ਕਹਾਣੀ
ਖੂਹ 'ਚ ਵੱਢਿਆ ਪਿਆ ਪੂਰਨ
ਅਮਰਜੀਤ ਕੌਰ
ਨਹੀਓਂ ਲੱਭਣੇ ਲਾਲ ਗੁਆਚੇ
ਮਿੱਟੀ ਨਾ ਫਰੋਲ ਜੋਗੀਆ।
ਗੀਤ ਦੇ ਬੋਲ ਕੰਨਾਂ 'ਚ ਗੂੰਜਦੇ ਹਨ ਸੋਚਦੀ ਹਾਂ ਕਿ ਇਹ ਮੋਹ ਜਾਲ ਦੇ ਕਿਹੜੇ ਤਾਣੇ ਬਾਣੇ ਵਿੱਚ ਘਿਰਿਆ ਹੋਇਆ ਮਨੁੱਖ ਰਿਸ਼ਤਿਆਂ ਵਿੱਚ ਜਿਉਂਦਾ, ਕਦੀ ਖੁਸ਼ੀ ਕਦੀ ਗਮ, ਗੁੱਸੇ ਗਿਲੇ ਤੇ ਸ਼ਿਕਵੇ, ਰਸੇਵੇਂ ਮਨੇਵੇਂ ਹਰ ਰੰਗ ਨੂੰ ਮਾਣਦਾ ਹੈ। ਰਿਸ਼ਤਿਆਂ ਬਿਨਾਂ ਇਨਸਾਨੀ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਕੱਲਾਪਨ ਵੀ ਮੌਤ ਤੋਂ ਘੱਟ ਨਹੀਂ। ਰਿਸ਼ਤਿਆਂ ਦਾ ਨਿੱਘ ਇਨਸਾਨ ਦੀ ਜ਼ਿੰਦਗੀ ਵਿੱਚ ਗਰਮ ਜੋਸ਼ੀ ਤੇ ਹੁਲਾਸ ਭਰਿਆ ਖੇੜਾ ਬਣਾਈ ਰੱਖਦੀ ਹੈ।ਤੇਰੇ ਵੀਰ ਨੂੰ ਮਾਂ ਮੇਰੀ ਇਕੱਲਾ ਛੱਡਕੇ ਤੁਰ ਗਈ ਭੈਣੇ, ਮੇਰਾ ਹੁਣ ਇੱਥੇ ਜੀਅ ਨਹੀਂ ਲੱਗਦਾ। ਮੇਰੀ ਮਾਂ ਇੱਥੇ ਪਿੰਡ ਹੀ ਫਿਰਦੀ ਏ। ਇੱਥੇ ਉਹਦੀ ਯਾਦ ਮੈਨੂੰ ਜ਼ਿਆਦਾ ਦੁਖੀ ਕਰਦੀ ਹੈ। ਉਹਦੀ ਰੂਹ ਪੈਲ਼ੀਆਂ ਬੰਨੇ ਖੇਤਾਂ ਵਿੱਚ ਤੁਰੀ ਫਿਰਦੀ ਏ। ਪਰ ਮੈਨੂੰ ਉਹ ਲੱਭਦੀ ਨਹੀਂ ਤੇ ਨਾ ਹੀ ਅਜੇ ਤੱਕ ਲੱਭੀ। ਗੁਆਚ ਗਈ ਮੇਰੀ ਮਾਂ ਭੈਣੇ ਤੇ ਤੇਰਾ ਵੀਰ ਵੀ ਗੁਆਚਿਆ ਫਿਰਦਾ ਏ। ਅਮੀਰ ਹੋ ਕੇ ਵੀ ਤੇਰਾ ਵੀਰ ਬਹੁਤ ਗਰੀਬ ਏ।ਜਿਹਦੀ ਮਾਂ ਛੋਟੇ ਹੁੰਦੇ ਦੀ ਮਰ ਜਾਏ ਉਹ ਕਿਤੇ ਅਮੀਰ ਹੁੰਦਾ ਏ, ਉਹ ਤੇ ਗਰੀਬਾਂ ਨਾਲੋਂ ਵੀ ਭੈੜਾ ਹੁੰਦਾ ਏ। ਜ਼ਿੰਦਗੀ ਦੀਆਂ ਪੀੜਾਂ ਨਾਲ ਭੰਨਿਆ ਹੋਇਆ ਜਜ਼ਬਾਤੀ ਇਨਸਾਨ। ਇੱਕ ਖੁੱਲ੍ਹੀ ਕਿਤਾਬ ਜਿਹਨੂੰ ਕੋਈ ਵੀ ਪੜ੍ਹ ਸਕਦਾ ਏ। ਉਹਦੇ ਨਾਲ ਗੱਲਾਂ ਕਰਦਿਆਂ ਮਹਿਸੂਸ ਹੁੰਦਾ ਏ ਕਿ ਜਿਵੇਂ ਮੈਂ ਕੋਈ ਸਾਹਿਤਕ ਕਿਤਾਬ ਪੜ੍ਹ ਰਹੀ ਹੋਵਾਂ, ਕੋਈ ਨਜ਼ਮ ਸੁਣ ਰਹੀ ਹੋਵਾਂ। ਖੁੱਲੀ ਕਵਿਤਾ ਦੇ ਬੋਲ ਜਿਵੇਂ ਦਿਲ ਦਰਿਆ ਦੇ ਡੂੰਘੇ ਪਾਣੀਆਂ ਵਿੱਚ ਲਹਿੰਦੇ ਜਾਂਦੇ ਹੋਣ। ਉਹ ਸਿਰਫ ਗਿਆਰਾਂ ਮਹੀਨਿਆਂ ਦਾ ਅਬੋਧ ਬਾਲ ਸੀ ਜਦੋਂ ਉਸਦੀ ਮਾਂ ਉਸਨੂੰ ਵਿਲਕਦਾ ਛੱਡ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਇਹ ਉਸਦਾ ਰੌਣਾ ਇਕੱਲੀ ਮਰੀ ਹੋਈ ਮਾਂ ਦਾ ਨਹੀਂ ਸੀ ਮਤਰੇਈ ਮਾਂ ਦੀ ਦੁਤਕਾਰ, ਪਿਓ ਦੀ ਮਜਬੂਰੀ, ਉਸਦਾ ਅਸਫਲ ਪਿਆਰ ਅਤੇ ਉਸ ਔਰਤ ਦਾ ਧੋਖਾ ਜਿਸ ਬਾਰੇ ਉਸਨੇ ਸੋਚਿਆ ਸੀ ਕਿ ਮੇਰੀ ਪਤਨੀ ਮੇਰੀ ਜੀਵਨ ਸਾਥਣ ਮੇਰੇ ਸਾਰੇ ਦੁੱਖਾਂ ਦਾ ਦਾਰੂ ਬਣੇਗੀ। ਉਹ ਉਸ ਵਿੱਚੋਂ ਸਾਰੇ ਰਿਸ਼ਤਿਆਂ ਦਾ ਪਿਆਰ ਸਮੇਟਣ ਦੀ ਤਾਂਘ ਪਾਲ ਬੈਠਾ ਸੀ। ਹਰ ਕਿਸੇ ਦੇ ਮਨ ਦੀਆਂ ਕਦੋਂ ਪੂਰੀਆਂ ਹੁੰਦੀਆਂ ਨੇ। ਕਿਸਮਤ ਨੇ ਇੱਥੇ ਵੀ ਉਸਨੂੰ ਧੋਖਾ ਹੀ ਦਿੱਤਾ ਤੇ ਉਹ ਜ਼ਿੰਦਗੀ ਕੀ ਇਹ ਪਾਣੀ ਵੀ ਹਾਰ ਬੈਠਾ। ਉਹ ਆਪਣੀ ਪਤੀ ਨੂੰ ਪਿੰਡ ਛੱਡ ਵਿਦੇਸ਼ ਤੁਰ ਗਿਆ। ਉਥੋਂ ਖੁੱਲਾ ਪੈਸਾ ਭੇਜਦਾ ਰਿਹਾ। ਘੁੰਮਣ ਨੂੰ ਇਨੋਵਾ ਗੱਡੀ ਤੇ ਨਾਲ ਡਰਾਈਵਰ।
ਮਿਡਲ ਕਲਾਸ ਤਬਕੇ ਵਿੱਚ ਇੱਕ ਕਹਾਵਤ ਮਸ਼ਹੂਰ ਹੈ ਕਿ ਜਦੋਂ ਕਿਸੇ ਨੂੰ ਵਿਗਾੜਨਾ ਹੋਵੇ ਤਾਂ ਉਸਨੂੰ ਖੁੱਲ੍ਹਾ ਪੈਸਾ ਦੇ ਦਿਓ। ਅੱਜ ਦੀ ਪੀੜ੍ਹੀ ਦੇ ਵਿਗੜਣ ਦਾ ਕਾਰਨ ਹੀ ਬੇ-ਤਹਾਸ਼ਾ ਪੈਸਾ ਹੈ। ਉਸਦੇ ਦਿੱਤੇ ਹੋਏ ਖੁੱਲੇ ਪੈਸੇ ਤੇ ਅਜ਼ਾਦੀ ਨੇ ਉਸ ਔਰਤ ਦੀ ਮੱਤ ਮਾਰ ਦਿੱਤੀ। ਉਸਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਬਿਨਾਂ ਕੋਈ ਕਸੂਰ ਦੱਸੇ ਉਸਦਾ ਬੈਂਕ ਬੇਲੈਂਸ ਤੇ ਉਸਦੀ ਕੁੱਖ ਵਿੱਚ ਪਲਦੀ ਉਸਦੀ ਧੀ ਨੂੰ ਲੈ ਉਸਦੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੀ ਗਈ।ਮੇਰੀ ਤੇ ਆਪਣੀ ਰਿਸ਼ਤਿਆਂ ਦੀ ਡਿਸਕ ਹਿੱਲੀ ਹੋਈ ਏ। ਮੈਂ ਤਾਂ ਤੇਰੇ ਵਰਗੀਆਂ ਭੈਣਾਂ ਦੇ ਸਿਰ ਤੇ ਉਡਿਆ ਫਿਰਦਾ ਹਾਂ। ਪੈਸੇ ਦਾ ਕੀ ਐ ਭੈਣੇ? ਪੈਸੇ ਦੀ ਕੋਈ ਕਮੀ ਏ ਮੈਨੂੰ?ਜ਼ਿੰਦਗੀ ਦਾ ਇਕੱਲਾਪਨ ਹੀ ਖਾਈ ਜਾਂਦਾ ਏ ਮੈਨੂੰ।