<< Back

ਕਹਾਣੀ

ਫ਼ਿਕਰ ਦੀ ਗੱਲ

                                                                     

ਗੁਰਮੀਤ ਸਿੰਘ ਬਰਾੜ


ਰਾਤ ਦੇ ਕੋਈ ਦਸ ਕੁ ਵੱਜੇ ਸਨ ਜਦੋਂ ਟਰੱਕ ਵਾਲਿਆਂ ਨੇ ਗੁਰਦਿਆਲ ਸਿੱਧਰੇ ਨੂੰ ਪਿੰਡ ਦੇ ਅੱਡੇ ਤੇ ਉਤਾਰਿਆ । ਟਰੱਕ ਧੂੜਾਂ ਪੱਟਦਾ ਆਪਣੀ ਮੰਜਲ ਵੱਲ ਵੱਧਣ ਲੱਗਾ ਪਰ ਗੁਰਦਿਆਲ ਨੇ ਉਤਰਦੇ ਸਾਰ ਇੱਕ ਲੇਰ ਜਿਹੀ ਮਾਰੀ, " ਡਾਢਿਆ ਰੱਬਾ ਤੂੰ ਮੇਰੇ ਨਾਲ ਇਨਸਾਫ ਨਹੀ ਕੀਤਾ ਸਭ ਕੁੱਝ ਖੇਹ ਵਿੱਚ ਰਲ ਗਿਆ ਮੇਰੀਆਂ ਦਿਲ ਦੀਆਂ ਸੱਧਰਾਂ ਦਿਲ ਵਿੱਚ ਰਹਿ ਗਈਆਂ"। ਇਹ ਹੂਕ ਜੇਹੀ ਸੁਣਕੇ ਕਾਲੀ ਬੋਲ੍ਹੀ ਰਾਤ ਵਿੱਚ ਮੋੜ ਵਾਲੇ ਪਿੱਪਲ ਤੋਂ ਕੋਚਰੀ ਬੋਲਣ ਲੱਗੀ,ਪਿੰਡ ਦੇ ਲੰਡਰ ਕੁੱਤਿਆਂ ਨੇ ਭੌਂਕਣਾ ਸੁæਰੂ ਕਰ ਦਿੱਤਾ ਅਤੇ ਗੁਰਦਿਆਲ ਨਸ਼ੇ ਦੀ ਲੋਰ ਆਪਣਾ ਇਹੀ ਰਾਗ ਅਲਾਪਦਾ ਚਾਨਣ ਸਿੰਘ ਨੰਬਰਦਾਰਕੇ ਘਰ ਵਾਲੀ ਗਲ੍ਹੀ ਆਪਣੇ ਘਰ ਨੂੰ ਤੁਰ ਪਿਆ ਜਿਵੇਂ,ਜਿਵੇਂ ਤੁਰਿਆ ਜਾਂਦਾ ਕੁੱਤੇ ਉਹਦੇ ਪਿੱਛੇ,ਪਿੱਛੇ ਭੌਂਕਦੇ ਜਾਂਦੇ।ਨਿੱਤਦੇ ਸ਼ਰਾਬੀਆਂ ਨੂੰ ਪਿੰਡ ਦੇ ਲੰਡਰ ਕੁੱਤੇ ਵੀ ਜਾਣਦੇ ਸਨ ।ਉਹ ਉਹਨਾਂ ਨੂੰ ਦੇਖਕੇ ਪੂਛ ਹਿਲਾਉਣ ਲੱਗ ਜਾਂਦੇ ਅਤੇ ਪਿੰਡ ਵਾਲੇ ਵੀ ਅਵਾਜ਼ ਤੋਂ ਹੀ ਦੱਸ ਦਿੰਦੇ ਕਿ ਭਾਈ ਕਾ ਗੁਰਮੇਲ,ਦਾਤੇ ਕਾ ਜੰਗੂ, ਫਲ੍ਹੇ ਵਾਲਿਆਂ ਦਾ ਜ੍ਹਾਜੀ,ਪ੍ਰੀਤ ਮਾਸਟਰ,ਦਲੀਪ ਕਾ ਸਾਧੂ,ਸਰਬਣ ਕਾ ਕੇਹਰੀ , ਸੋਹਣ ਮਾਸਟਰ ਜਾਂ ਕਾਲੋ ਕਾ ਮਲੋ ਹੈ ।ਪਰ ਅੱਜ ਦੀ ਆਵਾਜ਼ ਸਾਰਿਆਂ ਦੀ ਸਮਝ ਤੋਂ ਬਾਹਰ ਸੀ ।ਖਾੜਕੂਵਾਦ ਵੇਲੇ ਪਿੰਡ ਦੀਆਂ ਗਲੀਆਂ ਵਿੱਚ ਲਾਈਟਾਂ ਲੱਗੀਆਂ ਹੋਣ ਕਾਰਨ ਹਰ ਇੱਕ ਦੀ ਇੱਛਾ ਸੀ ਕਿ ਦੇਖਿਆ ਜਾਵੇ ਬੰਦਾ ਕੋਣ ਹੈ ।ਆਵਾਜ਼ ਬਰਾੜਾਂ ਵਾਲੀ ਗਲੀ ਵਿੱਚ ਦੀ ਹੁੰਦੀ ਹੋਈ ਸੱਥ ਵੱਲ ਨੂੰ ਵੱਧਣ ਲੱਗੀ ।ਸੱਥ ਵਿੱਚ ਪਹਿਲਾਂ ਹੀ ਪਿੰਡ ਦੇ ਕੁੱਝ ਮੁੰਡੇ ਬੈਠੇ ਗੱਪ,ਸੱਪ ਮਾਰ ਰਹੇ ਸੀ।ਉਹ ਵੀ ਗੁਰਦਿਆਲ ਸਿੱਧਰੇ ਨੂੰ ਲੜ੍ਹਖੜਾਉਂਦਾ ਅਤੇ ਆਪ ਮੁਹਾਰੀਆ ਗੱਲਾਂ ਕਰਦੇ ਨੂੰ ਦੇਖਕੇ ਪਹਿਲਾਂ ਹੈਰਾਨ ਹੋਏ ਅਤੇ ਫਿਰ ਮਾਜ਼ਰਾ ਕੀ ਹੈ ਨੂੰ ਸਮਝਣ ਲਈ ਉਤਸੁੱਕਤਾ ਨਾਲ ਗੁਰਦਿਆਲ ਵੱਲ ਵਧੇ ।ਗੁਰਦਿਆਲ ਸਿੱਧਰਾ ਆਪਣੇ ਮਾਪਿਆਂ ਦੀ ਇੱਕਲੋਤੀ ਸੰਤਾਨ ਸੀ ।ਰੱਬ ਨੇ ਰੱਜਕੇ ਰੰਗ ਰੂਪ ਦਿੱਤਾ ਸੀ ।ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਸੀ ।ਘਰ ਤੋਂ ਸਿੱਧਾ ਕਾਲਜ਼ ਅਤੇ ਕਾਲਜ਼ ਤੋਂ ਸਿੱਧਾ ਘਰੇ ਜੇ ਪੜ੍ਹਨ ਤੋਂ ਵਹਿਲ ਮਿਲਦੀ ਤਾਂ ਆਪਣੇ ਖੇਤਾਂ ਵਿੱਚ ਬਾਪੂ ਦੀ ਮੱਦਦ ਕਰਦਾ ਜਾਂ ਮਾਲ ਡੰਗਰ ਦਾ ਪੱਠਾ,ਨੀਰਾ ਪਾਉਂਦਾ ।ਉਸਨੂੰ ਖੁੰਡ ਜਾਂ ਸੱਥ ਵਿੱਚ ਬਹਿਣਾ ਚੰਗਾ ਨਾ ਲੱਗਦਾ ।ਪਰ ਬੀ।ਏ। ਫਾਈਨਲ ਦੇ ਪੇਪਰ ਕਰੁੱਤੇ ਜਿਹੇ ਖਤਮ ਹੋਣ ਕਾਰਨ ਨਾ ਖੇਤਾਂ ਵਿੱਚ ਬਹੁਤਾ ਕੰਮ ਸੀ ਮਾਲ,ਡੰਗਰ ਨੂੰ ਉਸ ਦਾ ਬਾਪੂ ਅਤੇ ਭਈਆ ਸਾਂਭ ਲੈਂਦੇ ।ਇਸ ਲਈ ਗੁਰਦਿਆਲ ਕੋਲ ਵਾਧੂ ਸਮਾਂ ਹੋਣ ਕਾਰਨ ਉਹ ਵੀ ਸਮਾਂ ਬਤੀਤ ਕਰਨ ਲਈ ਸੱਥ ਵਿੱਚ ਚਲਾ ਜਾਂਦਾ ।ਪਰ ਉਸਨੂੰ ਕੀ ਪਤਾ ਸੀ ਕਿ ਸੱਥ ਵਿੱਚ ਬਹਿਣ ਲਈ ਵੀ ਗੱਲਾਂ ਦਾ ਡਿਪਲੋਮਾ ਕਰਨਾ ਜਰੂਰੀ ਹੈ ।ਉਹ ਚਲਦੀ ਗਲ ਵਿੱਚ ਕੋਈ ਪੁੱਠੀ ਸਿੱਧੀ ਗੱਲ ਕਹਿ ਬੈਠਾ ਇੱਕ ਬੁੜਾ ਕਹਿ ਬੈਠਾ ਸਿੱਧਰਾ ਨਾ ਹੋਵੇ ।ਬੱਸ ਉਸ ਦਿਨ ਤੋਂ ਸਿਧਰਾ ਤਖਲੱਸ ਗੁਰਦਿਆਲ ਦੇ ਨਾਂ ਨਾਲ ਲਸੂੜੀ ਦੀ ਗਿੜ੍ਹਕ ਵਾਂਗ ਚੁੰਬੜ ਗਿਆ ਜੋ ਉਸ ਦੇ ਮਾਪਿਆਂ ਵਲ੍ਹੋ ਲੋਕਾਂ ਨਾਲ ਲੜਨ ਜਾਂ ਗੁੱਸਾ ਕਰਨ ਤੇ ਵੀ ਨਾ ਲਹਿ ਸਕਿਆ ।ਜੋ ਹੁਣ ਉਸ ਦੀ ਪੱਕੀ ਪਹਿਚਾਣ ਬਣ ਚੁੱਕਿਆ ਸੀ ।ਜਿਵੇਂ ਸਿਧਰੇ ਤੋਂ ਬਿਨਾਂ ਉਸ ਨੂੰ ਕੋਈ ਜਾਣਦਾ ਹੀ ਨਾ ਹੋਵੇ ।ਉਸ ਦਿਨ ਤੋਂ ਬਾਅਦ ਗੁਰਦਿਆਲ ਸੱਥ ਵਿੱਚ ਨਹੀ ਗਿਆ ।ਬਾਪ ਦੀ ਬੇ, ਵਕਤੀ ਮੌਤ ਨੇ ਉਸ ਦੀ ਪੱਕੀ ਸਾਂਝ ਖੇਤਾਂ ਨਾਲ ਪਾ ਦਿੱਤੀ ।ਪੜ੍ਹਿਆ ਲਿਖਿਆ ਹੋਣ ਕਰਕੇ ਨਵੀਂ ਤਕਨੀਕ ਨਾਲ ਖੇਤੀ ਕਰਕੇ ਇੱਕ ਮਾਹਿਰ ਕਿਸਾਨ ਬਣਿਆਂ ਵਾਧੂ ਸਮਾਂ ਉਹ ਧਾਰਮਿਕ ਕਿਤਾਬਾਂ ਪੜ੍ਹਨ ਵਿੱਚ ਬਤੀਤ ਕਰਦਾ ।ਉਸ ਦਾ ਵਿਆਹ ਸੋਹਣੀ ਤੇ ਸੁਚਿਆਰੀ ਸੁਰਜੀਤ ਕੌਰ ਨਾਲ ਹੋਇਆ ਪ੍ਰਮਾਤਮਾ ਨੇ ਉਸ ਨੂੰ ਗੁਰਨਾਮ ਅਤੇ ਗੁਰਲਾਲ ਦੋ ਪੁੱਤਰ ਬਖਸ਼ੇ ਪਰ ਗੁਰਦਿਆਲ ਦੀ ਰੀਝ ਸੀ ਕਿ ਉਸ ਦੇ ਇੱਕ ਲੜਕੀ ਵੀ ਹੋਵੇ ਜਿਸ ਨੂੰ ਪੂਰੀ ਪੜ੍ਹਾਈ ਕਰਵਾਕੇ ਆਪਣੇ ਘਰਵਾਲੀ ਸੁਰਜੀਤ ਕੌਰ ਵਰਗੀ ਬਣਾਵੇ ਜੋ ਅੱਗੇ ਕਿਸੇ ਘਰ ਨੂੰ ਜਾਕੇ ਸਵੱਰਗ ਬਣਾਵੇ ।ਪਰ ਸ਼ਾਇਦ ਪ੍ਰਮਾਤਮਾ ਨੂੰ ਇਹ ਮਨਜੂਰ ਨਹੀ ਸੀ ।ਅੱਜ ਫੇਰ ਸੁਰਜੀਤ ਕੌਰ ਨੇ ਤੀਜਾ ਪੁੱਤਰ ਜਨਮਿਆਂ ।ਜਿਸ ਤੇ ਗੁਰਦਿਆਲ ਨਾ ਚਾਹੁੰਦਾ ਹੋਇਆ ਵੀ ਠੇਕੇ ਤੋਂ ਸ਼ਰਾਬ ਪੀਕੇ ਰੱਬ ਨੂੰ ਉਲਾਂਭੇ ਦਿੰਦਾ ਘਰ ਨੂੰ ਤੁਰਿਆ ਆ ਰਿਹਾ ਸੀ, "ਕਿ ਰੱਬਾ ਤੂੰ ਮੇਰੇ ਨਾਲ ਇਨਸਾਫ ਨਹੀ ਕੀਤਾ ਸਭ ਕੁੱਝ ਖੇਹ ਵਿੱਚ ਰਲ ਗਿਆ ਮੇਰੀਆਂ ਦਿੱਲ ਦੀਆਂ ਸੱਧਰਾਂ ਦਿਲ ਵਿੱਚ ਰਹਿ ਗਈਆਂ"।ਮੁੰਡਿਆਂ ਨੇ ਉਸ ਨੂੰ ਫੜ੍ਹਕੇ ਬੈਂਚ ਤੇ ਬਿਠਾਇਆ ਆਂਡ,ਗੁਆਂਢੋਂ ਲੋਕ ਆਪਣੇ ਘਰਾਂ ਵਿੱਚੋਂ ਨਿਕਲਕੇ ਸੱਥ ਵਿਚ ਉਸ ਦੇ ਦੁਆਲੇ ਘੇਰਾ ਘੱਤੀ ਖੜ੍ਹੇ ਸਨ ।ਕਿਸੇ ਸਿਆਣੇ ਨੇ ਅੱਗੇ ਹੋਕੇ ਪੁੱਛਿਆਂ, "ਪੁੱਤਰਾ ਕੁੱਝ ਖੋਹਲਕੇ ਦੱਸ ਤੇਰੇ ਨਾਲ ਰੱਬ ਨੇ ਕਹਿੜੀ ਜੱਗੋਂ ਤੇਰਵੀਂ ਕੀਤੀ|" ਗੁਰਦਿਆਲ ਬੋਲਿਆ, " ਚਾਚਾ ਤੇਰੀ ਨੂੰਹ ਕੋਲ ਫੇਰ ਮੂੰਡਾ ਹੈ।ਰੱਬ ਨੇ ਮੇਰੇ ਨਾਲ ਇਨਸਾਫ ਨਹੀ ਕੀਤਾ ।ਸਭ ਕੁੱਝ ਖੇਹ ਵਿੱਚ ਮਿਲ ਗਿਆ ।ਮੇਰੀਆਂ ਦਿਲ ਦੀਆਂ ਰੀਝਾਂ ਦਿਲ ਵਿੱਚ ਰਹਿ ਗਈਆਂ|" ਸਾਰੇ ਸੁਣਕੇ ਹੈਰਾਨ ਹੋ ਗਏ ਕਿ ਇਸ ਵਿੱਚ ਮਾੜੀ ਗੱਲ ਕੀ ਹੈ ।ਉਹ ਬਜ਼ੁਰਗ ਨੇ ਕਿਹਾ," ਹੈ ਸਿੱਧਰਾ! ਇਸ ਵਿੱਚ ਮਾੜੀ ਗਲ ਕੀ ਹੈ ? ਲੋਕ ਤਾਂ ਮੁੰਡਿਆਂ ਨੂੰ ਤਰਸਦੇ ਹਨ ਤੂੰ ਕਹਿਨਾ ਰੱਬ ਨੇ ਮੇਰੇ ਨਾਲ ਇਨਸਾਫ ਨਹੀ ਕੀਤਾ ।ਇਸ ਵਿੱਚ ਫਿਕਰ ਦੀ ਕੀ ਗਲ ਹੈ |" ਹੁਣ ਗੁਰਦਿਆਲ ਦੇ ਸਬਰ ਦਾ ਬੰਨ ਟੁੱਟ ਗਿਆ ਸੀ ।ਉਸ ਨੇ ਕਿਹਾ, "ਕਿ ਲੋਕੋ ਤੁਸੀ ਅੱਜ ਤੱਕ ਮੈਨੂੰ ਸਿਧਰਾ ਕਹਿੰਦੇ ਰਹੇ ਮੈਨੂੰ ਮਹਿਸੂਸ ਨਹੀ ਹੋਇਆ ਪਰ ਅੱਜ ਜੋ ਤੁਸੀ ਕਹਿ ਰਹੇ ਹੋ ਕਿ ਫਿਕਰ ਦੀ ਕੀ ਗਲ ਹੈ ? ਸਾਰਾ ਫਿਕਰ ਸ਼ੂਰੂ ਹੀ ਇਥੋਂ ਹੁੰਦਾ ਹੈ ।ਜੇ ਇਹ ਪੁੱਤ ਕਿਸੇ ਉਸ ਮਾਂ ਨੂੰ ਜੰਮਦਾ ਜਿਸ ਦੇ ਪਹਿਲਾਂ ਹੀ ਦੋ,ਤਿੰਨ ਧੀਆਂ ਹਨ ।ਤਾਂ ਉਹ ਮਾਂ, ਉਸ ਦੀ ਮਾਂ ਅਤੇ ਉਸ ਦੀ ਸੱਸ ਉਹਨਾਂ ਅਖੌਤੀ ਸਾਧਾਂ ਦੇ ਡੇਰੇ ਜਾਣੋ ਬੱਚ ਸਕਦੀਆਂ ਸਨ ਜੋ ਲੋਕਾਂ ਨੂੰ ਰੱਬ ਨਾਲੋ ਤੋੜਕੇ ਆਪਣੇ ਨਾਲ ਜੋੜਦੇ ਹਨ ।ਜੇ ਇਹ ਪੁੱਤ ਉਸ ਨੂੰ ਜੰਮਦਾ ਜੋ ਮਾਂ ਬਨਣ ਨੂੰ ਤਰਸਦੀ ਹੈ,ਤਾਂ ਉਹ ਸੱਸ,ਨਣਦ ਦੇ ਤਾਹਨਿਆਂ ਤੋਂ ਬਚ ਸਕਦੀ ਸੀ ।ਅਤੇ ਕਿਸੇ ਸਾਧ ਦੀ ਹਵਸ ਦਾ ਸ਼ਿਕਾਰ ਹੋਣੋ ਬੱਚ ਸਕਦੀ ਸੀ ।ਉਏ ਲੋਕੋ ਲਾਲ ਤਾਂ ਇੱਕ ਹੀ ਬਹੁਤ ਹੁੰਦਾ ਜੇ ਸੁੱਚਾ ਹੋਵੇ ਉਸ ਸੀ ਕੋਈ ਕੀਮਤ ਨਹੀ ਹੁੰਦੀ ।ਪਰ ਅੱਜ ਲੋਕ ਲਾਲਾਂ ਨੂੰ ਪੈਸਿਆਂ ਪਿੱਛੇ ਵੇਚਦੇ ਕਰਕੇ ਲਾਲ ਵੀ ਝੂਠੇ ਮਿਲਦੇ ਹਨ ।ਦਸੋ ਮੇਰੇ ਘਰ ਕਾਹਦਾ ਘਾਟਾ ਹੈ ਜੇ ਮੇਰੇ ਇੱਕ ਧੀ ਜੰਮਦੀ ਤਾਂ ਮੈ ਉਸ ਨੂੰ ਉੱਚੀ ਵਿੱਦਿਆ ਦਿਵਾਕੇ ਨਵੀਂ ਪੀੜ੍ਹੀ ਲਈ ਇੱਕ ਨਰੋਈ, ਸੋਚ ਵਾਲੀ ਮਾਂ ਬਨਣ ਦੇ ਕਾਬਲ ਬਣਾਉਂਦਾ ।ਪਰ ਜਦ ਤੱਕ ਮੇਰਾ ਇਹ ਪੁੱਤ ਜਵਾਨ ਹੋਵੇਗਾ ।ਉਦੋਂ ਤੱਕ ਧੀਆਂ ਦੇ ਜਨਮ ਦੀ ਦਰ ਘਟਣ ਕਾਰਨ ਇੱਸ ਨੂੰ ਆਪਣਾ ਵਿਰਸਾ ਸਾਂਭਣ ਵਾਲੀ ਪਤਨੀ ਨਹੀਂ ਮਿਲੇਗੀ ।