ਪੜਚੋਲ
ਪੜਚੋਲਕਾਰ

ਹਰਮੀਤ ਸਿੰਘ ਗਿੱਲ
ਸਧਾਰਨ ਵਿਸ਼ਿਆਂ ਨੂੰ ਸੰਵੇਦਨਸ਼ੀਲ ਨਜ਼ਰੀਏ ਤੋਂ ਪਰਖਦਾ ਕਹਾਣੀ-ਸੰਗ੍ਰਹਿ

ਬਾਝ ਤੁਸਾਂ ਅਸੀਂ ਸੱਖਣੇਂ/ਕਹਾਣੀ-ਸੰਗ੍ਰਹਿ/ਕਮਲ/ਐਜੂਕੇਸ਼ਨਲ ਪਬਲਿਸ਼ਿੰਗ ਹਾਊਸ,ਦਿੱਲੀ/ਸਫ਼ੇ-88
ਕਵਿਤਾ ਦੇ ਖੇਤਰ ਵਿੱਚ ਪਿਛਲੇ ਕੁਝ ਕੁ ਸਾਲਾਂ ਤੋਂ ਰੁੱਝੀ ਹੋਈ ਕਵਿੱਤਰੀ ਕਮਲ ਨੇ ਆਪਣੇ ਪਲੇਠੇ ਕਹਾਣੀ-ਸੰਗ੍ਰਹਿ ਰਾਹੀਂ ਕਹਾਣੀ ਖੇਤਰ ਵਿੱਚ ਦਸਤਕ ਦਿੱਤੀ ਹੈ। ਬੇਸ਼ੱਕ ਕਵਿਤਾ ਸੰਵੇਦਨਸ਼ੀਲ ਮਨਾਂ ਦੀ ਉਪਜ ਹੈ, ਪਰ ਅੱਜ ਦੀ ਜ਼ਿੰਦਗੀ ਵਿੱਚਲੀ ਦੌੜ-ਭੱਜ ਨੇ ਮਨੁੱਖੀ ਮਨਾਂ ਵਿੱਚ ਇੱਕ ਖਲਾਅ ਜਿਹਾ ਭਰ ਦਿੱਤਾ ਹੈ, ਜਿਸਦੇ ਬਰੀਕ ਤੋਂ ਬਰੀਕ ਅਨੁਭਵਾਂ ਨੂੰ ਪੇਸ਼ ਕਰਨ ਵਿੱਚ ਨਿੱਕੀ ਕਹਾਣੀ ਆਪਣੀ ਮੋਹਰੀ ਭੂਮਿਕਾ ਨਿਭਾ ਰਹੀ ਹੈ। ਤਾਂਹੀਓ ਅੱਜ ਦੇ ਸਮੇਂ ਸਾਹਿਤ ਖੇਤਰ ਵਿੱਚ ਕਹਾਣੀ-ਰਚਨਾ ਸਭ ਤੋਂ ਵੱਧ ਹੋ ਰਹੀ ਹੈ। ਲੇਖਿਕਾ ਦਾ ਕਹਾਣੀ ਜਗਤ ਵਿੱਚ ਦਸਤਕ ਦੇਣਾ ਸਮੇਂ ਦੇ ਹਾਣੀ ਬਣਨ ਦਾ ਇੱਕ ਕਾਰਗਰ ਯਤਨ ਹੈ, ਜੋ ਕਿ ਕਾਬਿਲੇ-ਗੌਰ ਹੈ। ਲੈਅ ਤੇ ਬਿਰਤਾਂਤ ਦੀ ਸੋਝੀ ਲੇਖਕ ਨੂੰ ਉੱਤਮ ਸ਼ੈਲੀਕਾਰ ਬਣਨ ਵਿੱਚ ਵੀ ਸਹਾਈ ਸਿੱਧ ਹੁੰਦੀ ਹੈ।
ਕਹਾਣੀਕਾਰਾ ਨੇ ਹਥਲੇ ਕਹਾਣੀ ਸੰਗ੍ਰਹਿ ਵਿੱਚ 12 ਦੇ ਕਰੀਬ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਜਿੰਨ੍ਹਾ ਵਿੱਚ ਸਧਾਰਨ ਮਨੁੱਖੀ ਜੀਵਨ ਨਾਲ ਸੰਬੰਧਿਤ ਵੰਨ-ਸੁਵੰਨੇ ਯਥਾਰਥਿਕ ਵੇਰਵੇ ਪ੍ਰਤਿਬਿੰਬਿਤ ਹੋਏ ਹਨ। ਕਹਾਣੀਕਾਰਾਂ ਨੇ ਇਸ ਵਿੱਚ ਭਾਰਤ-ਪਾਕਿ ਵੰਡ ਦੇ ਦੁਖਾਂਤ, ਸੰਪ੍ਰਦਾਇਕ ਖੂਨ-ਖ਼ਰਾਬਾ, ਪਿਆਰ-ਮੁਹੱਬਤ ਵਿੱਚ ਮਿਲੀ ਬੇਵਫ਼ਾਈ, ਭੂ-ਹੇਰਵਾ, ਸਮਾਜਿਕ ਮਾਣ-ਮਰਿਆਦਾ ਨਾਲ ਸੰਬੰਧਿਤ ਵਿਭਿੰਨ ਵਿਸ਼ਿਆਂ ਨੂੰ ਇਕ ਨਵੇਂ ਜਲੌਅ ਵਿੱਚ ਪੇਸ਼ ਕੀਤਾ ਹੈ। ਜਿੰਨ੍ਹਾਂ ਵਿੱਚ ਸਧਾਰਨਤਾ, ਸਪਸ਼ਟਤਾ ਦੇ ਨਾਲ-ਨਾਲ ਸਮਾਜਿਕ ਅਪੀਲ ਪੂਰੀ ਤਰ੍ਹਾਂ ਦਿੱਸ ਆਉਂਦੀ ਹੈ। ਕਿਤਾਬ ਦੇ ਸਿਰਲੇਖ ਨਾਲ ਸੰਬੰਧਿਤ ਕਹਾਣੀ 'ਬਾਝ ਤੁਸਾਂ ਅਸੀਂ ਸੱਖਣੇ' ਭਾਰਤ-ਪਾਕਿ ਵੰਡ ਦੇ ਮਾਨਸਿਕ ਸੰਤਾਪ ਤੇ ਆਪਸੀ ਭਰਾਤਰੀ ਪਿਆਰ ਨੂੰ ਪੇਸ਼ ਕਰਦੀ ਹੈ। ਦੋਵੇਂ ਪਾਸੇ ਦੇ ਲੋਕਾਂ ਦੇ ਮਨਾਂ ਵਿੱਚ ਉਪਜੀ ਤੜਪ ਤੇ ਸੱਖਣੇਪਣ ਦੇ ਅਹਿਸਾਸ ਦੀ ਸ਼ਾਹਦੀ ਭਰਦੀ ਹੈ। 'ਨਵੇਂ ਸ਼ਬਦ' ਕਹਾਣੀ ਘਰ ਦੇ ਮਾਹੌਲ ਦਾ ਸਿਖਾਂਦਰੂ ਬੱਚੇ ਉੱਪਰ ਪਏ ਪ੍ਰਭਾਵ ਦਾ ਚਿਤਰਣ ਕਰਦੀ ਹੈ। 'ਟੋਪੀ' ਕਹਾਣੀ ਫ਼ਿਰਕੂ ਦੰਗਿਆਂ ਤੇ ਸੰਪ੍ਰਦਾਇਕ ਟਕਰਾਓ ਦੌਰਾਨ ਪਰਸਪਰ ਪਿਆਰ, ਅਪਣੱਤ ਤੇ ਸਾਂਝ ਵਿਚਕਾਰ ਆਈ ਤ੍ਰੇੜ ਦਾ ਚਿੱਤਰ ਪੇਸ਼ ਕਰਦੀ ਹੈ। 'ਰਾਤੀ ਜਾਗਣ ਕੁੱਤੇ' ਕਹਾਣੀ ਮਨੁੱਖਾਂ ਦੇ ਮਨੁੱਖੀਪੁਣੇ ਵਿੱਚ ਆਈ ਗਿਰਾਵਟ ਉੱਪਰ ਕਰੜਾ ਵਿਅੰਗ ਕਰਦੀ ਹੈ। 'ਦੌਲੇ ਸ਼ਾਹ ਕੇ ਚੂਹੇ ਮੂਏ' ਕਹਾਣੀ ਸਰੀਰਕ ਰੂਪ ਵਿੱਚ ਅਵਿਕਸਿਤ ਤੇ ਊਣੇ ਮਨੁੱਖਾਂ ਦੇ ਦਰਪੇਸ਼ ਆਉਂਦੀਆਂ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਡਰਾਉਣਾ ਰੂਪ ਪੇਸ਼ ਕਰਦੀ ਹੈ। 'ਜੀਵਨ-ਬਾਜ਼ਾਰ' ਤੇ 'ਇੱਕ ਹੋਰ ਰਾਜਾ ਭਰਥਰੀ ਹਰੀ' ਕਹਾਣੀਆਂ ਪਿਆਰ ਤੇ ਵਿਸ਼ਵਾਸ਼ ਵਿਚਕਾਰ ਬੇਵਫ਼ਾਈ ਕਾਰਣ ਪੈਦਾ ਹੋਈ ਤ੍ਰੇੜ ਦਾ ਮਾਰਮਿਕ ਦ੍ਰਿਸ਼ ਉਭਾਰਦੀਆਂ ਹਨ। 