ਕਹਾਣੀ
ਮੂਲ ਭਾਸ਼ਾ-ਹਿੰਦੀ
ਮੂਲ ਲੇਖਕ-ਸੁਰਿੰਦਰ ਸੁੰਦਰਮ
ਉਲਥਾ-ਗੁਰਮੀਤ ਬਰਾੜ

ਸੁਰਿੰਦਰ ਸੁੰਦਰਮ
ਕਤ੍ਹੀੜ
ਬਖ਼ਤੌਰੀ ਦੀ ਲਾਸ਼ ਵਿਹੜੇ ਦੇ ਵਿਚਾਲੇ ਪਈ ਕਈ ਸਵਾਲ ਖੜ੍ਹੇ ਕਰ ਰਹੀ ਸੀ। ਜਿਨ੍ਹਾਂ ਦਾ ਉੱਤਰ ਕਿਸੇ ਕੋਲ਼ ਨਹੀ ਸੀ । ਸਾਰੇ ਘਰ ਵਿੱਚ ਕੋਹਰਾਮ ਮੱਚਿਆ ਹੋਇਆ ਸੀ। ਪਿੰਡ ਦਾ ਸਰਪੰਚ ਬੂਟਾ ਸਿੰਘ ਦਾਹੜੀ ਤੇ ਹੱਥ ਫੇਰਦਾ ਹੋਇਆ ਬੋਲਿਆ ''ਵਿਚਾਰੀ ਗਊ ਵਰਗੀ ਜਨਾਨੀ ਸੀ, ਪਰ ਔਖਾ ਵੇਲਾ ਜਦੋਂ ਵੀ ਆਉਂਦਾ ਹੈ ਪੁੱਛ ਕੇ ਨਹੀ ਆਉਂਦਾ । ਮਨੁੱਖ ਦੇ ਦਿਮਾਗ ਦਾ ਕੋਈ ਯਕੀਨ ਨਹੀ, ਕਦੋਂ ਬਦਲ ਜਾਵੇ, ਨਾਲ਼ ਤਾਂ ਮਰਿਆਂ ਨਹੀ ਜਾਂਦਾ, ਪਰ ਜਾਣ ਵਾਲੇ ਦਾ ਪਿੱਛਾ ਸਵਾਰ ਲਿਆ ਜਾਵੇ ਤਾਂ ਇਹ ਹੀ ਹਰਦਾਵਰ ਜਾਣ ਦੇ ਬਰਾਬਰ ਹੈ ।'' ਠਾਣੇਦਾਰ ਦੰਦ ਕੁਰਚਦੇ ਹੋਏ ਬੋਲਿਆ - ''ਤੁਸੀ ਠੀਕ ਕਹਿ ਰਹੇ ਹੋ ਸਰਪੰਚ ਜੀ ।ਗੱਲ ਸਿਰੇ ਲਾਉਣ ਵਿੱਚ ਹੀ ਫਾਇਦਾ ਹੈ ਜੇ ਗੱਲ ਫੈਲ ਗਈ ਤਾਂ ਮੈ ਵੀ ਕੁੱਝ ਨਹੀ ਕਰ ਸਰਾਂਗਾ'' ਧੌਂਕਲ ਤਾਇਆ ਬੋਲਿਆ-“ਜੇ ਟੈਲੀਵੀਯਨ ਵਾਲਿਆ ਨੂੰ ਪਤਾ ਲੱਗ ਗਿਆ ਤਾਂ ਉਹ ਇੰਝ ਆਉਂਣਗੇ, ਜਿਵੇ ਮਰੇ ਪਸ਼ੂ ਤੇ ਗਿਰਝਾਂ ''। ਭੀੜ ਕੋਲ਼ ਕਦੇ ਨਾ ਥੱਕਣ ਵਾਲੀ ਜ਼ਬਾਨ ਹੁੰਦੀ ਹੈ । ਭੀੜ ਬੋਲਦੀ ਰਹੀ, ਬਾਹਰ ਵਿਹੜੇ ਵਿੱਚ ਬੰਨ੍ਹੇਂ ਪਸ਼ੂ ਸਵੇਰ ਤੋ ਭੁੱਖੇ ਤਿਹਾਏ ਕਿੱਲੇ ਪਟਾ ਰਹੇ ਸਨ। ਹੇਤੀਆ ਦਾਦੀ ਦੀ ਬੁੱਕਲ ਵਿੱਚ ਬੈਠਾ ਟੁਕਰ -ਟੁਕਰ ਲਾਸ਼ ਨੂੰ ਵੇਖ ਰਿਹਾ ਸੀ। ਇਹ ਲਾਸ਼ ਉਸ ਦੀ ਮਾਂ ਸੀ। ਉਹ ਕਈ ਵਰ੍ਹਿਆਂ ਤੱਕ ਮਾਂ ਦੀ ਬੁੱਕਲ ਵਿੱਚ ਸੌਂਦਾ ਰਿਹਾ ਸੀ। ਮਾਂ ਦੀ ਮਹਿਕ ਉਸ ਦੇ ਹੱਡਾਂ ਵਿੱਚ ਰਚ ਗਈ ਸੀ। ਉਸਨੇ ਫਿਰ ਤੋ ਮਾਂ ਦੇ ਨਾਲ ਸੌਣ ਦੀ ਜ਼ਿਦ ਕੀਤੀ ਪਰ ਪਿੰਡ ਦੀਆਂ ਜਨਾਨੀਆਂ ਤੇ ਦਾਦੀ ਨੇ ਉਸ ਨੂੰ ਰੋਕ ਲਿਆ । ਹੁਣ ਲਾਸ਼ ਦੀਆਂ ਤਲੀਆਂ ਵਿੱਚ ਸੂਈ ਚੁਭਾਉਣ ਲਗੇ ਨੇ ਰੋ-ਰੋ ਕੇ ਘਰ ਛੱਤ ਤੇ ਚੁੱਕ ਲਿਆ । ਇਹ ਮਾਨਤਾ ਕਿ ਇਸ ਤਰ੍ਹਾਂ ਇਹ ਕਦੇ ਵੀ ਚੁੜੇਲ ਬਣ ਕੇ ਇਹ ਘਰ ਵਿੱਚ ਮੁੜ ਨਹੀ ਪਰਤੇਗੀ, ਕਿਉਂਕਿ ਉਸ ਤੇ ਤੁਰਿਆ ਨਹੀ ਜਾਵੇਗਾ। ਸਰਪੰਚ ਬੂਟਾ ਸਿੰਘ ਨੇ ਆਪਣੀ ਪੱਗ ਲਾਹ ਕੇ ਬਖ਼ਤੌਰੀ ਦੇ ਪਿਤਾ ਦੇ ਪੈਰਾਂ ਵਿੱਚ ਰੱਖ ਦਿਤੀ ਅਤੇ ਕਿਹਾ '' ਮੈ ਪਿੰਡ ਵਾਲਿਆਂ ਵਲੋਂ ਬਹੁਤ ਹੀ ਸ਼ਰਮਿੰਦਾ ਹਾਂ । ਮੈਨੂੰ ਮਾਫ਼ ਕਰ ਦਿਉ, ਅਸੀ ਤੁਹਾਡੀ ਧੀ ਨੂੰ ਸੁੱਖ ਨਹੀ ਦੇ ਸਕਦੇ ।'' ਬਖ਼ਤੌਰੀ ਦਾ ਪਿਉ ਬੋਲਿਆ- ''ਤੁਸੀਂ ਮੈਨੂੰ ਕਿਉ ਸ਼ਰਮਿੰਦਾ ਕਰ ਰਹੇ ਹੋ ਸਰਪੰਚ ਸਾਹਿਬ ?ਕਸੂਰ ਤਾਂ ਮੇਰੀ ਧੀ ਦਾ ਸੀ ਅੱਜ ਤੱਕ ਪੰਜਾ ਧੀਆਂ ਵਿੱਚੋ ਕਿਸੇ ਨੇ ਵੀ ਫਾਹਾ ਨਹੀ ਲਿਆ ਅਤੇ ਨਾਂ ਹੀ ਨੂਹਾਂ ਨੇ ਨੱਕ ਵਢਾਈ ਹੈ । ਲੜਾਈ ਝਗੜੇ ਕਿਸ ਘਰ ਵਿੱਚ ਨਹੀ ਹੁੰਦੇ ਪਰ ਮਰ ਜਾਣ ਦਾ ਰਾਹ ਚੁਣਨ ਸਭ ਤੋਂ ਮਾੜੀ ਗੱਲ ਹੈ।“ਇਹ ਆਖਦਿਆਂ ਉਸ ਨੇ ਫਿਰ ਤੋ ਸਿਰ ਤੇ ਪੱਗ ਰੱਖ ਦਿਤੀ । ਤਾਏ ਧੌਂਕਲ ਨੇ ਕਿਹਾ - ''ਔਰਤਾਂ ਮੌਜਾਂ ਮਾਰਣ ਲਈ ਆਉਂਦੀਆਂ ਨੇ, ਇਨਾਂ ਦੀ ਸੁਣੋਂ ਤਾਂ ਠੀਕ ਹੈ, ਨਹੀ ਤਾਂ ਮਰਣ ਲਗੀਆਂ ਦੇਰ ਨਹੀ ਲਾਉਂਦੀਆ ਇਹ ਤਾਂ ਸਰਪੰਚ ਸਾਹਿਬ ਦਾ ਭਲਾ ਹੋਵੇ, ਨਹੀ ਤਾਂ ਅੱਧਾ ਪਿੰਡ ਜੇਲ੍ਹਸ ਵਿੱਚ ਚੱਕੀ ਪੀਹ ਰਿਹਾ ਹੁੰਦਾ ।''
'ਰਾਮ ਨਾਮ ਸੱਤ ਹੈ, ਦੇ ਨਾਲ ਹੀ ਅਰੱਥੀ ਚੁੱਕ ਲਈ । ਸਰਪੰਚ ਅਤੇ ਥਾਣੇਦਾਰ ਦੋਵੇਂ ਜੀਪ ਵਿੱਚ ਇਕੱਠੇ ਹੀ ਬੈਠ ਗਏ ।ਜੀਪ ਧੂੜਾਂ ਪੱਟਦੀ ਪਿੰਡ ਦੀਆਂ ਗਲੀਆਂ ਵਿਚੇ ਸ਼ਹਿਰ ਵੱਲ ਤੁਰ ਪਈ । ਤਿੰਨ-ਚਾਰ ਕੁੱਤੇ ਜੀਪ ਦੇ ਪਿੱਛੇ ਭੱਜੇ ਤੇ ਧੂੜ ਵਿੱਚ ਹੀ ਗੁਆਚ ਗਏ।
ਕਈ ਦਿਨਾਂ ਬਾਅਦ ਘਰ ਦਾ ਮਾਹੌਲ ਠੀਕ ਹੋ ਗਿਆ ਅਤੇ ਨਵੀਂ ਬਹੂ ਦੀਆਂ ਝਾਂਜਰਾ ਵਿਹੜੇ ਵਿੱਚ ਛਣਕਣ ਲਗੀਆਂ । ਕੱਚੀਆ ਕੰਧਾ ਤੇ ਨਵੇ ਫੁਲ-ਬੂਟੇ ਪਾ ਦਿਤੇ । ਬਖ਼ਤੌਰੀ ਦੇ ਸੰਦੂਰ ਦੀ ਚਾਬੀ ਆਪਣੀ ਗੀਝੇ ਵਿੱਚ ਲੁਕੋ ਕੇ ਰਖਦੀ ਸੀ । ਹੇਤੀਏ ਕੇ ਕਈ ਵਾਰੀ ਜ਼ਿਦ ਕਰਕੇ ਸੰਦੂਕ ਖੁਲ੍ਹਵਾਇਆ ਸੀ । ਉਹ ਖੁੱਲ੍ਹੇ ਸੰਦੂਕ ਨੂੰ ਵੇਖ ਦੇ ਉਸਨੂੰ ਇੰਝ ਲਗਦਾ ਜਿਵੇਂ ਮਾਂ ਨੇ ਘੁੰਡ ਚੁੱਕ ਲਿਆ ਹੋਵੇ । ਮਾਂ ਦਿਆਂ ਚੂੜਿਆ ਨੂੰ ਹੱਥ ਲਾਉਂਦਾ ਕੱਜਲ ਦੀ ਡੱਬੀ ਨੂੰ ਖੋਲ੍ਹਦਾ । ਇਸ ਡੱਬੀ ਵਿੱਚ ਉਂਗਲ ਫੇਰ ਕੇ ਮਾਂ ਮੇਰੀਆ ਅੱਖਾਂ ਵਿੱਚ ਕੱਜਲ ਪਾਉਦੀ ਸੀ। ਇਹ ਮਾਂ ਦੇ ਸਿੰਦੂਰ ਦੀ ਡੱਬੀ ਹੈ, ਇਹ ਕੰਘਾ, ਇਹ ਪਰਾਂਦਾ ਅਤੇ ਇਹ ਸੰਦੂਕ ਦੇ ਕੋਲ ਤੇਰੀ ਚੁੰਨੀ ਵਿੱਚ ਲੱਗੇ ਤਾਰੇ, ਤੇਰੀ ਕੁੜਤੀ, ਤੇਰੇ ਹੱਥਾਂ ਨਾਲ਼ ਬਣੇ ਕੁੜਤੇ ਅਤੇ ਟੇਪੀਆਂ, ਸਬ ਹਨ ਪਰ ਤੂੰ ਨਹੀ ਹੈਂ ।'' ਦਾਦੀ ਨੇ ਸੰਦੂਕ ਬੰਦ ਕਰ ਦਿਤਾ । ਹੇਤੀਆ ਰੌਲਾ ਪਾਉਣ ਲੱਗਾ - ''ਨਹੀ!! ਹੋਰ .....