ਸ਼ਬਦ-ਚਿੱਤਰ


ਗੁਰਪ੍ਰੀਤ


ਪੁੱਠਾ ਪੱਥਰ ਨੱਚ ਰਿਹਾ ਹੈ .....


ਦੇਵਨੀਤ


ਗੱਲ ਕਿੱਥੋਂ ਸ਼ੁਰੂ ਕਰਾਂ
ਸਮਝ ਨਾ ਆਵੇ
ਸਤਰਾਂ ਲਿਖਾਂ
ਕਾਂਟਾ ਮਾਰ ਦੇਵਾਂ
ਸਤਰਾਂ ਲਿਖਾਂ
ਕਾਂਟਾ ਮਾਰ ਦੇਵਾਂ

ਇਹ ਜੋ ਬਣ ਰਿਹਾ ਹੈ ਇਕ ਚਿਹਰਾ
ਕਿਸਦਾ ਹੈ...

ਬੰਦਾ ਇਹ ਸਰਲ-ਚਿੱਤ
ਮੈਥੋਂ ਹੋਇਆ ਨਾ ਜਾਵੇ
ਉਲਝਿਆ ਇੰਨਾ
ਮੈਥੋਂ ਸੁਲਝਾਇਆ ਨਾ ਜਾਵੇ

ਉਹ ਆਖਦਾ_
ਮੇਰਾ ਕੋਈ ਸ਼ੋਅ ਕੇਸ ਨਹੀਂ

ਮੇਰੇ ਅੰਦਰ ਸਭ ਵਸਤਾਂ
ਉਲਟ-ਪਲੱਟੀਆਂ , ਸਿੱਟ-ਪਸਿੱਟੀਆ
ਪਈਆਂ ਹਨ

ਤੁਹਾਨੂੰ ਇਕ ਵੀ ਵਸਤ ਲਈ
ਸਾਰਾ ਅੰਦਰ ਉਲਟਣਾ ਪਲਟਣਾ ਪੈਂਦਾ ਹੈ

ਐਨਾ ਸਬਰ ਕਿਸ ਕੋਲ ਹੈ
ਫਿਰ ਵੀ ਮੇਰੇ ਪੰਜ ਸੱਤ ਮਿਤਰ ਹਨ ‘

ਕਿੰਨਾ ਚੰਗਾ ਹੁੰਦਾ
ਇਸ ਬੰਦੇ ਦਾ ਕੋਈ ਸ਼ੋਅ ਕੇਸ ਹੁੰਦਾ
ਮੈਂ ਜਾਣ ਜਾਂਦਾ ਪੰਜ ਸੱਤ ਮਿਤਰਾਂ ਚ
ਰੁੱਖਾਂ ਦਰਿਆਵਾਂ ਪਹਾੜਾਂ ਪੰਛੀਆਂ ਤੋਂ ਬਿਨਾਂ
ਹੋਰ ਕੌਣ ਮਿਤਰ ਹੈ ਇਸ ਧੰਦੇ ਦਾ ....


ਰਾਮ ਸਿੰਘ ਚਾਹਲ,ਦਰਸ਼ਨ ਮਿਤਵਾ,ਦੇਵਨੀਤ ਤੇ ਗੁਰਪ੍ਰੀਤ


ਕੀ ਮੈਂ ਜਾਣਦਾ ਹਾਂ ਇਹਨੂੰ !

ਐਨਾ ਕੁ
ਬਹੁਤ ਨਿਭਦੀ ਹੈ ਮੇਰੀ
ਇਹਦੇ ਅੰਦਰਲੇ ਬੰਦੇ ਨਾਲ
ਬਾਹਰ ਵਾਲੇ ਨਾਲ ਤਾ ਹਰ ਵੇਲੇ ਲੜਦਾ
ਹੀ ਰਿਹਾ ਹਾਂ

ਇਹ ਜਦੋਂ ਵੀ ਮਿਲੇਗਾ ਮੈਨੂੰ
ਯਾਦ ਕਰੇਗਾ ਮਾਂ ਆਪਣੀ ਨੂੰ
ਤੇ ਔਰਤ ਤੋਂ ਬਾਅਦ
ਅਕਸਰ ਚੁੱਪ ਹੋ ਜਾਂਦਾ ਹੈ

