ਸੰਪਾਦਕੀ



ਗੁਰਮੀਤ ਬਰਾੜ

  

ਆਲੋਚਨਾ ਦੀਆਂ ਚੁਣੌਤੀਆਂ

                  

ਸਾਹਿਤ ਦਾ ਵਿਕਾਸ ਤੇ ਉਸਦੀ ਉਪਯੋਗਿਤਾ ਉਦੋਂ ਹੋਰ ਵਧਦੀ ਹੈ ਜਦੋਂ ਸਾਹਿਤਕਾਰ ਆਪਣੇ ਪਾਠਕ ਦੀ ਰੁਚੀ ਦੀ ਵਿਵਿਧਤਾ ਤੇ ਸੁਤੰਤਰਤਾ ਮੁਤਾਬਿਕ ਸਿਰਜਣਾ ਕਰਦਾ ਹੈ।ਇਹ ਉਦੋਂ ਹੀ ਸੰਭਵ ਹੈ ਜਦੋਂ ਆਲੋਚਨਾ ਇਹਨਾ ਦੋਹਾਂ ਦੇ ਵਿਚਕਾਰ ਪੁਲ ਦਾ ਕੰਮ ਕਰੇ।ਵਿਡੰਬਨਾ ਇਹ ਹੈ ਆਲੋਚਨਾ ਸਿਰਜਣਾ ਦੇ ਅੰਦਰਲੇ ਅਛੋਹ ਪੱਖ ਨੂੰ ਅੱਖੋਂ ਪਰੋਖਾ ਕਰਦੀ ਹੈ।ਜਿਸ ਨਾਲ਼ ਨਾਂ ਤਾਂ ਲੇਖਕ ਆਪਣੀ ਕਿਰਤ ਨਾਲ਼ ਪਾਠਕੀ ਸੰਦਰਭ ‘ਚ ਨਿਆਂ ਕਰ ਸਕਦਾ ਹੈ ਤੇ ਨਾਂ ਹੀ ਅਲੋਚਕ ਉਸ ਕਿਰਤ ਨਾਲ਼ ਖਿਲਵਾੜ ਕਰਨੋਂ ਹਟਦਾ ਹੈ।ਆਲੋਚਨਾ ਪਹਿਲਾਂ ਤੋਂ ਸਥਾਪਿਤ ਕਾਇਦੇ ਨੂੰ ਆਧਾਰ ਬਣਾ ਕੇ ਨਹੀਂ ਕੀਤੀ ਜਾਣੀ ਚਾਹੀਦੀ।ਇਹਨਾਂ ਪ੍ਰਤਿਮਾਨਾਂ ਦਾ ਅੰਨ੍ਹੇਵਾਹ ਮਗਰਾ ਕਰਨ ਦੀ ਥਾਂਵੇਂ ਮੌਜੂਦਾ ਪਰਿਪੇਖ ‘ਚ ਵਾਚਣਾ ਚਾਹੀਦਾ ਹੈ।ਕਿਉਂਕਿ ਪਰੰਪਰਾ ਮੌਜੂਦਾ ਸਮਕਾਲੀ ਹਾਲਾਤ ਤੋਂ ਸਿੱਖਦੀ ਰਹਿੰਦੀ ਹੈ।ਜੇ ਆਲੋਚਕ ਸਿਰਜਕ ਦੀ ਸਿਰਜਣਾਤਮਕਤਾ ਨੂੰ ਆਲੋਚਨਾ ਦਾ ਆਧਾਰ ਰੱਖੇ ਤਾਂ ਇਹ ਹੋਰ ਸਾਰਥਕ ਹੋ ਸਕਦੀ ਹੈ।

ਇਸੇ ਤਰਾਂ ਆਲੋਚਕ ਸਿਰਜਕ ਵੀ ਹੋ ਸਕਦਾ ਹੈ ਤੇ ਆਲੋਚਕ ਵੀ।ਆਲੋਚਕ ਦੀ ਦ੍ਰਿਸ਼ਟੀ ਸਿਰਜਣਾ ਦੀ ਕਲਾਤਮਕਤਾ ਨੂੰ ਪਰਖਣਤੋਂ ਮਗਰੋਂ ਇਸ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕਰਨ ਦੀ ਹੋਵੇ।ਆਲੋਚਕ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਰਚਨਾ ਨੂੰ ਸੁਚੇਤ ਪੱਧਰ ਤੇ ਸਜਾਇਆ ਨਾ ਗਿਆ ਹੋਵੇ ਤੇ ਰਚਨਾ ਦੀ ਭਾਸ਼ਾ ਤੇ ਸ਼ਿਲਪ ਉਸਦੀ ਅੰਤਰ-ਵਸਤੂ ਦੇ ਅਨੁਰੂਪ ਹੋਵੇ।ਆਲੋਚਕ ਦੀ ਨਿਰਪੱਖਤਾ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੈ।ਸਾਹਿਤ ਸਿਰਜਣਾਂ ਸਿਰਫ਼ ਤੇ ਸਿਰਫ਼ ਕਲਪਨਾ,ਉਪਮਾ ਦੀ ਦੁਨੀਆ ਨਹੀਂ।ਇਹ ਆਮ ਆਦਮੀ ਦੇ ਅਨੇਕ ਪ੍ਰਸੰਗਾਂ ‘ਚ ਉਸਦੇ ਜੁਝਾਰ ਦੀ ਤਰਜ਼ਮਾਨੀ ਹੁੰਦੀ ਹੈ।


ਆਲੋਚਨਾ ਦੀ ਸਭ ਤੋਂ ਵੱਡੀ ਚੁਣੌਤੀ ਨਿਰਪੱਖ ਰਹਿ ਕਿ ਕੰਮ ਕਰਨਾ ਹੈ।ਆਪਣੇ ਸਮੇਂ ਦੀਆਂ ਵਿਚਾਰਕ ਗਤੀਵਿਧੀਆਂ ਨੂੰ ਸਮਝਣ ਲਈ ਆਪਣੇ ਸਮਕਾਲੀਨ ਲੇਖਕਾਂ ਨੂੰ ਪੜ੍ਹਨਾ ਵੀ ਜ਼ਰੂਰੀ ਹੈ।ਆਲੋਚਨਾ ਦੀ ਰਚਨਾਤਮਿਕਤਾ ਲਈ ਉਹ ਆਪਣੇ ਵਿਰੋਧੀ ਵਿਚਾਰ ਵਾਲੇ ਆਲੋਚਕਾਂ ਨੂੰ ਵੀ ਪੜ੍ਹੇ ਤੇ ਗੁੱਟਬਾਜ਼ੀ ਤੋਂ ਬਚੇ।


ਲਿਖਤਮ

ਗੁਰਮੀਤ ਬਰਾੜ

www.gurmeetbrar.com


Top