'ਮਾਇਸ਼ੈਲਫ਼ ਟੌਮ' ਕਹਾਣੀ ਪਰਦੇਸ ਵਿੱਚ ਪੈਦਾ ਹੋਏ ਭੂ-ਹੇਰਵੇ ਤੇ ਉਦਰੇਵੇਂ ਦੇ ਭਾਵਾਂ ਨੂੰ ਪੇਸ਼ ਕਰਦੀ ਹੈ। 'ਨਿਰੀ ਰੇਸ਼ਮਾ' ਕਹਾਣੀ ਸੰਗੀਤ-ਪ੍ਰੋਡਿਉਸਰਾਂ ਵੱਲੋਂ ਗਰੀਬ, ਨਿਮਾਣੇ ਤੇ ਬੇਬਸ ਕਲਾਕਾਰਾਂ ਦੇ ਕੀਤੇ ਜਾਂਦੇ ਆਰਥਿਕ, ਸਮਾਜਿਕ ਤੇ ਸਰੀਰਕ ਸ਼ੋਸ਼ਣ ਦਾ ਦ੍ਰਿਸ਼ ਪੇਸ਼ ਕਰਦੀ ਹੈ। 'ਇਹ ਤੇ ਮਾਂ ਏ' ਕਹਾਣੀ ਉੱਚੀਆਂ ਜਮਾਤਾਂ ਦੇ ਜੀਵਨ-ਵਿਹਾਰ ਨੂੰ ਚਿਤੱਰਦੀ ਹੈ। 'ਕਾਲੀ ਬਰਫ਼' ਕਹਾਣੀ ਵਿੱਚ ਸਮਾਜਿਕ ਮਾਣ-ਮਰਿਆਦਾ ਨੂੰ ਬਚਾਉਣ ਹਿੱਤ ਚੁੱਕੇ ਅਣਚਾਹੇ ਬੋਝ ਦਾ ਦ੍ਰਿਸ਼ ਸਾਕਾਰ ਹੁੰਦਾ ਹੈ। 'ਪੂਰਬ ਜਨਮ ਕਾ ਲਿਖਿਆ' ਕਹਾਣੀ ਤਰਕਸ਼ੀਲਤਾ ਤੇ ਲੋਕ ਵਿਸ਼ਵਾਸ਼ ਦੇ ਆਧਾਰ ਤੇ ਸੰਸਾਰਿਕ ਦੁਖਾਂ ਦਾ ਕਾਰਣ ਪੂਰਬ ਜਨਮ ਨਾਲ ਮੇਲਦਿਆਂ ਜੀਵਨ ਵਿੱਚ ਇਕ ਸੰਤੁਲਨ ਬਣਾਈ ਰੱਖਣ ਦਾ ਯਤਨ ਕਰਦੀ ਪ੍ਰਤੀਤ ਹੁੰਦੀ ਹੈ।
ਕਹਾਣੀਕਾਰਾ ਨਿੱਕੇ-ਨਿੱਕੇ ਤੇ ਸਰਲ ਵਾਕਾਂ ਵਿੱਚ ਕਹਾਣੀ-ਵਸਤੂ ਦੀ ਪੇਸ਼ਕਾਰੀ ਕਰਦੀ ਹੈ। ਉਸਦੀਆਂ ਕਹਾਣੀਆਂ ਵਿੱਚ ਕਹਾਣੀ-ਵਸਤੂ ਸਿੱਧੇ ਤੇ ਸਪਾਟ ਅਰਥਾਂ ਵਿੱਚ ਸੰਦੇਸ਼ ਤੱਕ ਪੁੱਜ ਜਾਂਦੀ ਹੈ। ਕਹਾਣੀ ਕਹਿਣ ਵਿੱਚ ਸੰਕੇਤ ਤੇ ਸੰਜਮਤਾ ਤੋਂ ਬਿਨਾ ਵਰਨਣ ਪ੍ਰਮੁੱਖ ਹੈ, ਜਿਸ ਕਰਕੇ ਕਹਾਣੀ ਸਿਖ਼ਰ ਉੱਪਰ ਪਹੁੰਚਣ ਤੋਂ ਪਹਿਲਾਂ' ਹੀ ਸ਼ਿਥਲ ਅਵਸਥਾ ਵਿੱਚ ਪਹੁੰਚ ਜਾਂਦੀ ਹੈ। ਇਹ ਕਹਾਣੀਕਾਰਾ ਦੇ ਪਹਿਲੇ ਯਤਨ ਕਾਰਣ ਉਸਦੀ ਸੀਮਾ ਹੈ, ਜੋ ਅੱਗੇ ਹੋਰ ਸੰਭਾਵਨਾਵਾਂ ਵਿੱਚ ਵੱਟ ਜਾਣ ਦਾ ਦਾਈਆ ਭਰਦੀ ਹੈ।