ਅਜੇ ਹੋਰ ਵੇਖਾਂਗਾ ਮਾਂ ਨੂੰ, ਬੰਦ ਨਾ ਕਰ ਦਾਦੀ ਤੂੰ ਵੀ ਮਰ ਜਾਏਗੀ, ਕਿਉ-ਕਿਉ? ।ਆਉਂਦੇ-ਜਾਂਦੇ ਬੂਟਾ ਸਿੰਘ ਵੀ ਘਰ ਆ ਜਾਂਦਾ ਨਵੀ ਬਹੂ ਦੇ ਸਿਰ ਤੇ ਹੱਥ ਫੇਰ ਉਸ ਨੂੰ ਅਸੀਸਾਂ ਦਿੰਦਾ ਪਰ ਹੇਤੀਏ ਬਾਰੇ ਕੁੱਝ ਵੀ ਨਾ ਪੁੱਛਦਾ । ਉਹ ਬਹੁਤ ਕੁੱਝ ਜਾਣਦਾ ਹੈ ਆਪਣੀ ਸਕੀ ਮਾਂ ਦੇ ਬਾਰੇ। ਉਹ ਇਹ ਵੀ ਜਾਣਦਾ ਹੈ ਕਿ ਉਹ ਕਿਉਂ ਮਰੀ ਸੀ ਪਰ ਉਸ ਤੋਂ ਕਿਸੇ ਨੇ ਵੀ ਨਹੀ ਪੁੱਛਿਆ । ਇੱਕ ਪਲ ਲਈ ਉਸ ਦੀਆਂ ਅੱਖਾਂ ਵਿੱਚ ਪੱਗ, ਥਾਣੇਦਾਰ, ਸੂਈ, ਅਰਥੀ, ਜੀਪ, ਤਾਇਆ ਧੋਂਕਲ ਸਭ ਘੁੰਮ ਗਏ। ਬੂਟਾ ਸਿੰਘ ਇਸ ਬਾਗੜੀ ਪਿੰਡ ਵਿੱਚ ਇੱਕਲਾ ਸਰਦਾਰ ਹੈ ।ਸਰਪੰਚ ਹੈ ।ਰਬ ਹੈ। ਉਸਨੇ ਅੱਜ ਤੱਕ ਕਿਸੇ ਔਰਤ, ਮਰਕ ਨੂੰ ਜੇਲ੍ਹ ਨਹੀ ਜਾਣ ਦਿਤਾ । । ਬੂਟਾ ਸਿੰਘ ਨੇ ਕਿਸੇ ਨੂੰ ਵੀ ਤੱਤੀ ‘ਵਾ ਨਹੀਂ ਲੱਗਣ ਦਿੱਤੀ । ਜਦੋਂ ਵੀ ਉਸਨੂੰ ਗੁੱਸਾ ਆਉਂਦਾ ਤਾਂ ਉਹ ਲੋਕਾਂ ਨੂੰ ਗਾਲ੍ਹਾਂ ਕੱਢਦਾ ।“ਵੀਹ ਵਰ੍ਹਿਆਂ ਤੋਂ ਇਹ ਸਰਪੰਚੀ ਮੇਰੇ ਕੋਲ਼ ਹੈ। ਤੁਹਾਡੇ ਪੱਲੇ ਕੀ ਹੈ, ਮੁੱਛਾ ਮਰੋੜਦੇ ਹੋ, ਰਾਬੜੀ ਪੀਂਦੇ ਹੋ, ਕੱਠੇ ਬੈਠੇ ਚਾਰ ਬੰਦਿਆਂ ਵਿੱਚ, ਤੁਸੀਂ ਸਾਰੇ ਤਾਂ ਕੜ੍ਹੀ-ਚੌਲ਼ ਖਾਣ ਦੇ ਲਾਇਕ ਹੋ।
ਪਿੰਡ ਦੀ ਬੁੱਢੀ ਰੁਕਮਣੀ ਦਾਦੀ ਨੂੰ ਬੂਟਾ ਸਿੰਘ ਬਹੁਤ ਹੀ ਚੰਗਾ ਲਗਦਾ ਸੀ। ਜਦੋਂ ਵੀ ਉਹ ਘਰ ਆਉਂਦੀ, ਦਾਦੀ ਦਹੀ - ਰਾਬੜੀ ਮਿਲਾ ਕੇ ਪਿਆਉਂਦੀ । ਇਸ ਪਿੱਛੇ ਇੱਕ ਕਾਰਨ ਸੀ, ਦਾਦੀ ਦਾ ਪੋਤਾ ਚੰਦਰੀਆ, ਭੁੱਟੇਰਾਮ ਦੀ ਕੁੜੀ ਨਾਲ ਯਾਰੀ ਲਾ ਬੈਠਾ ਸੀ। ਜਦੋਂ ਉਹ ਮਾਂ ਬਨਣ ਵਾਲੀ ਹੋ ਗਈ ਤਾ ਭੁੱਟੇਰਾਮ ਨੇ ਪੰਚਾਇਤ ਬੁਲਾ ਲਈ। ਦਾਦੀ ਨੇ ਆਪਣੀ ਚੁੰਨੀ ਬੂਟਾ ਸਿੰਘ ਦੇ ਪੈਰਾਂ ਵਿੱਚ ਰੱਖ ਕੇ ਕਿਹਾ ਅਸੀਂ ਸਦਾ ਤੈਨੂੰ ਵੋਟਾਂ ਦਿਤੀਆਂ ਹਨ । ਇਸ ਮੁਸੀਬਤ ਵਿੱਚੋਂ ਕੱਢ ਪੁੱਤ ਬੂਟਿਆ , ਨਹੀਂ ਤਾਂ ਇਹ ਸਾਰੇ ਸਾਡੇ ਘਰ ਨੂੰ ਕਿਤੇ ਆਉਣ ਜਾਣ ਜੋਗਾ ਨਹੀ ਛੱਡਣਗੇ'' ।ਬੂਟਾ ਸਿੰਘ ਨੇ ਮਾਮਲਾ ਦੱਸ ਹਜ਼ਾਰ ਵਿੱਚ ਸੁੱਲਝਾ ਦਿੱਤਾ ਅਤੇ ਤੁਰਤ ਫੁਰਤ ਕੁੜੀ ਦਾ ਵਿਆਹ ਕਰਵਾ ਦਿੱਤਾ ।
ਅੱਜ ਤਕ ਕਈ ਬਾਗੜਿਆਂ ਨੇ ਬੂਟਾ ਸਿੰਘ ਦੇ ਸਾਹਮਣੇ ਚੋਣਾਂ ਲੜੀਆ ਸਨ ਪਰ ਸਭ ਦੇ ਸਭ ਆਪਣੀਆਂ ਮੁੱਛਾਂ ਕਟਵਾ ਬੈਠੇ ਸਨ। ਕਿਉਂਕਿ ਰਬ ਕਦੇ ਨਹੀ ਹਾਰਦਾ, ਉਹ ਹਾਰ ਗਿਆ ਤਾਂ ਇਸ ਜੱਗ ਨੂੰ ਕੌਣ ਚਲਾਵੇਗਾ ? ਇਸ ਤਲੀਆਂ ਚੱਟਦੀ ਜਨਤਾ ਦੀ ਰਾਖੀ ਕੌਣ ਕਰੇਗਾ ? ਇਨਾਂ ਜੇਲ੍ਹਾਂ ਤਹਸੀਲਾਂ ਅਤੇ ਕਚਹਰਿਆਂ ਤੋਂ ਕੌਣ ਛਡਾਵੇਗਾ ।ਬੂਟਾ ਸਿੰਘ ਦੇ ਨਾਲ ਤਿੰਨ-ਚਾਰ ਬਾਗੜੀ ਬੰਦੂਕਾਂ ਲੈਕੇ ਤੁਰਦੇ ਸਨ । ਜਿੱਥੇ ਉਹ ਮੂਤਦਾ, ਉੱਥੇ ਉਹ ਵੀ ਜਰੂਰ ਮੂਤਦੇ । ਰੋਜ਼ ਗੁਰਦੁਆਰੇ ਜਾਂਦਾ ਹੈ, ਰੱਬ ਦਾ ਪੂਰਾ ਯਕੀਨ ਕਰਕੇ ਉਹ ਕੁਝ ਵੀ ਕਰਣ ਤੇ ਨਹੀ ਹੱਟਦਾ । ਉਹ ਕੰਮ ਦਾ ਨਤੀਜਾ ਨਹੀ, ਕੰਮ ਕਰਨ ਦੀ ਹਿਮਤ ਰਖਦਾ ਹੈ।
ਚੜੀ ਦੁਪਹਿਰ ਵਿੱਚ ਜਦੋਂ ਚਾਰੇ ਪਾਸੇ ਭੂਤ ਨੱਚਦੇ ਉਦੋਂ ਸਕੂਲ ਦੀ ਛੁੱਟੀ ਹੁੰਦੀ । ਹੇਤੀਆ ਆਪਣੇ ਸਾਥੀਆ ਨਾਲ਼ ਸਕੂਲੋਂ ਚੋਰੀ ਕਰਕੇ ਲਿਆਉਂਦੇ ਚਾਕਾਂ ਦੇ ਟੋਟਿਆਂ ਨਾਲ਼ ਝਰੀਟਾਂ ਮਾਰਦਾ । ਸਾਰੇ ਪਿੰਡ ਵਿੱਚ ਇਹ ਟੋਲੀ ਘੁੰਮਦੀ । ਸਰਪੰਚ ਦੇ ਘਰ ਦੀਆਂ ਕੰਧਾਂ ਤੇ ਸਾਰੇ ਵਾਰੀ-ਵਾਰੀ ਥੁੱਕਦੇ, ਨੰਗੇ ਹੋਕੇ ਚਿੱਤੜ ਘਸਾਂਉਂਦੇ ਉਲਟੇ-ਸੁਲਟੇ ਚਿੱਤਰ ਬਣਾਉਂਦੇ। ਹੇਤੀਆ ਉਨ੍ਹਾਂ ਸਭ ਦਾ ਮੋਹਰੀ ਸੀ। ਸੁਭਾਅ ਦਾ ਬਹੁਤ ਗਰਮ ਸੀ । ਉਸ ਦੇ ਹੁਕਮ ਨੂੰ ਕੋਈ ਟਾਲ਼ ਨਹੀ ਸਕਦਾ ਸੀ। ਇਹ ਮੰਡਲੀ ਚੂਹਿਆਂ ਦੀਆਂ ਖੁੱਡਾਂ ‘ਚ ਪਿਸ਼ਾਬ ਕਰਦੀ, ਜਦੋਂ ਚੂਹੇ ਬਾਹਰ ਨਿਕਲ਼ ਆਉਂਦੇ ਤਾਂ ਉਨ੍ਹਾਂ ਨੂੰ ਮਾਰ ਦਿੰਦੀ ਜਾਂ ਫਿਰ ਕਿਤੇ ਗਧਾ ਫੜ੍ਹ ਕੇ ਉਸਦੀ ਜੀਪ ਬਣਾ ਕੇ ਸਾਰੇ ਪਿੰਡ ਦੀ ਗੇੜੀ ਲਾਉਂਦੇ । ਕਈ ਵਾਰੀ ਨਹਿਰੋਂ ਪਾਰ ਬਰਾਨੀ ਖੇਤਾਂ ਵਿੱਚ ਬੇਰ ਖਾਣ ਤੁਰ ਪੈਂਦੇ । ਆਥਣ ਵੇਲੇ ਜਦੋਂ ਘਰ ਮੁੜਦੇ ਤਾਂ ਮਾਰ ਪੈਂਦੀ ਪਰ ਪਰਵਾਹ ਕਿਸ ਨੂੰ ਸੀ।ਸਾਲ 'ਚ ਇੱਕ ਵਾਰੀ ਸਰਪੰਚ ਦੇ ਘਰ ਸਾਰੇ ਪਿੰਡ ਦੀ ਰੋਟੀ ਹੁੰਦੀ ਇਹ ਦਿਨ ਬੂਟਾ ਸਿੰਘ ਲਈ ਖਾਸ ਸੀ। ਇਸ ਦਿਨ ਉਹ ਪਹਿਲੀ ਵਾਰੀ ਸਰਪੰਚ ਬਣਿਆ ਸੀ । ਖੁਸ਼ੀ ਦਾ ਇਹ ਸਿਲਸਿਲਾ ਇੱਕ ਵਾਰੀ ਸ਼ੁਰੂ ਕੀ ਹੋਇਆ ਪਿੰਡ ਵਾਲਿਆ ਦੇ ਹੱਡਾਂ ਵਿੱਚ ਰਚ-ਵੱਸ ਗਿਆ । ਹੁਣ ਬੰਦ ਹੋਵੇ ਵੀ ਤਾਂ ਕਿਵੇਂ।