<< Back

ਵਾਰਤਕ

ਡਾ.ਗੁਰਨਾਮ ਸਿੰਘ


ਗੁਰਮਤਿ ਸੰਗੀਤ ਵਿੱਚ ਬਸੰਤ ਦੀ ਕੀਰਤਨ ਮਰਿਆਦਾ

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ


ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਅਧੀਨ ਅੰਕਿਤ ਬਾਣੀ ਵਿੱਚ ਪ੍ਰਕ੍ਰਿਤੀ ਦੇਮੌਲਣ ਤੇ ਵਿਗਸਣ ਦੀ ਪ੍ਰਕ੍ਰਿਆ ਦੇ ਪ੍ਰਤੀਕਾਤਮਕ ਚਿੱਤਰਣ ਦੁਆਰਾ ਆਤਮ ਵਿਗਾਸ ਦਾ ਸੁਨੇਹਾ ਦਿੱਤਾ ਗਿਆਹੈ। ਇਸ ਰਾਗ ਵਿੱਚ ਸਮੂਹ ਬਾਣੀਕਾਰ ਗੁਰੂ ਸਾਹਿਬਾਨ, ਭਗਤ ਕਬੀਰ, ਭਗਤ ਤ੍ਰਿਲੋਚਨ, ਭਗਤ ਰਾਮਾਨੰਦ, ਭਗਤ ਰਾਮਦੇਵ ਅਤੇ ਭਗਤ ਰਵਿਦਾਸ ਜੀ ਦੀ ਇਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ।ਬਾਣੀ ਵਿੱਚ ਬਸੰਤ ਦਾ ਇਕ ਹੋਰ ਪ੍ਰਕਾਰ ਬਸੰਤ ਹਿੰਡੋਲ ਵੀ ਖੂਬ ਪ੍ਰਯੋਗ ਕੀਤਾ ਗਿਆ ਹੈ। ਗੁਰੂ ਨਾਨਕਪਾਤਸ਼ਾਹ ਨੇ ਬਸੰਤ ਦੇ ਸ਼ੁਭ ਆਗਮਨ ਤੇ ਮਨੁੱਖੀ ਮਨ ਨੂੰ ਮੁਮਾਰਖੀ ਸੁਨੇਹਾ ਦਿੰਦਿਆਂ ਆਤਮ ਵਿਗਾਸਦੁਆਰਾ ਚੜ੍ਹਦੀ ਕਲਾ ਵਿੱਚ ਟਿਕਣ ਦਾ ਮਾਰਗ ਦਰਸਾਇਆ ਹੈ। ਤੀਸਰੇ ਗੁਰੂ ਅਮਰਦਾਸ ਜੀ ਬਨਸਪਤੀ ਦੇ ਮਉਲਣਨਾਲ਼ ਬਸੰਤ ਰੂਪ ਦੇ ਆਗਮਨ ਤੇ ਗੁਰੂ ਦੀ ਸੰਗਤ ਸੰਗ ਮੌਲਵ ਤੇ ਵਿਗਸਣ ਦੀ ਬਾਤ ਪਾ ਰਹੇ ਹਨ। ਗੁਰੂਅਰਜਨ ਪਾਤਸ਼ਾਹ ਇਸ ਕਲਜੁਗ ਵਿੱਚ ਨਾਮ ਬੀਜਣ ਦੇ ਸੁਨੇਹਾ ਦਿੰਦਿਆਂ ਦਰਸਾ ਰਹੇ ਹਨ ਕਿ ਉਸ ਗ੍ਰਹਿ ਵਿੱਚਬਸੰਤ ਦਾ ਆਤਮਿਕ ਖੇੜਾ ਵਿਗਾਸ ਤੇ ਟਿਕਾਅ ਪ੍ਰਵੇਸ਼ ਕਰੇਗਾ ਜਿੱਥੇ ਉਸ ਹਰਿ ਕੀਰਤਨ ਦੀ ਧੁਨੀ ਗੂੰਜਰਿਤਰਹੇਗੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਵੈਰਾਗਮਈ ਬਾਣੀ ਮਨੁੱਖੀ ਮਨ ਨੂੰ ਵਾਰ-ਵਾਰਚੇਤਾ ਰਹੀ ਹੈ ਕਿ ਤੇਰੇ ਸੰਗ ਕੇਵਲ ਇਕੋ ਪ੍ਰਭੂ ਭਗਤੀ ਨੇ ਹੀ ਜਾਣਾ ਹੈ। ਇਸ ਲਈ ਇੱਕ ਮਨ- ਇਕ ਚਿੱਤ ਇਕਰਸ ਹੋ ਕੇ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕਰ।
ਭਗਤ ਕਬੀਰ ਜੀ ਦਾ ਸ਼ਬਦ "ਮਉਲੀ ਧਰਤੀ ਮਉਲਿਆਆਕਾਸ਼", ਰਾਮਾਨੰਦ ਜੀ ਦਾ ਸ਼ਬਦ "ਕਤ ਜਾਈਐ ਰੇ ਘਰੁ ਲਾਗੋ ਰੰਗ", ਇਸ ਰਾਗ ਦੀ ਵਿਸ਼ੇਸ਼ ਸ਼ਬਦ ਰਚਨਾਵਾਂਹਨ। ਬਸੰਤ ਰਾਗ ਦੀ ਸਮੁੱਚੀ ਬਾਣੀ ਦਾ ਉਦੇਸ਼ ਮਨੁੱਖੀ ਮਨਾਂ ਨੂੰ ਸਦੀਵੀ ਖੇੜਾ ਪ੍ਰਦਾਨ ਕਰਨਾਹੈ।ਇਸ ਤਰ੍ਹਾਂ ਬਸੰਤ ਰਾਗ ਦੀ ਬਾਣੀ ਸਾਡੇ ਜੀਵਨ ਚੱਕਰ ਵਿੱਚ ਅਹਿਮ ਹੈ। ਗੁਰੂ ਘਰ ਦੀ ਕੀਰਤਨਪਰੰਪਰਾ ਵਿੱਚ ਰਾਗਾਂ ਦੇ ਕਾਲ ਚੱਕਰ ਅਨੁਸਾਰ ਕੀਰਤਨ ਕੀਤਾ ਜਾਂਦਾ ਹੈ। ਇਨ੍ਹਾਂ ਵੱਖ-ਵੱਖ ਸਮਿਆਂ 'ਤੇ ਹੋਣ ਵਾਲੀਆਂ ਕੀਰਤਨ ਪੇਸ਼ਕਾਰੀਆਂ ਨੂੰ ਕੀਰਤਨ ਚੌਕੀ ਕਿਹਾ ਜਾਂਦਾ ਹੈ। ਜਿਵੇਂ ਆਸਾ ਦੀ ਵਾਰ ਦੀਚੌਕੀ, ਬਿਲਾਵਲ ਦੀ ਚੌਕੀ, ਕਾਨੜ੍ਹੇ ਦੀ ਚੌਕੀ ਆਦਿ। ਰੁੱਤਾਂ ਨਾਲ਼ ਸਬੰਧਤ ਦੋ ਅਹਿਮ ਕੀਰਤਨ ਚੌਕੀਆਂਸਾਵਣ ਰੁਤੇ ਮਲ੍ਹਾਰ ਤੇ ਬਸੰਤ ਰੁੱਤਵਿੱਚ ਬਸੰਤ ਦੀ ਕੀਰਤਨ ਚੌਕੀ ਹੈ। ‘ਆਸਾ ਦੀ ਵਾਰ’, ‘ਸੋ ਦਰੁ’ ਦੀਕੀਰਤਨ ਚੌਕੀ ਤੋਂ ਬਾਅਦ ਬਸੰਤ ਦੀ ਕੀਰਤਨ ਚੌਕੀ ਦੇ ਗਾਇਨ ਦਾ ਪ੍ਰਚਲਨ ਅਜੇ ਵੀ ਰਾਗੀਆਂ ਵਿੱਚ ਹੈ।