ਵਿਅੰਗ
ਤਿੰਨ ਖੋਖਿਆਂ ਦੀ ਸੁਪਰਵਾਈਜ਼ਰ
ਬਲਜੀਤ ਬਾਸੀ
ਉਸਦੇ ਸਾਰੇ ਕਰੀਬੀ, ਉਸਦਾ ਲੜਕਾ, ਪਤੀ ਤੇ ਉਸਦੇ ਵਾਕਿਫ਼ਕਾਰ ਉਸਨੂੰ ਸੁਪਰਵਾਈਜ਼ਰ ਕਹਿ ਕੇ ਬੁਲਾਉਂਦੇ ਹਨ। ਉਸਦਾ ਠੋਸ ਪੰਜਾਬੀ ਨਾਂ ਪਰਮਾਤਮਾ ਪ੍ਰਤੀ ਸਾਡੇ ਫ਼ਰਜ਼ਾਂ ਦੀ ਯਾਦ ਦਿਵਾਉਂਦਾ ਹੈ। ਭਜਨੋ ਦੀ ਉਮਰ ਮਰਕੇ ਅੱਧੀ ਸਦੀ ਦੇ ਬਰਾਬਰ ਹੈ। ਉਸਦਾ ਕੱਦ ਆਮ ਔਰਤ ਜਿੰਨਾ ਹੈ, ਸਰੀਰ ਫੁੱਲਵਾਂ, ਮੂੰਹ ਵਿੱਚ ਦਿਸਣ ਨੂੰ ਢਾਈ ਦੰਦ ਹਨ ਤੇ ਢਾਈ ਹੀ ਸ਼ਾਇਦ ਹੋਰ ਪਿੱਛੇ ਖਾਣ ਵਾਲੇ ਹਨ। ਉਸਦੀਆਂ ਅੱਖਾਂ ਕੁਝ ਚੁੰਨ੍ਹੀਆਂ ਜਾਪਦੀਆਂ ਹਨ ਜਿਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸ਼ਾਇਦ ਉਸਦੀ ਜੋਤ ਕਮਜ਼ੋਰ ਹੋਣ ਕਾਰਨ ਉਸ ਨੂੰ ਅੱਖਾਂ ਤੇ ਜ਼ੋਰ ਪਾਉਣਾ ਪੈ ਰਿਹਾ ਹੈ।
ਉਹ ਸ਼ਾਇਦ ਦੁਨੀਆ ਦੀ ਸਭ ਤੋਂ ਧੜੱਲੇਦਾਰ, ਧੱਕੜ ਤੇ ਧਮਾਕਾਖੇਜ਼ ਔਰਤ ਹੈ। ਉਹ ਜਦ ਸੜਕ ਤੇ ਕਾਰ ਚਲਾ ਰਹੀ ਹੁੰਦੀ ਹੈ ਤਾਂ ਕਿਸੇ ਹੋਰ ਵਾਹਨ ਨੂੰ ਸੜਕ ਤੇ ਉਤਰਨ ਦੀ ਜ਼ਰੂਰਤ ਨਹੀਂ। ੳਸਦੇ ਖੱਬੇ ਸੱਜੇ, ਅੱਗੇ ਪਿੱਛੇ ਚੱਲ ਰਹੀ ਟਰੈਫਿਕ ਆਪਣਾ ਸਥਾਨ ਛੱਡਕੇ ਕਿਧਰੇ ਛਪਨ ਹੋ ਜਾਂਦੀ ਹੈ। ਜਦ ਕਾਰ ਵਿਚੋਂ ਬਾਹਰ ਮੂੰਹ ਕੱਢਕੇ ਉਹ "ਮਾਮਿਆਂ ਨੰਘਣ ਦਿਨੀਂ ਤੈਨੂੰ" ਉਚਾਰਦੀ ਹੈ ਤਾਂ ਪਿੱਛੇ ਆ ਰਹੀ ਪੋਲੀਸ ਆਪਣਾ ਵਾਹਣ ਚੁੱਪ-ਚੁਪੀਤੇ ਸ਼ੋਲਡਰ ਤੇ ਲਾ ਲੈਂਦੀ ਹੈ। ਸੜਕ ਤੇ ਗ਼ਲਤੀ ਨਾਲ਼ ਆ ਗਿਆ ਹਿਰਨ ਭੱਜਣ ਨਾਲੋਂ ਉਥੇ ਹੀ ਜਾਨ ਦੀ ਅਹੂਤੀ ਦੇਣ ਨੂੰ ਤਰਜੀਹ ਦਿੰਦਾ ਹੈ। ਸਾਰੀ ਸੜਕ ਉਸਦੇ ਅੱਗੇ ਵਿਛੀ ਹੁੰਦੀ ਹੈ, ਸਾਰੇ ਮਾਰਗ ਦਰਸ਼ਕ, ਸਾਰੀਆ ਨਿਸ਼ਾਨੀਆਂ, ਮੀਲ ਪੱਥਰ, ਲੇਨਾਂ, ਲਾਈਟਾਂ ਮੂਕ ਝਾਕ ਰਹੇ ਹੁੰਦੇ ਹਨ। ਉਸਨੂੰ ਕਿਸੇ ਮਾਰਗ ਦਰਸ਼ਨ ਦੀ ਕਤਈ ਲੋੜ ਨਹੀਂ। ਲਾਲ ਬੱਤੀਆਂ ਉਸਨੂੰ ਦੇਖਦਿਆਂ ਹਰੀਆਂ ਹੋ ਜਾਂਦੀਆਂ ਹਨ, ਸ਼ੰਕੂ ਰੁੜ੍ਹਨ ਲਗਦੇ ਹਨ। ਉਹ ਜਿਸ ਮਰਜ਼ੀ ਲੇਨ ਤੇ ਚੜ੍ਹ ਉਤਰ ਸਕਦੀ ਹੈ, ਜਦੋਂ ਚਾਹੇ ਜਿਥੇ ਚਾਹੇ ਯੂ-ਟਰਨ ਲੈ ਸਕਦੀ ਹੈ, ਐਗਜ਼ਿਟ ਤੋਂ ਫਰੀਵੇਅ ਵੜ ਸਕਦੀ ਹੈ ਤੇ ਐਂਟਰੈਨਸ ਤੋਂ ਫਰੀਵੇਅ ਦੇ ਬਾਹਰ ਨਿੱਕਲ ਸਕਦੀ ਹੈ।
ਉਸਨੇ ਆਪਣੇ ਪੂਰਵ-ਵਰਤੀ ਦੇਸ਼ ਵਿਚ ਢਾਈ ਅੱਖਰ ਪੰਜਾਬੀ ਦੇ ਪੜ੍ਹੇ ਸਨ ਤੇ ਵਰਤਮਾਨ ਦੇਸ਼ ਵਿਚ ਅਮਰੀਕੀ ਅੰਗਰੇਜ਼ੀ ਦੇ ਸਾਰੇ ਅੱਖਰ ਸੁਣੇ ਹਨ। ਇਸੇ ਲਈ ਉਹ ਹਮਾਤੜਾਂ ਤੋਂ ਉਲਟ ਫੌਰਟੀ ਨੂੰ ਫ਼ੌਰਡੀ ਤੇ ਮਾਲ ਨੂੰ ਮੌਲ ਕਹਿੰਦੀ ਹੈ। ਆਪਣੇ ਵਿਵਹਾਰ ਵਿੱਚ ਉਹ ਮੌਕੇ ਅਨੁਸਾਰ ਅੰਗਰੇਜ਼ੀ, ਪੰਜਾਬੀ ਜਾਂ ਇਨ੍ਹਾਂ ਦੇ ਮਿਲਗੋਭੇ ਤੋਂ ਕੰਮ ਚਲਾਉਂਦੀ ਹੈ ਜਿਵੇਂ ਅਸੀਂ ਪਿੱਛੇ ਪੁਲਸ ਨਾਲ਼ ਉਸਦੇ ਸੰਬੋਧਨ ਤੋਂ ਦੇਖ ਚੁੱਕੇ ਹਾਂ। ਉਹ ਹਮੇਸ਼ਾ ਸੱਤਵੇਂ ਸੁਰ ਵਿੱਚ ਬੋਲਦੀ ਹੈ, ਉਸਦੀ ਆਵਾਜ਼ ਸੱਤ ਘਰ ਪਰੇ ਗੋਰੇ ਘਰਾਂ ਵਿੱਚ ਸੁਣਾਈ ਦਿੰਦੀ ਹੈ ਜੋ ਹੁਣ ਇਸ ਨੂੰ ਘਰ ਵਾਲੀ ਗੱਲ ਹੀ ਸਮਝਣ ਲੱਗ ਪਏ ਹਨ। ਉਹ ਜਦ ਬੋਲਣਾ ਸ਼ੁਰੂ ਕਰਦੀ ਹੈ ਤਾਂ ਦੇਖਣਾ ਬੰਦ ਕਰ ਦਿੰਦੀ ਹੈ ਕਿਉਂਕਿ ਉਥੇ ਸੁਣਨ ਵਾਲਾ ਰਿਹਾ ਹੀ ਕੋਈ ਨਹੀਂ ਹੁੰਦਾ।
ਗੱਟੂ ਜਿਹਾ ਚਾਪੜ-ਮੂੰਹਾਂ ਉਸਦਾ ਪਤੀ ਪੂਰੀ ਠੰਡ ਦਾ ਪ੍ਰਭਾਵ ਦਿੰਦਾ ਹੈ ਜਿਸ ਤੋਂ ਕੁਦਰਤੀ ਤੌਰ ਤੇ ਅਨੁਮਾਨ ਲਗਦਾ ਹੈ ਕਿ ਇਸ ਸ਼ਖ਼ਸ ਦਾ ਨਾਂ ਜ਼ਰੂਰ ਸੀਤਲ ਪ੍ਰਸ਼ਾਦ ਹੈ ਤੇ ਜੇ ਕੋਈ ਹੋਰ ਹੈ ਤਾਂ ਜ਼ਰੂਰ ਕੋਈ ਕਾਗ਼ਜ਼ੀ ਹੇਰਾਫੇਰੀ ਹੈ। ਪਰ ਇਸ ਸ਼ਖ਼ਸ ਦਾ ਅੰਦਰਲਾ ਬਹੁਤ ਕਰੜਾ, ਮਜ਼ਬੂਤ ਤੇ ਪਾਏਦਾਰ ਹੈ। ਉਸਦੀ ਹਿਲਦੀ ਜੀਭ ਤੋਂ ਕਦੀ ਕਦੀ ਕਈ ਸ਼ਬਦ ਉਚਰਦੇ ਪ੍ਰਤੀਤ ਹੁੰਦੇ ਹਨ ਪਰ ਉਹ ਸਾਰੇ ਸੁਣਾਈ ਨਹੀਂ ਦਿੰਦੇ। ਉਸਦਾ ਮਿਹਦਾ ਸਖ਼ਤ, ਜਿਗਰਾ ਪਹਾੜ ਜਿੱਡਾ ਤੇ ਗੁਰਦਾ ਕਾਇਮ ਹੈ ਬਾਵਜੂਦ ਇਸ ਗੱਲ ਦੇ ਕਿ ਉਹ ਸਵੇਰ ਤੋਂ ਲਿਵਿੰਗ ਰੂਮ ‘ਚ ਡਾਹੇ ਨਿੱਕੇ ਮੇਜ਼ ਤੇ ਵੀਓ ਦਾ ਘੜਾ ਰੱਖਕੇ ਪੀਣੀ ਸ਼ੁਰੂ ਕਰ ਦਿੰਦਾ ਹੈ। ਉਸਨੂੰ ਚੜ੍ਹੀ ਲੱਥੀ ਦਾ ਕੁਝ ਪਤਾ ਨਹੀਂ ਲਗਦਾ।
ਇਸ ਜੋੜੀ ਨੇ ਕਿਸੇ ਸੁਲੱਖਣੀ ਘੜੀ ਮਿਲਾਪ ਕਰਕੇ ਇਕ ਸੰਤਾਨ ਦੀ ਉਤਪਤੀ ਕਰ ਦਿੱਤੀ। ਲੜਕੇ ਵਿੱਚ ਸ਼ਕਲ-ਸੂਰਤ ਦੇ ਪੱਖ ਤੋਂ ਦੋਨੋਂ ਉਤਪਾਦਕਾਂ ਦੇ ਗੁਣ ਵਿਦਮਾਨ ਹਨ ਯਾਨੀ ਪਿਤਾ ਵਾਂਗ ਦੰਦ ਪੂਰੇ ਹਨ, ਗਰਦਨ ਗ਼ਾਇਬ ਹੈ, ਨੱਕ ਫੀਨਾ ਹੈ ਤੇ ਮੱਥਾ ਚੌੜਾ ਹੈ ਪਰ ਮਾਂ ਜਿਹੀ ਦਰਮਿਆਨੀ ਲੰਬਾਈ, ਚੁੰਨ੍ਹੀਆਂ ਅੱਖਾਂ ਤੇ ਫੁੱਲਵਾਂ ਸਰੀਰ ਹੈ। ਪਰ ਬੌਧਿਕ ਤੇ ਮਾਨਸਿਕ ਤੌਰ ਤੇ ਉਸਨੇ ਵਿਕਾਸ ਦਾ ਸਬੂਤ ਦਿੱਤਾ ਹੈ। ਉਹ ਜ਼ਹੀਨ, ਸੁਤੰਤਰ ਤੇ ਮਾਂ-ਮਸ਼ਕਰਾ ਹੈ ਤੇ ਉਸਦੀ ਜੀਭ ਉਤੇ ਸ਼ਬਦਾਂ ਦੀ ਆਵਾਜ਼ ਭੁੜਕਦੀ ਫਿਰਦੀ ਹੈ। ਕਈ ਲੋਕ ਕਹਿੰਦੇ ਹਨ ਕਿ ਉਹ ਕੇਵਲ ਮਾਂ ਦੇ ਕਹੇ ਲਗਦਾ ਹੈ ਪਰ ਹਕੀਕਤ ਇਹ ਹੈ ਕਿ ਪਿਉ ਨੇ ਉਸਨੂੰ ਕਦੇ ਕੋਈ ਕੰਮ ਕਿਹਾ ਹੀ ਨਹੀਂ। ਪਿਅੱਕੜ ਪਿਉ ਲਈ ਕੁਰਬਾਨੀ ਕਰਦਿਆਂ ਉਹ ਆਪਣੀ ਪੜ੍ਹਾਈ ਛੱਡਕੇ ਨਾਲ ਦੇ ਵੱਡੇ ਸ਼ਹਿਰ ਦੇ ਇਕ ਕਾਰਖਾਨੇ ਫੋਰਕ ਲਿਫਟ ਦੀ ਡਰਾਈਵਰੀ ਕਰਨ ਲਗ ਪਿਆ। ਉਹ ਸਾਰੀ ਸਾਰੀ ਰਾਤ ਕਾਰਖਾਨੇ ਦਾ ਮਾਲ ਏਧਰ ਉਧਰ ਘੁਕਾਈ ਫਿਰਦਾ ਰਹਿੰਦਾ ਹੈ। ਉਹ ਪਿਉ ਨੂੰ ਵੀ ਘਰ ਦਾ ਜੀਵ ਸਮਝਦਾ ਹੈ ਤੇ ਉਸ ਨਾਲ ਇਸ ਗੱਲੇ ਸਹਿਮਤ ਹੈ ਕਿ ਇਸ ਘਰ ਵਿਚ ਸਾਰੀ ਦੇਣ ਮਾਂ ਦੀ ਹੀ ਹੈ ਤੇ ਉਨ੍ਹਾਂ ਦੋਵਾਂ ਜੀਆਂ ਦਾ ਦੁਨੀਆਂ ਵਿਚ ਕੋਈ ਬਹੁਤਾ ਕੰਮ ਨਹੀਂ। ਪਿਉ- ਪੁੱਤ ਨੇ ਪਹਿਲਾਂ ਇਸ ਦੇਸ਼ ਦੀਆ ਬਹੁਤ ਸਾਰੀਆਂ ਕੰਪਨੀਆਂ ਵਿੱਚ ਕੰਮ ਕਰਕੇ ਦੇਖਿਆ ਹੋਇਆ ਹੈ,ਇਸ ਲਈ ਉਨ੍ਹਾਂ ਨੂੰ ਸੁਪਰਵਾਈਜ਼ਰ ਦੀ ਸ਼ਕਤੀ ਦਾ ਪਤਾ ਸੀ। ਉਨ੍ਹਾਂ ਇਹ ਸ਼ਕਤੀ ਭਜਨੋ ਵਿਚ ਮਹਿਸੂਸ ਕੀਤੀ ਤਾਂ ਇਸਦਾ ਉਪਯੁਕਤ ਨਾਂ ਸੁਪਰਵਾਈਜ਼ਰ ਚਲਾ ਦਿੱਤਾ।
Next...