ਸ਼ਬਦ-ਚਿੱਤਰ


ਕਮਲ

ਅੱਖਰਾਂ ਦੀ ਮਾਰਫ਼ਤ

                                                                    

ਖੂਬਸੂਰਤ ,ਸਹਿਜ ,ਸਰਲ,ਸੁਭਾਵਕ ਸ਼ਾਇਰੀ ਦਾ ਜ਼ਿਕਰ ਕਰਨਾ ਹੋਵੇ ਤਾਂ ਆਪ ਮੁਹਾਰੇ ਜ਼ਿਹਨ ਵਿੱਚ ਜਿਸ ਸ਼ਾਇਰ ਦਾ ਨਾਂ ਉਭਰਦਾ ਹੈ,ਉਹ ਹੈ ਸੂਖ਼ਮ ਅਹਿਸਾਸਾਤ ਦਾ ਸ਼ਾਇਰ-ਪ੍ਰਮਿੰਦਰਜੀਤ।



ਉਸ ਦਾ ਬਚਪਨ ਬਹੁਤ ਰਾਂਗਲਾ ਤਾਂ ਨਹੀਂ ਸੀ ਪਰ ਆਮ ਘਰਾਂ ਦੇ ਬੱਚਿਆਂ ਵਰਗਾ ਜ਼ਰੂਰ ਸੀ।ਲੋੜਾਂ ਤੇ ਥੁੜ੍ਹਾਂ ਦੇ ਨਕ਼ਸ਼ ਨਿਹਾਰਦਾ।ਆਰੰਭਕ ਪੜ੍ਹਾਈ ਵੇਲੇ ਹੀ ਉਸ ਦੇ ਅੰਦਰ ਕਲਾਤਮਕ ਰੁਚੀਆਂ ਦਾ ਪੁੰਗਰਨਾ ਸ਼ੁਰੂ ਹੋ ਗਿਆ ਸੀ।ਉਹ ਅੱਜ ਵਾਂਗ ਉਦੋਂ ਵੀ ਆਪਣੇ ਹਾਣੀਆਂ ‘ਚ ਹਰਮਨ ਪਿਆਰਾ ਸੀ।ਉਹਦੇ ਮਾਪੇ ਆਮ ਮਾਪਿਆਂ ਵਰਗੇ ਹੀ ਜੀਊੜੇ ਸਨ।ਉਹਨਾ ਨੂੰ ਉਸ ਦੀਆਂ ਬਚਪਨ ਦੀਆਂ ਦੋਸਤੀਆਂ ਤੇ ਬੜਾ ਮਾਣ ਰਿਹਾ ਹੈ।ਬਚਪਨ ਵਿੱਚ ਪੜ੍ਹਾਈ ਦੇ ਨਾਲ਼-ਨਾਲ਼ ਹੋਰ ਕਈ ਕੁੱਝ ਪੜ੍ਹਦਿਆਂ ਉਸ ਨੂੰ ਅਹਿਸਾਸ ਹੋਇਆ ਕਿ ਇਹਦੇ ਵਰਗਾ ਤਾਂ ਉਹ ਵੀ ਲਿਖ ਸਕਦਾ ਹੈ।ਕਵਿਤਾ ਵੀ ਉਸੇ ਪੜ੍ਹੇ ‘ਚੋਂ ਹੀ ਇੱਕ ਰੂਪ ਸੀ,ਜਿਸ ਨੇ ਉਸ ਨੂੰ ਆਪਣੇ ਅਹਿਸਾਸ ਪ੍ਰਗਟ ਕਰਨ ਲਈ ਉਕਸਾਇਆ।ਕਿਸੇ ਬੀਜ ‘ਚੋਂ ਕੋਂਪਲ ਫੁੱਟਣ ਵਾਲੀ ਕਿਰਿਆ ਵਾਪਰ ਗਈ।