ਇਹ ਪ੍ਰਸੰਨਤਾ ਤੇ ਸ਼ਲਾਘਾ ਦਾ ਵਿਸ਼ਾ ਹੈ। ਸਿੱਖ ਧਰਮ ਦੀ ਗੁਰਮਤਿ ਸੰਗੀਤ ਪਰੰਪਰਾ ਦੀ ਮਰਿਆਦਾਅਨੁਸਾਰ ਬਸੰਤ ਰਾਗ 'ਤੇ ਅਧਾਰਤ ਬਸੰਤ ਦੀ ਕੀਰਤਨ ਚੌਕੀ ਦਾ ਆਰੰਭ ਸ੍ਰੀ ਦਰਬਾਰ ਸਾਹਿਬ ਵਿਖੇ ਲੋਹੜੀਵਾਲੀ ਰਾਤ ਅਤੇ ਬਾਕੀ ਗੁਰੂ ਸਥਾਨਾਂ ਤੇ ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਕੀਤਾ ਜਾਂਦਾ ਹੈ। ਸ੍ਰੀਦਰਬਾਰ ਸਾਹਿਬ ਵਿਖੇ ਲੋਹੜੀ ਦੀ ਰਾਤ ਨੂੰ ਬਸੰਤ ਰਾਗ ਆਰੰਭ ਕਰਨ ਭਾਵ ਬਸੰਤ ਖੋਲਣ ਦੀ ਵਿਸ਼ੇਸ਼ ਅਰਦਾਸਵੀ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਿਰ ਸਾਹਿਬ ਵਿਖੇ ਲੋਕ ਸੰਗੀਤਕ ਅੰਗ ਤੋਂ ਕੀਤੇ ਜਾਣ ਵਾਲੇਵਾਰੀਆਂ ਦੇ ਕੀਰਤਨ ਵਿੱਚ ਵੀ ਬਸੰਤ ਰੁੱਤਵਿੱਚ ਬਸੰਤ ਰਾਗ ਦੇ ਸ਼ਬਦਾਂ ਦਾ ਹੀ ਗਾਇਨ ਕੀਤਾ ਜਾਂਦਾ ਹੈ।ਇਸ ਤਰ੍ਹਾਂ ਗੁਰਮਤਿ ਸੰਗੀਤ ਦੀ ਪਰੰਪਰਾ ਵਿੱਚ ਹੋਲੇ ਮਹੱਲੇ ਤੱਕ ਇਸ ਰਾਗ ਦਾ ਗਾਇਨ ਹਰ ਕੀਰਤਨ ਚੌਕੀਵਿੱਚ ਕਰਨ ਦੀ ਪ੍ਰਥਾ ਹੈ। ਹੋਲੇ ਮਹੱਲੇ ਤੋਂ ਪਹਿਲੀ ਰਾਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਸੰਤਰਾਗ ਅਤੇ ਹੋਲੀ ਨਾਲ਼ ਸਬੰਧਤ ਸ਼ਬਦਾਂ ਦੇ ਗਾਇਨ ਤੇ ਅਧਾਰਿਤ ਵਿਸ਼ੇਸ਼ ਰਾਗ ਦਰਬਾਰ ਦੀ ਪ੍ਰਥਾ ਅੱਜ ਤੱਕਪ੍ਰਚੱਲਿਤ ਹੈ ਜਿਸ ਵਿੱਚ ਬੀਰ ਰਸੀ ਸ਼ਬਦਾਂ ਦਾ ਗਾਇਨ ਵੀ ਬਸੰਤ ਤੇ ਬਸੰਤ ਦੇ ਪ੍ਰਕਾਰਾਂ ਵਿੱਚ ਕਰ ਲਿਆਜਾਂਦਾ ਹੈ। ਇਥੇ ਸਪਸ਼ਟ ਕਰਨਾ ਉਚਿਤ ਹੋਵੇਗਾ ਕਿ ਉਂਝ ਵੀ ਬਸੰਤ ਰਾਗ ਆਪਣੇ ਸਮੇਂ ਅਨੁਸਾਰ ਸ਼ੁੱਧਬਸੰਤ ਦੁਪਹਿਰ ਤੇ ਬਸੰਤ (ਪੂਰਵੀ) ਮੱਧ ਰਾਤ ਨੂੰ ਗਾਇਆ ਜਾਂਦਾ ਹੈ। ਬਸੰਤ ਰੁੱਤ ਸਮੇਂ ਇਸ ਰਾਗ ਨੂੰਹਰ ਸਮੇਂ ਗਾਉਣ ਦੀ ਪ੍ਰਥਾ ਹੈ। ਗੁਰੂ ਘਰਵਿੱਚ ਪੁਰਾਤਨ ਬਸੰਤ ਸ਼ੁੱਧ ਸੁਰਾਂ ਵਾਲਾ ਬਿਲਾਵਲ ਥਾਟਵਾਲਾ ਬਸੰਤ ਪ੍ਰਚਲਤ ਰਿਹਾ। ਵਰਤਮਾਨ ਸਮੇਂ ਬਸੰਤ ਤੇ ਬਸੰਤ ਹਿੰਡੋਲ ਦੇ ਵੱਖ-ਵੱਖ ਰੂਪ ਕੀਰਤਨੀਆਂਵਿੱਚ ਖੂਬ ਉਤਸ਼ਾਹ ਨਾਲ਼ ਗਾਏ ਵਜਾਏ ਜਾਂਦੇ ਹਨ।ਜਿੱਥੇ ਕਿਤੇ ਵੀ ਕੀਰਤਨ ਹੁੰਦਾ ਹੈ ਕੀਰਤਨੀਏ ਇਸਰੁੱਤੇ ਬਸੰਤ ਰਾਗ ਵਿੱਚ ਸ਼ਬਦ ਤੇ ਬਸੰਤ ਕੀ ਵਾਰ ਮਹੱਲਾ ਪੰਜਵਾਂ ਦੀਆਂ ਵਿਚੋਂ ਪਉੜੀਆਂ ਦਾ ਗਾਇਨਜ਼ਰੂਰ ਕਰਦੇ ਹਨ।
ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਰਾਗ ਤੇ ਸੰਗੀਤ ਦੀ ਨਾਦਾਤਮਕ ਸ਼ਕਤੀ ਜੋ ਸਾਡੇਸੱਭਿਆਚਾਰਕ ਧਰਾਤਲ ਦੀ ਵੱਡੀ ਧਰੋਹਰ ਨੂੰ ਸਦੀਵੀ ਰੂਪ ਵਿੱਚ ਸੰਭਾਲਦਿਆਂ ਇਸ ਦੇ ਪ੍ਰਯੋਗ ਨੂੰਚਿਰੰਜੀਵਤਾ ਪ੍ਰਦਾਨ ਕੀਤੀ ਹੈ। ਗੁਰੂ ਘਰ ਵਿੱਚ ਸਦੀਆਂ ਤੋਂ ਗਾਇਨ ਕੀਤੇ ਜਾਂਦੇ ਇਹ ਰਾਗ ਅੱਜ ਜਿੱਥੇਸਾਡੇ ਮਨਾਂ ਵਿੱਚ ਸ਼ਬਦ ਦਾ ਪ੍ਰਕਾਸ਼ ਕਰ ਰਹੇ ਹਨ ਉਥੇ ਭਾਰਤੀ ਸੰਗੀਤ ਦੀ ਰਾਗਾਤਮਕ ਵਿਰਾਸਤ ਨੂੰ ਵੀਗੁਰੂ-ਘਰ ਨੇ ਗੁਰਮਤਿ ਸੰਗੀਤ ਦੇ ਰੂਪ ਵਿੱਚ ਸੁਰੱਖਿਅਤ ਕੀਤਾ ਤੇ ਪਰਚਾਰਿਆ।


ਪ੍ਰੋਫੈਸਰ ਤੇ ਮੁਖੀ,ਗੁਰਮਤ ਸੰਗੀਤ ਪੀਠ,
ਗੁਰਮਤ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ,ਪਟਿਆਲਾ

Top