ਹੇਤੀਆ ਆਪਣੇ ਸਾਥੀਆਂ ਨਾਲ ਸਰਪੰਚ ਦੇ ਘਰ ਸਭ ਤੋਂ ਪਹਿਲਾਂ ਪਹੁੰਚਦਾ, ਢਿੱਡ ਭਰ ਦੇ ਖਾਂਦਾ ਅਤੇ ਮੂੰਹ ‘ਚ ਹੋ ਆਂਇਆ ਬਕਦਾ ਰਹਿੰਦਾ । ਉਹ ਬੜੀ ਬੇਸ਼ਰਮੀ ਨਾਲ ਕਹਿੰਦਾ - ''ਸਾਲਿਉ ! ਢਿੱਡ ਭਰ ਕੇ ਖਾ ਲਉ, ਇਸ ਸਰਪੰਚ ਨੂੰ ਰਗੜ ਦਿਉ, ਆਪਣੇ ਗਲੇ ਤਰ ਕਰ ਲਉ ਨਹੀ ਤਾਂ ਰਾਬੜੀ ਖਾਣ ਜੋਗੇ ਹੀ ਰਹਿ ਜਾਉਗੇ।'' ਜਦੋਂ ਕੋਈ ਕੁੱਤਾ ਜੀਪ ਦੇ ਟਾਇਰਾਂ ਤੇ ਮੂਤਦਾ ਤਾਂ ਉਸ ਨੂੰ ਬਹੁਤ ਸਵਾਦ ਆਂਉਦਾ । ਉਹ ਘਰੋਂ ਤੇਲ ਨਾਲ਼ ਚੋਪੜੀ ਰੋਟੀ ਲਿਆ ਕੇ ਉਸ ਕੁੱਤੇ ਨੂੰ ਪਾਉਂਦਾ ।
ਫੱਤੂ ਚਮਿਆਰ ਦੀ ਕੁੜੀ ਪ੍ਰਭੂੜੀ ਹੇਤੀਏ ਨਾਲ ਬੜਾ ਪ੍ਰੇਮ ਰਖਦੀ ਸੀ। ਦੋਵੇਂ ਇੱਕੋ ਸਕੂਲ ਵਿੱਚ ਪੜ੍ਹਦੇ ਸਨ । ਉਹ ਹੇਤੀਏ ਨੂੰ ਬੜਾ ਸਮਝਾਉਂਦੀ ਨਹਿਰੋਂ ਪਾਰ ਖੇਤਾਂ ਵਿੱਚ ਜਾਣ ਤੋ, ਗੱਧੇ ਫਿਰਾਉਣ ਤੇ ਅਤੇ ਹੋਰ ਅਜਿਹੇ ਹੀ ਬਾਕੀ ਕੰਮ ਕਰਣ ਤੋਂ ਰੋਕਦੀ । ਹੇਤੀਏ ਨੂੰ ਉਸਦੀ ਇਹ ਸਲਾਹ ਚੰਗੀ ਨਹੀ ਸੀ ਲਗਦੀ, ਪਰ ਪ੍ਰਭੜੀ ਨੂੰ ਉਹ ਦਿਲੋਂ ਬਹੁਤ ਚਾਹੁੰਦਾ ਸੀ। ਦਾਦੀ ਬਾਜਰੇ ਦਾ ਛਿੱਟਾ ਮਸਲਕੇ ਦਾਣੇ ਕੱਢਦੀ , ਫੇਰ ਥੋੜਾ ਜਿਹਾ ਗੁੜ ਰਲਾ ਕੇ ਹੇਤੀਏ ਨੂੰ ਖਾਣ ਲਈ ਦਿੰਦੀ, ਹੇਤੀਆ ਇਹ ਦਾਣੇ ਪ੍ਰਭੁੜੀ ਨੂੰ ਦਿੰਦਾ। ਦੋਵੇਂ ਰਲ਼ ਕੇ ਖਾਂਦੇ, ਮਾਰਧੜੀ ਖੇਲਦੇ ਹੋਏ ਉਹ ਸਭ ਮੁੰਡਿਆ ਨੂੰ ਕਹਿੰਦਾ -''ਜੇ ਪ੍ਰਭੁੜੀ ਦੇ ਕਿਸੇ ਨੇ ਗੇਂਦ ਮਾਰੀ ਤਾਂ ਸਾਲਿਆਂ ਨੂੰ ਚੱਕ-ਚੱਕ ਕੇ ਮਾਰੂੰਗਾ ।''
