<< Back
                             

ਸੰਪਾਦਕੀ




ਗੁਰਮੀਤ ਬਰਾੜ

  

ਸਮਕਾਲੀਨਤਾ ਤੇ ਆਧੁਨਿਕਤਾ

                  

ਸਾਹਿਤ 'ਚ ਸਮਕਾਲੀਨਤਾ ਦਾ ਸਵਾਲ ਆਧੁਨਿਕਤਾ ਦੇ ਨਾਲ਼-ਨਾਲ਼ ਕਈ ਵਾਰੀ ਜ਼ਿਕਰ 'ਚ ਆਇਆ ਹੈ।ਆਧੁਨਿਕਤਾ ਤੇ ਸਮਕਾਲੀਨਤਾ ਇੱਕ ਦੂਜੇ ਤੋਂ ਪ੍ਰੇਰਿਤ ਹੁੰਦੇ ਰਹੇ ਹਨ।ਅੱਜ ਜਦੋਂ ਜ਼ਿੰਦਗੀ ਜਿਸ ਰਫ਼ਤਾਰ ਨਾਲ਼ ਅੱਗੇ ਤੁਰ ਰਹੀ ਹੈ,ਉਸਦਾ ਅਨੁਭਵ ਸਮਕਾਲਿਕ ਬੋਧ ਦਾ ਹੀ ਇੱਕ ਪਹਿਲੂ ਹੈ। ਮਨੁੱਖ ਉਹਨਾਂ ਛਿਣਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਜਿਹੜੇ ਜ਼ਿੰਦਗੀ ਦੀ ਤੋਰ ਨਾਲ਼ ਜੁੜੇ ਹੁੰਦੇ ਹਨ।ਸਮਕਾਲੀਨਤਾ ਇਹਨਾ ਛਿਣਾਂ ਨੂੰ ਹੀ ਜਜ਼ਬ ਕਰਨ 'ਚ ਸਹਾਇਕ ਹੁੰਦੀ ਹੈ।ਸਮਕਾਲੀਨਤਾ ਆਧੁਨਿਕਤਾ ਨੂੰ ਹੋਰ ਪੀਢਾ ਕਰਦੀ ਹੈ।ਆਧੁਨਿਕਤਾ ਦੇ ਸੰਦਰਭ 'ਚ ਅਸੀਂ ਜਿਹੜੀ ਸੰਵੇਦਨਾ ਦੀ ਗੱਲ ਕਰਦੇ ਹਾਂ ਉਹ ਕਿਸੇ ਹੱਦ ਤੱਕ ਸਮਕਾਲੀਨਤਾ 'ਚ ਦਿਸਦੀ ਹੈ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਸਮਕਾਲੀਨ ਹੋ ਕੇ ਆਧੁਨਿਕਤਾ ਨਾਲੋਂ ਟੁੱਟ ਸਕਦੇ ਹਾਂ ਪਰ ਆਧੁਨਿਕ ਹੋ ਕੇ ਸਮਕਾਲੀਨ ਬਣੇ ਰਹਿਣਾ ਸੌ ਫ਼ੀ ਸਦੀ ਮੁਮਕਿਨ ਨਹੀਂ ਹੈ।ਸਮਕਾਲੀਨਤਾ ਨਿਰੰਤਰ ਘੋਲ਼ ਦੀ ਅਵਸਥਾ 'ਚ ਹਰਿ ਕੇ ਉਹਨਾ ਸ਼ਕਤੀਆਂ ਤੇ ਕਦਰਾਂ ਕੀਮਤਾਂ ਨੂੰ ਸਵੀਕਾਰ ਕਰਦੀ ਰਹਿੰਦੀ ਹੈ ਜੋ ਇੱਕ ਦੂਜੇ ਨਾਲ਼ ਖਹਿਬੜ ਰਹੇ ਹੁੰਦੇ ਹਨ।ਜਦੋਂ ਕਿ ਆਧੁਨਿਕਤਾ ਇਕਸਾਰ ਚਿੰਤਨ ਪ੍ਰਕਿਰਿਆ ਹੈ।ਆਧੁਨਿਕਤਾ ਦੀ ਪਹਿਲੀ ਸ਼ਰਤ ਹੈ ਸਵੈ-ਚੇਤਨਾ।ਆਪਣੀ ਇਸ ਸਵੈ-ਚੇਤੰਨ ਬਿਰਤੀ ਕਾਰਣ ਹੀ ਇਹ ਵਰਤਮਾਨ ਨਾਲ਼ ਆ ਜੁੜਦੀ ਹੈ।

