<< Back

ਮੁਲਾਕਾਤ

ਮੈਂ ਜ਼ਿੰਦਗੀ ਦੇ ਨਕ਼ਸ਼ ਚਿੱਤਰਦੀ ਕਵਿਤਾ ਦਾ ਕਵੀ ਹਾਂ



ਪ੍ਰਮਿੰਦਰਜੀਤ


ਪ੍ਰਸਿੱਧ ਕਵਿਤਾ ਤੇ ‘ਚੰਗੀ’ ਕਵਿਤਾ ਦੋਵੇਂ ਕਿਸ ਤਰਾਂ ਵੱਖਰੇ ਹਨ?

ਚੰਗੀ ਕਵਿਤਾ ਵੀ ਪ੍ਰਸਿੱਧ ਹੋ ਸਕਦੀ ਹੈ,ਪਰ ਪ੍ਰਸਿੱਧ ਹੋਣ ਦੇ ਕਾਰਣ ਤੇ ਧਰਾਤਲ ਵੱਖਰੇ-ਵੱਖਰੇ ਹੋ ਸਕਦੇ ਹਨ।ਪ੍ਰਸਿੱਧੀ ਬਾਹਰਮੁਖੀ ਵਰਤਾਰਾ ਹੈ,ਪੇਸ਼ਕਾਰੀ ਤੇ ਸੰਗੀਤਕ ਪੱਖ ਵੀ ਸਹਾਈ ਹੁੰਦਾ ਹੈ ਤੇ ਤਤਕਾਲੀ ਸਥਿਤੀਆਂ ਵੀ ਅਸਰ-ਅੰਦਾਜ਼ ਹੁੰਦੀਆਂ ਹਨ।ਪ੍ਰਸਿੱਧੀ ਹਰਥਾਂ ਤੇ ਹਰ ਸਥਿਤੀ ‘ਚ ਵਡੱਤਣ ਵਾਲੀ ਨਹੀਂ ਹੁੰਦੀ।


ਪੰਜਾਬੀ ਕਵਿਤਾ ਦੀ ਕੌਮਾਂਤਰੀ ਪੱਧਰ 'ਤੇ ਕੀ ਥਾਂ ਹੈ?

ਕਿੱਸੇ ਵੀ ਖਿੱਤੇ ਦੀ ਵਡਿਆਈ ਨੂੰ ਪਰਖਣ ਲਈ ਕਿਸੇ ਹੋਰ ਖਿੱਤੇ ਦੀ ਸਿਰਜਣਾ ਨਾਲ਼ ਤੁਲਨਾ ਕਰਨੀ ਬਹੁਤੀ ਵਾਜਿਬ ਨਹੀਂ।ਪੰਜਾਬੀ ਕਵਿਤਾ ਦਾ ਆਪਣਾ ਪ੍ਰਭਾਮੰਡਲ ਜ਼ਰੂਰ ਹੈ,ਪਰ ਇਹਦੇ ਗੂੜ੍ਹ ਰੰਗਾਂ ਦੀ ਸ਼ਿਨਾਖ਼ਤ ਅਜੇ ਨਹੀਂ ਹੋਈ।ਪੱਧਰਾਂ ਦੀ ਤੁਲਨਾ ਕਰਨੀ ਅਜੇ ਸੰਭਵ ਨਹੀਂ ਹੋਈ।ਪੰਜਾਬੀ ਕਵਿਤਾ ਦੀ ਆਪਣੀ ਰੰਗਤ ਜ਼ਰੂਰ ਹੈ।


ਪੰਜਾਬੀ ਕਵਿਤਾ ਦੀਆਂ ਕਿਹੜੀਆਂ ਸਿਫ਼ਤਾਂ ਇਹਦਾ ਕੌਮਾਂਤਰੀ ਪੱਧਰ ਸਿਰਜਣਗੀਆਂ?

ਪੰਜਾਬੀ ਕਵਿਤਾ ਨੂੰ ਅਜੇ ਹੋਰ ਡੂੰਘੇ ਪਾਣੀਆਂ ਵਿੱਚ ਉੱਤਰਨਾ ਪਵੇਗਾ।ਕਵੀ ਕਾਵਿਕ ਊਰਜਾਵਾਂ ਨਾਲੌਂ ਪੇਤਲੀਆਂ ਲਾਲਸਾਂਵਾਂ ਨਾਲ਼ ਘਿਰੇ ਹੋਏ ਹਨ।ਅਨੁਵਾਦ ਰਾਹੀਂ ਦੂਜੀਆਂ ਭਾਸ਼ਾਵਾਂ ਵਿੱਚ ਪੰਜਾਬੀ ਕਵਿਤਾ ਦਾ ਸਮੁੱਚਾ ਮੁਹਾਂਦਰਾ ਨਹੀਂ ਸਿਰਜਿਆਂ ਜਾ ਸਕਿਆ।ਅਨੁਵਾਦ ਕਾਰਜਾਂ ਨੂੰ ਲਿਹਾਜ਼ਦਾਰੀਆਂ ਤੇ ਯਾਰਾਨੇਦਾਰੀਆਂ ਤੋਂ ਮੁਕਤ ਕਰਕੇ ਹੀ ਪੰਜਾਬੀ ਕਵਿਤਾ ਦੇ ਕੌਮਾਂਤਰੀ ਮੁਹਾਂਦਰੇ ਦੀ ਸ਼ਿਨਾਖ਼ਤ ਹੋ ਸਕਦੀ ਹੈ।ਤੁਲਨਾਤਮਕ ਪੈਮਾਨੇ ਤੇ ਵੀ ਨਿਆਰਾ ਕਰਨਾ ਅਜੇ ਸੰਭਵ ਨਹੀਂ ਹੋਇਆ।


