ਸੰਪਾਦਕੀ



ਗੁਰਮੀਤ ਬਰਾੜ

  

ਸ਼ਿਵ ਦੇ ਬਹਾਨੇ

                  

ਪਿਛਲੇ ਦਿਨੀਂ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦੀ ਹੀਰਕ ਵਰ੍ਹੇ-ਗੰਢ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਸਰਪ੍ਰਸਤੀ ‘ਚ ਬਟਾਲਾ ਵਿਖੇ ਮਨਾਈ ਗਈ। ਪਹਿਲੇ ਦਿਨ ਸ਼ਿਵ ਕਾਵਿ ਬਾਰੇ ਵਿਚਾਰ-ਚਰਚਾ ’ਤੇ ਸੈਮੀਨਾਰ ’ਚ ਵਿਦਵਾਨਾਂ ਨੇ ਪਰਚੇ ਪੜ੍ਹੇ, ਦੂਜੇ ਦਿਨ ਕਵੀ ਦਰਬਾਰ ਹੋਇਆ। ਸਰਕਾਰੀ ,ਗੈਰ-ਸਰਕਾਰੀ ਤੇ ਨੀਮ-ਸਰਕਾਰੀ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਰਸਮੀ ਸ਼ਮੂਲੀਅਤ ਨੂੰ ਅੰਜਾਮ ਦਿੱਤਾ।ਰਸਮ ਅਦਾ ਹੋ ਗਈ ਤੇ ਵਿਖਾਵਾ ਖ਼ਤਮ।ਪੰਜਾਬੀ ਦੇ ਕਿਸੇ ਕੌਮਾਂਤਰੀ ਪੱਧਰ ਦੇ ਲੇਖਕ ਦੀ ਯਾਦ ਵਿੱਚ ਇਹ ਸ਼ਾਇਦ ਪਹਿਲਾ ਵੱਡਾ ਸਮਾਗਮ ਸੀ।ਪੰਜਾਬ ਸਰਕਾਰ ਦਾ ਇਹ ਉੱਦਮ ਵਡਿਆਈ ਦਾ ਹੱਕ਼ਦਾਰ ਹੈ।ਪਰ ਇਹ ਸਮਾਗਮ ਕਈ ਅਣਸੁਲਝੇ ਸਵਾਲ ਵੀ ਛੱਡ ਗਿਆ ਹੈ।ਪਹਿਲਾ ਤੇ ਅਹਿਮ ਸਵਾਲ ਇਹ ਹੈ ਕਿ ਸਾਡੇ ਏਥੇ ਕਿਸੇ ਸਾਹਿਤਕਾਰ ਦੇ ਸਮਾਜਕ ਤੇ ਸੱਭਿਆਚਾਰਕ ਯੋਗਦਾਨ ਦਾ ਸਿਲਾ ਕਿਸ ਪੈਮਾਨੇ ਨਾਲ ਨਾਪਿਆ ਤੇ ਕਿਸ ਤੱਕੜੀ ‘ਚ ਤੋਲ ਕੇ ਦਿੱਤਾ ਜਾਂਦਾ ਹੈ ਕਿ ਸਿਰਮੌਰ ਸਾਹਿਤਕਾਰ ਨੂੰ ਵੀ ਚਾਰ ਦਹਾਕਿਆਂ ਮਗਰੋਂ ਇਸ

ਕਾਬਿਲ ਸਮਝਿਆ ਜਾਵੇ ਕਿ ਉਸ ਦੀ ਯਾਦ ‘ਚ ਕੋਈ ਮਿਆਰੀ ਸਮਾਗਮ ਨੇਪਰੇ ਚੜ੍ਹੇ।ਜਦੋਂ ਕਿ ਇਸ ਸਮੇਂ ਦੌਰਾਨ ਉਸ ਦੇ ਜੀਵਨ ਤੇ ਕਰਮ ਨਾਲ਼ ਸੰਬੰਧਤ ਹੋਰ ਵੀ ਦਿਹਾੜੇ ਆਉਂਦੇ ਰਹੇ। ਮਰਹੂਮ ਸ਼ਾਇਰ ਦੀ ਪਤਨੀ ਨੂੰ ਇਨਾਮ ਦੀ ਕਾਲਜ ਦੇ ਪ੍ਰੋਫੈਸਰ ਦੀ ਇੱਕ ਮਹੀਨੇ ਦੀ ਤਨਖਾਹ ਜਿੰਨੀ ਰਾਸ਼ੀ ਭੇਂਟ ਕਰਕੇ ‘ਮਾਲੀ ਮਦਦ’ ਦੇਣ ਦਾ ‘ਫ਼ਰਜ਼’ ਪੂਰਾ ਹੋ ਗਿਆ।