ਇਹ ਕੋਈ ਪ੍ਰਵਾਸਣ ਵਿਆਹਕੇ ਲਿਆਵੇਗਾ ।ਜਿਸ ਵਿਰਸੇ ਨੂੰ ਸਾਂਭਣ ਲਈ ਸਾਡੇ ਬਜ਼ੁਰਗਾਂ ਨੇ ਇੰਨੇ ਤਸੀਹੇ ਝੱਲੇ ਉਹ ਬੜੀ ਅਸਾਨੀ ਨਾਲ ਦੋਗਲੇਪਣ ਵਿੱਚ ਵੱਟ ਜਾਵੇਗਾ ।ਮੈਨੂੰ ਦੱਸੋ ਇਹ ਫਿਕਰ ਦੀ ਗਲ ਹੈ ਕਿ ਨਹੀ ?" ਗੁਰਦਿਆਲ ਨਸ਼ੇ ਦੀ ਲੋਰ ਵਿੱਚ ਆਪਣੇ ਮਨ ਦਾ ਗੁਬਾਰ ਹੋਲਾ ਕਰ ਰਿਹਾ ਸੀ ।ਸਾਰੇ ਲੋਕ ਨੀਵੀਆਂ ਪਾਈ ਖੜ੍ਹੇ ਸਨ।ਕਿਸੇ ਕੋਲ ਇਹਨਾਂ ਗੱਲਾਂ ਦਾ ਜਵਾਬ ਨਹੀ ਸੀ ।ਜੋ ਅੱਜ ਤੱਕ ਗੁਰਦਿਆਲ ਨੂੰ ਸਿਧਰਾ ਕਹਿੰਦੇ ਰਹੇ ਸਨ ।ਆਣੇ ਆਪ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੇ ਸਨ ।ਇੱਕ ਸਿਆਣਾ ਬਜੁਰਗ ਸੋਚ ਰਿਹਾ ਸੀ ।ਕਿ ਸੱਚਮੁਚ ਜੇ ਕਿਸੇ ਬਦਬੋ ਵਾਲੀ ਚੀਜ਼ ਨੂੰ ਢੱਕ ਦੇਈਏ ਤਾਂ ਜਦੋਂ ਖੋਲੀਏ ਆਢ,ਗੁਆਂਢ ਦਾ ਵੀ ਨੱਕ ਸਾੜਦੀ ਹੈ ।ਪਰ ਜੇ ਕਰ ਗੁਰਦਿਆਲ ਵਰਗੇ ਦੀ ਮਿਠਾਸ ਅਤੇ ਖਸ਼ਬੂ( ਭਾਵ ਗੁਲਾਬ ਦੀਆਂ ਪੱਤੀਆਂ ਅਤੇ ਖੰਡ ) ਨੂੰ ਭਾਵੇਂ ਮਾੜੇ ਢੱਕਣ ਨਾਲ ਢੱਕ ਦੇਈਏ ਜਦੋਂ ਖੋਲ੍ਹੀਏ ਤਾਂ ਵਿੱਚੋਂ ਗਲਕੰਦ ਵਰਗੀ ਚੀਜ਼ ਨਿਕਲਦੀ ਹੈ ਜਿਸ ਦੀ ਦਿਖ ਭਾਂਵੇਂ ਮਾੜੀ ਹੋਵੇ ਪਰ ਅਨੇਕਾਂ ਬਿਮਾਰੀਆਂ ਦਾ ਇਲਾਜ ਕਰਦੀ ਹੈ ।ਹੁਣ ਲੋਕ ਇਹਨਾਂ ਸੁਆਲਾਂ ਦੇ ਜੁਆਬ ਲੱਭਦੇ ਆਪੋ ਆਪਣੇ ਘਰਾਂ ਨੂੰ ਤੁਰ ਪਏ।ਗੁਰਦਿਆਲ ਵੀ ਆਪਣੇ ਘਰ ਦੋਵਾਂ ਪੁੱਤਰਾਂ ਨੂੰ ਹਿੱਕ ਨਾਲ ਲਾਈ ਹਰੇ ਹੋਏ ਜੁਆਰੀਏ ਵਾਂਗ ਅਲਾਣੀ ਮੰਜੀ ਤੇ ਪਿਆ ਤਾਰਿਆਂ ਵੱਲ ਘੂਰ ਰਿਹਾ ਸੀ |


Top