ਵਿੱਦਿਆ ਅਧੂਰੀ ਰਹਿ ਜਾਣ ਕਾਰਣ ਉਹ ਨੌਕਰੀ ਤੋਂ ਵਾਂਝਾ ਰਿਹਾ।ਸਾਹਿਤਕ ਸਰੋਕਾਰ ਵਧੇਰੇ ਨਜ਼ਰ ਆਉਣ ਲੱਗ ਪਏ।1973 ਤੋਂ 2007 ਤੱਕ ਪੰਜ ਮੌਲਿਕ ਕਿਤਾਬਾਂ ਲਿਖੀਆਂ।‘ਕੋਲਾਜ ਕਿਤਾਬ’,’ਲਿਖਤੁਮ ਪ੍ਰਮਿੰਦਰਜੀਤ’,’ਮੇਰੀ ਮਾਰਫ਼ਤ’,’ਬਚਪਨ ਘਰ ਤੇ ਮੈਂ’ ਤੇ ‘ਮੇਰੇ ਕੁੱਝ ਹਾਸਿਲ’।ਅਨੇਕਾਂ ਕਿਤਾਬਾਂ ਅਨੁਵਾਦਿਤ ਤੇ ਸੰਪਾਦਿਤ ਕੀਤੀਆਂ।ਉਸ ਨੇ 1976 ਵਿੱਚ ‘ਅੱਖਰ’ ਰਸਾਲਾ ਅਰੰਭਿਆ।1979 ਵਿੱਚ ‘ਅੱਖਰ’ ‘ਲੋਅ’ ਬਣਿਆ ਤੇ ਮੁੜ ‘ਅੱਖਰ’ ਦਾ ਰੂਪ ਧਾਰਨ ਕਰ ਲਿਆ, ਜੋ ਉਸ ਦੀ ਮਿਹਨਤ ਤੇ ਲਗਨ ਸਦਕਾ ਨਿਰੰਤਰ, ਨਿਰਵਿਘਨ ਜਾਰੀ ਹੈ।ਹੁਣ ‘ਅੱਖਰ’ ਤੇ ਪ੍ਰਮਿੰਦਰਜੀਤ ਨੂੰ ਨਿਖੇੜ ਕੇ ਵੇਖਣਾ ਨਾਮੁਮਕਿਨ ਹੋ ਗਿਆ ਹੈ।


ਕਵਿਤਾ ਉਸ ਲਈ ਅਪਣੇ ਤੇ ਆਪਣੀ ਪੀੜ੍ਹੀ ਦੇ ਸੰਤਾਪ ਦੀਆਂ ਤੈਹਾਂ ‘ਚੋਂ ਗੁਜ਼ਰਨ ਦਾ ਨਾਂ ਹੈ।ਕਵਿਤਾ ਨੇ ਉਸ ਨੂੰ ਕਈ ਪੱਖਾਂ ਤੋਂ ਤਰਾਸ਼ਿਆ, ਸੰਵਾਰਿਆ ਹੈ।ਕਵਿਤਾ ਨੇ ਹੀ ਉਸ ਨੂੰ ਸੰਵੇਦਨਾ ਦੇ ਗਹਿਰੇ ਪਾਣੀਆਂ ‘ਚ ਉਤਰਨ ਦਾ ਹੌਸਲਾ ਦਿੱਤਾ ਹੈ।ਜ਼ਿੰਦਗੀ ਨਾਲ਼ ਜੁੜੇ ਸਰੋਕਾਰਾਂ ਦੀ ਡੂੰਘੀ ਸਮਝ ਤੇ ਸ਼ਨਾਖ਼ਤ ਕਰ ਸਕਣੀ ਉਸ ਨੂੰ ਕਵਿਤਾ ਨੇ ਹੀ ਸਿਖਾਈ ਹੈ।ਕਵਿਤਾ ਲਿਖਦਿਆਂ ਉਸ ਨੇ ‘ਨਿੱਜ’ ਤੇ ‘ਪਰ’ ਦੋਹਾਂ ਨੂੰ ਲਿਖਿਆ ਹੈ।ਉਸ ਦੀ ਜ਼ਿੰਦਗੀ ਵਿੱਚ ਮੁਹੱਬਤ ਧੁੱਪ-ਛਾਂ ਵਾਂਗ ਛਾਈ ਰਹੀ ਹੈ।ਉਸ ਲਈ ‘ਕੀਤੀ ਮੁਹੱਬਤ’ ਨਾਲੋਂ ‘ਅਣਕੀਤੀ ਮੁਹੱਬਤ’ ਦਾ ਮਹੱਤਵ ਵਧੇਰੇ ਹੈ।ਮੁਹੱਬਤ ਲਈ ਤੜਪ ਨੂੰ ਜ਼ਿਆਦਾ ਸ਼ਿੱਦਤ ਨਾਲ਼ ਮਹਿਸੂਸ ਕੀਤਾ ਤੇ ਪ੍ਰਗਟਾਇਆ ਹੈ।ਉਂਜ ਮੁਹੱਬਤ ਹਰ ਵੇਲੇ ਉਸ ਦੇ ਅੰਗ-ਸੰਗ ਰਹਿੰਦੀ ਹੈ।


