ਪੜਤਾਲ
ਪੰਜਾਬੀ ਸੂਫ਼ੀ ਕਵਿਤਾ ਦੀ ਰਮਜ਼
ਡਾ. ਸੁਖਦੇਵ ਸਿੰਘ
ਮੱਧਕਾਲੀਨ ਭਾਰਤੀ ਸਮਾਜ ਨੂੰ ਨਵੀਂ ਰੰਗਤ ਦੇਣ ਵਿਚ ਸੂਫ਼ੀ ਅਤੇ ਭਗਤੀ ਲਹਿਰ ਦਾ ਮਹੱਤਵਪੂਰਨ ਯੋਗਦਾਨ ਹੈ। ਭਾਰਤੀ ਅਤੇ ਸਾਮੀ ਸਭਿਆਚਾਰਾਂ ਦੇ ਆਪਸੀ ਟਕਰਾਉ, ਸੰਵਾਦ ਅਤੇ ਸੁਮੇਲ ਨਾਲ ਜਿਹੜੀ ਨਵੀਂ ਸਥਿਤੀ ਪੈਦਾ ਹੋਈ, ਉਸ ਦੇ ਫ਼ਲਸਰੂਪ ਭਾਰਤੀ ਸਮਾਜ ਬਹੁਲਤਾਵਾਦੀ ਸਰੂਪ ਧਾਰਨ ਕਰਦਾ ਹੈ। ਦੋ ਅਸਲੋਂ ਵੱਖਰੇ ਸਭਿਆਚਾਰਾਂ ਦੇ ਸੰਵਾਦ ਤੇ ਸੁਮੇਲ ਦੀ ਪ੍ਰਕਿਰਿਆ ਦੇ ਸਿੱਟੇ ਵਜੋਂ ਨਾ ਕੇਵਲ ਭਾਰਤ ਦੀ ਸਮਾਜਕ-ਸਰੰਚਨਾ ਅਤੇ ਮਾਨਸਿਕਤਾ ਵਿਚ ਪਰਿਵਰਤਨ ਵਾਪਰੇ, ਸਗੋਂ ਸਾਡੇ ਦਰਸ਼ਨ, ਧਾਰਮਿਕ ਚਿੰਤਨ, ਕਲਾਵਾਂ ਅਤੇ ਭਾਸ਼ਾਵਾਂ ਉਪਰ ਦੂਰ-ਰਸ ਪ੍ਰਭਾਵ ਪੈਣੇ ਸ਼ੁਰੂ ਹੋਏ। ਸੂਫ਼ੀਆਂ, ਭਗਤਾਂ/ਸੰਤਾਂ ਤੇ ਸਿੱਖ ਗੁਰੂ ਸਾਹਿਬਾਨ ਦੀ ਉਦਾਰਵਾਦੀ ਤੇ ਸੁਲਹ-ਕੁਨ ਨੀਤੀ ਕਾਰਣ ਦੋ ਅਸਲੋਂ ਓਪਰੇ ਸਭਿਆਚਾਰ ਟਕਰਾਉ ਦੀ ਥਾਂ ਸੰਵਾਦ ਤੇ ਸੁਮੇਲ ਦੀ ਸਥਿਤੀ ਵਿਚ ਆਏ। ਭਾਰਤੀ ਸਮਾਜ ਅੰਦਰ ਸਭਿਆਚਾਰਕ ਪੁਨਰ-ਜਾਗਰਣ ਦਾ ਜਿਹੜਾ ਨਵਾਂ ਦੌਰ ਸ਼ੁਰੂ ਹੋਇਆ ਉਸ ਵਿਚ ਸੂਫ਼ੀ, ਭਗਤ ਤੇ ਗੁਰੂ ਸਾਹਿਬਾਨ ਪੇਸ਼-ਪੇਸ਼ ਸਨ। ਇਸਲਾਮ ਵਿਚ ਅਕੀਦੇ ਦੀ ਸਾਂਝ ਦੇ ਬਾਵਜੂਦ ਸੂਫ਼ੀ ਦਰਵੇਸ਼ ਤੁਰਕ ਅਤੇ ਮੁਗਲ ਹਾਕਮਾਂ ਨਾਲੋਂ ਭਾਰਤੀ ਜਨ-ਮਾਨਸ ਦੇ ਵਧੇਰੇ ਨੇੜੇ ਰਹੇ।