ਹੋਰ ਸਮਾਗਮਾਂ ਦੀ ਤਰ੍ਹਾਂ ਗੁੱਝੇ ਤੇ ਸੌੜੇ ਸਿਆਸੀ ਮਨੋਰਥ ਏਥੇ ਵੀ ਸਾਹਿਤਕ ਉਦੇਸ਼ਾਂ ਤੇ ਭਾਰੂ ਰਹੇ।ਸ਼ਿਵ ਦੇ ਬਹਾਨੇ ਜਿੱਥੇ ਲੇਖਕਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਭਲਾਈ ਸਕੀਮਾਂ ਘੜਨ ਦਾ ਤੇ ਉਹਨਾਂ ਨੂੰ ਅਮਲੀ ਜਾਮਾ ਪਾਉਣ ਦੀ ਗੱਲ ਕਰਨ ਦਾ ਮੌਕਾ ਸੀ ਉਥੇ ਇਸ ਦਾ ਫਾਇਦਾ ਸਿਆਸਤਦਾਨਾਂ ਤੇ ਸਿਆਸੀ ਸੋਚ ਵਾਲੇ ਸਮਾਜਕ ਕਾਰਕੂਨਾਂ ਨੇ ਇਹ ਜਤਾਉਣ ਵਾਸਤੇ ਲਿਆ ਕਿ ਸਿਰਫ਼ ਤੇ ਸਿਰਫ਼ ਉਹ ਹੀ ਇਹ ‘ਇਲਾਕੇ’ ਦੇ ਖੈਰ-ਖਵਾਹ ਹਨ।ਜ਼ਿਆਦਾਤਰ ਬੁਲਾਰਿਆਂ ਦੀ ਬੋਲੀ ‘ਇਲਾਕੇ’ ਤੇ ਕੇਂਦਰਿਤ ਹੋ ਕੇ ਰਹਿ ਗਈ ਤੇ ਇੱਕ ਕੌਮਾਂਤਰੀ ਪੱਧਰ ਦੇ ਸ਼ਾਇਰ ਦੀ ਭੂਗੋਲਿਕ ਹੱਦਬੰਦੀ ਕਰ ਦਿੱਤੀ ਗਈ।


ਲੇਖਕਾਂ ਲਈ ਸਿਹਤ ਸੁਰੱਖਿਆ ਵਿਉਂਤਬੰਦੀ ਕਰਨਾ ਅਜੇ ਦੂਰ ਦੀ ਗੱਲ ਹੈ ਜਦੋਂ ਕਿ ਇਸ ਸਮੇਂ ਅਜਾਇਬ ਚਿੱਤਰਕਾਰ,ਹਰਭਜਨ ਸਿੰਘ ਰੈਣੂ ,ਅਜਮੇਰ ਔਲਖ ਵਰਗੇ ਸਿਰੜੀ ਬੀਮਾਰੀਆਂ ਨਾਲ਼ ਜੂਝਦਿਆ ਵੀ ਲਗਾਤਾਰ ਸਾਹਿਤ ਸਾਧਨਾ ਕਰ ਰਹੇ ਹਨ ਤੇ ਲਾਲ ਸਿੰਘ ਦਿਲ ਜਿਹੇ ਤਾਂ ਇਲਾਜ ਖੁਣੋਂ ਜ਼ਿੰਦਗੀ ਦੀ ਬਾਜ਼ੀ ਵੀ ਹਾਰ ਗਏ।ਕੁਝ ਕੁ ਪ੍ਰਕਾਸ਼ਕਾਂ ਦੀ ਲੁੱਟ-ਖਸੁੱਟ ਤੋਂ ਲੇਖਕਾਂ ਨੂੰ ਬਚਾ ਕੇ ਮਿਆਰੀ ਕਿਤਾਬਾਂ ਦੇ ਪ੍ਰਕਾਸ਼ਨ ਲਈ ਕੋਈ ਉਪਰਾਲਾ ਕਰਨ ਦੀ ਕੋਈ ਵਿਉਂਤ ਹੀ ਨਹੀਂ ਕੀਤੀ ਗਈ।ਲੇਖਕਾਂ ਦੀ ਪੈਂਸ਼ਨ ਦੀ ਗੱਲ ਛਿੜਦੀ ਹੈ ਤਾਂ ਅਫ਼ਸਰਸ਼ਾਹੀ ਦਾ ਨਜ਼ਰੀਆ ਹੈ ਕਿ ‘ਲੇਖਕ ਤਾਂ ਰਿਟਾਇਰ ਹੀ ਨਹੀਂ ਹੁੰਦਾ’।ਇਹ ਜ਼ਿਹਨੀ ਦੀਵਾਲੀਆਪਨ ਹੈ ਜਾਂ ਖਚਰਪੁਣਾ,ਉਹ ਹੀ ਬੇਹਤਰ ਜਾਣਦੇ ਹਨ।ਸਰਕਾਰਾਂ ਲੇਖਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਦੀ ਸਾਰ ਕਦੋਂ ਲਵੇਗੀ ,ਇਸ ਦਾ ਸਿਰਾ ਸਿਰਹਾਣਾ ਨਾ ਤਾਂ ਹੁਣ ਤੇ ਨਾਂ ਹੀ ਨੇੜੇ ਦੇ ਭਵਿੱਖ ਨਜ਼ਰ ਆਉਂਦਾ ਹੈ।ਇਸ ਦੇ ਦੋ ਵੱਡੇ ਕਾਰਣ ਹਨ, ਇੱਕ ਸਾਹਿਤਕ ਸਰੋਕਾਰਾਂ ਦਾ ਸਰਕਾਰਾਂ ਦੀ ਪਹਿਲ ਤੇ ਨਾ ਹੋਣਾ ਤੇ ਦੂਜਾ ਸਿਆਸੀ ਸੋਚ ਵਾਲੇ ਗੈਰ-ਸਾਹਿਤਕ ਟੋਲੇ ਦਾ ਸਾਹਿਤ ਵਿੱਚ ਧੱਕੇ ਨਾਲ ਧੁੱਸ ਦੇ ਕੇ ਵੜ ਜਾਣਾ।


ਲਿਖਤਮ

ਗੁਰਮੀਤ ਬਰਾੜ

www.gurmeetbrar.com


Top