੀ ਪ੍ਰਤੱਖ ਦਿਸਦੀ ਹੈ।ਇਹਦੀ ਕਾਵਿਕਾਰੀ ‘ਜੋ ਹੈ’ ਕੇਵਲ ਉਸ ਦਾ ਹੀ ਨਹੀਂ,ਉਹ ਕਿਉਂ ਨਹੀਂ ਹੈ,ਜੋ ਹੋਣਾ ਚਾਹੀਦਾ ਹੈ,ਤੇ ਕਿਵੇਂ ਹੋਵੇਗਾ,ਦਾ ਵੀ ਸਸ਼ੱਕਤ ਕਾਵਿ-ਬਿੰਬ ਸਿਰਜਦੀ ਹੈ।ਇਹ ਕੇਵਲ ਰੋਹ ਦੀ ਹੀ ਨਹੀਂ ਮੋਹ ਦੀ ਵੀ ਸੁਰ ਛੇੜਦੀ ਹੈ।ਇਸ ਵਿੱਚ ਗੂੰਜਵੀਂ ਲਲਕਾਰ ਵੀ ਹੈ ਤੇ ਰਿਮਝਿਮੀ ਮੁਹੱਬਤੀ ਫੁਹਾਰ ਵੀ ਹੈ।ਇਹ ਜ਼ਿੰਦਗੀ ਲਈ ਤਾਂਘਦੇ ਤੇ ਜੂਝਦੇ ਮਾਨਵ ਦੀ ਧੁਰ ਅੰਦਰਲੀ ਹੂਕ ਦੇ ਕਾਵਿ-ਬੋਲ ਹਨ,ਜਿੰਨ੍ਹਾਂ ਵਿੱਚ ਉਹਦੇ ‘ਨਿਰਮੂਲਕ ਸੱਚ’ ਦੇ ਸੁਪਨੇ ਵੀ ਹਨਤੇ ਉਹਦੇ ਸੁਪਨਿਆ ਦਾ ‘ਹੱਕ ਮੂਲਕ ਸੱਚ’ ਵੀ ਹੈ।ਸਚਿਆਰੇ ਸੱਚ ਤੇ ਹੱਕੀ ਸੁਪਨਿਆਂ ਦੇ ਸੰਜੋਗ ਤੋਂ ਵਿਰਵੀ ਹੈ,ਆਪਣੇ ਹੀ ਧੁੰਦਲਕੇ ਦੇ ਜਲੌਅ ਵਿੱਚ ਚੁੰਧਿਆਈ ਸਿਰਜਣਕਾਰੀ ਲਈ ਖਟਕੜ ਦੇ ‘ਸੰਗੀ-ਸਾਥੀ’ ਦਾ ਮੁੜ ਮਿਲਿਆ ਸਾਥ,ਨਿਰਸੰਦੇਹ ਸੁਭਾਗਾ ਹੀ ਹੋਵੇਗਾ।ਇਹ ਸਾਥ ਨਾਬਰੀ ਨੀਝ ਨਾਲ਼ ਵਰੋਸਾਈ ਪੰਜਾਬੀ ਕਾਵਿਕੀ ਦੀ ਨਿਰੰਤਰਤਾ ਦੇ ਮੁਦਈ ਹੋਣ ਵਾਲਿਆਂ ਦੇ ਸੰਗ-ਸਾਥ ਦੂਰ ਤੱਕ ਵਿਚਰੇ,ਇਹੀ ਮੇਰੀ ਕਾਮਨਾ ਹੈ ਤੇ ਅਜਿਹਾ ਹੋਵੇਗਾ,ਇਹ ਮੇਰਾ ਯਕੀਨ ਹੈ।
-ਸੁਰਜੀਤ ਜੱਜ