ਪੰਜਾਬੀ ਸੂਫ਼ੀ ਕਵਿਤਾ ਦੇ ਵਿਲੱਖਣ ਸਾਰ ਨੂੰ ਸਮਝਣ ਲਈ ਸੂਫ਼ੀ ਲਹਿਰ ਦੇ ਇਤਿਹਾਸਕ ਵਿਕਾਸ, ਭਾਰਤ ਵਿਚ ਇਸਲਾਮ ਦੇ ਪ੍ਰਵੇਸ਼ ਤੇ ਇਸ ਦੇ ਸਿੱਟੇ ਵਜੋਂ ਪੈਦਾ ਹੋਈ ਸਭਿਆਚਾਰਕ ਸੰਵਾਦ ਦੀ ਸਥਿਤੀ, ਭਾਰਤੀ ਖਿੱਤੇ ਵਿਚ ਇਸਲਾਮ ਅਤੇ ਸੂਫ਼ੀ ਮੱਤ ਦੇ ਆਪਸੀ ਰਿਸ਼ਤੇ, ਸੂਫ਼ੀਆਂ ਦੁਆਰਾ ਇਸਲਾਮ ਦੇ ਭਾਰਤੀਕਰਣ ਵਿਚ ਨਿਭਾਈ ਗਈ ਫ਼ੈਸਲਾਕੁਨ ਭੂਮਿਕਾ, ਇਸਲਾਮੀ ਸ਼ਰ੍ਹ ਦੇ ਕਠੋਰ ਸਨਾਤਨੀ ਨਿਭਾਅ ਦੀ ਥਾਂ ਧਰਮ ਦੇ ਸਰਲੀਕਰਣ ਵਿਚ ਸੂਫ਼ੀ ਦਰਵੇਸ਼ਾਂ ਦਾ ਯੋਗਦਾਨ, ਸਮਕਾਲੀ ਭਾਰਤੀ ਧਾਰਮਿਕ ਪਰੰਪਰਾਵਾਂ ਤੇ ਸੰਤਾਂ/ਭਗਤਾਂ ਪ੍ਰਤੀ ਸੂਫ਼ੀਆਂ ਦਾ ਉਦਾਰਵਾਦੀ ਸੁਲਹ-ਕੁਨ ਰਵੱਈਆ ਅਤੇ ਭਾਰਤੀ/ਪੰਜਾਬੀ ਲੋਕਧਾਰਾ, ਮਿਥਿਹਾਸ ਤੇ ਸਥਾਨਕ ਭਾਸ਼ਾਵਾਂ ਵੱਲ ਸੂਫ਼ੀ ਕਵੀਆਂ ਦਾ ਆਕਰਸ਼ਣ ਤੇ ਨਜ਼ਰੀਆ ਆਦਿ ਤੱਥਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਇਥੇ ਇਸ ਗੱਲੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਇਸਲਾਮ ਨਾਲ ਧਾਰਮਿਕ ਅਕੀਦੇ ਦੀ ਸਾਂਝ ਦੇ ਬਾਵਜੂਦ ਪੰਜਾਬੀ ਸੂਫ਼ੀ ਕਵੀ ਅਰਬੀ/ਫ਼ਾਰਸੀ ਦੀ ਸਨਾਤਨੀ ਕਾਵਿ-ਪਰੰਪਰਾ ਤੋਂ ਬੇਨਿਆਜ਼ ਰਹੇ। ਭਾਵੇਂ ਪੰਜਾਬ ਅੰਦਰ ਮੁੱਢਲੇ ਸੂਫ਼ੀ ਤੁਰਕ ਹਾਕਮਾਂ ਨਾਲ ਪ੍ਰਚਾਰਕਾਂ ਵਜੋਂ ਆਏ, ਪਰ ਉੱਚੇਰੀਆਂ ਆਤਮਿਕ ਕਦਰਾਂ ਨੂੰ ਪ੍ਰਣਾਏ ਹੋਣ ਕਰਕੇ ਉਹ ਛੇਤੀ ਹੀ ਰਾਜ ਦਰਬਾਰਾਂ ਤੋਂ ਦੂਰ ਤੇ ਆਮ ਮਖ਼ਲੂਕ ਦੇ ਨੇੜੇ ਹੁੰਦੇ ਚਲੇ ਗਏ। ਸੱਯਦ ਸੁਲੇਮਾਨ ਨਦਵੀ ਦਾ ਇਹ ਕਹਿਣਾ ਉਚਿਤ ਹੈ, ਕਿ
ਇਸਲਾਮੀ ਯੁੱਗ ਵਿਚ ਦੋ ਪ੍ਰਕਾਰ ਦੀ ਬਾਦਸ਼ਾਹਤ ਨਾਲ ਨਾਲ ਕਾਇਮ ਰਹੀ, ਇਕ ਤਖ਼ਤ ਤੇ ਤਾਜ ਵਾਲੇ ਹੁਕਮਰਾਨਾਂ ਦੀ, ਦੂਜੀ ਖਾਨਕਾਹਾਂ ਵਿਚ ਬੋਰੀਆਂ ਉਪਰ ਬੈਠਣ ਵਾਲੇ (ਦਰਵੇਸ਼ਾਂ) ਦੀ। ਇਕ ਤੋਪ ਅਤੇ ਤਲਵਾਰ ਨਾਲ ਰਾਜਾਂ ਨੂੰ ਗ਼ੁਲਾਮ ਬਣਾਉਂਦੇ ਰਹੇ, ਦੂਜੇ ਆਪਣੇ ਉੱਚੇ ਆਚਰਣ ਨਾਲ ਲੋਕਾਂ ਦੇ ਦਿਲਾਂ-ਦਿਮਾਗਾਂ ਨੂੰ ਜਿੱਤਦੇ ਰਹੇ।
ਨਿਰਸੰਦੇਹ, ਸੂਫ਼ੀ ਮੱਤ ਦਾ ਮੂਲ ਪ੍ਰੇਰਣਾ ਸ੍ਰੋਤ ਇਸਲਾਮ, ਪੈਗ਼ੰਬਰ ਹਜ਼ਰਤ ਮੁਹੰਮਦ ਦੀਆਂ ਸਿੱਖਿਆਵਾਂ, ਕੁਰਆਨ ਅਤੇ ਹਦੀਸ ਦਾ ਦਰਸ਼ਨ ਹੈ। ਏ. ਜੇ. ਆਰਬਰੀ, ਅਨੈਮੇਰੀ ਸ਼ਿਮਲ, ਪ੍ਰੋ. ਹਿਲਮੀ, ਏ.ਐੱਮ.ਏ. ਸ਼ੁਸ਼ਤਰੀ, ਜੇ. ਸਪੈਂਸਰ ਤਰਮਿੰਘਮ ਅਤੇ ਜੌਹਨ.ਏ.