ਸੰਪਾਦਕੀ




ਗੁਰਮੀਤ ਬਰਾੜ

  

ਕਵਿਤਾ ਦਾ ਅੰਤਮ ਉਦੇਸ਼

                  

ਕਵਿਤਾ ਮਨੁੱਖ ਨੂੰ ਉਸਦੇ ਸੌੜੇ ਸਵਾਰਥੀ ਵਲ਼ਗਣ ‘ਚੋਂ ਬਾਹਰ ਕੱਢ ਕੇ ਪਰਮਾਰਥ ਦੀ ਵਿਸ਼ਾਲ ਭੋਂਇਂ ਤੇ ਲੈ ਜਾਂਦੀ ਹੈ,ਜਿੱਥੇ ਦੁਨੀਆ ਦੀਆਂ ਮਾਰਮਿਕ ਘਟਨਾਵਾਂ ਨਾਲ਼ ਟਾਕਰੇ ਤੇ ਖਾਲਿਸ ਅਨੁਭੂਤੀਆਂ ਦਾ ਅਹਿਸਾਸ ਹੁੰਦਾ ਹੈ।ਇਸ ਭੋਂਇਂ ਤੇ ਅੱਪੜੇ ਮਨੁੱਖ ਨੂੰ ਕੁੱਝ ਸਮੇ ਲਈ ਆਪਣਾ ਆਪ ਗੁਆਚਿਆ ਮਹਿਸੂਸਦਾ ਹੈ।ਇਹਨਾਂ ਭਾਵਾਂ ਨਾਲ਼ ਹੀ ਉਹ ਆਪਣੇ ਆਪ ਨੂੰ ਦੁਨੀਆ ਨਾਲ਼ ਜੁੜਿਆ ਸਮਝਦਾ ਹੈ।ਕਵਿਤਾ ਹੀ ਮਨੁੱਖ ਦੇ ਅੰਤਸ ਤੇ ਪ੍ਰਭਾਵ ਪਾਉਣ ਵਾਲੀਆਂ ਭਾਵਨਾਵਾਂ ਨੂੰ ਸਾਹਮਣੇ ਲਿਆ ਕੇ ਬਾਹਰੀ ਪ੍ਰਕਿਰਤੀ ਨੂੰ ਅੰਦਰੂਨ ਨਾਲ਼ ਸਮੰਜਨ ਪੈਦਾ ਕਰਦੀ ਹੈ ਤੇ ਮਨੁੱਖੀ ਹਿਰਦੇ ਦੀ ਭਾਵਨਾਤਮਕ ਸੱਤਾ ਵਿਸਾਥਾਰ ਤੇ ਵਿਚਰਦੀ ਹੈ।ਇਸ ਤਰਾਂ ਕਵੀ ਦੀ ਅਨੁਭੂਤੀ ਸਭ ਦੀ ਅਨੁਭੂਤੀ ਹੋ ਸਕਦੀ ਹੈ।ਕਵੀ ਆਪਣੀ ਕਵਿਤਾ ਦੇ ਮਾਧਿਅਮ ਨਾਲ਼ ਮਨੁੱਖੀ ਹਿਰਦੇ ਦੇ ਮਾਰਮਿਕ ਪੱਖਾਂ ਨੂੰ ਉਜਾਗਰ ਕਰਦਾ ਹੈ।ਕਵੀ ਦੀ ਕਵਿਤਾ ਇਸ ਦੇ ਸਮਰੱਥ ਹੈ ਕਿ ਉਹ ਅੰਤਸ ਦੀ ਚੀਕਾਂ,ਦੁਵਿਧਾਵਾਂ,ਅਹਿਸਾਸਾਤ ਤੇ ਸ਼ੰਕਿਆਂ ਨੂੰ ਉਜਾਗਰ ਕਰ ਸਕੇ।ਕਵਿਤਾ ਅੰਤਸ ਨੂੰ ਪ੍ਰਤੀਧੁਨਿਤ ਕਰਦੀ ਹੈ।ਕਵਿਤਾ ਦਾ ਉਦੇਸ਼ ਨਿੱਜਤਾ ਤੋਂ ਸਮੱਗਰਤਾ ਵੱਲ ਲੈ ਜਾਣਾ ਹੈ।ਕਵਿਤਾ ਨਿੱਜੀ ਹੱਦਾਂ ਟੱਪ ਕੇ ਸਮੁੱਚੀ ਮਨੁੱਖੀ ਚੇਤਨਾ ਨਾਲ਼ ਜੁੜਨ ਵੱਲ ਰੁਚਿਤ ਹੁੰਦੀ ਹੈ।ਪਰ ਅਜੋਕੇ ਸਮੇਂ ‘ਚ ਇਹ ਸਹਿਜਤਾ ਕਵਿਤਾ ‘ਚੋਂ ਗੁਆਚਦੀ ਨਜ਼ਰ ਆਉਂਦੀ ਹੈ।ਕਵਿਤਾ ਦਾ ਉਦੇਸ਼ ਵੀ ਭਰਮ ‘ਚ ਪਿਆ ਲਗਦਾ ਹੈ।

ਇਹ ਕਿਹਾ ਜਾਂਦਾ ਹੈ ਕਿ ਕਵਿਤਾ ਦਾ ਉਦੇਸ਼ ਮਨੋਰੰਜਨ ਹੈ ਪਰ ਕਵਿਤਾ ਦਾ ਅੰਤਮ ਉਦੇਸ਼ ਦੁਨੀਆ ਦੇ ਮਾਰਮਿਕ ਪੱਖਾਂ ਨੂੰ ਉਘਾੜਕੇ ਉਸ ਦਾ ਮਨੁੱਖੀ ਹਿਰਦੇ ਨਾਲ਼ ਸਮੰਜਨ ਪੈਦਾ ਕਰਨਾ ਹੈ।ਕਵਿਤਾ ‘ਚ ਮਨੋਰੰਜਨ ਇੱਕ ਤੱਤ ਹੈ ਜੋ ਕਵਿਤਾ ਦਾ ਪ੍ਰਭਾਵ ਜਮਾਉਣ ਵਾਸਤੇ ਮਨੁੱਖੀ ਚਿੱਤ ਨੂੰ ਉਸ ਵਿਚ ਸਥਿਰ ਕਰੀ ਰਖਦਾ ਹੈ।ਅੱਜ ਦੀਆਂ ਜ਼ਿਆਦਾਤਰ ਰਚਨਾਵਾਂ ‘ਚ ਮਨੋਰੰਜਨ ਨੂੰ ਹੀ ਕਾਵਿ ਦਾ ਸਾਧਨ ਮੰਨ ਲਿਆ ਗਿਆ ਹੈ।ਜਿਵੇਂ ਕਿ ਅਚਾਰੀਆ ਰਾਮਚੰਦਰ ਸ਼ੁਕਲ ਨੇ ਆਪਣੇ ਲੇਖ “ਕਵਿਤਾ ਕਿਆ ਹੈ?” ਵਿੱਚ ਲਿਖਿਆ ਹੈ ਕਿ “ਜੇ ਕਵਿਤਾ ਦਾ ਅੰਤਮ ਉਦੇਸ਼ ਮਨੋਰੰਜਨ ਮੰਨ ਲਿਆ ਜਾਵੇ ਤਾਂ ਕਵਿਤਾ ਵਿਲਾਸ ਦੀ ਇੱਕ ਸਮੱਗਰੀ ਬਣ ਜਾਂਦੀ ਹੈ।ਪਰ ਕੋਈ ਇਹ ਕਹਿ ਸਕਦਾ ਕਿ ਵਾਲਮੀਕਿ ਵਰਗੇ ਰਿਸ਼ੀ ਤੇ ਤੁਲਸੀ ਵਰਗੇ ਭਗਤ ਨੇ ਸਿਰਫ਼ ਐਨਾ ਹੀ ਸਮਝ ਕੇ ਮਿਹਨਤ ਕੀਤੀ ਕਿ ਲੋਕਾਂ ਨੂੰ ਸਮਾਂ ਗੁਜ਼ਾਰਨ ਦਾ ਸਹਾਰਾ ਮਿਲ਼ ਜਾਵੇਗਾ?ਕੀ ਇਸ ਤੋਂ ਗੰਭੀਰ ਉਹਨਾਂ ਦਾ ਕੋਈ ਉਦੇਸ਼ ਨਹੀ ਸੀ?”ਅੱਜ ਦੀ ਕਵਿਤਾ ‘ਚ ਗੰਭੀਰ ਉਦੇਸ਼ ਗੁਅਚ ਗਿਆ ਹੈ।

ਕੁੱਝ ਕੁ ਕਵਿਤਾਵਾਂ ਹੀ ਅਜਿਹੀਆਂ ਮਿਲਦੀਆਂ ਹਨ ਜਿਹੜੀਆਂ ਚਿੱਤ ਨੂੰ ਸਥਿਰ ਕਰਕੇ ਕਿਸੇ ਗੰਭੀਰ ਉਦੇਸ਼ ਤੱਕ ਲੈ ਜਾਣ। ਦੂਜੀ ਗੱਲ ਜਿਹੜੀ ਬੜੀ ਦੁੱਖਦਾਇਕ ਹੈ, ਉਹ ਇਹ ਹੈ ਕਿ ਹਰ ਕੋਈ ਕਵੀ ਬਣਿਆ ਬੈਠਾ ਹੈ।ਕਈ ਵਾਰ ਤਾਂ ਅਜਿਹਾ ਕਾਵਿ ਪੜ੍ਹਨ ਨੂੰ ਮਿਲ਼ ਜਾਂਦਾ ਹੈ ਜੀਹਦੇ ‘ਚ ਸ਼ਬਦਾਂ ਦੀ ਸੁਚੇਤ ਤੋੜ-ਭੰਨ ਕਰਕੇ ਉਕਤੀ ਕਥਨ ਦੀ ਵਚਿੱਤ੍ਰਤਾ ਪੈਦਾ ਕਰਨ ਦੀ ਨਿਸਫ਼ਲ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕੋਸ਼ਿਸ਼ ‘ਚ ਚਮਤਕਾਰ ਪੈਦਾ ਕਰਨ ਲਈ ਸ਼ਬਦਾਂ ਦਾ ਘੜਮੱਸ ਮਾਰ ਲਿਆ ਜਾਂਦਾ ਹੈ।ਇਸ ਦੇ ਉਲਟ ਕਈ ਵਾਰ ਕੁੱਝ ਕੁ ਸ਼ਬਦ ਹੀ ਬਹੁਤ ਕੁੱਝ ਕਹਿ ਜਾਂਦੇ ਹਨ।ਕਵਿਤਾ ਨਿਰਸੰਦੇਹ ‘ਨਿੱਜ ਤੋਂ ਪਰ’ ਤੱਕ ਜਾਣ ਦਾ ਰਾਹ ਮੋਕਲਾ ਕਰਦੀ ਹੈ ਪਰ ਵਰਤਮਾਨ ਦੀ ਜ਼ਿਆਦਾਤਰ ਕਵਿਤਾ ਅਤਿ-ਨਿੱਜਤਾ ਨਾਲ ਲਿੱਪੀ ਹੋਣ ਕਰਕੇ ਕਾਵਿਕਤਾ ਦਾ ਮੁਹਾਂਦਰਾ ਵਿਗਾੜ ਰਹੀ ਹੈ।ਕਵੀ ਨਿੱਜਤਾ ਦੇ ਆਪ ਸਹੇੜੇ ਵਲੇਵਿਆਂ ‘ਚ ਵਲਿਆ ਹੋਣ ਕਰਕੇ ਆਪਣੀ ਅਨੁਭੂਤੀ ਨੂੰ ਸਭ ਦੀ ਅਨੁਭੂਤੀ ਨਹੀਂ ਬਣਾ ਸਕਦਾ।ਕਵਿਤਾ ਦੇ ਇਸ ਵਿਗੜ ਰਹੇ ਮੂੰਹ-ਮੱਥੇ ਨੂੰ ਗੰਭੀਰਤਾ ਤੇ ਸਹਿਜਤਾ ਨਾਲ਼ ਰਫ਼ਤਾਰ ਦੇਣੀ ਲੋੜੀਂਦੀ ਹੈ ਤਾਂ ਕਿ ਕਵਿਤਾ ਨਿੱਜ ਦੇ ਬੰਨੇ ਤੋੜ ਕੇ ਸੰਪੂਰਨ ਮਨੁੱਖੀ ਚੇਤਨਾ ਨਾਲ਼ ਜੁੜ ਸਕੇ।


ਲਿਖਤਮ

ਗੁਰਮੀਤ ਬਰਾੜ

www.gurmeetbrar.com


Top