<< Back

ਪੜਚੋਲ

ਸਿੱਧੂ ਵੰਸ਼



ਸਿੱਧੂ ਵੰਸ਼/ਬਖਤੌਰ ਸਿੰਘ ਸਿੱਧੂ/ਚੰਦਰਾਵਤੀ ਪ੍ਰਕਾਸ਼ਨ/ਪੰਨੇ172/ਮੁੱਲ 200 ਰੁਪਏ


ਜਿਵੇਂ ਕਿ ਨਾਂ ਤੋਂ ਹੀ ਜ਼ਾਹਿਰ ਹੈ ‘ਸਿੱਧੂ ਵੰਸ਼’ ਸਿਰਫ਼ ਸਿੱਧੂ-ਬਰਾੜਾਂ ਦੇ ਇਤਿਹਾਸ ਨਾਲ਼ ਹੀ ਸੰਬੰਧਤ ਕਿਤਾਬ ਹੈ,ਜਿਸ ਵਿੱਚ ਪੰਜਾਬ ਦੇ ਭੱਟੀ ਰਾਜਪੂਤ ਰਾਜਿਆਂ ਦੇ ਸ਼ਾਨਦਾਰ ਕਾਰਨਾਮਿਆਂ,ਦੁਸ਼ਵਾਰੀਆਂ,ਇਲਾਕਾਈ ਕਬਜ਼ਿਆਂ ,ਖੋਹਾਂ,ਵੰਡਾਂ,ਰਾਜਨੀਤਕ ਤੇ ਸਮਾਜਿਕ ਉਥਲਾਂ-ਪੁਥਲਾਂ ਦਾ ਵਰਨਣ ਹੈ।ਪੂਰਬੀ ਪੰਜਾਬ ਦਾ ਸਭ ਤੋਂ ਵੱਡਾ (ਗਿਣਤੀ ਤੇ ਕਾਰਨਾਮਿਆਂ)’ਚ ਗੋਤ ਸਿੱਧੂ/ਬਰਾੜ ਹੈ, ਉਸਦੇ ਵਿਰਸੇ ਅਤੇ ਪੁਰਾਤਨਤਾ ‘ਚ ਮਿਲਦੀਆਂ ਜੜ੍ਹਾਂ ਬਾਰੇ ਕਿੰਚਿਤ ਜਾਣਕਾਰੀ ਹੀ ਹੈ।ਲੇਖਕ ਨੇ ਸਿੱਧੂ-ਬਰਾੜਾਂ ਦੇ ਭਾਟੀ ਰਾਜਪੂਤ ਜੈਸਲਮੇਰੀ ਖਾਨਦਾਨ ਦੇ ਕੁਰਸੀਨਾਮੇ ਨੂੰ ਮਿਥਿਹਾਸਕ,ਇਤਿਹਾਸਕ ਹਵਾਲਿਆਂ ‘ਚ ਗੁੰਦ ਕੇ ਸ੍ਰੀ ਕ੍ਰਿਸ਼ਨ ਦੇ ਯਦੂ ਵੰਸ਼ ਨਾਲ਼ ਜੋੜਦਿਆਂ ਸਿੱਧੂ ਵੰਸ਼ ਨੂੰ ਵੀ ਚੰਦਰਵੰਸ਼ੀ ਹੀ ਸਿੱਧ ਕਰਨ ਦਾ ਹੀਲਾ ਕੀਤਾ ਹੈ।
ਇਸ ਕਿਤਾਬ ਦੇ ਵੀਹ ਅਧਿਆਏ ਹਨ।ਯਦੂ ਵੰਸ਼ ਤੋਂ ਬਾਦ ਭਾਟੀ ਵੰਸ਼(279 ਈਸਵੀ)ਤੋਂ ਮਹਾਰਾਵਲ ਜੈਸਲ(ਜੈਸਲਮੇਰ) ਤੱਕ ਨੂੰ 120ਵੀਂ ਜਾਂ 186ਵੀਂ ਇਹ ਇਤਿਹਾਸ ਅੱਗੋਂ ਰਾਵਲ ਹਮੀਰ ਜੀ ਤੋਂ ਮਹਾਰਾਜ ਬਰਾੜ ਦੇ ਬਰਾੜ ਵੰਸ਼ ਦੀ ਉਤਪਤੀ ਦੱਸਦਾ ਹੈ।