ਉਸਦੇ ਜਿਉਣ ਲਈ ਆਪਣੇ ਆਸ ਪਾਸ ਰਿਸ਼ਤਿਆਂ ਦਾ ਜਾਲ ਬੁਣਿਆ ਹੋਇਆ ਹੈ। ਖਾਲੀਪਨ ਨੂੰ ਭਰਨ ਲਈ ਇੱਕ ਵੱਖਰੀ ਦੁਨੀਆਂ ਬਣਾ ਲਈ ਹੈ। ਜਿਸਦੇ ਸਹਾਰੇ ਉਹ ਆਪਣੀ ਖੜੋ ਚੁੱਕੀ ਜ਼ਿੰਦਗੀ ਨੂੰ ਅਸਾਨੀ ਨਾਲ ਕੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਦੀ ਪਤਨੀ ਦਲਜੀਤ ਦੇ ਚਲੇ ਜਾਣ ਤੋਂ ਬਾਅਦ ਉਸ ਪਰਿਵਾਰਿਕ ਰਿਸ਼ਤਿਆਂ ਪ੍ਰਤੀ ਅਸਲੋਂ ਹੀ ਉਦਾਸੀਨ ਹੋ ਕੇ ਰਹਿ ਗਿਆ ਹੈ। ਕਿਉਂਕਿ ਜਦੋਂ ਇੱਕ ਪਤੀ ਪਤਨੀ ਦਾ ਰਿਸ਼ਤਾ ਟੁੱਟਦਾ ਹੈ ਤਾਂ ਇਨਸਾਨ ਦੇ ਅੰਦਰ ਤੇ ਬਾਹਰ ਬਹੁਤ ਕੁਝ ਖਤਮ ਹੋ ਜਾਂਦਾ ਹੈ। ਜਿਸਨੂੰ ਉਸਦੇ ਨਜ਼ਦੀਕੀ ਰਿਸ਼ਤੇਦਾਰ ਹੀ ਪੁਨਰ ਸੁਰਜੀਤ ਕਰ ਸਕਦੇ ਹਨ। ਪਰ ਉਸਨੂੰ ਉਹ ਸਹਾਰਾ ਆਪਣੀਆਂ ਧਰਮ ਦੀਆਂ ਭੈਣਾਂ ਤੋਂ ਮਿਲਿਆ। ਭੈਣੇ ਜੇ ਉਹ ਮੇਰੀਆਂ ਭੈਣਾਂ ਮੈਨੂੰ ਮਾਨਸਿਕ ਸਹਾਰਾ ਨਾ ਦਿੰਦੀਆਂ ਤਾਂ ਅੱਜ ਤਾਂ ਦੁਨੀਆਂ ਮੈਨੂੰ ਕਮਲਾ ਕਹਿੰਦੀ ਹੈ। ਪਰ ਸ਼ਾਇਦ ਹੋ ਸਕਦਾ ਹੈ ਮੈਂ ਗਲੀਆਂ ਵਿੱਚ ਆਪਣੇ ਵਾਲ ਖੋਂਹਦਾ ਫਿਰਦਾ ਹੁੰਦਾ।ਉਸਦੀ ਪੀੜ ਮੇਰੇ ਅੰਦਰ ਚਿੰਤਾ ਬਣ ਕੇ ਉਤਰ ਜਾਂਦੀ ਹੈ। ਕਿਤੇ ਨਾ ਕਿਤੇ ਉਸਦੀਆਂ ਤੇ ਮੇਰੀਆਂ ਪੀੜਾਂ ਦੀਆਂ ਸਾਂਝਾ ਮੇਲਾ ਖਾ ਜਾਂਦੀਆਂ ਨੇ। ਉਸ ਨਾਲ ਮੇਰਾ ਅਬਜ਼ ਦਾ ਰਿਸ਼ਤਾ ਏ। ਮੈਂ ਉਸਦੀ ਸੂਰਤ ਅੱਜ ਤੱਕ ਨਹੀਂ ਦੇਖੀ। ਉਸਦੀ ਸੀਰਤ ਦੇ ਦਰਸ਼ਨ ਰੋਜ਼ ਹੁੰਦੇ ਹਨ। ਇਸ ਰਿਸ਼ਤੇ ਨੇ ਅਜੇ ਉਮਰ ਦੇ ਬਹੁਤੇ ਫਾਸਲੇ ਤੈਅ ਨਹੀਂ ਕੀਤੇ। ਪਰ ਲੱਗਦਾ ਏ ਰੂਹਾਂ ਦੀ ਸਾਂਝ ਕਈ ਜਨਮਾਂ ਪੁਰਾਣੀ ਏ। ਤਾਹੀਓਂ ਤਾਂ ਉਸਦੇ ਦਰਦਾਂ ਵਿੱਚ ਗਲ-ਗਲ ਤੀਕਰ ਡੁੱਬ ਜਾਂਦੀ ਹਾਂ। ਉਸਦਾ ਭੈਣ ਜੀ ਸ਼ਬਦ ਨਾਲ ਸੰਬੋਧਨ ਕਰਨਾ ਉਸਦੇ ਪ੍ਰਤੀ ਆਦਰ ਸਤਿਕਾਰ ਨਾਲ ਭਰ ਦਿੰਦਾ ਹੈ। ਉਸਨੇ ਮੈਨੂੰ ਵੀ ਵੱਡੀ ਭੈਣ ਮੰਨਿਆ। ਮੇਰੇ ਮਨ ਨੇ ਵੀ ਇਸ ਰਿਸ਼ਤੇ ਦੀ ਤਸਦੀਕ ਕਰ ਦਿੱਤੀ ਏ। ਬਨਾਉਟੀ ਰਿਸ਼ਤਿਆਂ ਦੇ ਵਿਸ਼ਵਾਸ਼ ਤੋਂ ਉੱਪਰ ਰਹਿੰਦਾ ਮਨ ਉਸ ਟੁੱਟੇ ਇਨਸਾਨ ਦੀਆਂ ਪੀੜਾਂ ਨੂੰ ਭੈਣ ਤੋਂ ਵੱਧ ਮਾਂ ਬਣ ਮਹਿਸੂਸ ਕਰਨਾ ਲੋਚਦਾ ਹੈ। ਮੈਂ ਕਿਸੇ ਦੇ ਇੰਨਾ ਨਜ਼ਦੀਕ ਨਹੀਂ ਹੋ ਸਕਦੀ ਜਿੰਨਾਂ ਮੈਨੂੰ ਆਪਣੇ ਆਪ ਨਾਲ ਰਹਿਣਾ ਚੰਗਾ ਲੱਗਦਾ ਏ। ਪਰ ਇਹ ਕਿਹੜਾ ਰਿਸ਼ਤਾ ਏ ਜਿਹਦੀ ਡੂੰਘਾਈ ਤੇ ਵਿਸ਼ਾਲਤਾ ਸਮੁੰਦਰ ਦਾ ਘੇਰਾ ਮਾਪ ਰਹੀ ਹੈ।
ਕੱਲ ਰਣਜੀਤ ਵੀਰ ਬਹੁਤ ਦੁਖੀ ਸੀ। ਉਸਦੇ ਪਾਪਾ ਤੇ ਦੂਜੀ ਮਾਂ ਪਰਿਵਾਰ ਸਮੇਤ ਪੰਜਾਬ ਆ ਰਹੇ ਸਨ। ਉਨ੍ਹਾਂ ਦੇ ਇੱਥੇ ਹੁੰਦਿਆਂ ਉਹ ਪੰਜਾਬ ਨਹੀਂ ਰਹਿਣਾ ਚਾਹੁੰਦਾ। ਪਰ ਉਸਨੇ ਆਪਣੇ ਆਸ ਪਾਸ ਰਿਸ਼ਤਿਆਂ ਦਾ ਜੋ ਜਾਲ ਬੁਣਿਆ ਹੋਇਆ ਹੈ ਉਸਦੀ ਨਿੱਘ ਵੀ ਉਹ ਛੱਡ ਕੇ ਨਹੀਂ ਜਾਣਾ ਚਾਹੁੰਦਾ।ਸੱਤ ਸਾਲ ਦੀ ਉਮਰੇ ਦੂਜੀ ਮਾਂ ਦੇ ਮੂੰਹੋਂ ਮੇਰੇ ਬਾਪ ਨੂੰ ਕਹਿੰਦਿਆਂ ਸੁਣਿਆ ਸੀ ਕਿ ਇਹਨੂੰ ਹੋਸਟਲ ਭੇਜ ਦਿਓ ਖਰਚਾ ਦੇ ਦਿਆਂ ਕਰਾਂਗੇ। ਭੈਣੇ ਉਸ ਮਾਂ ਨੇ ਮੈਨੂੰ ਘਰ ਵਿੱਚੋਂ ਕੱਢਿਆ ਮੈਂ ਉਸ ਨੂੰ ਆਪਣੇ ਦਿਲ ਵਿੱਚੋਂ ਕੱਢ ਦਿੱਤਾ।ਸੁਖੀ ਵਸਣ ਭੈਣੇ ਮੇਰੇ ਕਾਰਣ ਉਨ੍ਹਾਂ ਵਿੱਚ ਲੜਾਈ ਨਹੀਂ ਪੈਣੀ ਚਾਹੀਦੀ।ਉਸਦਾ ਆਪਣੇ ਪਰਿਵਾਰ ਤੋਂ ਦੂਰ ਭੱਜਣਾ ਉਸ ਲਈ ਸਹੀ ਨਹੀਂ। ਇੱਕ ਬਾਪ ਦੀ ਆਪਣੇ ਬੱਚਿਆਂ ਪ੍ਰਤੀ ਤੜਪ ਮੈਂ ਮਹਿਸੂਸ ਕੀਤੀ ਹੈ। ਮੈਂ ਖੁਦ ਮਤਰੇਈ ਮਾਂ ਦਾ ਦਰਜਾ ਰੱਖਦੀ ਹਾਂ। ਮੈਂ ਉਸ ਮਾਂ ਦਾ ਦਰਦ ਮਹਿਸੂਸ ਕਰ ਸਕਦੀ ਹਾਂ। ਫਰਕ ਸਿਰਫ ਇਹ ਹੈ ਕਿ ਉਸਦੇ ਆਪਣੇ ਵੀ ਦੋ ਬੱਚੇ ਹਨ। ਵਿਤਕਰੇ ਲਈ ਸ਼ਾਇਦ ਇਹ ਹੀ ਕਾਫੀ ਹਨ। ਫਿਰ ਵੀ ਉਹ ਆਪਣੇ ਪਤੀ ਦੇ ਦਰਦ ਤੋਂ ਅਣਭਿੱਜ ਨਹੀਂ ਹੋਏਗੀ। ਉਹ ਆਪਣੇ ਮਤਰੇਏ ਪੁੱਤਰ ਲਈ ਤਾਂ ਨਿਸ਼ਚਿੰਤ ਹੋ ਸਕਦੀ ਹੈ ਪਰ ਪਤੀ ਸਮੁੰਦਰ ਹੈ ਉਹ ਦੀਵਾਰ ਇੱਕ ਲਹਿਰ ਦਾ ਵੀ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਰੱਖਦੀ।ਉਹ ਰਿਸ਼ਤਿਆਂ ਦੇ ਉਲਝੇ ਤਾਣੇ ਪੇਟੇ ਵਿੱਚ ਰੂਹ ਤੱਕ ਨਫਰਤ ਨਾਲ ਭਰ ਚੁੱਕਾ ਹੈ। ਉਸਦੇ ਅੰਦਰ ਇੱਕ ਅੱਗ ਹੈ ਆਪਣਿਆਂ ਦਾ ਪਿਆਰ ਨਾ ਮਿਲਣ ਦੀ। ਉਸਦੀ ਇਹ ਹਾਲਤ ਪਾਣੀ ਬਿਨਾਂ ਮੱਛੀ ਵਾਲੀ ਤੜਪ ਹੈ। ਉਸਦੀ ਪਿਓ ਜਾਈ ਨੇ ਉਸਦੀ ਲਿਖਤਾਂ ਪੜ੍ਹ ਕੇ ਉਸਦਾ ਦਰਦ ਮਹਿਸੂਸ ਕੀਤਾ ਹੈ। ਉਸਨੇ ਦੋ ਸਾਲ ਤੱਕ ਮਾਂ ਨਾਲ ਲੜਾਈ ਕੀਤੀ। ਹੁਣ ਸ਼ਾਇਦ ਆਪਣਾ ਖੂਨ ਪਿਘਲਿਆ ਹੈ। ਉਸਦੀ ਆਪਣੀ ਭੈਣ ਇੰਡੀਆ ਵਿੱਚ ਉਸਦੇ ਨਾਲ ਰਹਿਣਾ ਚਾਹੁੰਦੀ ਹੈ। ਉਸਦੀ ਉਧਾਰਾਂ ਦੀ ਉੱਜੜੀ ਜ਼ਿੰਦਗੀ ਵਿੱਚ ਨਵੇਂ ਸੂਰਜ ਦਾ ਆਗਾਜ਼। ਉਸਦੇ ਸੁੱਕ ਚੁੱਕੇ ਵੱਤਰ ਲਈ ਮੌਸਮ ਦੀ ਪਹਿਲੀ ਫੁਹਾਰ, ਅਗਲੀ ਬਿਜਾਈ ਲਈ ਜ਼ਮੀਨ ਦੀ ਤਿਆਰੀ।ਭੈਣੇ ਮੇਰੀ ਪਿਓ ਜਾਈ ਨੇ ਮੇਰੇ ਕਲੇਜੇ ਠੰਡ ਪਾ ਦਿੱਤੀ। ਲੱਗਦਾ ਏ ਜਿਵੇਂ ਤਪਦੀ ਰੂਹ ਨੂੰ ਸ਼ਾਂਤੀ ਮਿਲੀ ਹੋਵੇ। ਮਾਰੂਥਲ ਵਿੱਚ ਭਰ ਮਾਂਹ ਸਾਵਣ ਵਰਸ ਗਿਆ ਹੋਵੇ। ਪਰ ਉਸਦੀਆਂ ਖੁਸ਼ੀਆਂ ਦੀ ਉਮਰ ਕਿੰਨੀ ਛੋਟੀ ਏ ਕਿਸੇ ਦੇ ਰਾਹੀਂ ਉਸਨੂੰ ਪਤਾ ਚੱਲਿਆ ਕਿ ਉਸਦੀ ਮਤਰੇਈ ਮਾਂ ਨੇ ਉਸਦੀ ਘਰ ਵਾਲੀ ਦਾ ਮਨ ਉਚਾਟ ਕੀਤਾ ਸੀ। ਉਸਦਾ ਘਰ ਪੱਟਣ ਵਿੱਚ ਉਸਦਾ ਹੱਥ ਸੀ। ਜਿਸ ਘਰ ਵਿੱਚ ਉਹ ਦੋ ਦਿਨ ਪਹਿਲਾਂ ਭੈਣ ਨਾਲ ਬੜੇ ਹੁਲਾਸ ਨਾਲ ਚਾਰ ਦਿਨ ਰਹਿਣ ਦੀ ਸਿੱਕ ਲੈ ਕੇ ਪੰਜਾਬ ਆਇਆ ਸੀ। ਉਹ ਦੁਨੀਆਂ ਅੱਜ ਫਿਰ ਉਸਨੂੰ ਸੱਪ ਵਾਂਗ ਡੰਗ ਰਹੀ ਸੀ। ਉਹ ਹੁਣ ਉਥੋਂ ਦੌੜ ਜਾਣਾ ਲੋਚਦਾ ਹੈ। ਦੂਰ ਜਿੱਥੇ ਉਸਦੀ ਮਾਂ ਦਾ ਸਾਇਆ ਵੀ ਨਾ ਹੋਵੇ। ਭੈਣੇ ਮੈਂ ਤੇਰੇ ਸਮਝਾਉਣ ਤੇ ਅਤੇ ਰਵਦੀਪ ਮੇਰੀ ਭੈਣ ਦੀ ਜਿੱਦ ਕਾਰਨ ਮਨ ਨੂੰ ਮਾਰ ਕੇ ਆ ਗਿਆ ਸੀ ਪਰ ਹੁਣ ਨਹੀਂ। ਹੁਣ ਉਹ ਘਰ ਮੈਂਨੂੰ ਵਢ ਵੱਢ ਖਾਣ ਢਹਿ ਪਿਆ ਏ। ਜਿੱਥੇ ਮੇਰੀ ਉਹ ਮਾਂ ਫਿਰਦੀ ਏ ਜਿਹਨੇ ਮੇਰੀ ਹੱਸਦੀ ਹੱਸਦੀ ਦੁਨੀਆਂ ਉਜਾੜ ਕੇ ਰੱਖ ਦਿੱਤੀ।