ਵਾਰਤਕ

ਬਲਜੀਤ ਬਾਸੀ
ਮੇਰੇ ਮਾਮਾ ਜੀ
ਮੇਰੇ ਮਾਮਾ ਜੀ ਹੁਣ ਇਸ ਜਹਾਨ ਵਿੱਚ ਨਹੀਂ ਰਹੇ। ਜੋ ਆਇਆ ਸੋ ਚਲਸੀ ਦੇ ਮਹਾ ਕਥਨ ਅਨੁਸਾਰ ਮਾਮਾ ਤਾਂ ਕਿਸੇ ਦਾ ਵੀ ਇਸ ਜਹਾਨ ਚ ਨਹੀਂ ਰਹਿਣਾ। ਨਾਲੇ ਉਹ ਤਾਂ ਸੀ ਵੀ ਸਾਡਾ ਸਭ ਤੋਂ ਵੱਡਾ ਮਾਮਾ। ਉਸ ਦਾ ਸਭ ਤੋਂ ਪਹਿਲਾਂ ਇਸ ਜਹਾਨ ਤੋਂ ਤੁਰ ਜਾਣਾ ਹੀ ਬਣਦਾ ਸੀ। ਅੰਤਮ ਸਵਾਸ ਵੇਲੇ ਵੀ ਉਸ ਨੇ ਆਪਣੇ ਇਸ ਫਰਜ਼ ਤੋਂ ਕੁਤਾਹੀ ਨਹੀਂ ਕੀਤੀ। ਮੈਂ ਬਥੇਰੇ ਮਾਮੇ ਦੇਖੇ ਜੋ ਆਪਣੀ ਆਈ ਤੇ ਵੀ ਨਹੀਂ ਜਾਂਦੇ। ਸਾਡੇ ਇਸ ਵੱਡੇ ਮਾਮੇ ਨੇ ਜੋ ਅਮਿਟ ਛਾਪ ਆਪਣੇ ਭਾਣਜਿਆਂ ਤੇ ਛੱਡੀ, ਉਹ ਭਾਣਜਿਆਂ ਦੇ ਜੀਉਂਦੇ ਜੀਅ ਤਾਂ ਨਹੀਂ ਮਿਟ ਸਕਦੀ। ਮਾਮਾ ਹੀਰ ਦਾ ਤੇ ਸ਼ਕੁਨੀ ਮਾਮਾ ਤਾਂ ਰਹਿੰਦੀ ਦੁਨੀਆ ਤਕ ਦੁਨੀਆ ਭਰ ਦੇ ਭਾਣਜਿਆਂ ਦੀ ਸਿਮ੍ਰਤੀ ਵਿੱਚ ਘਰ ਕਰ ਗਏ ਹਨ। ਮੇਰੇ ਮਾਮਾ ਜੀ ਦੀ ਜਵਾਨੀ ਉਨ੍ਹਾਂ ਦਿਨਾਂ ਵਿੱਚ ਪ੍ਰਵਾਨ ਚੜ੍ਹੀ ਜਦੋਂ ਕਹਿੰਦੇ ਪੰਜਾਬ ਦੇ ਪਿੰਡ ਪਿੰਡ, Ḕਚਾਟੀਆਂ ਵਿੱਚ ਮਧਾਣੀਆਂ ਘੁੰਮਣ, ਘਰ ਘਰ ਨਿੱਤ ਸਵੇਰੇ।Ḕ ਦੁਧ ਘਿਉ ਦੇ ਨਾਲ ਨਾਲ ਉਨ੍ਹਾਂ ਆਪਣੀ ਜਵਾਨੀ ਵਿੱਚ ਖੂਬ ਬਦਾਮਾਂ ਦੀਆਂ ਗਿਰੀਆਂ ਛਕੀਆਂ ਅਤੇ ਸ਼ਰਦਾਈਆਂ ਪੀਤੀਆਂ। ਉਹ ਤਿੱਤਰਾਂ ਬਟੇਰਿਆਂ ਦੇ ਵੀ ਬੜੇ ਸ਼ੌਕੀਨ ਰਹੇ ਹਨ। ਪਰ ਇਸ ਸਾਰੀ ਖੁਰਾਕ ਨੂੰ ਉਨ੍ਹਾਂ ਕਦੇ ਅਲਕਪੌ ਕਦ ਵਧਣ ਜਿਹੇ ਫਜ਼ੂਲ ਅਰਥ ਨਹੀਂ ਲੱਗਣ ਦਿੱਤਾ। ਉਹ ਜ਼ਿੰਦਗ਼ੀ ਨੂੰ ਇਕ ਜੀਵਨ ਫਲਸਫ਼ੇ ਅਨੁਸਾਰ ਜਿਉਣ ਵਿੱਚ ਵਿਸ਼ਵਾਸ ਰਖਦੇ ਸਨ। ਨਾਲੇ ਉਹ ਜ਼ਮਾਨਾ ਵੈਸੇ ਵੀ ਫਲਸਫਿਆਂ ਦਾ ਸੀ, ਇਕ ਫਲਸਫ਼ਾ ਧਾਰ ਕੇ ਜੀਵਨ ਨੂੰ ਉਸ ਦੀ ਸੇਧ ਵਿੱਚ ਹਿੱਕ ਦੇਣ ਦਾ। ਗੁਰਬਖਸ ਸਿੰਘ ਪ੍ਰੀਤ ਲੜੀ ਦੀ ਮਿਸਾਲ ਸਾਡੇ ਸਾਹਮਣੇ ਹੈ। ਮੇਰੇ ਤੇ ਮੇਰੇ ਹੋਰ ਭਰਾਵਾਂ ਦੇ ਇਸ ਹਥਲੇ ਮਾਮੇ ਨੇ ਜ਼ਿੰਦਗ਼ੀ ਨੂੰ ਇਸ ਲੇਖੇ ਲਾਇਆ।
ਮੈਂ ਆਪਣੇ ਮਾਮੇ ਦੀ ਜ਼ਿੰਦਗ਼ੀ ਦੇ ਜਿਉਂਦੇ ਜੀਅ ਕਾਫੀ ਨੋਟਸ ਲਏ, ਵੇਰਵੇ ਇਕੱਠੇ ਕੀਤੇ, ਜਾਣੂਆਂ ਪਛਾਣੂਆਂ ਨਾਲ ਇੰਟਰਵਿਊ ਕੀਤੇ ਤੇ ਆਖਰਕਾਰ ਉਨ੍ਹਾਂ ਦੇ ਜੀਵਨ ਫਲਸਫੇ ਨੂੰ ਸੂਤਰਬੱਧ ਕੀਤਾ। ਮੈਨੂੰ ਅਫਸੋਸ ਹੈ ਕਿ ਮੈਂ ਉਨ੍ਹਾਂ ਦੇ ਬਚਪਨ ਦੇ ਵਿਸ਼ਵਸਨੀ ਅੰਕੜੇ ਹਾਸਿਲ ਨਹੀਂ ਕਰ ਸਕਿਆ ਤੇ ਦੰਦ ਕਥਾਵਾਂ ਵਿੱਚ ਮੇਰਾ ਵਿਸ਼ਵਾਸ ਨਹੀਂ। ਅਸਲ ਵਿੱਚ ਮੇਰੇ ਮਾਮਾ ਜੀ ਆਪਣੇ ਜੀਵਨ ਫਲਸਫੇ ਦਾ ਕੁਝ ਵੀ ਵਿਸਤ੍ਰਿਤ ਲਿਖਤੀ ਰੂਪ ਛੱਡ ਕੇ ਨਹੀਂ ਗਏ। ਬੱਸ ਥੋੜੇ ਜਿਹੇ ਇੱਕੜ ਦੁੱਕੜ ਡਾਇਰੀਆਂ ਤੇ ਝਰੀਟੇ ਇੰਦਰਾਜ ਹਨ ਤੇ ਜਾਂ ਫਿਰ ਢੇਰ ਸਾਰੇ ਲੋਕਾਂ ਨਾਲ ਉਨਾਂ ਦੇ ਹੋਏ ਪ੍ਰਵਚਨ। ਸਮੂਲਚੀ ਸਮੱਗਰੀ ਦੇ ਅਧਿਐਨ ਉਪਰੰਤ ਮੈਂ ਜੋ ਸੂਤਰ ਕਢਿਆ ਉਸ ਅਨੁਸਾਰ ਮਨੁਖਾ ਦੇਹ ਰੋਗਾਂ ਨਾਲ ਘਿਰੀ ਹੋਈ ਹੈ ਤੇ ਜ਼ਿੰਦਗ਼ੀ ਵਿੱਚ ਮਨੁੱਖ ਦਾ ਮੁਖ ਮਨੋਰਥ ਇਨ੍ਹਾਂ ਰੋਗਾ ਤੋਂ ਹੀ ਛੁਟਕਾਰਾ ਪਾਉਣਾ ਹੈ। ਮੇਰੇ ਮਾਮਾ ਜੀ ਬੁਧ ਮੱਤ ਨਾਲ ਤੀਖਣ ਮਤਭੇਦ ਰੱਖਦੇ ਸਨ ਕਿਉਂਕਿ ਬੁਧ ਮਤ ਨੇ ਤਾਂ ਜ਼ਿੰਦਗ਼ੀ ਨੂੰ ਹੀ ਦੁਖਾਂ ਦਾ ਘਰ ਮੰਨਿਆ। ਮੇਰੇ ਮਾਮਾ ਜੀ ਨੇ ਛੋਟੀ ਉਮਰ ਵਿੱਚ ਹੀ ਫਲਸਫਾ ਵਿਕਸਿਤ ਕਰ ਲਿਆ ਸੀ ਕਿ ਜ਼ਿੰਦਗ਼ੀ ਤਾਂ ਅਸਲ ਵਿੱਚ ਸੁੱਖਾਂ ਦਾ ਘਰ ਹੈ, ਐਪਰ ਰੋਗ-ਰੁਚਿਤ ਮਨੁਖਾ ਦੇਹ ਹੀ ਹੈ ਜੋ ਉਸ ਨੂੰ ਇਹ ਸੁਖ ਹਾਸਿਲ ਨਹੀਂ ਹੋਣ ਦੇ ਰਹੀ। ਇਸ ਲਈ ਮਨੁਖ ਨੂੰ ਸਭ ਤੋਂ ਪਹਿਲਾਂ ਤੰਦਰੁਸਤੀ ਕਾਇਮ ਰੱਖਣ ਦੇ ਮਾਰਗ ਢੂੰਡਣੇ ਚਾਹੀਦੇ ਹਨ। ਸੋ ਘਟੋ ਘਟ ਚਿੰਤਨਸ਼ੀਲ ਮਨੁਖ ਨੂੰ ਏਨੀ ਕੁ ਤਾਂ ਕੁਰਬਾਨੀ ਕਰਨੀ ਚਾਹੀਦੀ ਹੈ ਕਿ ਇਸ ਖੋਜ ਵਿੱਚ ਉਹ ਆਪਣੀ ਜ਼ਿੰਦਗ਼ੀ ਦੇ ਸੁਖ ਬਾਰੇ ਨਾ ਸੋਚੇ।
ਜਵਾਨੀ ਦੇ ਮੁਢਲੇ ਦੌਰ ਵਿੱਚ ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਤੋਂ ਪ੍ਰਭਾਵਤ ਹੋਏ ਤੇ ਕਮਿਉਨਿਸਟਾਂ ਦੇ ਨੇੜੇ ਰਹੇ। ਹਰਕਿਸ਼ਨ ਸਿੰਘ ਸੁਰਜੀਤ ਅਤੇ ਜਗਜੀਤ ਸਿੰਘ ਜੱਗੀ ਦੀ ਦੋਸਤੀ ਨਾਲ ਉਨ੍ਹਾਂ ਜ਼ਿੰਦਗੀ ਦੇ ਮਹਾਨ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਰਾ ਜੀਵਨ ਲੇਖੇ ਲਾ ਦੇਣ ਦਾ ਸਬਕ ਸਿੱਖਿਆ। ਪਰ ਅਸਲ ਵਿੱਚ ਏਨੀਆਂ ਵੱਡੀਆਂ ਲਹਿਰਾਂ ਤੇ ਇਨ੍ਹਾਂ ਦੇ ਮਹਾਨ ਨੇਤਾਵਾਂ ਦੀ ਨੇੜਤਾ ਮਾਨਣ ਪਿਛੋਂ ਵੀ ਉਹ ਇਨ੍ਹਾਂ ਦੀਆਂ ਆਪਣੇ ਘਰ ਗੁਪਤ ਮਟਿੰਗਾਂ ਤਾਂ ਕਰਵਾ ਦਿੰਦੇ ਸਨ ਪਰ ਆਪ ਉਨ੍ਹਾਂ ਦੀਆਂ ਸਰਗਰਮੀਆਂ ਵਿੱਚ ਭਾਗ ਨਹੀਂ ਸਨ ਲੈਂਦੇ। ਇਸਦਾ ਕਾਰਨ ਇਹ ਸੀ ਕਿ ਸਾਡੇ ਮਾਮਾ ਜੀ ਮਨੁਖ ਦੀ ਮੁਕਤੀ ਲਈ ਨਵੇਂ ਨਵੇਲੇ ਰਾਹਾਂ ਦੇ ਢੁੰਡਾਊ ਸਨ। ਹਰਕਿਸ਼ਨ ਸਿੰਘ ਸੁਰਜੀਤ ਆਪਣੀ ਜਵਾਨੀ ਵਿੱਚ ਕਵਿਤਾ ਲਿਖਿਆ ਕਰਦੇ ਸਨ ਪਰ ਇਸ਼ਕ ਤੋਂ ਦੂਰ ਭਜਦੇ ਸਨ। ਮੇਰੇ ਮਾਮਾ ਜੀ ਇਸ਼ਕ ਕਰਨਾ ਚਾਹੁੰਦੇ ਸਨ ਪਰ ਕਵਿਤਾ ਉਨ੍ਹਾਂ ਦੇ ਵੱਸ ਦਾ ਰੋਗ ਨਹੀਂ ਸੀ। ਮੇਰੇ ਮਾਮੇ ਦੇ ਗੇੜ ਵਿੱਚ ਇਕ ਕੁੜੀ ਆਈ ਪਰ ਉਸ ਨੂੰ ਬੋਲ ਕੇ ਕੁਝ ਕਹਿਣ ਲਈ ਬੁਲ੍ਹਾਂ ਤੇ ਇਕ ਲਫ਼ਜ਼ ਨਾ ਆਇਆ। ਇਕ ਮੀਟਿੰਗ ਦੌਰਾਨ ਉਨ੍ਹਾਂ ਸੁਰਜੀਤ ਹੁਰਾਂ ਅੱਗੇ ਮਤੇ ਦੇ ਰੂਪ ਵਿੱਚ ਆਪਣੀ ਸਮੱਸਿਆ ਰੱਖ ਦਿਤੀ। ਕਾਮਰੇਡ ਸਾਹਿਬ ਨੇ ਕੁੜੀ ਦਾ ਹੁਲੀਆ ਸਮਝਿਆ, ਕਲਪਨਾ ਨੂੰ ਹਵਾ ਦਿੱਤੀ ਤੇ ਉਨ੍ਹਾਂ ਦੀ ਕਲਮ ਚੋਂ ਕਵਿਤਾ ਦਾ ਕੜ ਪਾਟ ਗਿਆ। ਇਸ ਤੋਂ ਬਾਅਦ ਪਹਿਲੇ ਮੌਕੇ ਹੀ ਜਦ ਉਹ ਕੁੜੀ ਸਾਡੇ ਮਾਮਾ ਜੀ ਦੇ ਸਾਹਮਣੇ ਪ੍ਰਗਟ ਹੋਈ, ਉਂਨ੍ਹਾਂ ਕਵਿਤਾ ਵਾਲਾ ਇਹ ਰੁੱਕਾ ਕੁੜੀ ਦੇ ਮੂਹਰੇ ਮੁਰਗੀਆਂ ਅੱਗੇ ਚੋਗਾ ਖਿਲਾਰਨ ਵਾਂਗ ਸੁੱਟ ਦਿੱਤਾ ਤੇ ਆਪ ਸ਼ੂਟ ਵੱਟ ਗਏ। ਡਰਦੇ ਸੁਰਜੀਤ ਨੂੰ ਕਹਿੰਦੇ, ਮੈਨੂੰ ਵੀ ਕਿਤੇ ਅੰਡਰਗਰਊਂਡ ਲੈ ਜਾ, ਕੁੜੀ ਨੇ ਪਤਾ ਨਹੀਂ ਹੁਣ ਕੀ ਗੁੱਲ ਖਿੜਾਉਣੇ ਹਨ। ਬਾਅਦ ਵਿੱਚ ਇਸ ਮਾਅਰਕੇ ਦਾ ਕੀ ਹਸ਼ਰ ਹੋਇਆ, ਇਸ ਦੇ ਵੇਰਵੇ ਪ੍ਰਾਪਤ ਨਹੀਂ।
ਸਾਡੇ ਮਾਮਾ ਜੀ ਦਾ ਵਿਆਹ ਤਾਂ ਹੋ ਗਿਆ ਜਾਂ ਕਰ ਦਿੱਤਾ ਗਿਆ ਪਰ ਤੁਹਾਨੂੰ ਪਤਾ ਹੀ ਹੈ ਮਹਾਪੁਰਸ਼ਾਂ ਨੂੰ ਆਪਣੇ ਇਸ਼ਟ ਤੋਂ ਥਿੜਕਾਉਣ ਲਈ ਵਿਆਹ ਕੋਈ ਰੁਕਾਵਟ ਨਹੀਂ ਬਣਦੇ। ਸਾਡੀ ਮਾਮੀ ਜੀ ਦੀ ਕੁਖੋਂ ਤਿੰਨ ਸੰਤਾਨਾਂ ਦੀ ਉਤਪਤੀ ਹੋਈ। ਸਾਡੇ ਮਾਮਾ ਜੀ ਇਤਿਹਾਸ ਦੀ ਐਮਏ ਸਨ, ਨਾਲੇ ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦ ਇਤਿਹਾਸ ਨਾਂ ਦੇ ਭੂਤਮੁਖੀ ਵਿਸ਼ੇ ਬਾਰੇ ਹਾਰੀ ਸਾਰੀ ਨੂੰ ਕੱਖ ਗਿਆਨ ਨਹੀਂ ਸੀ। ਗ੍ਰਹਿਸਥੀ ਜੀਵਨ ਵਿੱਚ ਖਚਿਤ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੇ ਭਾਈਆ ਜੀ ਯਾਨੀ ਸਾਡੇ ਨਾਨੇ ਨੇ ਉਨ੍ਹਾਂ ਨੂੰ ਧੱਕਕੇ ਵਣ ਮਹਿਕਮੇ ਵਿੱਚ ਇੰਟਰਵਿਊ ਲਈ ਭੇਜ ਦਿੱਤਾ। ਸਿਲੈਕਟ ਹੋਣ ਪਿਛੋਂ ਵੀ ਉਨ੍ਹਾਂ ਫੌਰੈਸਟ ਰੇਂਜਰ ਦੀ ਨੌਕਰੀ ਜਾਇਨ ਨਹੀਂ ਕੀਤੀ ਕਿਉਂਕਿ ਉਹ ਜੰਗਲਾਂ ਨੂੰ ਕੱਟਣ ਦੇ ਬਰਖਿਲਾਫ ਸਨ। ਗ੍ਰਹਿਸਥੀ ਜੀਵਨ ਦੀ ਗੱਡੀ ਤੋਰਨ ਲਈ ਸਾਡੀ ਮਾਮੀ ਸਾਹਿਬਾ ਨੂੰ ਸਕੂਲ ਅਧਿਆਪਕੀ ਕਰਨੀ ਪਈ। ਦਰਅਸਲ ਸਾਡੇ ਮਾਮਾ ਜੀ ਇਨ੍ਹਾਂ ਦਿਨਾਂ ਵਿੱਚ ਆਪਣਾ ਅਰੋਗਤਾ ਮਾਰਗ ਵਿਕਸਿਤ ਕਰਨ ਤੇ ਲੱਗੇ ਹੋਏ ਸਨ। ਪਿੰਡ ਦੇ ਇਕ ਹੋਮੋਪੈਥਿਕ ਡਾਕਟਰ ਨਾਲ ਉਨ੍ਹਾਂ ਯਾਰੀ ਪਾ ਲਈ ਤੇ ਉਸ ਦੀ ਦੁਕਾਨ ਤੇ ਉਹ ਸੁਬਹ ਸ਼ਾਮ ਫੇਰੇ ਮਾਰਨ ਲੱਗੇ। ਇਸ ਡਾਕਟਰ ਦੀਆਂ ਆਪਣੀਆਂ ਲੱਤਾਂ ਗਠੀਏ ਕਾਰਨ ਜਿੜੀਆਂ ਰਹਿੰਦੀਆਂ ਸਨ ਜਿਸ ਕਰਕੇ ਉਹ ਕੁਰਸੀ ਤੋਂ ਉਠਕੇ ਮਰੀਜ਼ ਨੂੰ ਨਹੀਂ ਸੀ ਦੇਖ ਸਕਦਾ।
ਇਸ ਡਾਕਟਰ ਦੀ ਚੌਕੀ ਭਰਨ ਦਾ ਨਤੀਜਾ ਇਹ ਹੋਇਆ ਕਿ ਇਕ ਦਿਨ ਪਿੰਡ ਦੇ ਲੋਕਾਂ ਨੇ ਸਾਡੇ ਮਾਮੇ ਦੇ ਹੱਥ ਵਿੱਚ ਇਕ ਸੰਦੂਕੜੀ ਦੇਖੀ ਜਿਸ ਦੇ ਖਾਨਿਆਂ ਵਿੱਚ ਹੋਮੋਪੈਥੀ ਦੀਆਂ ਗੋਲੀਆਂ ਨਾਲ ਭਰੀਆਂ ਬੇਸ਼ੁਮਾਰ ਸ਼ੀਸ਼ੀਆਂ ਜੜੀਆਂ ਹੋਈਆਂ ਸਨ। ਸਾਡੇ ਦੂਜੇ ਥਾਂ ਦੇ ਉਨ੍ਹਾਂ ਤੋਂ ਛੋਟੇ ਮਾਮੇ ਨੇ ਸਾਨੂੰ ਇਸ ਦੌਰ ਦੀ ਇਕ ਗੱਲ ਸੁਣਾਈ। ਪਿੰਡ ਦੇ ਇਕ ਨਾਈ ਦੇ ਘਰ ਸੱਤਵਾਂ ਬੱਚਾ ਹੋਇਆ। ਮੁੰਡੇ ਨੂੰ ਇਕ ਦਿਨ ਟੱਟੀਆਂ ਲੱਗ ਗਈਆਂ। ਉਨ੍ਹਾਂ ਬਥੇਰੇ ਓਹੜ ਪੋਹੜ ਕੀਤੇ ਪਰ ਟੱਟੀਆਂ ਨੇ ਆਪਣੀ ਆਈ ਨਾ ਛੱਡੀ। ਅਚਾਨਕ ਇਕ ਦਿਨ ਉਸਨੂੰ ਸੰਦੂਕੜੀ ਚੁੱਕੀ ਸਾਡਾ ਮਾਮਾ ਗਲੀ ਵਿੱਚ ਟੱਕਰ ਪਿਆ। ਨਾਈ ਨੇ ਆਪਣੇ ਮੁੰਡੇ ਦੀ ਬੀਮਾਰੀ ਦੱਸੀ। ਸਾਡੇ ਮਾਮਾ ਜੀ ਨੇ ਫਟਾਫੱਟ ਪੱਟਾਂ ਤੇ ਸੰਦੂਕੜੀ ਰੱਖ ਨਕਸ-ਵੋਮਿਕਾ ਇਕ ਲੱਖ ਸ਼ਕਤੀ ਵਾਲੇ ਪਾਊਡਰ, ਜਿਸ ਨੂੰ ਉਹ ਅਰਜਣ ਬਾਣ ਕਹਿੰਦੇ ਸਨ, ਦੀਆਂ ਪੁੜੀਆਂ ਬਣਾ ਕੇ ਨਾਈ ਨੂੰ ਫੜਾ ਦਿੱਤੀਆਂ ਤੇ ਹਦਾਇਤ ਕਰ ਦਿੱਤੀ ਕਿ ਪਊਡਰ ਨੂੰ ਹੱਥ ਨਹੀਂ ਲਾਉਣਾ ਨਹੀਂ ਤਾਂ ਇਸਦਾ ਅਸਰ ਉੜ ਜਾਣਾ ਹੈ: ਚਾਰ ਚਾਰ ਘੰਟੇ ਪਿਛੋਂ ਇਕ ਪੁੜੀ ਸਿਧੀ ਬੱਚੇ ਦੇ ਮੂੰਹ ਵਿੱਚ ਖ੍ਹੋæਲ ਦੇਣੀ ਹੈ। ਫਿਰ ਜਿਵੇਂ ਸਾਡੇ ਛੋਟੇ ਮਾਮੇ ਨੇ ਦੱਸਿਆ, ਮੁੰਡਾ ਤਾਂ ਪ੍ਰਲੋਕ ਸਿਧਾਰ ਗਿਆ ਪਰ ਜਿਉਂਦੇ ਜੀਅ ਉਸਨੂੰ ਟੱਟੀ ਨਹੀਂ ਆਈ। ਸ਼ਾਇਦ ਨਾਈ ਦਾ ਪਊਡਰ ਨੂੰ ਹੱਥ ਲੱਗ ਗਿਆ ਸੀ; ਨਾਲੇ ਜਿਉਂਦਾ ਰੱਖਣਾ ਤਾਂ ਰੱਬ ਦੇ ਹੱਥ ਵੱਸ ਸੀ। ਤਦਉਪਰੰਤ ਵੀ ਨਾਈ ਸਾਡੇ ਮਾਮੇ ਨੂੰ ਹੱਸਕੇ ਮਿਲਦਾ ਰਿਹਾ ਤੇ ਉਸੇ ਤਰਾਂ ਡਾਕਟਰ ਮੰਨਦਾ ਰਿਹਾ ਸੀ, ਉਸਦੇ ਬਥੇਰੇ ਪੁੱਤਰ ਬਚੇ ਪਏ ਸਨ।
ਇਕ ਗੱਲ ਮੈਂ ਤੁਹਾਨੂੰ ਰਾਜ਼ ਦੀ ਦੱਸਣ ਲੱਗਾ ਹਾਂ ਜਿਸ ਦਾ ਰਹੱਸ-ਉਦਘਾਟਨ ਮੇਰੇ ਲਈ ਵੀ ਪਿਛੇ ਜਿਹੇ ਹੀ ਹੋਇਆ। ਮੇਰੇ ਸਾਕ ਸਬੰਧੀਆਂ ਤੇ ਘਰ ਦਿਆਂ ਨੇ ਮੈਨੂੰ ਸਭ ਤੋਂ ਛੋਟਾ ਸਮਝਦਿਆਂ ਤੇ ਇਹ ਵਿਚਾਰ ਕੇ ਕਿ ਮੇਰੇ ਭੋਲੇ ਮਨ ਤੇ ਇਸ ਭੇਤ ਦਾ ਕੋਈ ਬੁਰਾ ਪ੍ਰਭਾਵ ਨਾ ਪਵੇ, ਮੈਥੋਂ ਛੁਪਾਈ ਰੱਖਿਆ। ਦਰਅਸਲ ਮੇਰੇ ਮਾਮਾ ਜੀ Ḕਤੇ ਘਰ ਵਲੋਂ ਕਿਸੇ ਆਹਰੇ ਲੱਗਣ ਦਾ ਬਹੁਤ ਦਬਾਅ ਸੀ। ਇਸ ਦਬਾਅ ਹੇਠਾਂ ਆ ਕੇ ਉਨ੍ਹਾਂ ਬਹੁਤ ਸਾਰਾ ਧਨ ਘਰੋਂ ਲੈ ਕੇ ਕਮਾਈਆਂ ਕਰਨ ਲਈ ਆਪਣੇ ਇਕ ਦੋਸਤ ਅਵਤਾਰ ਕੋਲ ਬੰਬਈ ਜਾ ਡੇਰੇ ਲਾਏ। ਉਥੇ ਉਨ੍ਹਾਂ ਪਹਿਲਾਂ ਤਾਂ ਬਲੇਡ ਬਣਾਉਣ ਦਾ ਕਾਰਖਾਨਾ ਲਾਇਆ ਪਰ ਚੱਲਿਆ ਨਾ ਤੇ ਕੁਝ ਘਾਟਾ ਖਾਧਾ। ਕਿਸੇ ਨੇ ਦੱਸਿਆ ਕਿ ਦੇਸ਼ ਦੀ ਆਬਾਦੀ ਵਧ ਰਹੀ ਹੈ, ਨਿਰੋਧਾਂ ਦੇ ਕਾਰੋਬਾਰ ਦਾ ਭਵਿਖ ਉਜਲਾ ਹੈ। ਸਾਡੇ ਮਾਮਾ ਜੀ ਨੇ ਬਹੁਤ ਸਾਰੀ ਪੂੰਜੀ ਨਿਰੋਧ-ਉਤਪਾਦਨ ਤੇ ਲਾ ਦਿੱਤੀ ਤੇ ਪਿੰਡ ਵਿੱਚ ਧੁੰਮਾ ਦਿੱਤਾ ਕਿ ਉਹ ਭੂੰਪੜੇ (ਗੁਬਾਰੇ) ਬਣਾ ਰਹੇ ਹਨ। ਇਕ ਵਾਰੀ ਪਿੰਡ ਆਉਣਾ ਸੀ ਤਾਂ ਉਹ ਗਲੀ ਦੇ ਬੱਚਿਆਂ ਲਈ ਬੰਬਈ ਤੋਂ ਬਹੁਤ ਸਾਰੇ ਭੂੰਪੜੇ ਖਰੀਦਕੇ ਲੈ ਆਏ ਪਰ ਨਾਲ ਹੀ ਭੁਲੇਖੇ ਨਾਲ ਇਕ ਨਿਰੋਧ ਵੀ ਆ ਗਿਆ। ਉਨਾਂ੍ਹ ਦਾ ਬਚਾਅ ਹੋ ਗਿਆ, ਸਭ ਲੋਕਾਂ ਨੇ ਸਮਝਿਆ ਇਹ ਕੋਈ ਨਵੀਂ ਕਿਸਮ ਦਾ ਬੰਬਈਆ ਗੁਬਾਰਾ ਹੈ।
ਪਰ ਬੰਬਈ ਵਿੱਚ ਪੁੱਜੇ ਹੋਏ ਮਾਰਵਾੜੀਏ ਕਿਥੇ ਪੈਰ ਲੱਗਣ ਦਿੰਦੇ ਸਨ, ਨਾਲੇ ਸਾਡੇ ਮਾਮਾ ਜੀ ਤਾਂ ਅਵਤਾਰ ਨੂੰ ਲੈ ਕੇ ਸਾਰਾ ਸਾਰਾ ਦਿਨ ਮੁਜਰਾ ਹੀ ਦੇਖਦੇ ਰਹਿੰਦੇ ਸਨ। ਅਖੀਰ ਹਜ਼ਾਰਾਂ ਨੋਟਾਂ ਨੂੰ ਫੂਕ ਮਾਰਕੇ ਉਡਾਉਣ ਪਿਛੋਂ ਸਾਡੇ ਮਾਮਾ ਜੀ ਸਿਧੇ ਹੀ ਯੂਕੇ ਦੇ ਸ਼ਿਪ ਵਿੱਚ ਚੜ੍ਹ ਗਏ। ਇਸ ਦੇਸ਼ ਵਿੱਚ ਉਨ੍ਹਾਂ ਨੂੰ ਅਨੁਭਵ ਦੇ ਹੋਰ ਮੌਕੇ ਮਿਲੇ ਤੇ ਅਰੋਗਤਾ ਮਾਰਗ ਨੂੰ ਜਾਂਦੀਆਂ ਕਈ ਹੋਰ ਕੁੰਜ ਗਲੀਆਂ ਦਿਸੀਆਂ। ਇਸ ਤਰਾਂ ਉਹ ਸਾਰੀ ਉਮਰ ਆਪਣੇ ਦਰਸ਼ਨ ਵਿੱਚ ਨਵੇਂ ਤੋਂ ਨਵੇਂ ਹਾਸਿਲ ਹੋਏ ਤਜਰਬਿਆਂ ਨੂੰ ਸਮੋਂਦੇ ਰਹੇ। ਪਰ ਏਥੇ ਉਨ੍ਹਾਂ ਨੂੰ ਰੋਟੀ ਰੋਜ਼ੀ ਦੀ ਖਾਤਿਰ ਬਹੁਤ ਝੱਖ ਮਾਰਨੀ ਪਈ। ਕੁਝ ਸਮਾਂ ਤਾਂ ਇਸ ਮਾਰਗ ਨੂੰ ਤਿਆਗਣਾ ਹੀ ਪਿਆ। ਟੁੱਟੜ ਜਿਹੀ ਕਾਰ ਲਈ, ਚੱਕਰਵਰਤੀ ਦੰਦਸਾਜ਼ਾਂ ਵਰਗਾ ਸੂਟਕੇਸ ਚੁੱਕੀ, ਉਹ ਘਰ ਘਰ ਟਾਈਆਂ, ਹੌਜ਼ਰੀ ਦਾ ਸਮਾਨ, ਕੱਛੇ ਕੱਛੀਆਂ ਤੇ ਅਜੇਹਾ ਹੋਰ ਨਿਕਸੁਕ ਡੱਗੀ ਵਾਲਿਆ ਵਾਂਗ ਵੇਚਦੇ ਫਿਰਦੇ। ਮੇਮਾਂ ਘਰ 'ਚ ਕੱਲੀਆਂ ਹੁੰਦੀਆਂ, ਉਨ੍ਹਾਂ ਦੇ ਮਰਦ ਕੰਮਾਂ ਤੇ ਗਏ ਹੁੰਦੇ। ਸਾਡੇ ਮਾਮੇ ਨੇ ਭਾਵੇਂ ਸਾਰਾ ਜੀਵਨ ਤੰਦਰੁਸਤੀ ਕਾਇਮ ਕਰਨ ਦੇ ਲੇਖੇ ਲਾਇਆ ਪਰ ਉਹ ਸੂਟਕੇਸ ਕਾਰ ਚੋਂ ਕੱਢਣ ਲੱਗੇ ਹਫ਼ ਜਾਂਦੇ। ਜਦ ਕੋਈ ਮੇਮ ਉਨ੍ਹਾਂ ਨੂੰ ਆਪਣੇ ਘਰ ਬਿਠਾ ਲੈਂਦੀ ਤਾਂ ਉਹ ਸੂਟਕੇਸ ਰਖਾਉਣ ਵਿੱਚ ਉਨਾਂ੍ਹ ਦੀ ਮੱਦਦ ਕਰਦੀ। ਫਿਰ ਸਾਡੇ ਮਾਮਾ ਜੀ ਦੇ ਜਿਸਮ ਦੀ ਚੌੜਾਈ, ਉਚਾਈ ਤੇ ਮੁਟਾਈ ਤੇ ਤਰਸ ਖਾਕੇ ਉਹ ਕੋਈ ਨਾ ਕੋਈ ਟਾਈ ਖਰੀਦ ਲੈਂਦੀ। ਮਾਮਾ ਜੀ ਦਾ ਇਕ ਉਪ ਸਿਧਾਂਤ ਹੈ ਕਿ ਤੰਦਰੁਸਤੀ ਦਾ ਭਾਵ ਜੁੱਸੇ ਦਾ ਤਕੜਾ ਤੇ ਕੱਦ-ਕਾਠੀ ਹੋਣਾ ਨਹੀਂ ਬਲਕਿ ਰੋਗਰਹਿਤ ਹੋਣਾ ਹੁੰਦਾ ਹੈ। ਉਹ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਕਸਰਤਾਂ ਜਿਵੇਂ ਡੰਡ ਬੈਠਕਾਂ, ਮੂੰਗਲੀਆਂ ਫੇਰਨਾ, ਭਲਵਾਨੀ ਕਰਨਾ, ਕਬੱਡੀ ਖੇਲਣਾ, ਦੌੜਾਂ ਲਾਉਣਾ ਆਦਿ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ। ਉਹ ਤਾਂ ਬਹੁਤਾ ਸੈਰ ਕਰਨ ਦੇ ਵੀ ਸਿਧਾਂਤਕ ਤੌਰ ਤੇ ਵਿਰੁਧ ਸਨ। ਉਹ ਸਰੀਰ ਦੇ ਦੌੜਦੇ ਫਿਰਨ ਦੇ ਕਾਇਲ ਨਹੀਂ ਸਨ। ਮਾਲਸ਼ਾਂ ਕਰਕੇ ਧੁਪੇ ਲੇਟੇ ਰਹਿਣਾ ਉਨ੍ਹਾਂ ਦੀ ਮਨ ਭਾਉਂਦੀ ਵਰਜ਼ਿਸ਼ ਸੀ। ਉਮਰ ਦੇ ਆਖਰੀ ਦਹਾਕੇ ਵਿੱਚ ਜਦ ਉਹ ਯੋਗਾ ਤੋਂ ਪ੍ਰਭਾਵਤ ਹੋਏ ਤਾਂ ਉਨਾਂ ਦੇ ਇਨਾਂ ਵਿਚਾਰਾਂ ਨੂੰ ਠੋਸ ਪੁਸ਼ਟੀ ਮਿਲੀ।