ਸੰਪਾਦਕੀ



ਗੁਰਮੀਤ ਬਰਾੜ

  

ਭਾਸ਼ਾ ਦਾ ਉਚਾਰਿਤ ਤੇ ਲਿਖਤੀ ਸੰਜਮ

                  

ਜਿਵੇਂ-ਜਿਵੇਂ ਸਮਾਜਿਕ ,ਆਰਥਿਕ ਤੇ ਸੱਭਿਆਚਾਰਿਕ ਵਰਤਾਰਿਆਂ ਦਾ ਖੇਤਰ ਵਡੇਰਾ ਹੋ ਰਿਹਾ ਹੈ ਤਿਵੇਂ-ਤਿਵੇਂ ਆਮ ਵਰਤਾਰੇ ‘ਚ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਸੀਮਿਤ ਹੁੰਦੀ ਜਾ ਰਹੀ ਹੈ।ਅਮਰੀਕਨ ਪ੍ਰਭਾਵ ਹੇਠ ਅਸੀਂ ਭਾਰਤੀ ਭਾਸ਼ਾਵਾਂ ‘ਚ ਵੀ ‘ਮਾਈਕਰੋ ਸਿੰਟੈਕਸ’ ਦੀ ਵਰਤੋਂ ਕਰ ਰਹੇ ਹਾਂ।ਪੰਜਾਬੀ ਵੀ ਇਸ ਤੋਂ ਅਛੂਤੀ ਨਹੀਂ ਰਹੀ।ਇਹ ਜ਼ਿਆਦਾਤਰ ਸ਼ਬਦਾਂ ਦੇ ‘ਐਬਰੀਵਿਏਟਿਡ’,ਲਘੂ ਰੂਪ ਵਿੱਚ ਪ੍ਰਯੋਗ ਕਰਨ ਦੀ ਸ਼ਕਲ ਵਿੱਚ ਨਾਮੂਦਾਰ ਹੋਈ ਹੈ।ਅਮਰੀਕੀ ਅੰਗਰੇਜ਼ੀ ਦੇ ਰੋਜ਼ਾਨਾਂ ਵਰਤੋਂ-ਵਿਹਾਰ ‘ਚ ਲਾਸ ਏਂਜਲਸ ਨੂੰ 'ਐਲ.ਏ'.,ਕੈਲੀਫੋਰਨੀਆ ਨੂੰ 'ਸੀ.ਏ'.,ਪ੍ਰੇਜ਼ੀਡੈਂਟ ਨੂੰ 'ਪਰੇਜ਼' ਆਦਿ ਸ਼ਬਦਾਂ ਦੇ ਲਘੂ-ਰੂਪ ਨਾਲ਼ ਜਿੱਥੇ ਭਾਸ਼ਾ ਨੂੰ ਮੈਕਾਨਿਕੀ ਬਣਾ ਦਿੱਤਾ ਉੱਥੇ ਭਾਸ਼ਾ ਵਿਚਲਾ ਸੰਵੇਗਾਤਮਕ ਹੇਰਵਾ ਹੌਲ਼ੀ-ਹੌਲ਼ੀ ਮੁੱਕਦਾ ਜਾ ਰਿਹਾ ਹੈ।ਹਾਲਾਂਕਿ ਇਸ ਦਾ ਮਤਲਬ ਇਹ ਹਰਗ਼ਿਜ਼ ਨਹੀਂ ਕਿ ਇੱਕ ਸਮੇਂ ਇਹ ਸੰਵੇਗ ਖ਼ਤਮ ਹੋ ਜਾਣਗੇ ਪਰ ਪੰਜਾਬੀ ਭਾਸ਼ਾ ਦੇ ਪਰਿਪੇਖ ‘ਚ ਇਸ ਨੇ ਸਭ ਤੋਂ ਜ਼ਿਆਦਾ ਅਸਰ ਸ਼ਬਦ-ਜੋੜਾਂ ਤੇ ਕੀਤਾ ਹੈ,ਜਿੱਥੇ ਅਸੀਂ ਦੁੱਤ ਅੱਖਰਾਂ ਦੀ ਵਰਤੋਂ ਨਾ ਕਰਕੇ ਪੰਜਾਬੀ ਦਾ ਸ਼ਬਦ ਰੂਪ ਵਿਗੜਨ ‘ਚ ਨਾਂ-ਪੱਖੀ ਯੋਗਦਾਨ ਪਾ ਰਹੇ ਹਾਂ।