ਉਹ ਰਿਸ਼ਤਿਆਂ ਦਾ ਬਹੁਤ ਇਹਤਰਾਮ ਕਰਦਾ ਹੈ।ਉਸ ਦੀ ਕਵਿਤਾ ‘ਚ ਕਈ ਰੰਗ ਭਰੇ ਪਏ ਹਨ।ਰਿਸ਼ਤੇ ਭਾਵੇਂ ਘਰੇਲੂ ਹੋਣ, ਭਾਵੇਂ ਦੋਸਤਾਂ ਜਾਂ ਪਾਠਕਾਂ ਨਾਲ਼, ਉਸ ਲਈ ਇਹਨਾਂ ਰਿਸ਼ਤਿਆਂ ਦੀ ਮਹੱਤਤਾ ਹੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਇਹਨਾਂ ਦੇ ਕਿਸ ਹੱਦ ਤੱਕ ਮੇਚ ਆ ਸਕਦਾ ਹੈ।ਉਸ ਦੇ ਬੱਚੇ ਉਸ ਨੂੰ ਪਿਤਾ ਹੋਣ ਦੇ ਨਾਲ਼ –ਨਾਲ਼ ਸਮਾਜਕ ਹਸਤੀ ਹੋਣ ਤੇ ਵੀ ਮਾਣ ਮਹਿਸੂਸ ਕਰਦੇ ਹਨ।ਉਸ ਨੇ ਪਿਤਾ ਦੇ ਸਾਰੇ ਫ਼ਰਜ਼ ਨਿਭਾਉਣ ਦੇ ਨਾਲ਼ ਮਾਂ ਦੀ ਭੂਮਿਕਾ ਵੀ ਨਿਭਾਈ ਹੈ।


ਜਦੋਂ ਉਹ ਬੌਣੇ ਕਿਰਦਾਰਾਂ ਵਾਲੇ ‘ਅੱਧੇ-ਅਧੂਰੇ’ ਵਜੂਦ ਵਾਲੇ ਸਮਕਾਲੀ ਨਿੰਦਕਾਂ ਦੀ ਹੰਕਾਰੀ ਹਉਮੈ ਦੇ ਮੇਚ ਨਹੀਂ ਆਉਂਦਾ ਤਾਂ ਉਹ ਉਸ ਦੀ ਨਿੱਜਤਾ ਤੇ ਵਾਰ ਕਰ ਦਿੰਦੇ ਹਨ।ਸੰਬੰਧਾਂ ‘ਚ ਪਈ ਤਰੇੜ ਉਸ ਨੂੰ ਉਦਾਸ ਤਾਂ ਜ਼ਰੂਰ ਕਰਦੀ ਹੈ ਪਰ ਹਮਲਾਵਰ ਸਥਿਤੀਆਂ ਉਸ ਨੂੰ ਸੰਬੰਧਾਂ ਦੀ ਅਸਲੀਅਤ ਦੀ ਪਰਖ਼ ਕਰਨੀ ਵੀ ਸਿਖਾਉਂਦੀਆਂ ਹਨ।ਉਹ ਆਪਣੇ ਸਵੈ-ਮਾਣ ਨੂੰ ਖੰਡਿਤ ਕਰਨ ਦੀ ਕਿਸੇ ਵੀ ਕੋਸ਼ਿਸ਼ ਦੇ ਪ੍ਰਤੀਕਰਮ ਵਿੱਚ ਖੁਰਦਰਾ ਤੇ ਖ਼ਰਵਾ ਹੋ ਜਾਂਦਾ ਹੈ,ਤੇ ਕਈ ਵਾਰ ਬਹੁਤ ਤਲਖ਼ ਵੀ।ਉਹ ਕਿਸੇ ਦਾ ਬੁਰਾ ਨਹੀਂ ਸੋਚਦਾ ਤੇ ਆਪਣੀ ਬੁਰਾਈ ਕਰਨ ਵਾਲੇ ਨਿੰਦਕਾਂ ਨੂੰ ਛੇਤੀ ਹੀ ਜਾਣ ਜਾਂਦਾ ਹੈ ਤੇ ਆਪਣੀ ਭਾਵੁਕਤਾ ਹਾਥੋਂ ਹਾਰ ਜਾਂਦਾ ਹੈ।ਕਿਸੇ ਦੀ ਸੋਚ ਤੇ ਅਹਿਸਾਸ ਦੇ ਮੇਚ ਦਾ ਹੋਣ ਲਈ ਉਹ ਆਪਣੇ ਵਜੂਦ ਨੂੰ ਬੇਲੋੜਾ ਕਾਂਟਦਾ –ਛਾਂਟਦਾ ਨਹੀਂ।