ਪੰਜਾਬ ਸਰਕਾਰ ਦਾ ਪੰਜਾਬੀ ਭਾਸ਼ਾ ਐਕਟ ਅਮਲੀ ਰੂਪ ਵਿੱਚ ਲਾਗੂ ਨਹੀਂ ਹੋਇਆ।ਤੁਹਾਡੇਮੁਤਾਬਿਕ ਕੀ ਕਾਰਣ ਹਨ?

ਕੋਈ ਵੀ ਭਾਸ਼ਾ ਐਕਟ ਬਣਾ ਦੇਣ ਨਾਲ਼ ਪ੍ਰਫੁੱਲਤ ਨਹੀਂ ਹੋਇਆ ਕਰਦੀ।ਭਾਸ਼ਾ ਪ੍ਰਤੀ ਇਮਾਨਦਾਰ ਵਤੀਰੇ ਤੇ ਵਰਤਾਰੇ ਦੀ ਅਤੇ ਭਾਸ਼ਾ ਪ੍ਰਤੀ ਪ੍ਰਗਟਾਏ ਜਾਂਦੇ ਹੇਜ ਦੇ ਦੰਭ ਤੋਂ ਮੁਕਤ ਹੋਣ ਦੀ ਬੜੀ ਲੋੜ ਹੈ। ਕਿਸੇ ਵੀ ਭਾਸ਼ਾ ਨੂੰ ਸਮੁੱਚੇ ਰੂਪ ਵਿੱਚ ਕੋਈ ਕਾਨੂੰਨ ਲਾਗੂ ਨਹੀਂ ਕਰ ਸਕਦਾ। ਹਰ ਬਸ਼ਰ ਦੀ ਬੋਲੀ ਤੇ ਭਾਸ਼ਾ ਪ੍ਰਤੀ ਨਿੱਜੀ ਸੁਹਿਰਦਤਾ ਹੀ ਇਸ ਨੂੰ ਅਮਲ ਵਿੱਚ ਲਿਆ ਸਕਦੀ ਹੈ।ਠੋਸੀ ਹੋਈ ਕੋਈ ਵੀ ਕਾਰਗ਼ੁਜ਼ਾਰੀ ਲਾਹੇਵੰਦ ਨਹੀਂ ਹੋਏਗੀ।ਅਪਣੀ ਬੋਲੀ ਤੇ ਭਾਸ਼ਾ ਦਾ ਆਦਰ ਬੰਦੇ ਦੀ ਫਿਤਰਤ ਵਿੱਚ ਹੋਣਾ ਚਾਹੀਦਾ ਹੈ।ਰਾਜਸੱਤਾ ਦਾ ਰੋਲ ਤਾਂ ਸੀਮਿਤ ਹੀ ਹੁੰਦਾ ਹੈ।



ਸਿਆਸਤੀਆਂ ਦਾ ਸਾਹਿਤ ਤੇ ਸਾਹਿਤ ਦੀ ਸਿਆਸਤ ‘ਚ ਕਿਸ ਤਰਾਂ ਦਾ ਗੱਠਜੋੜ ਹੈ?

ਸਿਆਸਤ ਕਿਸੇ ਪਾਰਟੀ ਵਿਸ਼ੇਸ਼ ਨਾਲ਼ ਹੀ ਜੁੜੀ ਨਹੀਂ ਹੁੰਦੀ,ਹਰ ਮਨੁੱਖ ਦੀ ਆਪਣੀ ਵੀ ਸਿਆਸਤ ਹੁੰਦੀ ਹੈ।ਸਿਆਸਤ ਸੂਝ ਦੀ ਪੈਰੋਕਾਰ ਹੋਣੀ ਚਾਹੀਦੀ ਹੈ ਤੇ ਸਾਹਿਤ ਇਸ ਨੂੰ ਸੋਝੀ ਦੇਣ ਵਾਲਾ ਹੋਣਾ ਚਾਹੀਦਾ ਹੈ।ਸਿਆਸਤ ਸੀਮਿਤ ਨਹੀਂ ਕਰਦੀ ਸਗੋਂ ਸੀਮਾਂਵਾਂ ਨੂੰ ਤੋੜਦੀ ਹੈ।ਸਾਹਿਤ ਸਿਆਸਤ ਦਾ ਪਿੱਛਲੱਗ ਨਹੀਂ ਮੋਹਰੀ ਹੁੰਦਾ ਹੈ।