ਇਹ ਸੱਚ ਹੈ ਕਿ ਭਾਸ਼ਾ ਹਮੇਸ਼ਾ ਵਿਕਾਸ ਕਰਨ ਵਾਲ਼ਾ ਵਰਤਾਰਾ ਹੈ ਇਸ ਕਰਕੇ ਪੰਜਾਬੀ ਵਿੱਚ ਵੀ ਕੁੱਝ ਨਵੀਂਆਂ ਧੁਨੀਆਂ ਨੇ ਦਾਖ਼ਲਾ ਲੈ ਲਿਆ ਹੈ।ਕਿਸੇ ਵੀ ਭਾਸ਼ਾਈ ਲਿਖਤ ਦਾ ਉਚਾਰੀ ਗਈ ਭਾਸ਼ਾ ਦਾ ਹੂ-ਬ-ਹੂ ਗ੍ਰਾਫਿਕ ਪ੍ਰਤੀਕ ਹੋਣਾ ਲਾਜ਼ਿਮੀ ਹੈ।ਪਰ ਭਾਸ਼ਾ ਦੇ ਵਿਗੜਦੇ ਰੂਪ ਨੇ ਉਚਾਰਿਤ ਭਾਸ਼ਾ ਤੋਂ ਲਿਖਤ-ਰੂਪ ਤੇ ਫਿਰ ਉਸੇ ਲਿਖਤ-ਰੂਪ ਤੋਂ ਮੁੜ ਉਚਾਰਿਤ ਰੂਪ ਵਿੱਚ ਪ੍ਰਗਟਾਅ ਨੂੰ ਔਖਾ ਕਰ ਦਿੱਤਾ ਹੈ।ਪਿਛਲੀ ਇੱਕ ਸਦੀ ਤੋਂ ਇਸ ਵੱਲ ਯਤਨ ਜਾਰੀ ਹਨ ਕਿ ਪੰਜਾਬੀ ਸ਼ਬਦ-ਜੋੜਾਂ ਦਾ ਮਿਆਰੀਕਰਣ ਕੀਤਾ ਜਾਵੇ।ਇਸ ਦਿਸ਼ਾ ਵੱਲ ਪੁੱਟੇ ਜਾ ਰਹੇ ਕਦਮ ਇਸ ਮਿਆਰ ਦਾ ਦਸਤਾਵੇਜੀਕਰਣ ਹੀ ਹੋਵੇਗਾ ਜਦੋਂ ਤੱਕ ਇਸ ਦਾ ਵਿਹਾਰਿਕ ਧਰਾਤਲ ਤੇ ਰੋਜ਼ਾਨਾ ਪ੍ਰਯੋਗ ਨਹੀਂ ਹੁੰਦਾ।ਜੇ ਇਹਦਾ ਇਸ ਤਰ੍ਹਾਂ ਪ੍ਰਯੋਗ ਨਹੀਂ ਹੁੰਦਾ ਤਾਂ ਭਾਸ਼ਾ ਦੇ ਲਿਖਤੀ ਤੇ ਬੋਲ-ਰੂਪ ਵਿੱਚਲੀ ਵਿੱਥ ਵਧਦੀ ਜਾਵੇਗੀ।


ਤੇਰਾਂ ਲੱਖ ਦੇ ਸ਼ਬਦ-ਭੰਡਾਰ ਵਾਲੀ ਪੰਜਾਬੀ ਭਾਸ਼ਾ ਨੇ ਆਪਣੇ ਸੁਭਾਅ ਮੂਜਬ ਦੂਜੀਆਂ ਭਾਸ਼ਾਵਾਂ ਦੇ ਸੈਕੜੇ ਸ਼ਬਦਾਂ ਨੂੰ ਵੀ ਆਤਮਸਾਤ ਕੀਤਾ ਹੈ।ਇਹਨਾਂ ਸ਼ਬਦਾਂ ਨੂੰ ਵੀ ਪੰਜਾਬੀ ਸ਼ਬਦ ਸੰਰਚਨਾ ਦੇ ਮੁਤਾਬਿਕ ਇਸ ਤਰ੍ਹਾਂ ਢਾਲਣਾ ਲੋੜੀਂਦਾ ਹੈ ਜਿਸ ਨਾਲ਼ ਇਹ ਸ਼ਬਦ ਪੰਜਾਬੀ ਭਾਸ਼ਾਈ ਵਹਿਣ ‘ਚ ਰੁਕਾਵਟ ਨਾਂ ਬਣਨ ਤੇ ਪੰਜਾਬੀ ਦੇ ਮੂਲ ਸ਼ਬਦਾਂ ਨੂੰ ਨਾਂ ਬਦਲਣ।ਸਾਹਿਤ ਕਿਉਂਕਿ ਭਾਸ਼ਾ ਦੇ ਵਹਿਣ ‘ਚ ਸਭ ਤੋਂ ਵੱਧ ਜ਼ਿੰਮੇਵਾਰ ਹੈ ਇਸ ਲਈ ਪੰਜਾਬੀ ਦੀ ਲਿੱਪੀ ਤੇ ਧੁਨੀ ਦੇ ਤਾਣੇ-ਪੇਟੇ ਨੂੰ ਧਿਆਨ ‘ਚ ਰਖਦਿਆਂ ਲਿਖਣ ਵਾਲ਼ਿਆਂ ਨੂੰ ਚਾਹੀਦਾ ਹੈ ਕਿ ਉਹ ਉਚਾਰਿਤ ਤੇ ਲਿਖਤੀ ਭਾਸ਼ਾ ਦੇ ਸੰਜਮ ਨੂੰ ਬਕਰਾਰ ਰੱਖਣ।


ਲਿਖਤਮ

ਗੁਰਮੀਤ ਬਰਾੜ

www.gurmeetbrar.com


Top