ਚੁਣੌਤੀਆਂ ਨੂੰ ਅੰਗੀਕਾਰ ਕਰਨਾ ਉਸ ਦੀ ਅਣਖ ਦੇ ਹਿੱਸੇ ਆਇਆ ਹੈ।‘ਅੱਖਰ’ ਨੂੰ ਨਿਰੋਲ ‘ਕਾਵਿ-ਰਸਾਲਾ’ ਕਹਿਣ ਵਾਲਿਆਂ ਨੂੰ ਉਸ ਨੇ ‘ਅੱਖਰ’ ਦਾ ‘ਕਹਾਣੀ ਵਿਸ਼ੇਸ਼ ਅੰਕ’,ਨਾਟਕ,ਲੇਖ,ਸ਼ਬਦ ਚਿੱਤਰ ਅਤੇ ਅਨੁਵਾਦਿਤ ਰਚਨਾਵਾਂ ਛਾਪ ਕੇ ਬਾ-ਖੂਬੀ ਦਿੱਤਾ ਹੈ।


ਉਸ ਦੀ ਸ਼ਖ਼ਸੀਅਤ ਦਾ ਇੱਕ ਪ੍ਰਸੰਸਾਯੋਗ ਪਹਿਲੂ ਇਹ ਹੈ ਕਿ ਉਸਦੇ ਮਨ ਵਿੱਚ ਔਰਤ ਪ੍ਰਤੀ ਬੜਾ ਇਹਤਰਾਮ ਹੈ।ਮੈਂ ਆਪਣੇ ਸਕੂਲ ਪੜ੍ਹਨ ਦੇ ਸਮੇਂ ਤੋਂ ਹੀ ਉਸ ਨੂੰ ਜਾਣਦੀ ਹਾਂ।ਜਿੰਨੇ ਵਾਰ ਵੀ ਉਸ ਦੇ ਦਫ਼ਤਰ ਮੈਂ ਪੈਰ ਧਰਿਆ ਮੈਨੂੰ ਅਪਣੱਤ ਦਾ ਅਹਿਸਾਸ ਹੋਇਆ ਹੈ।ਇਹ ਉਸ ਦੇ ਇਸੇ ਇਹਤਰਾਮ ਦੀ ਸ਼ਾਹਦੀ ਭਰਦਾ ਹੈ।ਪਰਮਾਤਮਾਂ ਬਾਰੇ ਉਸ ਦਾ ਅਕੀਦਾ ਹੈ ਕਿ ਜੇ ਕਿਸੇ ਕਿਸਮ ਦੇ ਸੂਖ਼ਮ ਅਹਿਸਾਸ ਨੂੰ ਚਿਤਵਣਾ ਹੋਵੇ ਜਾਂ ਮਹਿਸੂਸ ਕਰਨਾ ਹੋਵੇ ਤਾਂ ਉਹ ਸਥਿਤੀ ਕਿਸੇ ਪਰਮ-ਆਤਮਾ ਵਰਗੀ ਹੀ ਹੁੰਦੀ ਹੈ।ਧਰਮ ਦਾ ਅਰਥ ਵੀ ਮਾਨਵੀ ਚੰਗਿਆਈ ਦੇ ਪ੍ਰਸੰਗ ਵਿੱਚ ਹੀ ਵਿਸ਼ਾਲ ਅਰਥਾਂ ਵਾਲਾ ਬਣਦਾ ਹੈ।ਧਰਮ ਪਹਿਰਾਵਾ ਨਹੀਂ,ਇਹ ਮਨੁੱਖ ਦੇ ਸਮੁੱਚੇ ਵਜੂਦ ਦੀ ਸਿਰਮੌਰਤਾ ਵਿੱਚ ਦਰਜ਼ ਹੈ। ਅੰਨ੍ਹੀ ਮਾਨਸਿਕਤਾ ਧਰਮ ਨਹੀਂ ਹੁੰਦੀ।