ਸਮੇਂ ਦੇ ਨਾਲ਼ ਇਹ ਬਾਲਪਣੇ ਦੀ ਦੋਸਤੀ ਬਦਨਾਮੀ ਲੈ ਕੇ ਆਈ ਪਰ ਹੇਤੀਆ ਕਿਸੇ ਤੇ ਨਹੀਂ ਡਰਿਆ । ਉਹ ਕਿਸੇ ਦੇ ਵੀ ਅੱਗੇ ਨਹੀ ਝੁੱਕਦਾ । ਉਹ ਨਵੀਆਂ ਪੰਜੇਬਾਂ ਦੇ ਛਨਕਣ ਦਾ ਦਰਦ ਜਾਣਦਾ ਹੈ । ਇਹ ਦਰਦ ਉਸ ਦਾ ਸਕਾ ਹੈ । ਜਦ ਤੱਕ ਉਹਦੀ ਮਾਂ ਜ਼ਿੰਦਾ ਸੀ ਉਹ ਵੀ ਜੀ ਰਿਹਾ ਸੀ ।ਮਾਂ ਦੀ ਮੌਤ ਨੇ ਉਸ ਨੂੰ ਸਿਆਣਾ ਕਰ ਦਿਤਾ। ਜਦੋਂ ਉਸ ਦਾ ਪਿਉ ਮਾਂ ਨੂੰ ਤੂਤ ਦੀ ਗਿੱਲੀ ਛਟੀ ਨਾਲ ਮਾਰਦਾ ਤਾਂ ਉਹ ਉਸ ਦੇ ਹੱਥ ਤੇ ਦੰਦੀ ਵੱਢ ਦਿੰਦਾ , ਇਸ ਲੜਾਈ ਵਿੱਚ ਦੋ-ਚਾਰ ਥੱਪੜ ਉਸ ਨੂੰ ਵੀ ਪੈ ਜਾਂਦੇ । ਮਾਂ ਦੇ ਪਿੰਡੇ ਤੇ ਪਏ ਨੀਲੇ ਨਿਸ਼ਾਨਾਂ ਨੂੰ ਹੇਤੀਆ ਵੇਖਦਾ, ਉਨ੍ਹਾਂ ਤੇ ਹਲ਼ਦੀ-ਤੇਲ ਦੀ ਮਾਲਿਸ਼ ਕਰਦਾ ‘ਤੇ ਰੋਂਦਾ। ਮਾਂ ਉਸਦੇ ਪਿਉ ਨਾਲ਼ ਕਈ ਦਿਨਾਂ ਤੱਕ ਨਾ ਬੋਲਦੀ, ਜਦੋਂ ਨਿਸ਼ਾਨ ਮਿਟ ਜਾਂਦੇ ਤਾਂ ਫੇਰ ਬੋਲਣਾ ਸ਼ੁਰੂ। ਅੱਜ ਮਾਂ ਨਹੀ ਹੈ ਤਾਂ ਇਹ ਘਰ, ਪਰਿਵਾਰ, ਪਿੰਡ, ਸਰਪੰਚ ਉਸਦੇ ਦੀ ਲਗਦੇ ਹਨ। ਉਹ ਤਾਂ ਕਮਾਨ ਤੋ ਛੁਟਿਆ ਹੋਇਆ ਤੀਰ ਹੈ, ਉਸਦੀ ਹੱਦ, ਕੋਈ ਟਿਕਾਣਾ ਨਹੀ । ਜਦੋਂ ਤਕ ਸਾਂਹਾ ਦੀ ਲੜੀ ਨਹੀ ਟੁੱਟਦੀ ਉਹ ਇਸ ਰੇਤ ਤੇ ਤੁਰਦਾ ਰਹੇਗਾ। ਉਸ ਲਈ ਨਾ ਕੋਈ ਧਰਮ ਵੱਡਾ ਹੈ ਨਾ ਕੁਝ ਹੋਰ। ਵਿਹੜੇ ਦੀ ਉਹ ਪੰਜ ਫੁੱਟ ਥਾਂ ਉਸਦੀ ਆਤਮਾ ਨੂੰ ਸਮਰਪਿਤ ਹੈ, ਜਿੱਥੇ ਉਸ ਦੀ ਮਾਂ ਨੂੰ ਪਾਇਆ ਗਿਆ ਸੀ। ਇਸ ਹਨੇਰੀ ਰਾਤ ਤੋਂ ਡਰ ਕੇ ਉਹ ਰਜ਼ਾਈ ਵਿੱਚ ਲੁਕ ਜਾਂਦਾ ਅਤੇ ਉਸ ਦੀ ਚੀਕ ਨਿਕਲ ਜਾਂਦੀ ।ਕਈ ਸਾਲ ਬੀਤੇ, ਇਨਾਂ ਸਾਲਾਂ ਵਿੱਚ ਸਿਵਿਆਂ ਵਿੱਚ ਕਈ ਚਿਤਾਂਵਾਂ ਬਲੀਆਂ।
Next...