ਸ਼ਬਦ-ਚਿੱਤਰ

ਦਰਸ਼ਨ ਸਿੰਘ ਆਸ਼ਟ (ਡਾ.)

ਪੰਜਾਬੀ ਬਾਲ ਸਾਹਿੱਤ ਦਾ ਮਹਿਕਦਾ ਫੁੱਲ



ਅਜਾਇਬ ਚਿੱਤਰਕਾਰ


ਬੱਚਾ ਇਸ ਸੰਸਾਰ ਰੂਪੀ ਫੁਲਵਾੜੀ ਦਾ ਸਭ ਤੋਂ ਖ਼ੂਬਸੂਰਤ ਫੁੱਲ ਹੈ। ਇਸ ਫੁੱਲ ਦੀ ਪਰਵਰਿਸ਼ ਕਰਨ ਵਿਚ ਵਿਸ਼ਵ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਹਿੱਸਾ ਪਾਇਆ ਹੈ। ਮੁੱਢ ਕਦੀਮਾਂ ਤੋਂ ਬੱਚੇ ਦੇ ਜਨਮ ਤੋਂ ਹੀ ਉਸ ਦੇ ਮਨ ਪ੍ਰਚਾਵੇ ਲਈ ਲੋਰੀਆਂ ਅਤੇ ਬਾਤਾਂ ਸੁਣਾਈਆਂ ਜਾਂਦੀਆਂ ਹਨ ਪਰੰਤੂ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਸ ਲਈ ਲਿਖਤੀ ਬਾਲ ਸਾਹਿੱਤ ਦਾ ਮਹੱਤਵ ਵਧਦਾ ਜਾਂਦਾ ਹੈ। ਸੰਸਾਰ ਪ੍ਰਸਿੱਧ ਲਿਖਾਰੀਆਂ ਵਿਚੋਂ ਲਿਓ ਟਾਲਸਟਾਏ, ਮੈਕਸਿਮ ਗੋਰਕੀ, ਮੋਪਾਂਸਾ, ਰਾਬਿੰਦਰਨਾਥ ਟੈਗੋਰ, ਕਾਰਲੋ ਕਲੋਦੀ, ਮੁਨਸ਼ੀ ਪ੍ਰੇਮ ਚੰਦ ਆਦਿ ਨੂੰ ਇਸ ਖੇਤਰ ਵਿਚ ਵਡਮੁੱਲਾ ਹਿੱਸਾ ਪਾਇਆ ਹੈ। ਪੰਜਾਬੀ ਵਿਚ ਬੱਚਿਆਂ ਦੇ ਸਾਹਿੱਤ ਦੀ ਗੱਲ ਕਰੀਏ ਤਾਂ ਅਜਾਇਬ ਚਿੱਤਰਕਾਰ ਦਾ ਨਾਂ ਮੂਹਰਲੀ ਕਤਾਰ ਦੇ ਬਾਲ ਸਾਹਿੱਤ ਲੇਖਕਾਂ ਵਿਚ ਆਉਂਦਾ ਹੈ। ਜਿਸ ਵੇਲੇ ਉਨ੍ਹਾਂ ਨੇ ਬੱਚਿਆਂ ਵਾਸਤੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਗਿਣਤੀ ਦੇ ਪੰਜ ਸੱਤ ਲੇਖਕ ਹੀ ਇਸ ਪਾਸੇ ਵੱਲ ਸਰਗਰਮ ਸਨ ਕਿਉਂਕਿ ਇਸ ਖੇਤਰ ਨੂੰ ਉਨ੍ਹਾਂ ਸਮਿਆਂ ਵਿਚ ਕੋਈ ਮਾਣਤਾ ਨਹੀਂ ਸੀ ਮਿਲੀ ਪਰ ਜੇ ਕੁਝ ਕਰਨਾ ਦਾ ਜਜ਼ਬਾ ਹਿਰਦੇ ਵਿਚ ਮੌਜੂਦ ਹੋਵੇ ਤਾਂ ਰਸਤੇ ਦੀਆਂ ਦੁਸ਼ਵਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਪੰਜਾਬੀ ਵਿਚ ਬੱਚਿਆਂ ਲਈ ਅਜਿਹਾ ਜਜ਼ਬਾ ਹੀ ਚਿੱਤਰਕਾਰ ਹੁਰਾਂ ਦੇ ਦਿਲ ਵਿਚ ਜਨਮ ਲੈ ਚੁੱਕਾ ਸੀ ਅਤੇ ਉਨ੍ਹਾਂ ਨੇ ਆਪਣੀ ਹਿੰਮਤ ਨਾਲ ਬੱਚਿਆਂ ਲਈ ਮਿਆਰੀ ਸਾਹਿੱਤ ਰਚ ਕੇ ਮਾਂ ਬੋਲੀ ਦਾ ਸਿਰ ਉਚਾ ਕਰ ਦਿੱਤਾ। ਬਕੌਲ ਉਸਤਾਦ ਦਾਮਨ :


ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ,
ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ।
ਰਾਂਝਾ ਤਖ਼ਤ ਹਾਂਜ਼ਰਿਉਂ ਟੁਰੇ ਤਾਂ ਸਹੀ,
ਪੈਰਾਂ ਹੇਠਾਂ ਸਿਆਲਾਂ ਦਾ ਝੰਗ ਆਉਂਦਾ।

ਅਜਾਇਬ ਚਿੱਤਰਕਾਰ ਨਾਲ ਮੇਰੀ ਸਾਂਝ ਵਰ੍ਹਿਆਂ ਪੁਰਾਣੀ ਹੈ। ਮੈਂ ਉਨ੍ਹਾਂ ਕੋਲ ਲੁਧਿਆਣੇ ਗਿੱਲ ਰੋਡ ਤੇ ਸਥਿਤ ਦਸ਼ਮੇਸ ਨਗਰ ਜਾਂਦਾ ਰਿਹਾ ਹਾਂ।ਬਾਲ ਸਾਹਿੱਤ ਕਿਹੋ ਜਿਹਾ ਹੋਵੇ ਇਸ ਬਾਰੇ ਉਨ੍ਹਾਂ ਕੋਲੋਂ ਕਾਫੀ ਕੁਝ ਸਿੱਖਿਆ ਹੈ। ਇਹ ਉਨ੍ਹਾਂ ਦੀ ਮੇਰੇ ਪ੍ਰਤੀ ਪਿਆਰ ਮੁਹੱਬਤ ਦੀ ਭਾਵਨਾ ਹੀ ਕਹੀ ਜਾ ਸਕਦੀ ਹੈ ਕਿ ਜਦੋਂ ਮੇਰੀ ਬਾਲ ਗੀਤਾਂ ਦੀ ਪੁਸਤਕ 'ਬਾਲ ਗੀਤ' ਛਪੀ ਸੀ ਤਾਂ ਉਸ ਨੂੰ ਰਿਲੀਜ਼ ਕਰਨ ਲਈ ਉਹ ਖ਼ੁਦ ਮੇਰੇ ਘਰ ਆਏ ਸਨ।ਇੱਨੀ ਵੱਡੀ ਸਾਹਿੱਤਕ ਸ਼ਖ਼ਸੀਅਤ ਦਾ ਮੈਨੂੰ ਘਰ ਆ ਕੇ ਥਾਪੜਾ ਦੇਣਾ ਅੱਜ ਤੱਕ ਨਹੀਂ ਭੁੱਲ ਸਕਿਆ।

ਭਾਵੇਂ ਅਜਾਇਬ ਚਿੱਤਰਕਾਰ ਨੇ ਦੁਮੇਲ (1946), ਸੱਜਰੀ ਪੈੜ (1955), ਸੂਰਜਮੁਖੀਆ (1956), ਚਾਰ ਜੁੱਗ (1958), ਮਨੁੱਖ ਬੀਖਤੀ (1960), ਆਵਾਜ਼ਾਂ ਦੇ ਰੰਗ (1976), ਜ਼ਖ਼ਮੀ ਖਿਆਲ ਦਾ ਚਿਹਰਾ (1980), ਨਗ਼ਮੇ ਦਾ ਲਿਬਾਸ (1995), ਆਬਸ਼ਾਰ(1988), ਸਾਹਿਰ : ਖ਼ਾਬਾਂ ਦਾ ਸ਼ਹਿਜ਼ਾਦਾ' ਅਤੇ 'ਪੰਜਾਬੀ ਚਿੱਤਰਕਾਰ'(1995) ਅਤੇ ਸੁਪਨਿਆਂ ਦਾ ਟਾਪੂ (1998) ਆਦਿ ਪ੍ਰਸਿੱਧ ਪੁਸਤਕਾਂ ਦੀ ਰਚਨਾ ਕੀਤੀ ਪਰੰਤੂ ਪੰਜਾਬੀ ਵਿਚ ਰਚੀਆਂ ਪੁਸਤਕਾਂ ਦੀ ਗਿਣਤੀ ਤਾਂ ਇਹਨਾਂ ਪ੍ਰੋੜ੍ਹ ਸਾਹਿਤ ਦੀਆਂ ਪੁਸਤਕਾਂ ਨਾਲੋਂ ਕਈ ਗੁਣਾ ਵੱਧ ਹੈ।

Next...
Top