ਸੁੱਭਾਨ ਆਦਿ ਚਿੰਤਕ ਸੂਫ਼ੀ ਮੱਤ ਨੂੰ ਇਸਲਾਮ ਦਾ ਹੀ ਅੰਦਰੂਨੀ ਦਾਇਰਾ ਕਹਿੰਦੇ ਹਨ। ਇਸਲਾਮੀ ਧਰਮ-ਸ਼ਾਸਤਰੀਆਂ ਦੇ ਮੁਕਾਬਲੇ ਮੁੱਢਲੇ ਪੜਾਅ ਦੇ ਸੂਫ਼ੀ ਸਾਧਕਾਂ ਨੇ ਸ਼ਰੱ•ਈ ਬੰਧੇਜ਼ ਦੀ ਥਾਂ ਆਤਮਿਕ-ਸਾਧਨਾ ਦੇ ਸਿੱਧਾਂਤਾਂ ਦੀ ਵਿਆਖਿਆ ਉਪਰ ਜ਼ੋਰ ਦਿੱਤਾ। ਸੂਫ਼ੀ ਮੱਤ ਦੇ ਉਦਭਵ ਤੇ ਪਸਾਰ ਬਾਰੇ ਵੀ ਵਿਦਵਾਨਾਂ ਵਿਚ ਮੱਤ-ਭੇਦ ਹਨ, ਬਹੁ-ਗਿਣਤੀ ਸੂਫ਼ੀ ਮੱਤ ਨੂੰ ਇਸਲਾਮ ਦਾ ਹੀ ਅਗਲੇਰਾ ਵਿਸਥਾਰ ਜਾਂ ਸਹਿਜ ਵਿਕਾਸ ਮੰਨਦੀ ਹੈ। ਪਰ ਆਰ.ਏ. ਨਿਕਲਸਨ ਅਤੇ ਈ.ਜੀ.ਏ. ਬਰਾਊਨ ਆਦਿ ਪੱਛਮੀ ਵਿਦਵਾਨ ਸੂਫ਼ੀ ਮੱਤ ਨੂੰ ਸਨਾਤਨੀ ਇਸਲਾਮ ਦੇ ਕੱਟੜ ਤੇ ਸ਼ੱਰ•ਈ ਰੂਪ ਦੇ ਖਿਲਾਫ਼ ਈਰਾਨੀ ਰਹੱਸਵਾਦੀਆਂ ਦਾ ਪ੍ਰਤੀਕਰਮ ਮੰਨਦੇ ਹਨ, ਜਿਨ੍ਹਾਂ ਉਪਰ ਯੂਨਾਨੀ ਨਵ-ਅਫ਼ਲਾਤੂਨੀ (ਫਲਾਤੀਨਸ ਦਾ ਚਿੰਤਨ) ਵਿਚਾਰਾਂ ਦਾ ਪ੍ਰਭਾਵ ਸੀ। ਸਾਡੇ ਅਧਿਐਨ ਲਈ ਮਹੱਤਵਪੂਰਨ ਨੁਕਤਾ ਇਹ ਹੈ ਕਿ ਭਾਵੇਂ ਈਰਾਨੀ ਸੂਫ਼ੀ ਮੱਤ ਸ਼ਰ•ਈ ਇਸਲਾਮ ਦੀ ਸਨਾਤਨੀ ਕਠੋਰਤਾ ਦੇ ਵਿਰੁੱਧ ਪ੍ਰਤੀਕਰਮ ਵਜੋਂ ਹੋਂਦ ਵਿਚ ਆਇਆ, ਪਰ ਭਾਰਤ ਵਿਚ ਆਉਣ ਵਾਲੇ ਮੁੱਢਲੇ ਸੂਫ਼ੀਆਂ ਦਾ ਇਸਲਾਮ ਨਾਲ ਕੋਈ ਵਿਰੋਧ ਨਹੀਂ ਸੀ। ਸੱਚ ਤਾਂ ਇਹ ਕਿ ਹਜ਼ਰਤ ਮਖ਼ਦੂਮ ਅਲੀ ਹੁਜਵੀਰੀ (ਕਰਤਾ ਕਸ਼ਫੁਲ ਮਹਿਜੂਬ, ਮੌਤ 1072 ਈ.) ਅਤੇ ਸ਼ੇਖ਼ ਫ਼ਰੀਦ ਵਰਗੇ ਮੁਢਲੇ ਸੂਫ਼ੀ ਸੰਤਾਂ ਨੇ ਉਤਰੀ ਭਾਰਤ ਵਿਚ ਇਸਲਾਮ ਦੇ ਪ੍ਰਚਾਰ-ਪ੍ਰਸਾਰ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਪਰ ਪਿਛਲੇਰੇ ਸੂਫੀਆਂ ਜਿਵੇਂ ਮੀਆਂ ਮੀਰ, ਦਾਰਾ ਸ਼ਿਕੋਹ, ਅਬੁੱਲ ਫ਼ਜ਼ਲ ਅਤੇ ਫ਼ੈਅਜ਼ੀ ਆਦਿ ਨੇ ਇਸਲਾਮ ਦੀ ਸਰਬ-ਉੱਚਤਾ ਦਾ ਪ੍ਰਚਾਰ ਕਰਨ ਤੋਂ ਸੰਕੋਚ ਕੀਤਾ। ਇਨ੍ਹਾਂ ਨੇ ਧਰਮ ਪ੍ਰਚਾਰਕਾਂ ਵਾਲਾ ਮਿਸ਼ਨਰੀ ਕੰਮ ਤਿਆਗ ਦਿੱਤਾ ਅਤੇ ਇਹ ਵੱਖ ਵੱਖ ਭਾਰਤੀ ਧਰਮਾਂ ਤੇ ਦਾਰਸ਼ਨਿਕ ਪੱਧਤੀਆਂ ਦੇ ਅਧਿਐਨ ਵੱਲ ਰੁਚਿਤ ਹੋ ਗਏ। ਅਕਬਰ ਅਤੇ ਜਹਾਂਗੀਰ ਦੇ ਸ਼ਾਸ਼ਨ ਕਾਲ ਵਿਚ ਸੰਸਕ੍ਰਿਤ ਗ੍ਰੰਥਾਂ ਦੇ ਫ਼ਾਰਸੀ ਅਨੁਵਾਦ ਹੋਏ। ਅਬੁੱਲ ਫ਼ਜ਼ਲ ਨੇ 'ਆਇਨੇ-ਅਕਬਰੀ' ਵਿਚ ਹਿੰਦੂ ਵਿਸ਼ਵਾਸਾਂ ਅਤੇ ਧਾਰਨਾਵਾਂ ਬਾਰੇ ਵਿਸਥਾਰ ਪੂਰਬਕ ਚਰਚਾ ਕੀਤੀਦਾਰਾ ਸ਼ਿਕੋਹ ਨੇ ਬਨਾਰਸ ਦੇ ਵਿਦਵਾਨਾਂ ਦੁਆਰਾ ਪੰਜਾਹ ਕੁ ਉਪਨਿਸ਼ਦਾਂ ਦੇ ਤਰਜ਼ਮੇ 'ਸ਼ਰੇ ਅਕਬਰ' ਅਨੁਵਾਨ ਹੇਠ ਕਰਵਾਏ। ਦਾਰਾ ਦੀ ਪੁਸਤਕ ਮਜਮ-ਉਲ-ਬਹਿਰੀਨ (ਦੋ ਨਦੀਆਂ ਦਾ ਸੰਗਮ) ਵਿਚ ਸੂਫ਼ੀ ਮਤ ਤੇ ਵੇਦਾਂਤ ਦੀ ਸਾਂਝ ਦਾ ਵਰਣਨ ਹੈ। ਸ਼ੇਖ਼ ਮੁਹੰਮਦ ਗੌਸ ਗਵਾਲੀਅਰੀ ਨੇ ਆਪਣੀਆਂ ਫ਼ਾਰਸੀ ਪੁਸਤਕਾਂ 'ਬਹਿਰੁਲ-ਹਯਾਤ' ਅਤੇ 'ਜਵਾਹਰ-ਇ-ਖ਼ਮਸਾ' ਵਿਚ ਜੋਗੀਆਂ ਦੀ ਤਪ-ਸਾਧਨਾ ਦਾ ਉਲੇਖ ਕੀਤਾ ਹੈ। 