<< Back

ਮੁਲਾਕਾਤ

ਆਧੁਨਿਕ ਗ਼ਜ਼ਲ ‘ਉਸਤਾਦਾਂ’ ਦੀ ਪਕੜ ਵਿੱਚ ਨਹੀਂ ਆ ਰਹੀ



ਜਸਵਿੰਦਰ


ਸਰਕਾਰੀ ਨੌਕਰੀ ਦੇ ਰੁਝੇਵਿਆਂ 'ਚ ਗ਼ਜ਼ਲ ਦਾ ਕਿੰਨਾ ਕੁ ਪਸਾਰਾ ਹੈ ਜਾਂ ਫ਼ਿਰ ਗ਼ਜ਼ਲ ਦੇ ਦਾਇਰੇ 'ਚ ਸਰਕਾਰੀ ਨੌਕਰੀ ਦਾ ਕਿੰਨਾ ਕੁ ਦਖ਼ਲ ਹੈ?

ਨੌਕਰੀ ਰੋਜ਼ੀ-ਰੋਟੀ ਲਈ ਜ਼ਰੂਰੀ ਹੈ,ਗ਼ਜ਼ਲ ਰੂਹ ਦੀ ਤ੍ਰਿਪਤੀ ਲਈ।ਦੋਹਾਂ ਦਾ ਆਪਸੀ ਵਿਰੋਧ ਕੋਈ ਨਹੀਂ।ਮੈਂ ਰੋਪੜ ਥਰਮਲ ਪਲਾਂਟ ਵਿੱਚ ਜੂਨੀਅਰ ਇੰਜਨੀਅਰ ਹਾਂ। ਮੇਰੇ ਕਿੱਤੇ ਦਾ ਮੇਰੀਆਂ ਸਾਹਿਤਕ ਰੁਚੀਆਂ ਨਾਲ਼ ਕੋਈ ਮੇਲ਼ ਨਹੀਂ,ਪਰ ਮੈਨੂੰ ਪੜ੍ਹਨ-ਲਿਖਣ ਲਈ ਕਾਫ਼ੀ ਸਮਾਂ ਮਿਲ਼ ਜਾਂਦਾ ਹੈ।ਨੌਕਰੀ ਦੇ ਨਾਲ਼-ਨਾਲ਼ ਗ਼ਜ਼ਲ ਠੀਕ ਹੀ ਚੱਲ ਰਹੀ ਹੈ।


ਗ਼ਜ਼ਲ ਤੁਹਾਡੇ ਲਈ 'ਮਨ ਦੀ ਮੌਜ' ਹੈ ਜਾਂ ਪਾਠਕਾਂ ਨੂੰ ਵੀ ਨਿਗ਼ਾਹ 'ਚ ਰੱਖਿਆ ਜਾਂਦਾ ਹੈ?

ਗ਼ਜ਼ਲ ਮੇਰੇ ਲਈ ਸੰਵੇਦਨਾ ਦੇ ਪ੍ਰਗਟਾਵੇ ਦਾ ਵਾਹਨ ਹੈ,ਨਾਲ਼ ਹੀ ਮੈਂਨੂੰ ਸਮਾਜ ਪ੍ਰਤੀ ਬੌਧਿਕ ਜ਼ਿੰਮੇਵਾਰੀ ਦਾ ਅਹਿਸਾਸ ਵੀ।'ਮਨ ਦੀ ਮੌਜ' ਹੈ ਜਾਂ ਮਹਿਜ ਪਾਠਕਾਂ ਨੂੰ ਨਿਗ਼ਾਹ 'ਚ ਰੱਖਣ ਵਾਲ਼ੀ ਕੋਈ ਗੱਲ ਨਹੀਂ।ਮੈਂ ਜਿਵੇਂ ਖ਼ੁਦ ਨੂੰ ,ਆਲ਼ੇ-ਦੁਆਲ਼ੇ ਨੂੰ,ਮਾਹੌਲ ਨੂੰ ਵੇਖਦਾ,ਮਹਿਸੂਸਦਾ ਹਾਂ ਉਸ ਅਨੁਸਾਰ ਹੀ ਆਪਣੇ ਕਾਵਿ-ਦ੍ਰਿਸ਼ਟੀਕੋਣ ਰਾਹੀਂ ਪੇਸ਼ ਕਰਦਾ ਹਾਂ।ਜੇ ਮੇਰੀ ਕੋਈ ਗੱਲ ਪਾਠਕਾਂ ਨੂੰ ‘ਅਪੀਲ’ ਕਰੇ ਤਾਂ ਖ਼ੁਸ਼ੀ ਹੁੰਦੀ ਹੈ।



ਕਾਲਜ ਦੇ ਮਿੱਤਰ -ਅਮਰਜੀਤ,ਰਾਜਿੰਦਰ,ਜਸਵਿੰਦਰ(1978)


ਗ਼ਜ਼ਲ ਦੀ Context Value ਨੂੰ ਤਰਜ਼ੀਹ ਦਿੰਦੇ ਹੋ ਜਾਂ Content Value ਨੂੰ?

Content ਪਹਿਲਾਂ ਹੈ Context ਬਾਦ ‘ਚ।ਜੇ ਕਹਿਣ ਲਈ ਕੋਈ ਵਿਚਾਰ ਕੋਲ਼ ਹੋਵੇ ਤਾਂ ਹੀ ਰੂਪ ਦੀ ਲੋੜ ਪੈਂਦੀ ਹੈ।



ਜਸਵਿੰਦਰ,ਰਾਜਵੀਰ(ਪਤਨੀ) , ਅਮਰਵੀਰਮਾਂਗਟ(ਦਾਮਾਦ)ਕੈਨੇਡਾ,ਅਵਿਤੋਜ(ਦੋਹਤਾ),ਅਰਸ਼ਦੀਪ(ਬੇਟੀ),ਰਵਨੀਤ(ਬੇਟੀ)


ਕੇਵਲ ਗ਼ਜ਼ਲ ਦੀ ਵਿਧਾ ਨੂੰ ਹੀ ਕਿਉਂ ਚੁਣਿਆ?

ਇਹ ਮੇਰੀ ਆਪਣੀ ਸੌਖ ਕਾਰਣ ਹੈ।ਬਚਪਨ ਤੋਂ ਹੀ ਸਰੋਦੀ ਕਵਿਤਾ ਪ੍ਰਭਾਵਿਤ ਕਰਦੀ ਰਹੀ ਹੈ।ਗ਼ਜ਼ਲ ਦਾ ਵਧੀਆ ਪਾਠਕ ਹੋਣ ਕਰਕੇ ਬਹਿਰ ਦੇ ਮੀਟਰ ਮੇਰੇ ਅਵਚੇਤਨ ਵਿੱਚ ਰਚ-ਵਸ ਗਏ।ਬਾਦ ਵਿੱਚ ਪਿੰਗਲ/ਅਰੂਜ਼ ਦਾ ਅਧਿਐਨ ਕਰਕੇ ਗੱਲ ਹੋਰ ਸਾਫ਼ ਹੁੰਦੀ ਗਈ।ਮੈਨੂੰ ਗ਼ਜ਼ਲ ਲਿਖਣੀ ਆਸਾਨ ਲਗਦੀ ਹੈ।ਮੈਨੂੰ ਜਾਪਦਾ ਹੈ ਇਸ ਵਿਧਾ ‘ਚ ਹੀ ਮੈਂ ਆਪਣੇ ਵਿਚਾਰਾਂ ਨੂੰ ਠੀਕ ਤਰ੍ਹਾਂ ਪੇਸ਼ ਕਰ ਸਕਦਾ ਹਾਂ।




ਬਰਜਿੰਦਰ ਚੌਹਾਨ,ਦਰਸ਼ਨ ਬੁੱਟਰ,ਜਸਵਿੰਦਰ(ਸ਼ਾਇਰਦੋਸਤ-2011)


ਪੰਜਾਬੀ ਗ਼ਜ਼ਲ ਕਿਹੜੇ ਸ਼ਇਰਾਂ ਦੀ ਬਦੌਲਤ ਇਸ ਮੁਕਾਮ 'ਤੇ ਅੱਪੜੀ ਹੈ?ਉਹਨਾ ਦਾ ਮੁੱਖ ਯੋਗਦਾਨ ਕੀ ਸੀ?

