ਸ਼ਬਦ-ਚਿੱਤਰ

 

ਦਰਸ਼ਨ ਦਰਵੇਸ਼


ਗੋਲ਼ ਐਨਕ ਵਾਲ਼ਾ ਮਿਰਜ਼ਾ



ਅਮਰਦੀਪ ਗਿੱਲ


ਨਾਂ ਤਾਂ ਉਸਦੀ ਬੱਕੀ ਤੋਂ ਫਰਿਸ਼ਤੇ ਡਰਦੇ ਨੇ
ਅਤੇ
ਨਾਂ ਹੀ ਡਰਦਾ ਹੈ
ਉਸ ਤੋਂ ਉਸਦਾ ਖੁਦਾ
ਇਹ ਗੱਲ ਹੋਰ ਐ ਮਿੱਤਰੋ
ਜਦ ਵੀ ਉਸਦੇ ਸਾਹ ਚੀਕਦੇ ਨੇ
ਤਾਂ ਉਹ ਆਪਣੀਂ ਹਮਸਫਰ ਪ੍ਰੇਰਨਾ ਨੂੰ
ਬਾਹਾਂ 'ਚ ਘੁੱਟ ਸਿਸਕਦਾ ਹੈ
ਉਦੋਂ ਤਾਂ ਸੱਚ ਜਾਣਿਉ
ਖੁਦਾ ਦੀ ਝੋਲੀ ਉਸਦਾ ਨਸੀਬ ਹੁੰਦੀ ਹੈ
‘ਤੇ ਉਸਦੀ ਬੱਕੀ
"ਦਰਦ ਕਹਿਣ ਦਰਵੇਸ਼" ਪਲੇਅ ਕਰ ਰਹੀ ਹੁੰਦੀ ਹੈ.. ..



ਰੁਕਣਾ ਕਿਤੇ ਵੀ ਰੁਕਣਾ
ਉਸਨੂੰ ਗਾਲ੍ਹ ਦੇਣ ਬਰਾਬਰ ਹੈ
ਅਤੇ ਦੌੜਨਾਂ
ਸੱਥ 'ਚ ਮਾਰੀ ਨੰਗੀ ਬੁਲਬੁਲੀ ਜਿਹੀ ਗ਼ਲਤੀ

ਉਹ ਤੁਰਦਾ ਹੈ ਤਾਂ ਯਕੀਨ ਕਰਕੇ
ਪੰਛੀਆਂ ਦੀ ਪਰਵਾਜ਼ ਜਿਹਾ
ਜਿਸ ਵਿੱਚ ਪੂਰਾ ਕਾਫਿਲਾ ਹੁੰਦਾ ਹੈ ਉਸ ਨਾਲ..
ਕਦੀ ਕਦੀ ਉਹ ਮੈਨੂੰ
ਦੀਵਾ ਲੈਕੇ ਭਾਲਿਆ ਹੋਇਆ ਇਤਿਹਾਸ ਜਾਪਦੈ
ਜਿਸਦੇ ਸਫਿਆਂ ਉੱਪਰ ਦਫਨ ਹੋਈਆਂ ਨੇ
ਉਸ ਛਿੰਦੀ ਦੀਆਂ ਆਹਾਂ
ਜਿਹਨਾਂ ਨੂੰ ਜ਼ਮਾਨਾ ਤਰੰਨੁਮ ਆਖਦਾ ਰਿਹਾ
ਤੇ ਉਹ
ਉਸ ਰਿਸ਼ਤੇ ਦੀ ਰਾਖ 'ਚੋਂ
ਨਿਸ਼ਾਨੀਆਂ ਦੀ ਵੰਝਲੀ ਲੱਭਦਾ ਰਿਹਾ।



ਇਤਿਹਾਸ ਹੀ ਤਾਂ ਹੈ ਉਹ
ਲੋਕਾਂ ਦੀ ਚੀਸ ਦੇ ਜ਼ਖਮ
ਉਸਨੇ ਆਪਣੀ ਜ਼ਮੀਨ ਉੱਤੇ ਉਗਾ ਲਏ ਨੇ..
ਕਿੰਨੀਆਂ ਹੀ ਫਿਲਮਾਂ,ਨਾਟਕਾਂ ਦੇ ਸੈਂਕੜੇ ਪਾਤਰ
ਚਾਘੀ ਲਾ-ਲਾ ਉਸਦਾ ਖੂਨ ਪੀਂਦੇ ਨੇ
ਕੰਬਣੀਂ ਦੀ ਸੀਮਾਂ ਤੱਕ ਭਿੱਜਣਾਂ
.. .. ਤੇ ਮੇਰੇ ਨਾਲ ਲਿਪਟ ਜਾਣਾਂ
ਹੈ ਨਾਂ
ਮਾਸੂਮ ਉਮਰ ਦਾ ਉਪਨਾਮ ਲੱਭਣ ਵਰਗੀ ਕੋਈ ਗੱਲ.. ..



ਸ਼ਾਇਰੀ
ਉਸਦੇ ਲਹੂ 'ਚ ਭਟਕਦੀ ਤਲਾਸ਼ ਦਾ ਨਾਂਅ.. ..
ਤੇ ਤਲਾਸ਼
ਆਪਣੀਂ ਮਿੱਟੀ ਦੀ ਕਹਾਣੀ ਦੇ ਅੰਤ ਦਾ ਨਾਂਅ
ਕਦੀ ਨੇੜ ਨੂੰ ਹੋਕੇ ਤੱਕਿਓ, ਵੇਖਿਓ
ਉਹ ਜਾਪੇਗਾ
ਡਾਇਰੀ ਉੱਪਰ ਲਿਖੇ ਵਿਯੋਗੀ ਸ਼ਿਅਰ ਜਿਹਾ



ਰਾਤ ਨੂੰ ਤੁਰਦੇ ਮਾਰੂਥਲ ਜਿਹਾ
ਸਿੱਲ੍ਹੀ ਪੌਣ ਦੇ ਉਹਲੇ ਜਿਹਾ
ਨਜ਼ਮ ਦੇ ਦੂਧੀਆ ਚਾਨਣ ਜਿਹਾ
ਹੁਣ ਤੁਹਾਨੂੰ ਆਪਣੇਂ ਆਪ ਨਜ਼ਰ ਆ ਜਾਵੇਗਾ
ਮਿਰਜ਼ਾ ਤੀਰਾਂ ਨਾਲ ਹੀ ਨਹੀਂ
ਕਲਮਾਂ ਨਾਲ਼
ਹੋਰ ਵੀ ਡਟਕੇ ਲੜਦਾ ਹੈ.. …
ਤੇ ਸਾਹਿਬਾ ਕਿਤਾਬਾਂ ਨਾਲ਼ ਹੀ ਨਹੀਂ
ਮੁਸ਼ਾਇਰਿਆਂ ਨਾਲ ਵੀ ਵਿਆਹੀ ਜਾ ਸਕਦੀ ਹੈ.. .. ..

Top