ਪੂਰਣਕਾਲਿਕ ਕਵੀ ਹੋਣ ਕਰਕੇ ਤੁਹਾਨੂੰ ‘ਸ਼ੁੱਧ ਕਵੀ’ ਕਿਹਾ ਜਾਂਦਾ ਹੈ।ਇਹ ਸ਼ੁੱਧਤਾ ‘ਆਪੇ ਸਹੇੜੀ’ ਹੈ ਜਾਂ ਤੁਹਾਡੇ ‘ਗਲ਼’ ਪੈ ਗਈ।

ਨਾਂ ਤਾਂ ਮੈਂ ਪੂਰਨ-ਕਾਲਿਕ ਕਵੀ ਹਾਂ ਤੇ ਨਾਂ ਹੀ ਸ਼ੁੱਧ ਕਵੀ।ਮੈਂ ਜ਼ਿੰਦਗੀ ਦੇ ਨਕ਼ਸ਼ ਚਿੱਤਰਦੀ ਕਵਿਤਾ ਦਾ ਕਵੀ ਹਾਂ।ਜੀਣ ਦੀਆਂ ਲੋੜਾਂ ਦੀ ਪੂਰਤੀ ਲਈ ਮੈਂ ਸਾਹਿਤਕ ਸਰੋਕਾਰਾਂ ਵਾਲੇ ਕਿੱਤਿਆਂ ਨਾਲ਼ ਜੁੜਿਆ ਹੋਇਆ ਹਾਂ।ਕੁੱਝ ਵੀ ਮੇਰੇ ‘ਗਲ਼’ ਪਿਆ ਹੋਇਆ ਨਹੀਂ ਹੈ।ਮੇਰੇ ਜੀਵਨ ਨਿਰਬਾਹ ਇੰਜ ਹੀ ਸੰਭਵ ਸੀ।ਮੈਂ ਅਸੰਭਵ ਨੂੰ ਸੰਭਵ ਕਰਨ ਦਾ ਦੰਭ ਨਹੀਂ ਕੀਤਾ।


ਕਹਿੰਦੇ ਹਨ ਕਿ ਤੁਸੀਂ ‘ਅੰਬਰਸਰੀਏ’ ਲੇਖਕਾਂ ਨੂੰ ਤਰਜੀਹ ਦਿੰਦੇ ਹੋ।ਇਹ ਤੁਹਾਡੀ ਨੇੜਤਾ ਦਾ ਨਤੀਜਾ ਹੈ ਜਾਂ ਕੁੱਝ ਹੋਰ?

ਮੇਰੀ ਸੰਪਾਦਨਾ ਵਿੱਚ ਛਪਦੇ ਪਰਚਿਆਂ ਨੂੰ ਜੇ ਤੁਸੀਂ ਨੀਝ ਨਾਲ਼ ਪਰਖਿਆ ਹੁੰਦਾ ਤਾਂ ਤੁਹਾਡਾ ਸ਼ੰਕਾ ਨਿਰਮੂਲ ਸਾਬਿਤ ਹੋ ਜਾਣਾ ਸੀ।ਮੈਂ ਜ਼ਿੰਦਗੀ ਦੀ ਬਹੁਰੰਗਤਾ ਨਾਲ਼ ਜੁੜੀ ਰਚਨਾ ਨਾਲ਼ ਸਦਾ ਜੁੜਿਆ ਹਾਂ। ਜੇ ਇਹ ਕਾਰਜ ਬਹੁਤਾ ‘ਅੰਬਰਸਰੀਏ’ ਕਰ ਰਹੇ ਹਨ ਤਾਂ ਇਸ ਵਿੱਚ ਕੀ ਹਰਜ਼ ਹੈ?ਪਰ ਪੂਰਾ ਸੱਚ ਇਹ ਨਹੀਂ ਹੈ,ਚੰਗੀ ਕਵਿਤਾ ਕੋਲ਼ ਮੈਂ ਆਪ ਵੀ ਜਾਂਦਾ ਹਾਂ।


ਕੋਈ ‘ਕਵੀ’ ਕਿਵੇਂ ਬਣ ਜਾਂਦਾ ਹੈ?

