ਉਲਥਾ
ਮੂਲ ਭਾਸ਼ਾ-ਜਰਮਨ
ਮੂਲ ਕਵੀ-ਹਾਇੰਸ ਕਾਹਲਾਉ(Hans Kehlau)
ਪੰਜਾਬੀ ਉਲਥਾ-ਕੇਹਰ ਸ਼ਰੀਫ਼

ਕੇਹਰ ਸ਼ਰੀਫ਼
ਕੇਂਦਰ ਬਿੰਦੂ
ਜਦੋਂ ਉਹ ਇਕ ਦੂਜੇ ਤੋਂ ਵਿਛੜਨ ਲੱਗੇ
ਤਾਂ ਉਹਨੇ , ਉਸਨੂੰ ਕਿਹਾ
ਚੰਦ ਵਲ ਵੇਖ ਰਿਹਾ ਏਂ 'ਨਾ
ਬਿਲਕੁੱਲ ਸਫੈਦ ਤੇ ਉੱਪਰ ਖੜੋਤਾ?
ਆਪਣੀ ਵਾਪਸੀ ਦੀ ਉਡੀਕ 'ਚ
ਜਿੱਥੇ ਤੂੰ ਵੀ ਹੈਂ
ਤੈਨੂੰ ਚਾਹੀਦੈ, ਉਹਦੇ ਵਿਚ
ਕਿਸੇ ਸ਼ੀਸ਼ੇ ਵਾਂਗ ਝਾਕਣਾ।
'ਤੇ ਕਦੇ ਅਗਲੀ ਵਾਰ
ਜਦੋਂ ਮੈਂ ਇਕੱਲ ਮਹਿਸੂਸ ਕਰਾਂਗੀ
ਉਦੋਂ ਤੇਰੇ ਵਾਂਗ ਚਾਹਵਾਂਗੀ
ਅਕਸਰ ਉਹਦੀ ਚਾਨਣੀ ਵਿਚ ਝਾਕਣਾ
ਉਹ ਸ਼ੀਸ਼ਾ ਹੋਣਾ ਚਾਹੀਦਾ ਹੈ
ਸਾਡੀ ਮੁਹੱਬਤ ਦਾ
ਅਤੇ ਉਸਦੇ ਰਾਹੀਂ ਆਪਾਂ
ਪਹਿਚਾਣ ਨੂੰ ਲੱਭਣ ਦਾ ਰਾਹ ਬਣਾਵਾਂਗੇ।
ਉਹ ਥੋੜਾ ਜਿਹਾ ਝੁਕਿਆ
ਉਹਨੂੰ ਚੁੰਮਿਆਂ ਤੇ ਚੁੱਪ ਰਿਹਾ
ਜਹਾਜ਼ ਵਲ ਜਾਂਦਾ ਰਾਹ
ਉਹਦੇ ਵਾਸਤੇ ਬਹੁਤ ਔਖਾ ਸੀ
ਉਹ ਇਹ ਨਹੀਂ ਸੀ ਜਾਣਦੀ
ਕਿ ਜਿੱਥੇ ਉਹ ਵਸਣ ਜਾ ਰਿਹਾ ਹੈ
ਚੰਦਰਮਾਂ ਉੱਥੇ ਵੀ ਚਮਕਦਾ ਹੈ
ਪਰ ਕਿਸੇ ਹੋਰ ਸਮੇਂ ।
ਬਿਨ ਅੰਤਰ ਦ੍ਰਿਸ਼ਟੀ
ਤੂੰ ਜਾਣਨਾਂ ਚਾਹੁੰਦਾ ਏਂ
ਕਿ ਮੇਰੀ ਕਵਿਤਾ ਦੀਆਂ ਸਤਰਾਂ
ਅਕਸਰ ਉਦਾਸ ਕਿਉਂ ਹਨ?
ਮੈਂ ਇਨਸਾਨਾਂ ਨੂੰ ਮੋਹ ਕਰਦੀ ਹਾਂ
ਉਨ੍ਹਾਂ ਨੂੰ ਵੀ ਜਿਹੜੇ ਨਿਮਾਣੇ ਹਨ
ਉਨ੍ਹਾਂ ਨੂੰ ਵੀ ਜਿਹੜੇ ਛੋਟੇ ਹਨ
ਸਗੋਂ ਜਿਹੜੇ ਬੁਰੇ ਵੀ ਹਨ
ਮੇਰੀ ਕਮਜ਼ੋਰੀ
ਦੋਸਤੀ ਹੈ।
ਖੁਸ਼ ਅਤੇ ਉਦਾਸ
ਖੁਸ਼ ਅਤੇ ਉਦਾਸ, ਹਾਂ ਮੈਂ
ਕਿਉਂਕਿ ਮੈਂ ਮਹਿਸੂਸ ਕਰਦਾ ਹਾਂ
ਜਦੋਂ ਮੈਂ ਮਹਿਸੂਸ ਕਰਦਾ ਹਾਂ, ਤਾਂ ਜਾਣਦਾਂ
ਕਿ ਮੈਂ ਜੀਊ ਰਿਹਾਂ।
ਖੁਸ਼ ਅਤੇ ਉਦਾਸ
ਸਾਨੂੰ ਦੂਸਰੇ ਹੀ ਕਰਦੇ ਹਨ
ਜਿਵੇਂ ਅਸੀਂ ਉਨ੍ਹਾਂ ਨੂੰ
ਖੁਸ਼ ਅਤੇ ਉਦਾਸ ਕਰਦੇ ਹਾਂ।
ਤੇਰੇ ਕਰਕੇ ਮੈਂ ਮਹਿਸੂਸ ਕਰਦਾ ਹਾਂ
ਕਿਵੇਂ ਭਰਪੂਰ ਜੀਊ ਰਿਹਾ ਹਾਂ
ਇਸ ਕਰਕੇ ਤੈਨੂੰ ਮੁਹੱਬਤ ਕਰਦਾ ਹਾਂ
ਖੁਸ਼ੀ ਅਤੇ ਉਦਾਸੀ ਵਿਚ।
ਦਿਨ ਦੀ ਸ਼ੁਰੂਆਤ
ਉਂਜ ਤਾਂ ਕਾਫੀ ਚੋਹਲ-ਮੋਹਲ ਹੈ
ਸਾਡੇ ਦਰਮਿਆਨ
ਮੈਂ ਤੇਰਾ ਗਲਾਸ ਭਰਦਾ ਹਾਂ
ਤੂੰ ਮੇਰੇ ਤੌਲੀਏ ਨੂੰ ਗਰਮਾਉਂਦੀ ਹੈਂ
ਮੈਂ ਤੇਰੇ ਵਾਸਤੇ ਡਬਲ ਰੋਟੀ ਕੱਟਦਾ ਹਾਂ
ਤੂੰ ਮੇਰੀਆਂ ਐਨਕਾਂ ਢੂੰਡਦੀ ਐਂ
ਇਸ ਤਰ੍ਹਾਂ ਅਸੀਂ
ਇਕ ਦੂਜੇ ਨੂੰ ਜਗਾਉਂਦੇ ਹਾਂ
ਇਸ ਤੋਂ ਪਹਿਲਾਂ ਕਿ ਅਸੀਂ
ਕੰਮ 'ਤੇ ਜਾਈਏ।
ਇਸ ਕਰਕੇ ?
ਅਸੀਂ ਸਾਰੇ ਹੀ
ਇਨਸਾਨਾਂ ਨੂੰ ਢੂੰਡਦੇ ਹਾਂ
ਜਿਹੜੇ ਸਾਡੀ ਜ਼ਿੰਦਗੀ ਨੂੰ
ਮਕਸਦ ਵਲ ਤੋਰਨ
ਤੇਰਾ ਭਾਵ ਹੈ
ਤੈਨੂੰ, ਉਹ ਮੇਰੇ ਵਿਚੋਂ ਲੱਭ ਪਿਆ
ਅਤੇ ਮੈਨੂੰ ਚਾਹੀਦਾ ਹੈ
ਮੈਂ, ਆਪਣੀ ਭਾਲ਼ ਛੱਡ ਦਿਆਂ
ਇਸ ਕਰਕੇ?
ਰਿਸ਼ਤੇ
ਉਹ ਰਿਸ਼ਤੇ
ਜਿਨ੍ਹਾਂ ਦੇ ਰਾਹੀਂ
ਤੂੰ ਆਪਣੇ ਬਾਰੇ
ਕੁੱਝ ਵੀ ਨਵਾਂ ਨਾ ਜਾਣ ਸਕੇਂ
ਉਹ ਰਿਸ਼ਤੇ
ਜਿਹੜੇ ਤੈਨੂੰ ਛੋਟਾ ਕਰਦੇ ਹੋਣ
ਤੇਰੇ ਦੋਸਤਾਂ ਵਜੋਂ
ਤੇਰੇ ਜਾਣੂ ਹੋਣ
ਉਹ ਰਿਸ਼ਤੇ
ਜਿਨ੍ਹਾ ਦੇ ਵਾਸਤੇ
ਸਿਰ ਝੁਕਾਉਣਾ ਪਵੇ
ਜ਼ਰੂਰੀ ਗੋਡੇ ਟੇਕਣੇ ਪੈਣ
ਸਿਰਫ ਖੜ੍ਹੇ ਰਹਿਣ ਵਾਸਤੇ
ਉਨ੍ਹਾਂ ਰਿਸ਼ਤਿਆਂ ਨੂੰ
ਹਰ ਹੀਲੇ
ਬਦਲ ਦੇ
ਜਾਂ
ਉਨ੍ਹਾਂ ਨੂੰ ਛੱਡ ਦੇ।
ਯਾਦ ਨਾ ਕਰੀਂ
ਤੈਨੂੰ ਕੋਈ ਲੋੜ ਨਹੀਂ ਸੀ ਮੈਨੂੰ ਚੇਤੇ ਕਰਨ ਦੀ
ਪਿਛਲੇ ਸਾਲ ਦੇ ਇਸੇ ਦਿਨ ਵਾਸਤੇ
ਬਿਲਕੁੱਲ ਨਹੀਂ,
ਉਹ ਵੀ ਉਂਜ ਹੀ ਸੀ , ਲੱਗਭੱਗ ਅੱਜ ਵਾਂਗ
ਉਹ ਹੀ ਸੜਕਾਂ ਅਤੇ ਅਜਿਹਾ ਹੀ ਮੌਸਮ
ਤੈਨੂੰ ਕੋਈ ਲੋੜ ਨਹੀਂ ਸੀ ਮੈਨੂੰ ਚੇਤੇ ਕਰਨ ਦੀ
ਪਿਛਲੇ ਸਾਲ ਦੇ ਝੂਠ ਵਾਸਤੇ
ਬਿਲਕੁੱਲ ਨਹੀਂ
ਤੂੰ ਵੀ ਉਹਨੂੰ ਭੁਲਾ ਚੁੱਕਾਂ, ਮੈਂ ਵੀ ਉਹਨੂੰ ਭੁਲਾ ਦਿੱਤਾ ਹੈ।