ਉਸ ਮੁਤਾਬਿਕ ਸਾਹਿਤਕ ਪਰਚੇ ਦੀ ਸੰਪਾਦਨਾਂ ਕਰਨ ‘ਚ ਉਸ ਦਾ ਮਨੋਰਥ ਆਪਣੇ ਸਮਕਾਲੀਆਂ ‘ਚ ਸੰਵਾਦ ਦੀ ਸਥਿਤੀ ਪੈਦਾ ਕਰਨਾ ਹੈ।ਸੰਪਾਦਨਾ ਦੇ ਅਨੁਭਵ ਨੇ ਹੀ ਉਸ ਨੂੰ ਚੰਗੀ ਰਚਨਾ ਦੀ ਸ਼ਨਾਖਤ ਕਰਨ ਦੀ ਜਾਚ ਸਿਖਾਈ ਹੈ।ਉਸ ਦੇ ਅਨੁਸਾਰ ਸੁਹਿਰਦ ਸੰਪਾਦਨਾ ਵੀ ਇੱਕ ਮੌਲਿਕ ਕਾਰਜ ਹੈ।ਨਵੇਂ ਬਣੇ ਬੁੱਧੀਜੀਵੀ ਸੰਪਾਦਕਾਂ ਵੱਲੋਂ ਆਪਣੀ ਸਵੈ-ਉੱਚਤਾ ਦੀ ਓਟ ਲੈ ਕੇ ਲੇਖਕਾਂ ਦੀਆਂ ਲਿਖਤਾਂ ਵਿੱਚ ਬੇਲੋੜੀ ਕਾਂਟ-ਛਾਂਟ ਕਰਕੇ ਮਨਚਾਹਿਆ ਖਿਲਵਾੜ ਕਰਨ ਦੇ ਵਿਰੁੱਧ ਉਹ ਲੇਖਕਾਂ ਨੂੰ ਸੁਚੇਤ ਕਰਦਾ ਹੈ ਅਤੇ ਅਜਿਹੀ ਜ਼ਹਿਰਬਾਦੀ ਮਾਨਸਿਕਤਾ ਵਾਲੇ ਸੰਪਾਦਕਾਂ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਪ੍ਰੇਰਦਾ ਵੀ ਹੈ।


ਉਸ ਦੀ ਸ਼ਾਇਰੀ ਨੇ ਅਨੇਕਾਂ ਪਾਠਕ ਪੈਦਾ ਕੀਤੇ ਹਨ।ਪਾਠਕਾਂ ਨਾਲ ਉਸਦੀ ਸਾਂਝ ਆਪਣੇ ਨਾਲ ਹੋਏ ਸਵੈ-ਸੰਵਾਦ ਵਰਗੀ ਹੈ।ਪਾਠਕ ਉਸ ਦੇ ਨਿੱਜ ਦਾ ਹੀ ਪਸਾਰਾ ਹਨ।ਉਸ ਨੂੰ ਮਹਿਸੂਸ ਹੁੰਦਾ ਹੈ ਕਿ ਕਈ ਵਾਰੀ ਤਾਂ ਉਸ ਦੇ ਪਾਠਕ ਉਸ ਦੀ ਕਵਿਤਾ ਰਾਹੀਂ ਉਸ ਨੂੰ ਉਸ ਦੇ ਆਪੇ ਤੋਂ ਵੀ ਵੱਧ ਜਾਣ ਲੈਂਦੇ ਹਨ।