ਜੇ ਰਿਵਾਇਤੀ ਗ਼ਜ਼ਲ ਨੂੰ ਛੱਡ ਵੀ ਦੇਈਏ ਤਾਂ ਆਧੁਨਿਕ ਗ਼ਜ਼ਲ ਪ੍ਰਿੰ.ਤਖ਼ਤ ਸਿੰਘ ਤੇ ਬਾਵਾ ਬਲਵੰਤ ਤੋਂ ਸ਼ੁਰੂ ਹੁੰਦੀ ਹੈ।ਉਹਨਾਂ ਦੇ ਨਾਲ਼-ਨਾਲ਼ ਡਾ.ਜਗਤਾਰ,ਸੁਰਜੀਤ ਪਾਤਰ,ਰਣਧੀਰ ਸਿੰਘ ਚੰਦ,ਕੰਵਰ ਚੌਹਾਨ,ਸ.ਸ. ਮੀਸ਼ਾ ਜਿਹੇ ਵੱਡੇ ਸ਼ਾਇਰਾਂ ਦਾ ਗ਼ਜ਼ਲ ਵਿਧਾ ਨੂੰ ਬੁਲੰਦੀਆਂ ਤੇ ਲਿਜਾਣ ਵਿੱਚ ਵੱਡਾ ਯੋਗਦਾਨ ਹੈ।ਹੁਣ ਭਾਵਪੂਰਣ ਸ਼ਾਇਰੀ ਰਚਣ ਵਾਲ਼ਿਆਂ ਦਾ ਨਿਰੰਤਰ ਸਿਲਸਿਲਾ ਤੁਰ ਪਿਆ ਹੈ।ਐਸ ਵਕ਼ਤ ਪੰਜਾਬੀ ਗ਼ਜ਼ਲ ਹਰ ਪੱਖੋਂ ਚੜ੍ਹਦੀ ਕਲਾ ‘ਚ ਹੈ।




ਹਰਦਮ ਮਾਨ,ਰੁਪਿੰਦਰ ਮਾਨਦਾ ਭਰਾ,ਪਦਮ ਸ੍ਰੀ ਗੁਰਦਿਆਲ ਸਿੰਘ,ਜਸਵਿੰਦਰ,ਸੁਰਜੀਤ ਪਾਤਰ,ਸੁਲੱਖਣ ਸਰਹੱਦੀ,ਦਰਸ਼ਨ ਬੁੱਟਰ(ਜੈਤੋ-2009)


ਤੁਸੀਂ ਗ਼ਜ਼ਲ ਦੀ ਬਹਿਰ ਨੂੰ ਦਿਸ਼ਾ ਦੇਣ ਲਈ ਪਿੰਗਲ ਦੀ ਪਾਬੰਦੀ ਨੂੰ ਧਿਆਨ 'ਚ ਰੱਖਦੇ ਹੋ ਜਾਂ ਅਰੂਜ਼ ਨੂੰ?ਕਿਉਂ??

ਰਿਵਾਇਤੀ ਤੌਰ ਤੇ ਅਰੂਜ਼ ਹੀ ।ਗ਼ਜ਼ਲ ਲਈ ਪ੍ਰਵਾਨਿਤ ਹੈ।ਪਰ ਪੰਜਾਬੀ ਗ਼ਜ਼ਲ ਵਿੱਚ ਪਿੰਗਲ ਅਨੁਸਾਰ ਕਈ ਛੰਦਾਂ ਦੀ ਵਰਤੋਂ ਬਾ-ਖ਼ੂਬੀ ਹੋ ਰਹੀ ਹੈ।ਪੰਜਾਬੀ ਗ਼ਜ਼ਲ ਲਈ ਪਿੰਗਲ ਤੇ ਅਰੂਜ਼ ਦੋਵੇਂ ਉਚਿਤ ਹਨ।ਸ਼ਬਦ ‘ਪਾਬੰਦੀ’ ਨੂੰ ਨਿਯਮ ਦੇ ਅਰਥਾਂ ‘ਚ ਲੈਣਾ ਚਾਹੀਦਾ ਹੈ,ਕਿਸੇ ‘ਕੈਦ’ ਦੇ ਅਰਥਾਂ ਵਿੱਚ ਨਹੀਂ।


Next...
Top