ਇਹ ਅਰਥ ਨੇ ਇਹਦੇ ਲਈ
ਕਵਿਤਾ ਹੋਣ ਦੇ

ਆਹ ਜੱਟ-ਨੁਮਾ ਭਾਸ਼ਾ ‘ਚ
ਹੱਸਣ ਹਸਾਉਣ ਵਾਲੇ ਟੋਟਕਿਆਂ ਨੂੰ
ਮੈਂ ਜਾਣਦਾ ਹਾਂ ਜਾਂ ਉਹਦਾ ਰੱਬ

ਅਜੀਬ ਹੈ ਇਹਦੇ ਵਿਦਰੋਹ ਦੀ ਸੁਰ
ਜਤਨਾਂ ਦੇ ਸਾਰੇ ਖੰਭ
ਆਪਣੇ ਹੱਥੀਂ ਆਪ ਹੀ
ਪੂੰਝਾ-ਪੂੰਝਾ ਕਰੀ ਬੈਠਾ ਹੈ

ਉਹ ਆਪਣੀ ਕਥਾ ਦਾ
ਆਪੇ ਹੀ ਨਾਇਕ ਹੈ
ਤੇ ਆਪੇ ਹੀ ਖਲਨਾਇਕ

ਸਮਰਪਤ ਕਰ ਦਿੱਤਾ ਹੈ ਉਹਨੇ
ਆਪਣਾ ਆਪਾ
ਸ਼ਹਿਰ ਦੇ ਹਨੇਰੇ ਜੰਗਲ ਨੂੰ

ਉਹ ਸੁਫਨਿਆਂ ਚ ਦੇਖਦਾ ਹੈਆਪਣੇ ਆਪ ਨੂੰ
ਬਾਪੂ ਦੇ ਕੰਧਾੜੇ ਚੜਿਆ
ਮਾਂ ਨੂੰ ਢਲਦੇ ਪ੍ਰਛਾਵੇਂ
ਚਰਖਾ ਕੱਤਦਿਆਂ ਤਕਦਾ ਹੈ

ਰਾਤਾਂ ਨੂੰ ਤ੍ਰਭਕ ਕੇ ਤਾਂ
ਬਹੁਤ ਵਾਰ ਉਠਿਆ ਹੈ
ਪਰ ਹੈਰਾਨ ਕਦੇ ਵੀ ਨਹੀਂ ਹੋਇਆ

ਆਪਣੇ ਧੁਰ ਅੰਦਰ ਰਾਖ ‘ਕੱਠੀ ਕਰਦਾ
ਅੰਬਰ ਤੇ ਤਾਰੇ ਭਾਲਣ ਲਗਦਾ ਹੈ


ਪੜ੍ਹਦਿਆਂ ਗੁਣਦਿਆਂ


‘ਬਲਦੇਵ ਸਿੰਘ ਸਿੱਧੂ ਜੱਟ ਸਿੱਖ’
ਲਿਖਿਆ ਇਹਨੇ ਆਪਣੀ ਇਕ ਪੁਸਤਕ ‘ਤੇ
ਦੇਵਨੀਤ ਦੇ ਹੇਠਾਂ

ਤਾਂ ਖੁਲਿਆ ਰਹੱਸ
ਲਿਖ ਧਰੀਆਂ ਕਿੰਨੀਆਂ ਕਵਿਤਾਵਾਂ ....

‘ਮੈਂ ਜੱਟ ਹਾਂ
ਇਹ ਸਤਰ ਖਤਰਨਾਕ ਹੈ
ਬਹੁਤ ਪਿਆਰੀ ਵੀ

ਇਹ ਸਤਰ ਵਿਰਾਸਤੀ ਘੁਮੰਡ ਹੈ
ਨਿਰੀ ਜੱਟ-ਬੂਟ

ਇੱਕ ਟੀਸ ਹੈ ਇਹ ਸਤਰ
ਇੱਕ ਦਰਦ ਦੀ ਕਾਂ-ਅੰਗਿਆਰੀ
ਲੈਂਵਰੀ ਕਣਕ ਚ ਖੜੀ ‘

ਗਾਮਾ ਕਿਥੋਂ ਪੜ੍ਹਿਆ ਹੈ
ਮੋਟਾ ਸੰਤਰਾ
ਖੋਖਲਾ ਸੁੰਡੀਆਂ ਖਾਧਾ
ਨਰਮੇ ਦਾ ਹਰਾ ਟੀਂਡਾ ....

ਮੈਂਨੂੰ ਸਮਝ ਆਉਂਦੀ
ਅਜੇ ਤਕ ਕਿਉਂ ਨਹੀਂ ਵੰਡਾਈ ਇਹਨੇ
ਭਰਾਵਾਂ ਤੋਂ ਜ਼ਮੀਨ
ਕਦੇ ਕਦੇ ਛੱਡ ਆਉਂਦਾ ਹੈ
ਮੀਟ ਦਾ ਭਰਿਆ ਡੋਲੂ
ਸਿਗਨੇਚਰ ਦੀ ਹਰੀ ਬੋਤਲ

ਇਹ ਬੰਦਾ ਆਪਣੇ ਪਿੰਡ ਜਾ ਕੇ
ਕੁੜੀਆਂ ਕੱਤਰੀਆਂ ਨੂੰ
ਪੰਜ ਸੌ ਤੋਂ ਘੱਟ ਸ਼ਗਨ ਨਹੀਂ ਦਿੰਦਾ ?