ਪੰਜਾਬੀ ਅਕਾਡਮੀ ਦੀਆਂ ਚੋਣਾਂ ਦੌਰਾਨ ਚੋਣ ਦੰਗਲ ਸਾਹਿਤਕ ਸਰੋਕਾਰਾਂ ਵਾਲਾ ਘੱਟ ਤੇ ਸੰਸਥਾਗਤ ਪ੍ਰਾਪਤੀ ਵਾਲਾ ਜ਼ਿਆਦਾ ਹੈ।ਕੁਰਸੀ-ਮੋਹ ਲੇਖਕਾਂ ਦੀ ਮਾਨਸਿਕਤਾ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।ਇਸ ਤਰ੍ਹਾਂ ਦਾ ਵਰਤੋਂ ਵਰਤਾਰਾ ਵੇਖ ਕੇ ਉਹ ਚਿੰਤਤ ਹੋ ਜਾਂਦਾ ਹੈ।ਚੋਰ ਵਰਤਾਰੇ ਵਿੱਚ ਸੂਖ਼ਮ ਭਾਵਨਾਵਾਂ ਵਾਲੇ ਅਦੀਬਾਂ ਵਿੱਚ ਸੰਜਮ ਤੇ ਸਲੀਕਾ ਅਸਲੋਂ ਹੀ ਮਨਫੀ ਹੁੰਦਾ ਵੇਖ ਉਹ ਬੇਚੈਨ ਹੋ ਜਾਂਦਾ ਹੈ।ਉਸ ਨੇ ਹਰ ਕਲਾਤਮਕ ਵਿਧਾ ਦੇ ਅੰਤਰੀਵ ਤੱਕ ਜਾਣ ਦੀ ਜਿਗਿਆਸਾ ਹਰ ਪਲ ਮਹਿਸੂਸ ਕੀਤੀ ਹੈ।



ਨਵੇਂ ਲੇਖਕਾਂ ਨੂੰ ਉਸਦਾ ਇਹ ਸੰਦੇਸ਼ ਹੈ ਕਿ ਲਿਖਣ ਦੇ ਨਾਲ਼-ਨਾਲ਼ ਲਾਜ਼ਿਮੀ ਤੌਰ ਤੇ ਚੰਗਾ ਪੜ੍ਹਨ ਵੀ। ਤਤਕਾਲੀ ਲਿਖਣ ਕਾਰਜ ਤੋਂ ਪਰਹੇਜ਼ ਕਰਿਆ ਕਰਣ।ਹਰ ਵੇਲੇ ਛਪਣ-ਛਪਣ ਤੋਂ ਗੁਰੇਜ਼ ਕਰਣ।ਰਚਨਾ ਲਿਖਣ ਤੋਂ ਮਗਰੋਂ ਆਪਣੀ ਹੀ ਰਚਨਾ ਨੂੰ ਫਾਸਲੇ ਤੇ ਖੜ੍ਹ ਕੇ ਨਿਹਾਰਨ।ਚੰਗਾ ਪੜ੍ਹਿਆ ਹੋਇਆ ਸਾਹਿਤ ਨਵਿਆਂ ਨੂੰ ਚੰਗਾ ਲਿਖਣ ਦੀ ਸੋਝੀ ਜ਼ਰੂਰ ਦੇਵੇਗਾ।


ਉਹ ਨਿਰੰਤਰ ਯਾਤਰਾ ਵਿੱਚ ਹੈ-
“ਅਜੇ ਰਾਹਾਂ ਨੂੰ ਹੈ ਮੇਰੀ ਉਡੀਕ
ਮੇਰੇ ਪੈਰਾਂ ‘ਚ ਹਾਲੇ ਰਾਹ ਰੁਮਕਦੇ ਨੇ”

Top