ਜ਼ਿੰਦਗੀ ਦੇ ਹਰੇਕ ਪਲ ਨੂੰ ਉਹਦੀ ਭਰਪੂਰਤਾ 'ਚ ਮਹਿਸੂਸ ਕਰਨਾ ਸਮਕਾਲੀਨਤਾ ਦਾ ਪਹਿਲਾ ਸੰਦਰਭ ਹੈ।ਕਿਉਂਕਿ ਅਨੁਭਵ ਕਰਨ ਦਾ ਜੋ ਆਧੁਨਿਕ ਪੱਧਰ ਹੈ ਉਹ ਜ਼ਿੰਦਗੀ ਦੀ ਛੋਟੀ ਤੋਂ ਛੋਟੀ ਅਨੁਭੂਤੀ ਤੇ ਉਹਦੇ 'ਚ ਵਸੇ ਸੱਚ ਦੇ ਪ੍ਰਤੀ ਜਾਗਰੂਕ ਰਹਿਣ ਦੀ ਗੱਲ ਕਰਦਾ ਹੈ।ਵਰਤਮਾਨ ਜ਼ਿੰਦਗੀ ਦਾ ਇਖ਼ਲਾਕੀ ਦ੍ਰਿਸ਼ਟੀਕੋਣ ਵੀ ਸਮਕਾਲੀਨਤਾ ਦੇ ਸੰਦਰਭ 'ਚ ਵਾਪਰਦਾ ਹੈ।ਅਸਲੀਅਤ ਦੀ ਰਵਾਨੀ ਸਮਕਾਲੀਨਤਾ 'ਚ ਆਪਣਾ ਸਹੀ ਆਕਾਰ ਅੰਗੀਕਾਰ ਕਰਦੀ ਹੈ।ਸਮਕਾਲੀਨਤਾ ਅਜਿਹਾ ਬੋਧ ਹੈ ਜੋ ਮਨੁੱਖੀ ਸੰਭਾਵਨਾਵਾਂ ਪ੍ਰਤੀ ਸਪੱਸ਼ਟ ਤੇ ਸਹੀ ਨਜ਼ਰੀਏ ਨੂੰ ਫ਼ੈਸਲਾਕੁਨ ਮੋੜ ਦਿੰਦਾ ਹੈ।ਜ਼ਿੰਦਗੀ ਦੀ ਰਵਾਨੀ ਨੂੰ ਸੁਰੱਖਿਅਤ ਰੱਖਣ ਲਈ ਸਮਕਾਲੀਨਤਾ 'ਚ ਹੀ ਆਤਮਬੋਧ ਦੀ ਹੋਂਦ ਮਹਿਸੂਸੀ ਜਾ ਸਕਦੀ ਹੈ।ਸਮਕਾਲੀਨਤਾ ਇੱਕ ਪਾਸੇ ਜ਼ਿੰਦਗੀ ਪ੍ਰਤੀ ਰਵਾਂ ਹੋਣ ਦਾ ਨੂੰ ਵਿਖਾਉਂਦੀ ਹੈ ਤੇ ਦੂਜੇ ਪਾਸੇ ਅਤੀਤ ਤੇ ਭਵਿੱਖ ਦੋਹਾਂ ਤੋਂ ਅੱਡ ਹਟ ਕੇ ਯੁੱਗਬੋਧ ਕਰਵਾਉਂਦੀ ਹੈ।

ਲਿਖਤਮ

ਗੁਰਮੀਤ ਬਰਾੜ

www.gurmeetbrar.com


Top