ਇਹ ਬੇਹੱਦ ਦਿਲਚਸਪ ਤੇ ਮਿਹਨਤ ਵਾਲੀ ਰਚਨਾ ਹੈ ਪਰ ਇਡੇ ਵੱਡੇ ਇਤਿਹਾਸਕ ਵਰਨਣ ਵਿੱਚ ਬਹੁਤ ਖੱਪੇ,ਢਿੱਲਾਂ ,ਉਕਾਈਆਂ ਤੇ ਵੇਰਵਿਆਂ ਦੀਆਂ ਅਪ੍ਰਸੰਗਕਤਾਵਾਂ ਜਾਂ ਗ਼ਲਤ ਬਿਆਨੀਆਂ ਵੀ ਹੋ ਜਾਣੀਆਂ ਕੁਦਰਤੀ ਹਨ।ਬੇਤਰਤੀਬੀਆਂ ,ਛਪਾਈ ਤੇ ਲਫ਼ਜ਼ਾਂ ਦੀਆਂ ਗ਼ਲਤੀਆਂ ਬਹੁਤ ਰਹਿ ਗਈਆਂ ਹਨ।ਖਾਨਦਾਨੀ ਸ਼ਜ਼ਰਾ-ਏ-ਨਸਬਾਂ ਨੂੰ ਕਾਗ਼ਜ਼ ਦੀ ਹਿੱਕ ਤੇ ਸਜਾਉਣ ਦੀ ਵਿਉਂਤਬੰਦੀ ਮੂਲੋਂ ਹੀ ਸਾਦੀ ਤੇ ਗ਼ੈਰ-ਵਿਗਿਆਨਕ ਹੈ ਜਿਸ ਤੋਂ ਪਤਾ ਨਹੀਂ ਲਗਦਾ ਕਿ ਕਿਹੜੇ ਖਾਨਦਾਨ ਦੇ ਕਿੰਨਵੇਂ ਵਾਰਿਸ ਜਾਂ ਕਿਹੜੀ/ਕਿੰਨਵੀਂ ਪੀੜ੍ਹੀ, ਕਿਹੜੇ ਰਾਜੇ ਜਾਂ ਮੂੰਹੀਂ ‘ਚੋਂ ਹਨ।ਲੇਖਕ ਨੇ ਆਪਣੇ ਨਿਜੀ ਪਰਿਵਾਰਕ ਖਾਨਦਾਨ ਜਾਂ ਆਪਣੇ ਹੀ ਜੱਦੀ ਪਿੰਡਾਂ ਨੂੰ ਜ਼ਿਆਦਾ ਉਭਾਰਨ ਦਾ ਜਤਨ ਕੀਤਾ ਹੈ ਜਾਂ ਫਿਰ ਫਰੀਦਕੋਟ ਰਿਆਸਤ ਦਾ ਹੀ ਵੇਰਵਾ ਦਿੱਤਾ ਹੈ।ਲੇਖਕ ਨੇ ਗੱਲ ਸਿਰਫ਼ ਚਲਾਈ ਹੈ ਨਾਂ ਵਧਾਈ ਹੈ ਨਾਂ ਮੁਕਾਈ ਹੈ।
ਲੇਖਕ ਬਜ਼ਾਤੇ-ਖੁਦ ਆਪਣੇ ਵੱਲੋਂ ਲੱਖ ਸਪੱਸ਼ਟੀਕਰਣ ਦੇ ਚੁੱਕਾ ਹੋਵੇ ਪਰ ਇਤਿਹਾਸਕਾਰੀ ਕਰਨਾਂ ਜਾਂ ਵਸੀਂਹ ਪੈਮਾਨੇ ਤੇ ਫੈਲੇ ਤੇ ਬਾਬਾ ਬੋਹੜ ਬਣ ਚੁੱਕੇ ਖਾਨਦਾਨਾਂ ਦੀ ਗੱਲ ਨੂੰ ਇੱਕ ਕਿਤਾਬ ‘ਚ ਸਮੇਟਣਾ ਔਖੇਰਾ ਜਤਨ ਹੈ।ਇਸ ਕਾਰਜ ਨੂੰ ਇੱਕ ਤੋਂ ਵੱਧ ਮਾਹਿਰਾਂ ,ਵਿਦਵਾਨਾਂ ਤੇ ਕਲਮਕਾਰਾਂ ਵੱਲੋਂ ਉਪਲਬਧ ਸ੍ਰੋਤਾਂ ਨੂੰ ਹੰਘਾਲ ਕੇ ਤੇ ਨਿਖਾਰ ਕੇ ਪਾਠਕਾਂ ਨੂੰ ਪਰੋਸਣਾ ਬਣਦਾ ਸੀ।ਫਿਰ ਵੀ ਲੇਖਕ ਇਸ ਬੇ-ਸਿੱਟਾ ਪਰ ਅਦੁੱਤਿ ਕਾਰਜ ਲਈ ਵਧਾਈ ਦਾ ਪਾਤਰ ਹੈ।


Top