'ਬਹਿਰੁਲ-ਹਯਾਤ' ਭਾਰਤੀ ਹੱਠ ਯੋਗ ਬਾਰੇ ਪ੍ਰਸਿੱਧ ਗ੍ਰੰਥ 'ਅੰਮ੍ਰਿਤ ਕੁੰਡ' ਦਾ ਫ਼ਾਰਸੀ ਅਨੁਵਾਦ ਹੈ। ਸ਼ਾਹ ਇਨਾਇਤ ਕਾਦਰੀ ਦੀ ਪੁਸਤਕ 'ਦਸਤੂਰ-ਉਲ-ਅਮਲ' ਵਿਚ ਪ੍ਰਾਚੀਨ ਹਿੰਦੂ ਸਾਧਨਾ-ਮਾਰਗਾਂ (ਯੋਗ ਆਦਿ) ਦਾ ਜ਼ਿਕਰ ਹੈ। ਆਪਣੇ ਉਦਾਰਵਾਦੀ ਰਵੱਈਏ ਤੇ ਸੁਲਹ-ਕੁਨ ਨੀਤੀ ਕਾਰਣ ਸੂਫ਼ੀਆਂ ਨੇ ਇਸਲਾਮ ਦੇ ਭਾਰਤੀਕਰਣ ਲਈ ਰਾਹ ਪਧਰਾ ਕੀਤਾ। ਸਾਦਗੀ, ਪਰਹੇਜ਼ਗਾਰੀ ਤੇ ਧਾਰਮਿਕ ਰਵਾਦਾਰੀ ਕਾਰਨ ਸੂਫ਼ੀ ਫ਼ਕੀਰ ਆਮ ਲੋਕਾਂ ਤੇ ਸਥਾਨਕ ਵਸੋਂ ਦੇ ਵਧੇਰੇ ਨੇੜੇ ਰਹੇ। ਉਨ੍ਹਾਂ ਨੇ ਅਰਬ-ਈਰਾਨ ਦੀ ਧਰਤੀ ਤੇ ਪੈਦਾ ਹੋਏ ਓਪਰੇ ਧਰਮ ਅਤੇ ਅਜਨਬੀ ਸਭਿਆਚਾਰ ਨੂੰ ਭਾਰਤੀ ਪੁੱਠ ਦੇ ਕੇ ਇਸਲਾਮੀ ਹੁਕਮਰਾਨਾਂ ਅਤੇ ਭਾਰਤੀ ਜਨ-ਮਾਨਸ ਵਿਚ ਪੁਲ ਦਾ ਕੰਮ ਕੀਤਾ। ਸ਼ਾਇਦ ਇਸੇ ਕਰਕੇ ਪ੍ਰਸਿੱਧ ਪਾਕਿਸਤਾਨੀ ਚਿੰਤਕ ਸੱਯਦ ਅਲੀ ਅੱਬਾਸ ਜਲਾਲਪੁਰੀ ਭਾਰਤੀ ਸੂਫ਼ੀ ਮੱਤ ਦੀ ਵਿਲੱਖਣਤਾ ਯੂਨਾਨੀ ਰਹੱਸਵਾਦ, ਭਾਰਤੀ ਵੇਦਾਂਤ ਅਤੇ ਤਸੱਵੁਫ਼ ਦੇ ਸੁਮੇਲ ਵਿਚ ਵੇਖਦਾ ਹੈ। ਉਸ ਅਨੁਸਾਰ, ਪੰਜਾਬੀ ਦੀ ਸੂਫ਼ੀਆਨਾ ਸ਼ਾਇਰੀ ਵਿਚ ਦੁਨੀਆਂ ਦੀਆਂ ਤਿੰਨ ਵੱਡੀਆਂ ਰੀਤਾਂ - ਯੂਨਾਨੀ ਇਸ਼ਰਾਕ, ਹਿੰਦੀ ਵੇਦਾਂਤ ਅਤੇ ਮੁਸਲਮਾਨਾਂ ਦੇ ਤਸੱਵੁਫ਼ ਦਾ ਸੁਮੇਲ ਹੋਇਆ ਹੈ। ਇਸਲਾਮ ਬਾਰੇ ਜਰਮਨ ਮੂਲ ਦੀ ਵਿਸ਼ੇਸ਼ਗ ਅਨੈਮੇਰੀ ਸ਼ਿਮਲ ਪੰਜਾਬੀ, ਸਿੰਧੀ ਤੇ ਪਸ਼ਤੋ ਦੀ ਸੂਫ਼ੀ ਕਵਿਤਾ ਬਾਰੇ ਚਰਚਾ ਕਰਦਿਆਂ ਇਹ ਕਹਿੰਦੀ ਹੈ ਕਿ ਇਨ੍ਹਾਂ ਭਾਸ਼ਾਵਾਂ ਦੇ ਸੂਫ਼ੀ ਕਵੀਆਂ ਨੇ ਗ਼ਜ਼ਲ ਵਰਗੇ ਫ਼ਾਰਸੀ ਕਾਵਿ ਰੂਪ ਦੀ ਥਾਂ 'ਦੋਹੜੇ', 'ਕਾਫ਼ੀ' ਅਤੇ 'ਰੁਬਾਈ' ਵਰਗੇ ਸਥਾਨਕ ਕਾਵਿ ਰੂਪਾਂ ਦੀ ਚੋਣ ਕੀਤੀ। ਉਤਰੀ ਪੱਛਮੀ ਭਾਰਤ ਦੀਆਂ ਇਨ੍ਹਾਂ ਬੋਲੀਆਂ ਦੇ ਸੂਫ਼ੀ ਕਵੀਆਂ ਨੇ ਜਿਥੇ ਦੇਸੀ ਸੰਗੀਤਕ ਸ਼ੈਲੀਆਂ, ਸਥਾਨਕ ਲੋਕ-ਕਹਾਣੀਆਂ ਅਤੇ ਆਮ ਲੋਕਾਂ ਦੇ ਰੋਜ਼-ਮਰ੍ਹਾ ਦੇ ਜੀਵਨ 'ਚ ਵਰਤੇ ਜਾਂਦੇ ਬਿੰਬਾਂ-ਪ੍ਰਤੀਕਾਂ ਨੂੰ ਆਪਣੇ ਰਹੱਸਮਈ ਵਿਚਾਰਾਂ ਦੇ ਪ੍ਰਗਟਾਵੇ ਦੇ ਸਾਧਨ ਵਜੋਂ ਵਰਤਿਆ, ਉਥੇ ਇਨ ਨੇ ਭਾਰਤੀ ਭਾਸ਼ਾਵਾਂ ਦੇ ਇਸਲਾਮੀਕਰਣ ਦੇ ਅਮਲ ਨੂੰ ਵੀ ਤਿੱਖਾ ਕੀਤਾ ਇਉਂ ਪੰਜਾਬੀ, ਸਿੰਧੀ ਤੇ ਪਸ਼ਤੋ ਆਦਿ ਬੋਲੀਆਂ ਦੀ ਸੂਫ਼ੀ ਕਵਿਤਾ ਭਾਰਤੀ ਤੇ ਸਾਮੀ ਸਭਿਆਚਾਰਾਂ ਵਿਚਕਾਰ ਬਹੁ-ਪਰਤੀ ਸੰਵਾਦ ਨੂੰ ਜਨਮ ਦਿੰਦੀ ਹੈ।
ਸੂਫ਼ੀਆਂ ਦਾ 'ਵਹਿਦਤ-ਉਲ-ਵਜੂਦ' ਦਾ ਫ਼ਲਸਫ਼ਾ ਵਰਣ-ਭੇਦ, ਰੰਗ, ਨਸਲ ਤੇ ਜਾਤੀ/ਜਮਾਤੀ ਵੰਡਾਂ ਤੇ ਨਫ਼ਰਤ 'ਚ ਫਸੇ ਮੱਧਕਾਲੀਨ ਭਾਰਤੀ ਸਮਾਜ ਲਈ ਵਰਦਾਨ ਸੀ। ਭਾਰਤੀ ਸੂਫ਼ੀਆਂ ਨੇ ਮੋਮਨ-ਕਾਫ਼ਰ, ਸਵਰਨ-ਮਲੇਸ਼ ਅਤੇ ਨਾਰ-ਭਤਾਰ ਦੀ ਅਖੌਤੀ ਵੰਡ ਤੇ ਵਖਰੇਵੇਂ