ਵਾਰਤਕ
ਮੇਰੇ ਮਾਮਾ ਜੀ
ਹੌਲੀ ਹੌਲੀ ਉਹਨਾਂ ਦਾ ਕੰਮ ਰਿੜ੍ਹਦਾ ਰਿੜ੍ਹਦਾ ਫੱਟੇ ਲਾਉਣ ਤੇ ਪਹੁੰਚ ਗਿਆ। ਉਹ ਮੂੰਹ ਹਨੇਰੇ ਕੱਪੜਿਆ ਨਾਲ ਭਰੇ ਟਰੱਕ ਨੂੰ ਲੰਡਨ ਲੈ ਜਾਂਦੇ ਤੇ ਉਥੇ ਵੀਕਐਂਡ ਮਾਰਕਿਟ 'ਚ ਫੱਟੇ ਲਾਉਂਦੇ। ਆਪਣੇ ਸ਼ਹਿਰ ਵਿੱਚ ਵੀ ਉਨ੍ਹਾਂ ਕੱਪੜਿਆਂ ਦੀ ਦੁਕਾਨ ਖ੍ਹੋਲ ਲਈ। ਉਨ੍ਹਾਂ ਦੀ ਔਲਾਦ ਵੀ ਤੇ ਪਤਨੀ ਵੀ ਹੁਣ ਕੰਮ ਚੁੱਕਣ ਲੱਗ ਪਏ ਸਨ ਤੇ ਮਾਮਾ ਜੀ ਨੂੰ ਆਪਣਾ ਦਰਸ਼ਨ ਵਿਕਸਤ ਕਰਨ 'ਦਾ ਚੋਖਾ ਸਮਾ ਮਿਲਣ ਲੱਗਾ। ਹੁਣ ਉਹ ਦੇਸ਼ ਵੀ ਵਧ ਤੋਂ ਵਧ ਗੇੜਾ ਮਾਰਨ ਲੱਗ ਪਏ। ਉਨ੍ਹਾਂ ਸਮਿਆਂ ਵਿੱਚ ਹੀ ਹੋਸ਼ ਨੇ ਮੈਨੂੰ ਸੰਭਾਲਣਾ ਸ਼ੁਰੂ ਕੀਤਾ, ਪਹਿਲਾਂ ਤਾਂ ਆਵਾਰਗੀ ਵਿੱਚ ਹੀ ਵਿਚਰਦਾ ਰਿਹਾ। ਬੱਸ ਫਿਰ ਕੀ ਸੀ, ਮਾਮਾ ਜੀ ਦੇ ਅਰੋਗਤਾ ਦਰਸ਼ਨ ਨਾਲ ਮੇਰਾ ਪਰਿਚੈ ਹੋਣਾ ਸ਼ੁਰੂ ਹੋ ਗਿਆ।
ਅਸਲ ਵਿੱਚ ਮਾਮਾ ਜੀ ਜਦ ਕਦੇ ਵੀ ਇੰਡੀਆਂ ਆਉਂਦੇ, ਉਹ ਨਵੇਂ ਤੋਂ ਨਵਾਂ ਗਿਆਨ ਲੈਕੇ ਆਉਂਦੇ। ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਉਹ ਬਦਾਮ ਰੋਗ਼ਨ ਦੀਆਂ ਸ਼ੀਸ਼ੀਆਂ ਲੈ ਕੇ ਆਏ। ਉਨ੍ਹਾਂ ਦਾ ਮੱਤ ਬਣਿਆ ਕਿ ਸਾਰੀਆਂ ਬੀਮਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ ਹਨ ਤੇ ਬਦਾਮ ਰੋਗ਼ਨ ਪੇਟ ਨੂੰ ਸੈੱਟ ਕਰਦਾ ਹੈ। ਉਨ੍ਹਾਂ ਘਰ ਦੀ ਅਲਮਾਰੀ ਵਿੱਚ ਬਦਾਮ ਰੋਗ਼ਨ ਦੀਆਂ ਸ਼ੀਸ਼ੀਆਂ ਰੱਖ ਦਿੱਤੀਆਂ। ਉਨ੍ਹਾਂ ਦੀ ਇਸ ਫੇਰੀ ਦੌਰਾਨ ਸਾਡੀ ਬੀਬੀ ਤੇ ਅਸੀਂ ਉਸਦੇ ਭਾਣਜਿਆਂ ਨੇ ਜਦ ਵੀ ਅਲਮਾਰੀ ਖ੍ਹੋਲਣੀ, ਚਮਚਾ ਭਰ ਕੇ ਬਦਾਮ ਰੋਗ਼ਨ ਦਾ ਅੰਦਰ ਸੁੱਟ ਲੈਣਾ। ਸਾਨੂੰ ਇਵੇਂ ਲੱਗਣ ਲੱਗਾ ਜਿਵੇਂ ਸਾਡੇ ਅੰਦਰੋਂ ਜਮਾਂਦਰੂ ਰੋਗਾਂ ਦਾ ਨਿਕਾਸ ਹੋ ਰਿਹਾ ਹੋਵੇ। ਪਰ ਇਸ ਫੇਰੀ ਦੌਰਾਨ ਖੁਦ ਮਾਮਾ ਜੀ ਦੇ ਭਗੰਦਰ ਫੋੜਾ ਹੋ ਗਿਆ। ਜਿਥੋਂ ਤੱਕ ਮੈਨੂੰ ਯਾਦ ਹੈ ਉਹ ਜਿੰਨਾ ਚਿਰ ਇੰਡੀਆ ਰਹੇ, ਬਿਸਤਰੇ ਤੇ ਹੀ ਲੰਮੇ ਪਏ ਰਹੇ। ਉਨ੍ਹਾਂ ਕੋਈ ਇਲਾਜ ਨਾ ਕਰਾਇਆ, ਉਨ੍ਹਾਂ ਦਾ ਮਤ ਸੀ ਕਿ ਇੰਗਲੈਂਡ ਦੀ ਭਿਅੰਕਰ ਠੰਡ ਕਾਰਨ ਇਹ ਫੋੜਾ ਪਤਾ ਨਹੀਂ ਕਦੋਂ ਦਾ ਅੰਦਰ ਜਾਮ ਹੋਇਆ ਪਿਆ ਸੀ; ਹੁਣ ਏਧਰਲੀਆਂ ਧੁੱਪਾਂ ਕਾਰਨ ਇਹ ਪੰਘਰਕੇ ਬਾਹਰ ਆ ਰਿਹਾ ਹੈ। ਉਨ੍ਹਾਂ ਦਾ ਇਹ ਵਿਚਾਰ ਵੀ ਪੁੰਗਰਨ ਲੱਗਾ ਸੀ ਕਿ ਜਦੋਂ ਅੰਦਰਲੀ ਬੀਮਾਰੀ ਬਾਹਰ ਨਿੱਕਲ ਰਹੀ ਹੋਵੇ, ਇਸ ਵਿੱਚ ਗੈਰ-ਕੁਦਰਤੀ ਦਖਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਮਹੀਨਾ ਭਰ ਬਿਸਤਰੇ ਚ ਪਿਆਂ ਨੇ ਆਪਣੇ ਵਿਚਾਰਾਂ ਨੂੰ ਖੂਬ ਹੰਘਾਲਿਆ ਤੇ ਨਵੀਂ ਦਿਸ਼ਾ ਦਿੱਤੀ। ਇਸ ਤਜਰਬੇ ਦੌਰਾਨ ਉਨ੍ਹਾਂ ਸ਼ਰਾਬ ਦਾ ਸੇਵਣ ਵੀ ਬੰਦ ਕਰ ਦਿੱਤਾ। ਥੋੜਾ ਚੱਲਣ ਜੋਗੇ ਹੋਏ ਤਾਂ ਵਾਪਸ ਇੰਗਲੈਂਡ ਲਈ ਰਵਾਨਾ ਹੋ ਗਏ। ਬਾਅਦ ਵਿੱਚ ਪਤਾ ਲੱਗਾ ਕਿ ਉਧਰ ਉਨ੍ਹਾਂ ਨੂੰ ਅਪਰੇਸ਼ਨ ਕਰਵਾਣਾ ਪਿਆ ਸੀ। ਬਹੁਤ ਚਿਰ ਪਿਛੋਂ ਉਨ੍ਹਾਂ ਦੱਸਿਆ ਕਿ ਉਹ ਅਪਰੇਸ਼ਨ ਨੂੰ ਕੋਈ ਇਲਾਜ ਦੀ ਪੱਧਤੀ ਨਹੀਂ ਸੀ ਸਮਝਦੇ ਜੋ ਉਨ੍ਹਾਂ ਦੇ ਵਿਚਾਰਾਂ ਦੇ ਉਲਟ ਜਾਂਦੀ ਹੋਵੇ। ਦਰਅਸਲ ਉਹ ਐਲੋਪੈਥੀ ਜਿਸ ਨੂੰ ਅੰਗਰੇਜ਼ੀ ਦਵਾਈਆਂ ਕਹਿੰਦੇ ਹਨ, ਦੇ ਕੱਟੜ ਵਿਰੋਧੀ ਸਨ। ਇਸ ਵਿਸ਼ੇ ਤੇ ਫਿਰ ਮੌਕਾ ਮਿਲਿਆ ਤਾਂ ਅਵਾਂਗੇ।