ਕੀ ਇਸੇ ਤਰਾਂ ਨਚਦਾ ਹੈ ਪੁੱਠਾ ਪੱਥਰ !!



ਪਰਿਵਾਰ ਨਾਲ਼


ਮਨੁੱਖ ਤੇ ਮਸ਼ੀਨ ਵਿਚਲਾ ਭੇਦ
ਕਰਦੀਆਂ ਨੇ ਹਰਕਤਾਂ

ਮੋਹ ਦਾ ਅੰਦਾਜ਼ਾ
ਅਸੀਂ ਖੁਦ ਲਾਉਣਾ ਹੈ
ਉਹ ਅਕਸਰ ਮਿਲਣ ਵੇਲੇ
ਭੁੱਲ ਜਾਂਦਾ ਹੈ
ਹੱਥ ਮਿਲਾਉਣਾ
ਜਾਂ ਹੱਥ ਮਿਲਾਊਣ ਤੋਂ ਬਾਅਦ
ਯਾਦ ਨਹੀਂ ਰੱਖਦਾ

ਇਸੇ ਲਈ ਜਵਾਨੀ ਪਹਿਰੇ
ਸੁਰਖ ਰੇਖਾ ਨੂੰ ਡੇਰਿਆਂ ਚ
ਸਾਧਾਂ ਦੀਆਂ ਪੋਥੀਆਂ ਚ
ਲੁਕਾ ਕੇ ਪੜਦਾ ਰਿਹਾ ਹੈ
ਕਾਮਰੇਡਾਂ ਦੇ ਮੁੜਕੇ ਨੂੰ
ਸਭ ਤੋਂ ਖੂਬਸੂਰਤ ਸੁਗੰਧ ਆਖਦਾ ਰਿਹਾ ਹੈ
ਤਾਂ ਹੀਂ ਤਾਂ ਬਠਿੰਡੇ ਵਾਲੇ
ਪ੍ਰੋ. ਕਰਮ ਸਿੰਘ ਨੇ ਦਾਖਲਾ ਕਮੇਟੀ ਨੂੰ ਕਿਹਾ
‘ਕਰੋ ਦਾਖਲ
ਇਹਦੇ ਚਿਹਰੇ ਨਾਲੋਂ ਵੱਡਾ
ਕਿਹੜਾ ਸਰਟੀਫਿਕੇਟ ਹੋਊ ...’

ਚਿਹਰੇ ਤੋਂ ਇਹਦਾ ਮਿੱਤਰ
ਹਰਿੰਦਰ ਯਾਦ ਆਉਂਦਾ ਹੈ
ਜੋ ਆਖਦਾ ਹੈ
ਨਹੀਂ ਬੁੱਝ ਸਕਦੇ ਇਹਦੇ ਚਿਹਰੇ ਤੋਂ
ਕੀ ਹੈ ਇਹਦੇ ਅੰਦਰ ‘

ਅੰਦਰ ਅਗਮ ਹੈ
ਅੰਦਰ ਪੱਥਰ ਤੇ ਸੈਕਸੋਫੋਨ ਪਿਆ ਹੈ
ਕੌਣ ਜਾਣ ਸਕਦਾ ਹੈ ਕਾਗਜ਼-ਕੰਦਰਾਂ
ਯਾਤਰੀ ਧਿਆਨ ਦੇਣ
ਤਾਂ ਗੱਡੀ ਖੁੰਝਦੀ ਨਹੀਂ


ਸਨਮਾਨ ਲੈਂਦਿਆਂ


ਇਹ ਉਹਦੇ ਸਹਿਜ ਦੀ ਹੱਦ ਹੈ
ਹਾਦਸਿਆਂ ਨੂੰ
ਜੇਬ ਤੇ ਪੈਨ ਵਾਕੁਣ ਲਾਈ ਬੈਠਾ ਹੈ
ਗੁੱਟ ਤੇ ਘੜੀ ਵਾਂਗ ਬੰਨ੍ਹੀ ਬੈਠਾ ਹੈ

ਉਹ
ਉਹ ਕੁਝ ਹੈ
ਜੋ ਮੈਂ ਦੇਖ ਨਹੀਂ ਸਕਿਆ
ਕਹਿ ਨਹੀਂ ਸਕਿਆ .... ।।

Top