ਉਸ ਦਿਲ ਦੇ ਟੁੱਟੇ ਸ਼ੀਸ਼ੇ ਵਿੱਚ ਫਿਰ ਉਸਦੀ ਜ਼ਿੰਦਗੀ ਦੀ ਤਸਵੀਰ ਤੇ ਜੜੇ ਫਰੇਮ ਦਾ ਸ਼ੀਸ਼ਾ ਹੋਰ ਤਿੜਕਿਆ ਤੇ ਉਸਦੀ ਰੂਹ ਫਿਰ ਜਾਰ ਜਾਰ ਹੋਈ। ਅੱਜ ਉਸਦੀ ਦਰਦਾਂ ਦੀ ਪਟਾਰੀ ਫਿਰ ਖੁੱਲੀ ਹੋਈ ਏ। ਉਹ ਪੀੜ ਪੀੜ ਹੋਇਆ ਤੜਪਦਾ ਪਿਆ ਏ। ਖੂਹ 'ਚ ਵੱਢਿਆ ਪੂਰਨ। ਉਸਦੀ ਮੂੰਹ ਬੋਲੀ ਮਾਂ ਦੀ ਯਾਦ ਉਸਦੀ ਰੂਹ ਨੂੰ ਡੰਗ ਰਹੀ ਹੈ। ਇਹ ਇੱਕ ਹੋਰ ਜ਼ਖਮ ਜੋ ਦਿਨ ਰਾਤ ਰਿਸਦਾ ਏ। ਉਹ ਸੱਚੇ ਸੁੱਚੇ ਰਿਸ਼ਤਿਆਂ ਦਾ ਵਣਜ ਕਰਨ ਵਾਲਾ, ਜਿਸਮਾਂ ਦੀ ਮੈਲ਼ ਤੋਂ ਦੂਰ ਮਾਇਆ ਨੂੰ ਗੁਜਰਾਨ ਕਰਕੇ ਜਾਨਣ ਵਾਲਾ, ਦੁਨੀਆਂ ਦੀ ਨਜ਼ਰ ਵਿੱਚ ਕਮਲਾ ਝੱਲਾ। ਉਸ ਅਹਿਸਾਸਾਂ ਲਈ ਵੀ ਤੜਪਦਾ ਪਿਆ ਏ। ਜਿਸ ਕਿਸੇ ਲੇਖਿਕਾ ਦੀ ਮਾਂ ਪਿਆਰ ਨਾਲ ਸਰਾਬੋਰ ਕਹਾਣੀ ਪੜ੍ਹ ਕੇ ਬਿਨ ਪਲੇ ਬਾਲ ਮਨ ਨੇ ਉਸਨੂੰ ਧਰਮ ਦੀ ਮਾਂ ਬਣਾ ਲਿਆ। ਉਸ ਨੇ ਸੋਚਿਆ ਚਲ ਉਸਨੂੰ ਮਾਂ ਵੀ ਮਿਲ ਗਈ। ਭੈਣੇ ਦੁਨੀਆਂ ਦੇ ਮੇਲੇ ਵਿੱਚ ਪਹਿਲਾਂ ਮੇਰੀ ਮਾਂ ਵਿੱਛੜੀ ਸੀ ਸੋਚਿਆ ਦੁਬਾਰਾ ਮਿਲ ਪਈ ਏ।ਭੈਣੇ ਉਸਨੇ ਜਿਹੜਾ ਮਹੀਨਾ ਖੰਡ ਰਿਸ਼ਤਾ ਨਿਭਾਇਆ ਜਾਂ ਕਹੋ ਨਿਭਾਉਣ ਦਾ ਢੌਂਗ ਕੀਤਾ ਮੈਨੂੰ ਉਹ ਕਦੇ ਨਹੀਂ ਭੁੱਲਣਾ। ਮੈਂ ਮਾਂ ਪਿਆਰ ਦਾ ਰੱਜਵਾਂ ਅਨੰਦ ਮਾਣਿਆ। ਮੈਂ ਉਦੋਂ ਮੁਹਿਸੂਸ ਕੀਤਾ ਕਿ ਮਾਂਵਾਂ ਐਦਾਂ ਵੀ ਪਿਆਰ ਕਰਦੀਆਂ ਨੇ। ਮੇਰੀ ਰੂਹ ਰਜਾ ਦਿੱਤੀ ਉਸਨੇ। ਮੈਂ ਤਾਂ ਉਸਦੇ ਉਸ ਪਿਆਰ ਨੂੰ ਪੁੱਤਰ ਬਣਕੇ ਮਹਿਸੂਸ ਕੀਤਾ। ਉਹਦੇ ਦਿਲ ਦਾ ਉਹਨੂੰ ਪਤਾ ਹੋਊ।ਕਿੰਨਾ ਭੋਲਾ ਏ ਉਹ ਇਨਸਾਨ ਕਲਯੁਗੀ ਦੁਨੀਆਂ ਵਿੱਚ ਸਤਵਾਦੀ ਪੁਰਸ਼। ਜਿੱਥੇ ਖੂਨ ਦੇ ਰਿਸ਼ਤੇ ਤਾਰ ਤਾਰ ਪਏ ਹੁੰਦੇ ਨੇ। ਰਿਸ਼ਤਿਆਂ ਦੇ ਨਾਮ 'ਤੇ ਕਲੰਕ ਹੋ ਨਿਬੜਦੇ। ਪਦਾਰਥਵਾਦ ਦੇ ਯੁੱਗ ਵਿੱਚ ਪੈਸਾ ਹੀ ਬੰਦੇ ਦਾ ਧਰਮ ਬਣ ਚੁੱਕਾ ਹੈ । ਐਸੇ ਰਿਸ਼ਤੇ ਦੀ ਤਲਾਸ਼ ਲਈ ਭਟਕ ਰਿਹਾ ਹੈ ਮਨੁੱਖ। ਮਾਂ ਇੱਕ ਐਸਾ ਰੁਤਬਾ ਇੱਕ ਐਸਾ ਜ਼ਜ਼ਬਾ ਜਿਸਨੂੰ ਰੱਬ ਨੇ ਆਪਣੇ ਤੋਂ ਬਾਅਦ ਐਸੀ ਹੀ ਪਵਿੱਤਰਤਾ ਨਾਲ ਨਿਵਾਜਿਆ। ਮੁਸਲਮਾਨ ਲਈ ਪਵਿੱਤਰ ਆਇਤ, ਸਿੱਖ ਲਈ ਧੁਰ ਕੀ ਬਾਣੀ, ਹਿੰਦੂ ਲਈ ਪਵਿੱਤਰ ਮੂਰਤ, ਈਸਾਈਆਂ ਲਈ ਮਾਂ ਮਰੀਅਮ। ਕਿੰਨਾ ਉੱਚਾ ਮੁਕਾਮ ਹੈ ਇਸ ਰਿਸ਼ਤੇ ਦਾ।ਇਹ ਜੋ ਤੂੰ ਸੋਨਾ ਪਾਇਆ ਏ ਇਹ ਤੇਰਾ ਦੁਸ਼ਮਣ ਏ। ਤੇਰੀ ਜਾਨ ਲਈ ਖਤਰਾ ਬਣ ਸਕਦਾ ਏ। ਭੈਣੇ ਉਹਨੇ ਕਿਹਾ ਕਿ ਮੈਂ ਥੋੜੀ ਬਹੁਤ ਜੋਤਿਸ਼ ਵਿੱਦਿਆ ਜਾਣਦੀ ਹਾਂ। ਲੈ ਮਾਂ ਅੱਜ ਤੂੰ ਕਿਹਾ ਮੈਂ ਮੰਨ ਲਿਆ। ਆਹ ਫੜ ਅੱਜ ਤੋਂ ਸੋਨਾ ਪਾਉਣਾ ਬੰਦ। ਜਾਣ ਲੱਗਿਆਂ ਦੇ ਦੇਵੀਂ। ਭੈਣੇ ਉਸਦਾ ਕੱਲ੍ਹ ਜਿਸ ਰੂਪ ਵਿੱਚ ਆਇਆ ਮੈਂ ਹੈਰਾਨ ਪਰੇਸ਼ਾਨ ਹੋ ਗਿਆ। ਸੋਨਾ ਦੇ ਕੇ ਮਾਂ ਗਵਾ ਲਈ।ਉਸਦੀ ਅਮੀਰੀ ਇੱਥੇ ਈ ਉਸਨੂੰ ਨਿਗਲ ਗਈ।ਤਕਦੀਰ ਨੇ ਇਹ ਐਸਾ ਧੋਖਾ ਉਸਦੀ ਝੋਲੀ ਪਾਇਆ। ਉਹ ਅਸਲੋਂ ਹੀ ਟੁੱਟਕੇ ਚੂਰ ਚੂਰ ਹੋ ਗਿਆ। ਉਸ ਮਾਂ ਦੇ ਸੱਤਰ ਦੇ ਕਰੀਬ ਐਸ ਐਸ ਐਸ ਉਹ ਸੰਭਾਲੀ ਬੈਠਾ ਏ। ਮਾਂ ਐਦਾ ਦੀ ਵੀ ਹੁੰਦੀ ਏ। ਤੂੰ ਮੇਰੇ ਕੋਲੋਂ ਕੁਝ ਹੋਰ ਵੀ ਮੰਗ ਲੈਂਦੀ ਮੈਂ ਦੇ ਦਿੰਦਾ ਪਰ ਇਹ ਜੋ ਤੂੰ ਗੰਦ ਮੈਨੂੰ ਭੇਜਿਆ ਤੂੰ ਇਸ ਰਿਸ਼ਤੇ ਨੂੰ ਮੈਲਾ ਨਹੀਂ ਸੀ ਕਰਨਾ। ਜਿਹੜਾ ਰਿਸ਼ਤਾ ਮੈਂ ਤੈਨੂੰ ਦਿੱਤਾ ਸੀ ਉਸਦੀ ਉਚਾਈ ਤਾਂ ਨਾਪ ਲੈਂਦੀ। ਅਜਿਹਾ ਗੰਦ ਤਾਂ ਇੱਕ ਪ੍ਰੇਮਿਕਾ ਵੀ ਆਪਣੇ ਪ੍ਰੇਮੀ ਨੂੰ ਨਹੀਂ ਭੇਜਦੀ। ਤੇਰੇ ਦਿਲ ਵਿੱਚ ਕੀ ਆਈ ਮਾਂ ਤੂੰ ਆਪਣਾ ਰੂਪ ਕਿਉਂ ਵਟਾ ਲਿਆ। ਉਸਦਾ ਮਨ ਏਨਾ ਭਰਿਆ ਹੋਇਆ ਸੀ ਉਹ ਅੱਗੇ ਗੱਲ ਜਾਰੀ ਨਹੀਂ ਸੀ ਰੱਖ ਸਕਿਆ। ਉਸਦੀਆਂ ਘੋਰ ਨਿਰਾਸ਼ਾਵਾਦੀ ਗੱਲਾਂ ਮੇਰੇ ਦਿਨ ਨੂੰ ਚੀਰ ਰਹੀਆਂ ਸਨ। ਮੇਰੇ ਮੂੰਹੋਂ ਹੁੰਗਾਰਾ ਵੀ ਬੜੀ ਮੁਸ਼ਕਿਲ ਨਾਲ ਨਿਕਲ ਰਿਹਾ ਸੀ। ਇਕਲਾਪੇ ਦਾ ਸ਼ਿਕਾਰ ਉਹ ਇਨਸਾਨ ਆਪਣੀ ਮੌਤ ਨੂੰ ਅਵਾਜ਼ਾਂ ਮਾਰ ਰਿਹਾ ਹੈ। ਮੈਂ ਅੰਦਰ ਤੱਕ ਡਰ ਜਾਂਦੀ ਹਾਂ। ਮੇਰੀ ਸੱਚੀ ਰੂਹ ਚਾਹੁੰਦੀ ਹੈ ਕਿ ਜ਼ਿੰਦਗੀ ਇੱਕ ਠਾਠਾਂ ਮਾਰਦਾ ਦਰਿਆ ਹੈ ਰਵਾਨਗੀ ਹੀ ਇਸਦੀ ਹੋਂਦ ਹੈ। ਖੜ੍ਹੇ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦੇ ਨੇ। ਉਸਨੇ ਇਸ ਦਰਿਆ ਨੂੰ ਜੋ ਬੰਨ ਮਾਰ ਰੱਖੇ ਹਨ ਉਹ ਇੱਕ ਦਿਨ ਹੱਦਾਂ ਬੰਨੇ ਤੋੜਕੇ ਉਸਨੂੰ ਰੋੜ੍ਹ ਕੇ ਲੈ ਜਾਣਗੇ। ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਇਸ ਜ਼ਿੰਦਗੀ ਦੀ ਕੁਦਰਤੀ ਰਵਾਨਗੀ ਨੂੰ ਨਾ ਰੋਕੇ ਤੇ ਇਸਤੇ ਉਸ ਦੁਨੀਆਂ ਦਾ ਵੀ ਹੱਕ ਹੈ ਜਿਹੜੀ ਉਸਨੇ ਆਪਣੇ ਅੰਦਰ ਇਕੱਲੇਪਨ ਨੂੰ ਦੂਰ ਕਰਨ ਲਈ ਬਣਾਈ ਹੋਈ ਹੈ।
ਉਹ ਪੂਰਨ ਅੱਜ ਵੀ ਉਸ ਲੂਣਾ ਦੀ ਉਡੀਕ ਆਸ ਲਾਈ ਬੈਠਾ ਏ। ਮਾਂ ਜਦੋਂ ਬੱਚੇ ਨੂੰ ਮਾਰਦੀ ਏ ਤਾਂ ਉਹ ਰੋਂਦਾ ਕਿਸੇ ਹੋਰ ਕੋਲੋਂ ਚੁੱਪ ਨਹੀਂ ਕਰਦਾ। ਉਹ ਮਾਂ ਦੀ ਗੋਦੀ ਵਿੱਚ ਹੀ ਜਾ ਕੇ ਸ਼ਾਂਤ ਹੁੰਦਾ ਹੈ। ਨੀ ਲੂਣਾ ਕਿਸੇ ਹੋਰ ਜੋਗੀ ਨੇ ਉਸਦੇ ਲਈ ਨਹੀਂ ਬਹੁੜਨਾ। ਉਹ ਅੱਜ ਵੀ ਤੈਨੂੰ ਉਡੀਕ ਰਿਹਾ ਏ। ਉਹਨੂੰ ਸੱਚੀ ਹਿੱਕ ਨਾਲ ਲਾ ਕੇ ਉਸਦੀ ਤੜਪਦੀ ਰੂਹ ਨੂੰ ਠਾਰ। ਉਹ ਤਾਂ ਤੇਰੀ ਮਿੱਠੀ ਲੋਰੀ ਦਾ ਗਰਜ ਮੰਦ ਅਬੋਧ ਜਿਹਾ ਬਾਲ। ਅੱਜ ਵੀ ਉਸ ਮੂੰਹ ਬੋਲੇ ਰਿਸ਼ਤੇ ਦੀ ਗਰਮੀ ਆਪਣੇ ਅਹਿਸਾਸ ਵਿੱਚ ਸੰਭਾਲੀ ਬੈਠਾ ਏ। ਤੇਰੀ ਉਹ ਮਾਂ ਵਾਲੀ ਮਮਤਾ ਕਿੱਥੇ ਸੌਂ ਗਈ ਉਹਨੂੰ ਜਗਾ ਜਰਾ। ਉਸਦੇ ਦਰਦ ਤਾਂ ਪਹਿਲਾਂ ਹੀ ਬਹੁਤ ਸੀ। ਤੇਰੇ ਧੋਖੇ ਨੇ ਉਸਦੇ ਸੀਨੇ ਛੇਕ ਪਾ ਦਿੱਤਾ ਏ। ਉਹ ਜ਼ਿੰਦਗੀ ਤੋਂ ਬੇਮੁੱਖ ਆਪਣਾ ਕਸੂਰ ਪੁੱਛਦਾ ਏ। ਤੇਰੀ ਕੀ ਮਜਬੂਰੀ ਨੀ ਲੂਣਾ? ਕੀ ਤੇਰਾ ਸਲਵਾਨ ਵੀ ਬੁੱਢਾ ਏ?ਕਿਤੇ ਮਾਂਵਾਂ ਤਰਸਣ ਪੁੱਤਾਂ ਨੂੰਤੇ ਪੁੱਤਰ ਤਰਸਣ ਟੁੱਕਾਂ ਨੂੰ।
94649-58236
94657-58399