ਕਵੀ ਹਰ ਮਨੁੱਖ ਹੁੰਦਾ ਹੈ ਬੱਸ ਕਾਵਿਕਤਾ ਦੇ ਨਕ਼ਸ਼ ਚਿੱਤਰਣ ਦੀ ਹੀ ਲੋੜ ਹੁੰਦੀ ਹੈ।ਮਨੁੱਖੀ ਸੰਵੇਦਨਾ ਹੀ ਕਵੀ ਤੇ ਕਾਵਿਕਤਾ ਦੀ ਪੂਰਕ ਬਣਦੀ ਹੈ।ਜੇ ਸਫ਼ਰ ਸੁਜਾਖਾ ਹੋਵੇ ਤਾਂ ਕਵਿਤਾ ਤੱਕ ਬੜੇ ਸਹਿਜ ਨਾਲ਼ ਪਹੁੰਚਿਆ ਜਾ ਸਕਦਾ ਹੈ।ਕਵਿਤਾ ਵੀ ਆਪਣੇ ‘ਸਵੈ’ ਦੇ ਰੂਪਾਂਤਰਣ ਦੀ ਤਲਾਸ਼ ਵਿੱਚ ਰਹਿੰਦੀ ਹੈ।



ਕਵਿਤਾ ਬੜੇ ਵੱਡੇ ਵਕਫੇ ਤੋਂ ਮਗਰੋਂ ਪ੍ਰਕਾਸ਼ਿਤ ਕਰਵਾਉਂਦੇ ਹੋ।ਕਵਿਤਾ ਦੀ ਆਮਦ ਦਾ ਇੰਤਜ਼ਾਰ ਜ਼ਿਆਦਾ ਨਹੀਂ ਹੋ ਜਾਂਦਾ?

ਮੈਂ ਕਵਿਤਾ ਨੂੰ ਨਿਰੰਤਰ ਲਿਖਦੇ ਰਹਿਣ ਵਾਂਗ ਕਦੇ ਨਹੀਂ ਲਿਖਿਆ।ਕਵਿਤਾ ਲਿਖਣ ਲਈ ਮੈਨੂੰ ਹੱਥ ਵਿੱਚ ਕਲਮ ਫੜ੍ਹ ਕੇ ਕੋਰੇ ਕਾਗ਼ਜ਼ ਸਾਹਵੇਂ ਮੌਨ ਅਵਸਥਾ ਵਿੱਚ ਨਹੀਂ ਬਹਿਣਾ ਪਿਆ।ਕਵਿਤਾ ਲਿਖਣ ਵੇਲੇ ਮੇਰਾ ਆਪਾ ਹੀ ਕਵਿਤਾ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਸ਼ਬਦ ਵਿੱਚ ਸਾਕਾਰ ਹੋ ਜਾਂਦਾ ਹੈ।ਕਵਿਤਾ ਇਲਹਾਮੀ ਨਹੀਂ ਜਾਗ੍ਰਤ ਅਵਸਥਾ ਦਾ ਪ੍ਰਗਟਾਅ ਹੈ।


‘ਅੱਖਰ’ ਦਾ ਪ੍ਰਬੰਧ ਕਿਸੇ ਪ੍ਰਕਾਸ਼ਕ ਨੂੰ ਦੇਣ ‘ਚ ਤੁਹਾਡੀ ਆਪਣੀ ਮਰਜ਼ੀ ਸੀ ਜਾਂ ਕੋਈ ਮਜਬੂਰੀ ?

‘ਅੱਖਰ’ ਦਾ ਪ੍ਰਬੰਧ ਕੁੱਝ ਮਹੀਨਿਆਂ ਲਈ ਕਿਸੇ ਪ੍ਰਕਾਸ਼ਕ ਨੂੰ ਦੇਣ ਦਾ ਮਤਲਬ ਕੋਈ ਮਜਬੂਰੀ ਨਹੀਂ ਸੀ,ਦੋਹਾਂ ਧਿਰਾਂ ਦੀ ਦੁਵੱਲੀ ਸਹਿਮਤੀ ਸੀ।ਦੋਹਾਂ ਨੇ ਇੱਕ-ਦੂਜੇ ਦੇ ਵਜੂਦ ਦੀ ਵਰਤੋਂ ਕੀਤੀ।ਜਦੋਂ ਦੂਜੀ ਧਿਰ ਵਿਤੋਂ ਬਾਹਰੀ ਵਰਤੋਂ ਤੇ ਉਤਰ ਆਈ ਤਾਂ ਸਾਰੇ ਪ੍ਰਬੰਧ ਆਪਣੀ ਅਸਲੀ ਥਾਂ ਤੇ ਪਰਤ ਆਏ।ਪ੍ਰਬੰਧਕ ਦੋਸਤਾਂ ਨੇ ਮੇਰਾ ਬੜਾ ਹੌਸਲਾ ਵਧਾਇਆ।


Next...
Top